Home | Feedback | Contact Us | Sign Out

ਤਕਨੀਕੀ ਸ਼ਬਦਾਵਲੀ

ਵਿਸ਼ਾ :  

ਤਕਨੀਕੀ ਸ਼ਬਦਾਵਲੀ

ਵਿਸ਼ਾ ਮਾਹਿਰ :  

ਡਾ. ਗੁਰਨਾਮ ਸਿੰਘ
ਪ੍ਰੋਫ਼ੈਸਰ ਤੇ ਮੁਖੀ
ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

     
 

ਗੁਰਮਤਿ ਸੰਗੀਤ : ਗੁਰਮਤਿ ਸੰਗੀਤ ਦੋ ਸ਼ਬਦਾਂ ਨਾਲ ਬਣਿਆ ਹੈ  ਗੁਰਮਤਿ ਅਤੇ ਸੰਗੀਤ। ਗੁਰਮਤਿ ਦੇ ਅਰਥ ਗੁਰੂ ਦੀ ਮਤ, ਗੁਰੂ ਦੀ ਨਸੀਹਤ ਜਾਂ ਗੁਰੂ ਦਾ ਉਪਦੇਸ਼ ਹਨ। ਸਿੱਖ ਗੁਰੂ ਸਾਹਿਬਾਨ ਦੁਆਰਾ ਸਥਾਪਿਤ ਸਿਧਾਂਤ ਨੂੰ ਵੀ ਗੁਰਮਤਿ ਕਿਹਾ ਜਾਂਦਾ ਹੈ। ਸਿੱਖ ਗੁਰੂ ਸਾਹਿਬਾਨ ਤੋਂ ਬਾਅਦ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਆ ਜਾਂਦਾ ਹੈ। ਇਸ ਲਈ ਸਮੁੱਚੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਜਿਹੜਾ ਸਿਧਾਂਤ ਬਣਦਾ ਹੈ ਉਸ ਨੂੰ ਵੀ ਗੁਰਮਤਿ ਕਿਹਾ ਜਾਂਦਾ ਹੈ।
          ਗੁਰਮਤਿ ਸੰਗੀਤ ਤੋਂ ਭਾਵ ਹੈ ਗੁਰੂ ਸਾਹਿਬਾਨ ਦੁਆਰਾ ਸਥਾਪਿਤ ਸਿਧਾਂਤ ਅਨੁਸਾਰ ਨਿਰਮਿਤ ਸੰਗੀਤ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਤੱਕ ਜੋ ਸੰਗੀਤ ਸਥਾਪਿਤ ਹੋਇਆ, ਉਸ ਨੂੰ ਗੁਰਮਤਿ ਸੰਗੀਤ ਕਿਹਾ ਜਾਂਦਾ ਹੈ। ਭਾਵੇਂ ਗੁਰਮਤਿ ਸੰਗੀਤ ਵਿੱਚ ਭਾਰਤੀ ਸੰਗੀਤ ਦੇ ਬਹੁਤ ਸਾਰੇ ਸੰਗੀਤਕ ਤੱਤ, ਤਾਲ, ਰਾਗ ਆਦਿ ਸ਼ਾਮਲ ਹਨ, ਪਰ ਪੇਸ਼ਕਾਰੀ ਦੇ ਪੱਧਰ ਉਤੇ ਇਹ ਸੰਗੀਤਕ ਤੱਤ ਆਪਣਾ ਮੌਲਿਕ ਸਰੂਪ ਧਾਰਨ ਕਰ ਲੈਂਦੇ ਹਨ।
          ਗੁਰੂ ਗ੍ਰੰਥ ਸਾਹਿਬ ਇੱਕ ਸੰਗੀਤਬੱਧ ਗ੍ਰੰਥ ਹੈ। ਇਸ ਦੀ ਸੰਪਾਦਨਾ ਮੌਲਿਕ ਸੰਗੀਤ ਵਿਧੀ ਨਾਲ ਹੋਈ ਹੈ। ਇਸ ਗ੍ਰੰਥ ਦਾ ਵਡੇਰਾ ਭਾਗ ਤਾਂ ਮੁੱਖ ਰਾਗਾਂ ਵਿੱਚ ਵੰਡਿਆ ਹੋਇਆ ਹੈ। ਇਹਨਾਂ ਰਾਗਾਂ ਵਿੱਚ ਅਨੇਕਾ ਸ਼ੈਲੀਆਂ ਦਾ ਜ਼ਿਕਰ ਆਉਂਦਾ ਹੈ। ਮੁੱਖ ਰੂਪ ਵਿੱਚ ਗੁਰਮਤਿ ਸੰਗੀਤ ਵਿਸ਼ੇਸ਼ ਸ਼ੈਲੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਗਾਇਨ ਕਰਨ ਦੀ ਵਿਧੀ ਦਾ ਨਾਂ ਹੈ। ਗੁਰਮਤਿ ਸੰਗੀਤ ਵਿੱਚ ਰਾਗ, ਗਾਇਨ ਰੂਪ, ਅੰਕ, ਰਹਾਉ, ਘਰ, ਜਤਿ, ਧੁਨਿ ਆਦਿ ਅਨੇਕਾ ਪਰਿਭਾਸ਼ਕ ਸ਼ਬਦ ਹਨ, ਜਿਹੜੇ ਗੁਰਮਤਿ ਸੰਗੀਤ ਦੀ ਵਿਲੱਖਣਤਾ ਨੂੰ ਕਾਇਮ ਕਰਦੇ ਹਨ।

 
 

 

 
 

          ਗੁਰਮਤਿ ਸੰਗੀਤ ਵਿੱਚ ਕੇਵਲ ਰਾਗਾਂ ਦੀ ਪੇਸ਼ਕਾਰੀ ਨਹੀਂ ਹੁੰਦੀ ਸਗੋਂ ਰਾਗ ਨਾਲ ਗੁਰਬਾਣੀ ਦਾ ਸ਼ਬਦ ਗਾਇਨ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਸਬੰਧੀ ਮਹੱਤਵਪੂਰਨ ਕਥਨ ਦਰਜ਼ ਹਨ :
·          ਸਭਨਾਂ ਰਾਗਾਂ ਵਿਚਿ ਸੋ ਭਲਾ ਭਾਈ ਜਿਤੁ ਵਸਿਆ ਮਨਿ ਆਇ॥ ਰਾਗੁ ਨਾਦੁ ਸਭੁ ਸਚੁ ਹੈ ਕੀਮਤਿ ਕਹੀ ਨ ਜਾਇ॥                         
                                                                                                        (ਗੁਰੂ ਗ੍ਰੰਥ ਸਾਹਿਬ, ਪੰਨਾ-੧੪੨੩)
·          ਧੰਨ ਸੁ ਰਾਗ ਸੁਰੰਗੜੇ ਆਲਾਪਤ ਸਭਿ ਤਿਖ ਜਾਇ॥                     
                                                                                                        (ਗੁਰੂ ਗ੍ਰੰਥ ਸਾਹਿਬ, ਪੰਨਾ-੯੫੮)
·          ਗੁਣ ਗੋਵਿੰਦ ਗਾਵਹੁ ਸਭਿ ਹਰਿ ਜਨ ਰਾਗ ਰਤਨ ਰਸਨਾ ਆਲਾਪ॥                
                                                                                                        (ਗੁਰੂ ਗ੍ਰੰਥ ਸਾਹਿਬ, ਪੰਨਾ-੮੨੧)


 
 
 
 

ਭਾਵੇਂ ਗੁਰਮਤਿ ਸੰਗੀਤਕਾਰ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਯੁਕਤ ਰਾਗਾਂ ਤੋਂ ਬਿਨਾਂ ਹੋਰ ਰਾਗਾਂ ਵਿੱਚ ਬਾਣੀ ਗਾਇਨ ਕਰਦੇ ਹਨ ਪਰ ਫਿਰ ਵੀ ਗੁਰਮਤਿ ਸੰਗੀਤ ਦੇ ਟਕਸਾਲੀ ਕੀਰਤਨੀਏ ਗੁਰੂ ਗ੍ਰੰਥ ਸਾਹਿਬ ਦੇ 31 ਮੁੱਖ ਅਤੇ 31 ਰਾਗ ਪ੍ਰਕਾਰਾਂ ਦੇ ਗਾਇਨ ਨੂੰ ਤਰਜੀਹ ਦਿੰਦੇ ਹਨ।
          ਗੁਰਮਤਿ ਸੰਗੀਤ ਦੀ ਗਾਇਨ ਵਿਧੀ ਵਿੱਚ ਰਾਗ ਦੇ ਨਾਲ ਨਾਲ ‘ਰਹਾਉ` ਦੀ ਵਿਸ਼ੇਸ਼ ਮਹੱਤਤਾ ਹੁੰਦੀ ਹੈ। ਰਹਾਉ ਦਾ ਅਰਥ ਹੈ ਸਥਾਈ ਜਾਂ ਟੇਕ। ਗੁਰਬਾਣੀ ਦੀਆਂ ਰਚਨਾਵਾਂ ਵਿੱਚ ਰਹਾਉ ਦੀ ਤੁਕ ਆਮ ਕਰਕੇ ਵੱਖਰੀ ਦਿੱਤੀ ਹੁੰਦੀ ਹੈ। ਬਾਕੀ ਦਾ ਕਾਵਿ ਬੰਦ ਅੰਤਰੇ ਹੁੰਦੇ ਹਨ। ਪਦ ਕਾਵਿ ਰੂਪ ਵਿੱਚ ਇਹਨਾਂ ਅੰਤਰਿਆਂ ਦੀ ਗਿਣਤੀ ਵੱਖ-ਵੱਖ ਹੈ। ਇਸੇ ਆਧਾਰ ਤੇ ਪਦਿਆਂ ਨੂੰ ਦੁਪਦੇ, ਤਿਪਦੇ, ਚਉਪਦੇ, ਛਿਪਦੇ, ਅਸ਼ਟਪਦੀਆਂ ਅਤੇ ਸੋਹਲੇ ਵੀ ਆਖਿਆ ਜਾਂਦਾ ਹੈ। ਪਰ ਇਹਨਾਂ ਵਿੱਚ ਰਹਾਉ ਦੀ ਤੁਕ ਵੱਖਰੀ ਆਉਂਦੀ ਹੈ। ਕਈ ਪਦਿਆਂ ਵਿੱਚ ਇੱਕ ਤੋਂ ਵੱਧ ਰਹਾਉ ਵੀ ਆਉਂਦੇ ਹਨ। ਇਥੇ ਸ਼ਬਦ ਦੇ ਵਿਚਾਰ ਵਿੱਚ ਜਦੋਂ ਪਲਟਾ ਆਉਂਦਾ ਹੈ ਤਾਂ ਰਹਾਉ ਵੀ ਬਦਲ ਜਾਂਦੀ ਹੈ ਤੇ ਕੀਰਤਨੀਏ ਰਹਾਉ ਵਾਲੀ ਤੁਕ ਵੀ ਬਦਲ ਦਿੰਦੇ ਹਨ।
          ਗੁਰਮਤਿ ਸੰਗੀਤ ਵਿੱਚ ਵੱਖ-ਵੱਖ ਕਾਵਿ ਰੂਪਾਂ ਦੇ ਗਾਇਨ ਲਈ ਕੁਝ ਨਿਰਦੇਸ਼ ਦਿੱਤੇ ਗਏ ਹਨ ਜਿਵੇਂ ਵਾਰਾਂ ਨੂੰ ਵਿਸ਼ੇਸ਼ ਧੁਨੀਆਂ ਉਪਰ ਗਾਇਨ ਕਰਨਾ। ਇਹਨਾਂ ਵਿੱਚੋਂ ਕੁਝ ਵਾਰਾਂ ਤਾਂ ਅਜੇ ਵੀ ਸੀਨਾ-ਬ-ਸੀਨਾ ਗਾਉਣ ਦੀ ਪਰੰਪਰਾ ਚਲੀ ਆ ਰਹੀ ਹੈ। ਜਿਵੇਂ ਆਸਾ ਦੀ ਵਾਰ ਅਤੇ ਬਸੰਤ ਦੀ ਵਾਰ ਦਾ ਪੁਰਾਤਨ ਗਾਇਨ ਢੰਗ ਅਜੇ ਵੀ ਪ੍ਰਚਲਿਤ ਹੈ।
ਗੁਰਮਤਿ ਸੰਗੀਤ ਦੇ ਆਧਾਰ ਤੇ ਗੁਰਬਾਣੀ ਗਾਇਨ ਨੂੰ ਕੀਰਤਨ ਕਿਹਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦੇ ਸਮੇਂ ਵੀ ਵਿਸ਼ੇਸ਼ ਕੀਰਤਨ ਦੀਵਾਨ ਸਜਦੇ ਸਨ। ਜਿਵੇਂ ਭਾਈ ਗੁਰਦਾਸ ਜੀ ਨੇ ਆਖਿਆ ਹੈ:
                                                                        ਸੋਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ॥

          ਗੁਰ ਅਰਜਨ ਦੇਵ ਜੀ ਦੇ ਸਮੇਂ ਹਰਿਮੰਦਰ ਸਾਹਿਬ ਵਿਖੇ ਗੁਰਮਤਿ ਸੰਗੀਤ ਦੀ ਮਰਿਆਦਾ ਅਨੁਸਾਰ ਚਾਰ ਚਉਕੀਆਂ ਨਿਯਤ ਕੀਤੀਆਂ ਸਨ - ਆਸਾ ਦੀ ਵਾਰ ਦੀ ਚਉਕੀ, ਚਰਨ ਕੰਵਲ ਦੀ ਚਉਕੀ, ਸੋਦਰੁ ਦੀ ਚਉਕੀ ਅਤੇ ਕਲਯਾਣ ਦੀ ਚਉਕੀ। ਕੀਰਤਨ ਕਰਨ ਸਮੇਂ ਗੁਰਮਤਿ ਸੰਗੀਤ ਦੀ ਮਰਯਾਦਾ ਵਿੱਚ ਵਿਸ਼ੇਸ਼ ਵਿਧੀ ਅਨੁਸਾਰ ਕੀਰਤਨ ਕੀਤਾ ਜਾਂਦਾ ਹੈ। ਕੀਰਤਨ ਸ਼ੁਰੂ ਕਰਨ ਤੋਂ ਪਹਿਲਾਂ ਕੀਰਤਨੀਆ ਸਾਜ਼ ਉਤੇ ਨਗਮਾ ਜਾਂ ਲਹਿਰਾ ਵਜਾਉਂਦਾ ਹੈ। ਇਸ ਨਗਮੇ ਦੀਆਂ ਸੁਰਾਂ ਉਸੇ ਰਾਗ ਦੀਆਂ ਹੁੰਦੀਆਂ ਹਨ ਜਿਸ ਵਿੱਚ ਰਾਗੀ ਸਿੰਘਾਂ ਨੇ ਸ਼ਬਦ ਗਾਇਨ ਕਰਨਾ ਹੁੰਦਾ ਹੈ। ਇਸ ਸਮੇਂ ਤਬਲੇ ਵਾਲਾ ਤਬਲੇ ਉਤੇ ਸੋਲੋ ਰੂਪ ਵਿੱਚ ਤਾਲ ਵਜਾਉਂਦਾ ਹੈ। ਉਹ ਤਬਲੇ ਤੇ ਕਾਇਦੇ ਪਲਟੇ ਤਿਹਾਈਆਂ ਆਦਿ ਨਾਲ ਆਪਣੀ ਕਲਾ ਦੇ ਜੌਹਰ ਦਿਖਾਉਂਦਾ ਹੈ।

 
 

 

 
 

ਸ਼ਬਦ ਕੀਰਤਨ : ਸ਼ਬਦ ਕੀਰਤਨ ਸਿੱਖ ਧਰਮ ਦੀ ਕੀਰਤਨ ਪਰੰਪਰਾ ਹੈ ਜੋ ਸਿੱਖਾਂ ਦੇ ਧਾਰਮਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੋ ਸ਼ਬਦ ਰੂਪ ਵਿਚ ਦਰਜ ਹੈ, ਉਤੇ ਆਧਾਰਿਤ ਹੈ। ਸਿੱਖ ਧਰਮ ਵਿਚ ਸ਼ਬਦ ਤੇ ਸੰਗੀਤ ਦੇ ਸੁਮੇਲ ਤੋਂ ਸ਼ਬਦ ਕੀਰਤਨ ਦਾ ਸਰੂਪ ਬਣਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਬਦ ਤੇ ਸੰਗੀਤ ਅਲੱਗ-ਅਲੱਗ ਇਕਾਈਆਂ ਨਾ ਹੋ ਕੇ ਸੰਯੁਕਤ ਰੂਪ ਵਿਚ ਪ੍ਰਯੋਗ ਹੁੰਦੀਆਂ ਹਨ। ਬਾਣੀ ਵਿਚ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਕਾਈ ਹੈ। ਸ਼ਬਦ ਨੂੰ ਬਾਣੀ ਦੇ ਰੂਪ ਵਿਚ ਸੰਭਾਲਣ ਦੀ ਪਰੰਪਰਾ ਸਿੱਖ ਧਰਮ ਵਿਚ ਗੁਰੂ ਨਾਨਕ ਦੇਵ ਜੀ ਤੋਂ ਆਰੰਭ ਹੈ। ਗੁਰੂ ਅੰਗਦ ਦੇਵ ਜੀ ਨੇ ਗੁਰੂ ਸਾਹਿਬ ਦੀ ਬਾਣੀ ਨੂੰ ਇਕੱਤਰ ਕੀਤਾ ਅਤੇ ਫਿਰ ਇਹ ਮਰਿਆਦਾ ਚਲਦੀ ਹੋਈ ਗੁਰੂ ਅਰਜਨ ਦੇਵ ਦੇ ਸਮੇਂ ਆਦਿ ਗ੍ਰੰਥ ਦੇ ਰੂਪ ਵਿਚ ਪ੍ਰਗਟ ਹੋਈ। ਦਸਵੇਂ ਗੁਰੂ ਜੀ ਨੇ ਇਸ ਪਰੰਪਰਾ ਅਧੀਨ ਸ਼ਬਦ ਰੂਪੀ ਬਾਣੀ ਨੂੰ ਸਿੱਖ ਕੌਮ ਦੇ ‘ਗੁਰੂ` ਵਜੋਂ ਮਾਨਤਾ ਪ੍ਰਦਾਨ ਕੀਤੀ। ਬਾਣੀ ਦਾ ਮੁੱਖ ਉਦੇਸ਼ ਇਸ ਵਿਚਲੇ ਪਰਮਸਤਿ ਦੇ ਬੋਧ ਅਤੇ ਅਨੁਭਵ ਨੂੰ ਲੋਕਾਈ ਤਕ ਪਹੁੰਚਾਉਣਾ ਹੈ। ਇਸ ਲਈ ਸ਼ਬਦ ਇਕੱਲੇ ਜਾਂ ਸੁਤੰਤਰ ਰੂਪ ਵਿਚ ਪ੍ਰਯੋਗ ਨਹੀਂ ਹੁੰਦਾ, ਬਲਕਿ ਬਾਣੀਕਾਰਾਂ ਨੇ ਵਿਭਿੰਨ ਜੁਗਤਾਂ ਵਿਚੋਂ ਸੰਗੀਤ ਨੂੰ ਪ੍ਰਯੋਗ ਹਿਤ ਲਿਆਂਦਾ ਹੈ ਜੋ ਸ਼ਬਦ ਨਾਲ ਓਤਪੋਤ ਹੋ ਕੇ ਕੀਰਤਨ ਰੂਪ ਵਿਚ ਮੌਜੂਦ ਹੈ। ਇਸ ਲਈ ਸਿੱਖ ਧਰਮ ਵਿਚ ‘ਸ਼ਬਦ ਕੀਰਤਨ` ਨੂੰ ਪ੍ਰਧਾਨਤਾ ਦਿੱਤੀ ਗਈ ਹੈ। ਸਿੱਖ ਧਰਮ ਵਿਚ ਪ੍ਰਵਾਨਿਤ ਕੀਰਤਨ ਪਰੰਪਰਾ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਤੇ ਆਧਾਰਿਤ ਕੀਤਾ ਗਿਆ ਹੈ, ਨੂੰ ‘ਸ਼ਬਦ ਕੀਰਤਨ` ਆਖਿਆ ਜਾਂਦਾ ਹੈ।
          ਗੁਰਬਾਣੀ ਦੀ ਪ੍ਰਸਤੁਤੀ ਤੋਂ ਭਾਵ ਸ਼ਬਦ ਕੀਰਤਨ ਹੈ। ਸ਼ਬਦ ਕੀਰਤਨ ਦੀ ਪੇਸ਼ਕਾਰੀ ਆਮ ਸੰਗੀਤ ਦੀ ਕਿਸੇ ਵੀ ਪ੍ਰਸਤੁਤੀ ਨਾਲੋਂ ਭਿੰਨ ਹੈ ਕਿਉਂਕਿ ਬਾਣੀ ਦਾ ਉਦੇਸ਼ ਪ੍ਰਮਾਤਮਾ ਦੇ ਪਰਮਸਤਿ ਦਾ ਗਿਆਨ ਕਰਵਾਉਣਾ ਹੈ। ਉਸ ਦੀ ਪ੍ਰਾਪਤੀ ਵਾਸਤੇ ਪ੍ਰਸਤੁਤਕਾਰ ਨੇ ਉਸ ਦੇ ਗਿਆਨ ਨੂੰ ਖੁਦ ਅਨੁਭਵ ਕਰਨਾ ਹੈ, ਮਨ ਵਿਚ ਵਸਾਉਣਾ ਹੈ ਅਤੇ ਉਸ ਉਪਰੰਤ ਸਰੋਤੇ ਤੱਕ ਇਸ ਦੀ ਪਹੁੰਚ ਨੂੰ ਜ਼ਰੂਰੀ ਬਣਾਉਣਾ ਹੈ। ਸ਼ਬਦ ਕੀਰਤਨ ਦਾ ਗੁਰਮਤਿ ਸੰਗੀਤ ਪਰੰਪਰਾ ਵਿਚ ਕੇਂਦਰੀ ਸਥਾਨ ਹੈ। ਗੁਰਮਤਿ ਸੰਗੀਤ ਦੀ ਕੁਲ ਸਿਧਾਂਤਕ ਅਤੇ ਵਿਹਾਰਕ ਪਰੰਪਰਾ ਸ਼ਬਦ ਕੀਰਤਨ ਦੀ ਪੇਸ਼ਕਾਰੀ ਦੁਆਰਾ ਹੀ ਪ੍ਰਗਟ ਹੁੰਦੀ ਹੈ। ਸਿੱਖ ਧਰਮ ਵਿਚ ਸ਼ਬਦ ਕੀਰਤਨ ਲਈ ਜੋ ਆਧਾਰ ਗੁਰਮਤਿ ਸੰਗੀਤ ਪ੍ਰਬੰਧ ਦੇ ਰੂਪ ਵਿਚ ਸਿਰਜੇ ਗਏ ਹਨ, ਉਹ ਸ਼ਬਦ ਕੀਰਤਨ ਦੀ ਪ੍ਰਸਤੁਤੀ ਉਤੇ ਇਸਦੇ ਨਿਸ਼ਚਿਤ ਤੇ ਨਿਰਧਾਰਿਤ ਵਿਧਾਨ ਵਜੋਂ ਲਾਗੂ ਹੁੰਦੇ ਹਨ, ਜੋ ਕਿ ਇਸ ਨੂੰ ਪੁਰਵਕਾਲੀਨ ਤੇ ਸਮਕਾਲੀਨ ਕੀਰਤਨ ਪਰੰਪਰਾਵਾਂ ਤੋਂ ਅਲੱਗ ਕਰਦੇ ਹਨ।

ਰਾਗ : ਰਾਗ ਸੰਗੀਤ ਦੀ ਕੇਂਦਰੀ ਅਤੇ ਮੂਲ ਇਕਾਈ ਹੈ, ਚਾਹੇ ਉਹ ਗੁਰਮਤਿ ਸੰਗੀਤ ਹੋਵੇ ਜਾਂ ਭਾਰਤੀ ਸੰਗੀਤ। ਗੁਰਮਤਿ ਸੰਗੀਤ ਦੇ ਆਧਾਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਿਥੇ ਸ਼ਬਦ ਦੀ ਪ੍ਰਸਤੁਤੀ ਰਾਗ ਅਨੁਸਾਰ ਗਾਇਨ ਕਰਨ ਦਾ ਆਦੇਸ਼ ਹੈ ਉਥੇ ਇਸ ਮਹਾਨ ਗ੍ਰੰਥ ਦੀ ਸੰਪਾਦਨਾ ਵੀ ਰਾਗਾਤਮਕ ਹੈ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, ਸੰਗੀਤ ਵਿਦਿਆ ਅਨੁਸਾਰ ਉਹ ਨਿਸ਼ਚਿਤ ਸੁਰ ਪ੍ਰਬੰਧ ਜਿਸਨੂੰ ਸੁਣਨ ਤੋਂ ਮਨ ਵਿਚ ਆਨੰਦ, ਪ੍ਰੇਮ ਉਪਜੇ ਉਸਨੂੰ ਰਾਗ ਕਹਿੰਦੇ ਹਨ। ਇਕ ਨਿਸ਼ਚਿਤ ਸੁਰ ਸਮੂਹ ਸੰਗੀਤਕ ਪ੍ਰਬੰਧ ਅਨੁਸਾਰ ਮਹੱਤਵ ਕਾਇਮ ਰਖਦਾ ਹੋਇਆ ਮਨੁੱਖੀ ਮਨ ਨੂੰ ਰੰਜਕਤਾ ਪ੍ਰਦਾਨ ਕਰਦਾ ਹੈ। ਗੁਰਮਤਿ ਸੰਗੀਤ ਦੀ ਪਹਿਚਾਣ ਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਗ ਸਬੰਧੀ ਕਈ ਫੁਰਮਾਨ ਅੰਕਿਤ ਹਨ :

 
 

 

 
 

-         ਰਾਗ ਨਾਦ ਸਬਦਿ ਸੋਹਣੇ ਜਾ ਲਾਗੈ ਸਹਜਿ ਧਿਆਨੁ॥
                                                                             (ਗੁਰੂ ਗ੍ਰੰਥ ਸਾਹਿਬ, ਪੰਨਾ-849)
-         ਧੰਨੁ ਸੁ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਇ॥
                                                                             (ਗੁਰੂ ਗ੍ਰੰਥ ਸਾਹਿਬ, ਪੰਨਾ-958)
-         ਰਾਗਿ ਨਾਦਿ ਮਨੁ ਦੂਜੈ ਭਾਇ। ਅੰਤਰਿ ਕਪਟੁ ਮਹਾ ਦੁਖੁ ਪਾਇ॥
                                                                             (ਗੁਰੂ ਗ੍ਰੰਥ ਸਾਹਿਬ, ਪੰਨਾ-1342)

 
 
 
 

ਉਪਰੋਕਤ ਫੁਰਮਾਨਾਂ ਤੋਂ ਗੁਰਮਤਿ ਸੰਗੀਤ ਵਿਚ ਰਾਗ ਦੇ ਮਹੱਤਵ ਅਤੇ ਸਹੀ ਪ੍ਰਯੋਗ ਦੀ ਵਿਧੀ ਦ੍ਰਿਸ਼ਟੀਗੋਚਰ ਹੁੰਦੀ ਹੈ। ਇਸ ਅਧੀਨ ਰਾਗ ਉਸੇ ਨੂੰ ਹੀ ਚੰਗਾ ਮੰਨਿਆ ਗਿਆ ਹੈ ਜਿਸ ਨਾਲ ਪਰਮਾਤਮਾ ਦੀ ਯਾਦ ਮਨ ਵਿਚ ਵਸੇ। ਗੁਰਬਾਣੀ ਰਾਗ ਦੀ ਨਾਦਾਤਮਕ ਚਿਰੰਜੀਵੀ ਅਪਾਰ ਸ਼ਕਤੀ ਦੀ ਸੰਗੀਤਕ ਮਹਿਮਾ ਨੂੰ ਪ੍ਰਮਾਤਮਾ ਦੇ ਨਾਮ ਦੇ ਵਾਸ, ਤ੍ਰਿਸ਼ਨਾਵਾਂ ਦੇ ਵਿਨਾਸ਼ ਲਈ ਪ੍ਰਯੋਗ ਕਰ ਰਹੀ ਹੈ। ਗੁਰਮਤਿ ਸੰਗੀਤ ਦੇ ਅੰਤਰਗਤ ਰਾਗ ਦਾ ਪ੍ਰਯੋਗ ਮੌਲਿਕ ਦ੍ਰਿਸ਼ਟੀਕੋਣ ਤੋਂ ਕੀਤਾ ਗਿਆ ਹੈ ਕਿਉਂਕਿ ਇਸਦਾ ਪ੍ਰਯੋਜਨ ਕਲਾਤਮਕ ਨਹੀਂ ਹੈ ਬਲਕਿ ਅਧਿਆਤਮਕ ਬੋਧ ਕਰਵਾਉਣਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਿਰਲੇਖ ਵਜੋਂ ਅੰਕਿਤ ਰਾਗ ਕੇਵਲ ਦਿਖਾਵੇ ਮਾਤ੍ਰ ਹੀ ਨਹੀਂ ਬਲਕਿ ਬਾਣੀ ਦੇ ਭਾਵ ਅਤੇ ਰਾਗ ਦੀ ਪ੍ਰਕ੍ਰਿਤੀ ਦੀ ਅਟੁੱਟ ਸਾਂਝ ਹੈ।
          ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਾਣੀ ਦੇ ਗਾਇਨ ਲਈ ਗੁਰੂਆਂ ਤੇ ਭਗਤਾਂ ਨੇ 31 ਰਾਗ ਅਤੇ 31 ਰਾਗ ਪ੍ਰਕਾਰਾਂ ਨੂੰ ਪ੍ਰਯੋਗ ਵਿਚ ਲਿਆਂਦਾ। ਇਸਦੇ ਨਾਲ ਹੀ ਗੁਰਮਤਿ ਸੰਗੀਤ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਣੀ ਨੂੰ ਲੋਕਾਂ ਤੱਕ ਸੰਚਾਰਿਤ ਕਰਨ ਲਈ ਹਿੰਦੁਸਤਾਨੀ ਅਤੇ ਕਰਨਾਟਕੀ ਦੋਹਾਂ ਸੰਗੀਤ ਪੱਧਤੀਆਂ ਦੇ ਰਾਗਾਂ ਦਾ ਇਸਤੇਮਾਲ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਾਣੀ ਦੀ ਸੰਚਾਰ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਲਈ ਜਿਥੇ ਸਨਾਤਨੀ (ਸ਼ਾਸਤਰੀ) ਰਾਗਾਂ ਨੂੰ ਲਿਆ ਹੈ ਉਥੇ ਬਾਣੀ ਦੀ ਸਫਲ ਪ੍ਰਸਤੁਤੀ ਲਈ ਵਿਭਿੰਨ ਇਲਾਕਿਆਂ ਨਾਲ ਸੰਬੰਧਿਤ ਲੋਕ (ਦੇਸੀ) ਰਾਗਾਂ ਦਾ ਪ੍ਰਯੋਗ ਵੀ ਕੀਤਾ ਗਿਆ ਹੈ। ਬਾਣੀ ਦੇ ਗਾਇਨ ਲਈ ਸਨਾਤਨੀ ਕਾਵਿ ਰੂਪਾਂ ਲਈ ਸ਼ੁਧ ਮਾਰਗੀ ਜਾਂ ਸਥਾਪਿਤ ਰਾਗਾਂ ਦਾ ਪ੍ਰਯੋਗ ਹੋਣ ਦੇ ਨਾਲ-ਨਾਲ ਲੋਕ ਕਾਵਿ ਰੂਪਾਂ `ਤੇ ਵੀ ਸਿਰਲੇਖ ਵਜੋਂ ਰਾਗਾਂ ਦਾ ਨਿਰਧਾਰਣ ਵਿਭਿੰਨ ਸੰਗੀਤਕ ਪਰੰਪਰਾਵਾਂ ਤੋਂ ਗੁਰਮਤਿ ਸੰਗੀਤ ਦੀ ਵਿਲੱਖਣਤਾ ਦਾ ਪ੍ਰਮਾਣ ਹੈ।

ਰਹਾਉ : ਰਹਾਉ ਸੰਗੀਤ ਦਾ ਇਕ ਮੁੱਖ ਤੱਤ ਹੈ। ਗੁਰਮਤਿ ਸੰਗੀਤ ਵਿਚ ਵੀ ਇਸਦੇ ਮਹੱਤਵ ਨੂੰ ਸਵੀਕਾਰਿਆ ਗਿਆ ਹੈ। ਮੱਧਕਾਲੀਨ ਸੰਤਾਂ ਭਗਤਾਂ ਨੇ ਵੀ ਆਪਣੀ ਬਾਣੀ ਰਚਨਾ ਵਾਸਤੇ ਰਹਾਉ ਲਈ ਧਰੁਵ  ਅਤੇ ਟੇਕ  ਸ਼ਬਦ ਦਾ ਪ੍ਰਯੋਗ ਕੀਤਾ ਹੈ। ਇਨ੍ਹਾਂ ਦੀਆਂ ਰਚਨਾਵਾਂ ਵਿਚ ਸ਼ਬਦ ਦਾ ਪਹਿਲਾ ਬੰਦ ਰਹਾਉ ਦੀ ਤੁਕ ਦਾ ਹੈ ਪਰ ਗੁਰਬਾਣੀ ਵਿਚ ਜਿਆਦਾਤਰ ਸ਼ਬਦ ਦੇ ਪਹਿਲੇ ਬੰਦ ਤੋਂ ਬਾਅਦ ਰਹਾਉ ਦੀ ਤੁਕ ਆਉਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸ਼ਬਦਾਂ ਵਿਚ ਰਹਾਉ ਦੋ, ਤਿੰਨ ਅਤੇ ਚਾਰ ਵੀ ਦ੍ਰਿਸ਼ਟੀਗੋਚਰ ਹੁੰਦੇ ਹਨ ਜਿਨ੍ਹਾਂ ਲਈ ਰਹਾਉ ੨ , ੩  ਅਤੇ ੪  ਅੰਕ ਵਿਦਮਾਨ ਹਨ। ਰਹਾਉ ਦੀ ਤੁਕ ਜਿਥੇ ਕਾਵਿ ਪੱਖੋਂ ਅਹਿਮ ਭੂਮਿਕਾ ਨਿਭਾਉਂਦੀ ਹੈ ਉਥੇ ਸੰਗੀਤਕ ਪੱਖੋਂ ਵੀ ਮਹੱਤਵਪੂਰਣ ਹੈ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, ਗਾਇਕ ਦੀ ਮਰਜੀ ਹੈ ਕਿ ਰਹਾਉ ਦੀਆਂ ਤੁਕਾਂ ਵਿਚ ਜਿਸ ਮਰਜੀ ਤੁਕ ਨੂੰ ਸਥਾਈ ਮੰਨੇ , ਪਰੰਤੂ ਬਾਣੀ ਦੇ ਅਰਥਾਂ ਅਨੁਸਾਰ ਇਹ ਵਿਚਾਰ ਠੀਕ ਨਹੀਂ ਬੈਠਦਾ ਕਿਉਂਕਿ ਰਹਾਉ ਦੀ ਤੁਕ ਵਿਚ ਸ਼ਬਦ ਦਾ ਕੇਂਦਰੀ ਭਾਵ ਮੌਜੂਦ ਹੁੰਦਾ ਹੈ। ਇਸ ਲਈ ਰਹਾਉ ਦੀ ਤੁਕ ਦਾ ਬਾਰ-ਬਾਰ ਗਾਇਨ ਕਰਨ ਦੀ ਪਰੰਪਰਾ ਹੈ। ਰਹਾਉ ਦੀ ਤੁਕ ਵਿਚ ਦਰਜ ਸਮੱਸਿਆ ਨੂੰ ਅੰਤਰਿਆਂ ਦੀਆਂ ਤੁਕਾਂ ਵਿਚ ਵਿਭਿੰਨ ਦਲੀਲਾਂ ਅਤੇ ਪ੍ਰਮਾਣਾਂ ਸਹਿਤ ਦ੍ਰਿੜ ਕੀਤਾ ਗਿਆ ਹੈ। ਜਦੋਂ ਸਮੱਸਿਆ ਦਾ ਸਮਾਧਾਨ ਹੋ ਜਾਂਦਾ ਹੈ ਤਾਂ ਰਹਾਉ ਦੀ ਤੁਕ ਬਦਲ ਜਾਂਦੀ ਹੈ। ਸੋ ਬਾਣੀ ਦੇ ਲਿਖਿਤ ਰੂਪ ਅਨੁਸਾਰ ਹੀ ਰਹਾਉ ਪਹਿਲੇ ਦਾ ਸਥਾਈ ਵਜੋਂ ਗਾਇਨ ਕਰਨ ਤੋਂ ਬਾਅਦ ਜਦੋਂ ਦੂਸਰਾ ਰਹਾਉ ਆਉਂਦਾ ਹੈ ਤਾਂ ਦੂਸਰੇ ਰਹਾਉ ਦੀ ਤੁਕ ਨੂੰ ਸਥਾਈ ਤੌਰ `ਤੇ ਗਾਇਨ ਕਰਨ ਦਾ ਆਦੇਸ਼ ਹੈ। ਸੋ ਸ਼ਬਦ ਦੇ ਪ੍ਰਯੋਗ ਦੀ ਸਿਧੀ ਲਈ ਬਾਣੀ ਪ੍ਰਬੰਧ ਅਨੁਸਾਰ ਗਾਇਨ ਕਰਨਾ ਜ਼ਰੂਰੀ ਹੈ।

 
 

 

 
 

ਅੰਕ : ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸ਼ਬਦਾਂ ਨੂੰ ਵਿਭਿੰਨ ਅੰਕਾਂ ਦੁਆਰਾ ਵਿਭਾਜਿਤ ਕੀਤਾ ਗਿਆ ਹੈ, ਜੋ ਕਿ ਬਾਣੀ ਦਾ ਸਾਧਾਰਣ ਪਾਠ ਕਰਦਿਆਂ ਹੀ ਬੋਧ ਹੋ ਜਾਂਦਾ ਹੈ। ਸ਼ਬਦ ਵਿਚ ਰਹਾਉ ਦੀ ਤੁਕ ਤੋਂ ਬਿਨਾ ਬਾਕੀ ਤੁਕਾਂ ਦੀ ਸਮਾਪਤੀ ਤੇ ੧, ੨, ੩, ੪ ਆਦਿ ਅੰਕ ਪਾਏ ਜਾਂਦੇ ਹਨ। ਇਹ ਅੰਕ ਜਿਥੇ ਅੰਤਰੇ ਦੀ ਸੀਮਾ ਦਰਸਾਉਂਦੇ ਹਨ, ਉਥੇ ਕਾਵਿ/ਗਾਇਨ ਸ਼ੈਲੀ ਦਾ ਵੀ ਗਿਆਨ ਕਰਵਾਉਂਦੇ ਹਨ। ਉਦਾਹਰਣ ਦੇ ਤੌਰ ਤੇ ਦੁਪਦੇ, ਤਿਪਦੇ, ਚਉਪਦੇ, ਅਸ਼ਟਪਦੀ ਸੋਹਲੇ ਆਦਿ ਵਿਚ ਅੰਕਾਂ ਦੀ ਗਿਣਤੀ ਕ੍ਰਮਵਾਰ ੧, ੨, ੩, ੪ …੮ ਹੈ। ਭਾਵ ਸ਼ਬਦ ਦੇ ਕੁੱਲ ਬੰਦ ਤੋਂ ਹੀ ਕਾਵਿ/ਗਾਇਨ ਸ਼ੈਲੀ ਦਾ ਆਭਾਸ ਹੋ ਜਾਂਦਾ ਹੈ। ਇਹ ਅੰਕ ਜਾਂ ਅੰਤਰੇ ਦੀਆਂ ਤੁਕਾਂ ਵਿਚ ਦਰਜ ਦਲੀਲਾਂ ਜਾਂ ਪ੍ਰਮਾਣ ਰਹਾਉ ਦੀ ਤੁਕ ਨੂੰ ਸਮਝਣ ਵਿਚ ਸਹਾਇਕ ਹਨ। ਸ਼ਬਦ ਵਿਚ ਹਰੇਕ ਅੰਤਰੇ ਤੋਂ ਬਾਅਦ ਰਹਾਉ ਦੀ ਤੁਕ ਤੇ ਆਉਣ ਦੀ ਪ੍ਰਕਿਰਿਆ ਸਰੋਤੇ ਦੇ ਮਨ ਵਿਚ ਸ਼ਬਦ ਦੇ ਅੰਤਰ ਨਿਹਿਤ ਭਾਵਾਂ ਦਾ ਬੋਧ ਕਰਵਾਉਣ ਲਈ ਰੋਸ਼ਨੀ ਪ੍ਰਦਾਨ ਕਰਦੀ ਹੈ।

ਜਤਿ :- ਭਾਰਤੀ ਸੰਗੀਤ ਵਿਚ ਪ੍ਰਚੱਲਿਤ ਯਤਿ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਤਿ ਸ਼ਬਦ ਨਾਲ ਦਰਸਾਇਆ ਗਿਆ ਹੈ। ਜਤਿ ਤੋਂ ਭਾਵ ਹੈ ਨਿਰੰਤਰ ਚਾਲ ਵਿਚ ਠਹਿਰਾਵ ਦੀਆਂ ਅਵਸਥਾਵਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 838 ਵਿਚ ਜਤਿ ਦਾ ਰਾਗ ਬਿਲਾਵਲ ਦੇ ਅੰਤਰਗਤ ਇਕ ਸਿਰਲੇਖ ਅੰਕਿਤ ਹੈ - ਬਿਲਾਵਲ ਮਹਲਾ ੧ ਥਿਤੀ ਘਰੁ ੧0 ਜਤਿ।  ਜਤਿ ਦੁਆਰਾ ਕਿਸੇ ਤਾਲ ਨੂੰ ਵਿਭਿੰਨ ਛੰਦਾਂ ਵਿਚ ਪਰਣਿਤ ਕੀਤਾ ਜਾਂਦਾ ਹੈ।
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, ਸੰਗੀਤ ਦੀ ਧਾਰਣਾ ਦਾ ਨਾਉ ਜਤਿ (ਯਤਿ) ਹੈ ਅਤੇ ਮ੍ਰਿਦੰਗ ਦੇ ਬੋਲ ਦਾ ਜਿਥੇ ਵਿਸਰਾਮ ਹੋਵੇ ਉਸ ਨੂੰ ਭੀ ਜਤਿ ਦੀ ਸੰਗਯਾ ਹੈ।  ਡਾ. ਚਰਨ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਬਾਣੀ ਬਿਊਰੈ ਵਿਚ ਲਿਖਿਆ ਹੈ, “ਜਤਿ, ਗਤਿ, ਸਪਥ ਇਹ ਤਿੰਨੋ ਜੋੜੀ ਦੇ ਕਰਤਬ ਹਨ, ਜਿਸ ਵੇਲੇ ਸੱਜਾ ਹੱਥ ਗਤਿ ਦਾ ਕੰਮ ਕਰੇ ਅਤੇ ਜਦੋਂ ਦੋਹਾਂ ਹੱਥਾਂ ਦੀਆਂ ਉਂਗਲੀਆਂ ਹਰਫ ਕੱਢਣ ਅਤੇ ਖੱਬਾ ਹੱਥ ਸਾਫ ਵਾਕਰ ਖੁਲ੍ਹਾ ਵਜਾਏ ਤਾਂ ਉਸਨੂੰ ਜਤਿ ਕਹਿੰਦੇ ਹਨ। ਜਦੋਂ ਦੋਵੇਂ ਹੱਥ ਖੁੱਲੇ ਕੰਮ ਕਰਨ ਅਤੇ ਆਵਾਜ ਵੀ ਖੁੱਲੀ ਨਿਕਲੇ (ਜਿਸ ਨੂੰ ਕੜਕਟ ਆਖਦੇ ਹਨ) ਤਾਂ ਉਸ ਦੀ ਸੰਗਯਾ ਸਾਥ ਹੁੰਦੀ ਹੈ। ਜਤਿ ਦਾ ਸੰਬੰਧ ਜੋੜੀ ਵਜਾਉਣ ਦੀ ਇਕ ਗਤਿ ਦੇ ਸਾਥ ਹੈ।  ਹਵਾਲਿਆਂ ਤੋਂ ਕੋਈ ਸਪਸ਼ਟ ਪ੍ਰਮਾਣ ਨਹੀਂ ਮਿਲਦਾ ਆਧੁਨਿਕ ਸੰਗੀਤਕਾਰ ਜਤਿ ਨੂੰ ਇਸ ਤਰ੍ਹਾਂ ਪ੍ਰਭਾਵਿਤ ਕਰਦੇ ਹਨ ਕਿ ਜਦੋਂ ਜੋੜੀ ਉਤੇ ਸੱਜਾ ਹੱਥ ਖੁਲਾ ਬੋਲ ਵਜਾਏ ਅਤੇ ਖੱਬਾ ਹੱਥ ਬੰਦ ਬੋਲ ਵਜਾਏ ਤਾਂ ਇਸ ਤਾਲ ਪ੍ਰਕਿਰਿਆ ਨੂੰ ਜਤਿ ਦਾ ਨਾਮ ਦਿੱਤਾ ਜਾਂਦਾ ਹੈ।

ਧੁਨੀ :  ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ 22 ਵਾਰਾਂ ਵਿਚੋਂ ਨੌ ਵਾਰਾਂ ਉਤੇ ਸਿਰਲੇਖ ਵਜੋਂ ਉਨ੍ਹਾਂ ਦੇ ਗਾਇਨ ਹਿਤ ਧੁਨੀਆਂ ਅੰਕਿਤ ਹਨ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, ‘ਗਾਉਣ ਦੀ ਧਾਰਨਾ. ਗਾਉਣ ਦਾ ਢੰਗ, ਸ਼੍ਰੀ ਗੁਰੁ ਅਰਜਨ ਸਾਹਿਬ ਨੇ ਨੌ ਵਾਰਾਂ ਅਜੇਹੀਆਂ ਚੁਣੀਆਂ, ਜਿਨ੍ਹਾਂ ਦੇ ਗਾਉਣ ਦੀ ਧਾਰਨਾ ਪੁਰਾਣੇ ਯੋਦਿਆਂ ਦੀਆਂ ਵਾਰਾਂ ਅਨੁਸਾਰ ਰਬਾਬੀਆਂ ਨੂੰ ਦੱਸੀ, ਅਰ ਪੁਰਾਣੀਆਂ ਵਾਰਾਂ ਦੇ ਪਤੇ ਵਾਰਾਂ ਦੇ ਮੁੱਢ ਲਿਖੇ, ਸ਼੍ਰੀ ਗੁਰੁ ਹਰਿਗੋਬਿੰਦ ਸਾਹਿਬ ਨੇ ਢਾਡੀਆਂ ਤੋਂ ਇਹ ਨੌ ਧੁਨੀਆਂ ਵੀਰ ਰਸ ਦੀ ਵ੍ਰਿੱਧੀ ਲਈ ਗਵਾਈਆਂ, ਜੋ ਹੁਣ ਤੀਕ ਟਕਸਾਲੀਏ ਰਾਗੀ ਰਬਾਬੀ ਗਾਉਂਦੇ ਹਨ, ਬਹੁਤ ਲੇਖਕਾਂ ਨੇ ਲਿਖਿਆ ਹੈ ਕਿ ਧੁਨੀਆਂ ਛੇਵੇਂ ਸਤਿਗੁਰੂ ਨੇ ਚੜ੍ਹਾਈਆਂ ਹਨ, ਪਰ ਇਹ ਅਸਤਯ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ 22 ਵਾਰਾਂ ਵਿਚੋਂ 9 ਵਾਰਾਂ ਉਪਰ ਵੱਖ-ਵੱਖ ਧੁਨੀ ਸਿਰਲੇਖ ਅੰਕਿਤ ਕੀਤੇ ਗਏ ਹਨ।


 
 

- ਵਾਰ ਮਾਝ ਦੀ ਤਥਾ ਸਲੋਕ ਮਹਲਾ ੧
                             ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ॥
                                                                                      (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੩੭)
- ਗਉੜੀ ਕੀ ਵਾਰ ਮਹਲਾ ੫
                             ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨਿ ਉਪਰਿ ਗਾਵਣੀ॥
                                                                                      (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੩੧੮)
- ਆਸਾ ਮਹਲਾ ੧ ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ
                             ਟੁੰਡੇ ਅਸਰਾਜੈ ਕੀ ਧੁਨੀ॥
                                                                                      (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੪੬੨)

 
 

          ਉਪਰੋਕਤ ਵਾਰਾਂ `ਤੇ ਰਾਗਾਂ ਦਾ ਅੰਕਣ ਜਿਥੇ ਸ਼ਾਸਤਰੀ ਸੰਗੀਤ ਹੈ ਉਥੇ ਰਾਗ ਦੇ ਨਾਲ ਧੁਨੀ ਦਾ ਦਰਜ ਹੋਣਾ ਸ਼ਾਸਤਰੀ ਅਤੇ ਲੋਕ ਸੰਗੀਤ ਦਾ ਸੁਮੇਲ ਪ੍ਰਤੱਖ ਉਦਾਹਰਣ ਹੈ। ਬਾਣੀ ਵਿਚ ਵਾਰ, ਧੁਨੀ ਅਤੇ ਰਾਗ ਦੀ ਸੰਯੁਕਤ ਪ੍ਰਸਤੁਤੀ ਗੁਰਬਾਣੀ ਦੀ ਵਾਰ ਦੀ ਸੰਚਾਰ ਪ੍ਰਕ੍ਰਿਆ ਦੇ ਨਿਵੇਕਲੇ ਪ੍ਰਬੰਧ ਨੂੰ ਉਜਾਗਰ ਕਰਦੀ ਹੈ। ਉਦਾਹਰਣ ਦੇ ਤੌਰ ਤੇ ‘ਆਸਾ ਦੀ ਵਾਰ` ਆਪਣੇ ਸੰਗੀਤ ਸਰੂਪਾਂ ਸਦਕਾ ਸਮਰਸਤਾ ਦੀ ਧਾਰਣੀ ਹੈ। ਆਸਾ ਦੀ ਵਾਰ ਅਤੇ ਇਸਦੀ ਨਿਰਧਾਰਤ ਵਾਰ, ਧੁਨੀ ਅਤੇ ਰਾਗ ਆਸਾ ਵਿਚ ਇਸ ਸਮਰੂਪੀ ਅਤੇ ਸਮੁੱਚੀ ਸਾਂਝ ਸਦਕਾ ਹੀ ਵਾਰ ਉਪਰ ਧੁਨੀ ਦਾ ਸਿਰਲੇਖ ਸੰਭਵ ਹੋ ਸਕਿਆ ਹੈ। ਗੁਰਮਤਿ ਸੰਗੀਤ ਵਿਚ ‘ਆਸਾ ਦੀ ਵਾਰ` ਜੋ ਕਿ ਵਿਹਾਰਕ ਕੀਰਤਨ ਚਉਕੀ ਪਰੰਪਰਾ ਦਾ ਅਨਿੱਖੜ ਅੰਗ ਹੈ। ਆਸਾ ਦੀ ਵਾਰ ਗੁਰਮਤਿ ਸੰਗੀਤ ਪ੍ਰਬੰਧ ਦੇ ਅੰਤਰਗਤ ਗੁਰਮਤਿ ਸੰਗੀਤ ਦੀ ਅਦੁੱਤੀ ਸ਼ੈਲੀ ਵਜੋਂ ਸਰੂਪਿਤ ਹੋ ਰਹੀ ਹੈ।

ਸੁਧੰਗ : ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ਦੇ ਗਾਇਨ ਹਿਤ ਰਾਗ ‘ਆਸਾਵਰੀ ਸੁਧੰਗ` ਦਾ ਪ੍ਰਯੋਗ ਕੀਤਾ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ “ਰਾਗ ਆਸਾਵਰੀ ਘਰੁ ੧੬ ਕੇ ੨ ਮਹਲਾ ੪ ਸੁਧੰਗ" ਸੰਕੇਤ ਤੋਂ ਪ੍ਰਤੱਖ ਹੈ। ਸੁਧੰਗ ਤੋਂ ਭਾਵ ਸ਼ੁਧ ਅੰਗ। ਭਾਰਤੀ ਸੰਗੀਤ ਵਿਚ ਰਾਗ ਆਸਾਵਰੀ ਦੇ ਦੋ ਰੂਪ ਪ੍ਰਚੱਲਿਤ ਹਨ। ਇਕ ਸਰੂਪ ਵਿਚ ਕੋਮਲ ਰਿਸ਼ਭ ਅਤੇ ਦੂਸਰੇ ਵਿਚ ਸ਼ੁਧ ਰਿਸ਼ਭ ਦਾ ਪ੍ਰਯੋਗ ਹੁੰਦਾ ਹੈ। ਕੋਮਲ ਰਿਸ਼ਭ ਵਾਲੀ ਆਸਾਵਰੀ ਨੂੰ ਆਸਾਵਰੀ ਸੁਧੰਗ ਦਾ ਨਾਮ ਦਿੱਤਾ ਜਾਂਦਾ ਹੈ। ਗੁਰਮਤਿ ਸੰਗੀਤ ਵਿਚ ਆਸਾਵਰੀ ਦੇ ਦੋਨੋਂ ਰੂਪ ਉਪਲਬਧ ਹਨ।

ਸ਼ਾਨ : ਗੁਰਮਤਿ ਸੰਗੀਤ ਵਿਚ ਬਾਣੀ ਪ੍ਰਸਤੁਤੀ ਕਰਨ ਤੋਂ ਪਹਿਲਾਂ ਨਿਰਧਾਰਤ ਰਾਗ ਵਿਚ ਧੁਨ ਦਾ ਵਾਦਨ ਕੀਤਾ ਜਾਂਦਾ ਹੈ ਜੋ ਕਿ ਸ਼ਾਨ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਇਸ ਦੌਰਾਨ ਤਬਲਾ ਵਾਦਕ ਆਪਣੇ ਤਬਲਾ ਵਾਦਨ ਦੁਆਰਾ ਸੰਗੀਤਕ ਮਾਹੌਲ ਸਿਰਜਦਾ ਹੈ। ਸ਼ਾਨ ਜਾਂ ਲਹਿਰਾ ਜਿੱਥੇ ਵਿਸ਼ੇਸ਼ ਵਾਤਾਵਰਣ ਬਣਾਉਣ ਵਿਚ ਸਹਾਈ ਹੁੰਦਾ ਹੈ ਉਥੇ ਤਬਲਾ ਵਾਦਕ ਨੂੰ ਤਬਲੇ ਤੇ ਆਪਣੀ ਕਸਬੀ ਮੁਹਾਰਤ ਦਿਖਾਉਣ ਦਾ ਮੌਕਾ ਮਿਲਦਾ ਹੈ। ਸ਼ਾਨ ਸਰੋਤਿਆਂ ਨੂੰ ਸੰਬੰਧਿਤ ਰਾਗ ਦੇ ਮਾਹੌਲ ਵਿਚ ਪ੍ਰਵੇਸ਼ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ।

ਮੰਗਲਾਚਰਣ : ਕੀਰਤਨ ਚਉਕੀ ਦੇ ਆਰੰਭ ਵਿਚ ਅਕਾਲ ਪੁਰਖ ਦੀ ਉਸਤਤ ਰੂਪ ਵਿਚ ਗਾਇਨ ਕੀਤੇ ਜਾਣ ਵਾਲੀ ਰਚਨਾ ਨੂੰ ਮੰਗਲਾ ਚਰਣ ਕਿਹਾ ਜਾਂਦਾ ਹੈ। ਮੰਗਲਾਚਰਨ ਵਿਚ ਵਿਲੰਬਤ ਜਾਂ ਮੱਧ ਲੈਅ ਦਾ ਪ੍ਰਯੋਗ ਕਰਦੇ ਹੋਏ, ਇਕਤਾਲ, ਝੱਪਤਾਲ ਆਦਿ ਵਿਚ ਅਰਾਧਨਾ ਗਾਇਨ ਕੀਤੀ ਜਾਂਦੀ ਹੈ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, “ਮੰਗਲਾਚਰਣ ਉਤਸਵ ਦੀ ਰਸਮ ਜਾਂ ਇਸ਼ਟ ਦੇਵ 
 ਦਾ ਅਰਾਧਨ ਹੈ। ਵਿਦਵਾਨਾਂ ਨੇ ਮੰਗਲਾਚਰਣ ਦੇ ਤਿੰਨ ਭੇਦ ਮੰਨੇ ਹਨ :

 
 
 
 

ੳ)      ਵਸਤੂ ਨਿਦੇਸ਼ਾਤਮਕ ਗ੍ਰੰਥ ਵਿਚ ਜਿਸ ਦਾ ਜਿਕਰ ਕਰਨਾ ਹੈ ਉਸ ਦੇ ਹੀ ਗੁਣ ਮਹਿਮਾ ਲੱਛਣ ਬੋਧ ਕਰਵਾਉਣ ਵਾਲਾ ਮੰਗਲ, ਜੈਸੇ “ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ" ਆਦਿ
ਅ)      ਆਸ਼ੀਰਵਾਦਾਤਮਿਕ ਜਿਸ ਤੋਂ ਕਲਹਾਣ ਦੀ ਕਾਮਨਾ ਕੀਤੀ ਜਾਵੇ, ਜੈਸੇ -
          “ਵਾਹਿਗੁਰੂ ਜੀ ਕੀ ਫਤਹਿ" ਅਤੇ “ਜੈ ਤੇਰੀ ਸ੍ਰੀ ਜੈ ਤੇਰੀ"
ੲ)       ਨਮਸਕਾਰਾਤਮਿ ਜਿਸ ਵਿਚ ਪ੍ਰਣਾਮ ਕੀਤਾ ਜਾਵੇ - “ਪ੍ਰਣਮੋ ਆਦੀ ਏਕੰਕਾਰਾ" ਅਤੇ “ਨਮਸਕਾਰ ਗੁਰਦੇਵ ਕਉ"
          ਉਪਰੋਕਤ ਅਨੁਸਾਰ ਮੰਗਲਾਚਰਣ ਦੁਆਰਾ ਕਿਸੇ ਵੀ ਸਲੋਕ ਜਾਂ ਬੇਨਤੀ ਰੂਪ ਸ਼ਬਦ ਦਾ ਡੰਡਓਤ ਵਜੋਂ ਵਿਲੰਬਿਤ ਖਿਆਲ ਵਿਚ ਗਾਇਨ ਕਰਨ ਦੀ ਪਰੰਪਰਾ ਹੈ। ਇਸ ਲਈ ਵਿਲੰਬਿਤ ਲੈਅ ਦੇ ਠੇਕੇ ਚਾਰਤਾਲ, ਏਕਤਾਲ, ਆੜਾ ਚੌਤਾਲ, ਆਦਿ ਹੀ ਪ੍ਰਯੋਗ ਕਰਨ ਦੀ ਪ੍ਰਥਾ ਹੈ।

ਠੇਕਾ : ਵਾਦਨ ਉਪਯੋਗੀ ਬੋਲ ਜਿਨ੍ਹਾਂ ਤੋਂ ਕਿਸੀ ਤਾਲ ਦਾ ਬੋਧ ਹੋਵੇ, ਇਹਨਾਂ ਨੂੰ ਤਾਲ ਵਾਦਿਆ `ਤੇ ਵਜਾਉਣ ਦੀ ਪ੍ਰਕ੍ਰਿਆ ਨੂੰ ਠੇਕਾ ਕਿਹਾ ਜਾਂਦਾ ਹੈ। ਦੂਸਰੇ ਸ਼ਬਦਾਂ ਵਿਚ ਤਾਲ ਦੇ ਇਕ ਆਵਰਤਨ ਦਾ ਵਾਦਨ ਠੇਕਾ ਕਹਿਲਾਉਂਦਾ ਹੈ। ਠੇਕੇ ਨੂੰ ਥਾਪਿਆ, ਅਤੇ ਗਤ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਠੇਕਾ ਵਜਾਉਣ ਉਪਰੰਤ ਹੀ ਤਾਲ ਵਾਦਨ ਦੀਆਂ ਬਾਕੀ ਕ੍ਰਿਆਵਾਂ ਦਾ ਵਾਦਨ ਹੁੰਦਾ ਹੈ।

ਸਮ : ਤਾਲ ਦਾ ਅਹਿਮ ਭਾਗ ‘ਸਮ` ਹੈ। ਦੂਸਰੇ ਸ਼ਬਦਾਂ ਵਿਚ ਸਮ ਨੂੰ ਤਾਲ ਦੀ ਜਾਨ ਕਿਹਾ ਜਾਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਜਿਸ ਮਾਤਰਾ ਤੋਂ ਤਾਲ ਦੀ ਸ਼ੁਰੂਆਤ ਹੁੰਦੀ ਹੈ, ਉਹ ਸਮ ਅਖਵਾਉਂਦਾ ਹੈ। ਤਾਲ ਵਿਚ ਹਮੇਸ਼ਾ ਸਮ ਪਹਿਲੀ ਮਾਤਰਾ `ਤੇ ਹੀ ਹੁੰਦਾ ਹੈ। ਗਾਇਨ ਜਾਂ ਵਾਦਨ ਕਰਦੇ ਸਮੇਂ ਸਮ `ਤੇ ਇਕ ਖਾਸ ਤਰ੍ਹਾਂ ਨਾਲ ਜੋਰ ਦਿੱਤਾ ਜਾਂਦਾ ਹੈ ਜਿਸਤੇ ਕਿ ਸਰੋਤਿਆਂ ਨੂੰ ਸਮ ਦਾ ਆਪਣੇ ਆਪ ਗਿਆਨ ਹੋ ਜਾਂਦਾ ਹੈ। ਸੰਗੀਤਕਾਰ ਜਦੋਂ ਵੀ ਗਾਇਨ/ਵਾਦਨ ਦੌਰਾਨ ਸਮ ਤੇ ਆਉਂਦੇ ਹਨ ਤਾਂ ਇਕ ਖਾਸ ਤਰ੍ਹਾਂ ਦੇ ਆਨੰਦ ਦਾ ਅਨੁਭਵ ਹੁੰਦਾ ਹੈ, ਜੋ ਕਿ ਸੁੰਦਰਤਾ ਪ੍ਰਦਾਨ ਕਰਨ ਹਿੱਤ ਵੀ ਸਹਾਇਕ ਹੈ। ਸਮ ਨੂੰ ਲਿਖਣ ਲਈ x ਦਾ ਚਿੰਨ ਲਗਾਇਆ ਜਾਂਦਾ ਹੈ।

ਤਾਲੀ : ਤਾਲ ਨੂੰ ਹੱਥ `ਤੇ ਦਰਸਾਉਣ ਲਈ ਤਾਲੀ ਦਾ ਪ੍ਰਯੋਗ ਕੀਤਾ ਜਾਂਦਾ ਹੈ। ਤਾਲੀ ਨੂੰ ਭਰੀ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਤਾਲ ਵਿਚ ਸਮ ਜਾਂ ਹੋਰ ਮਾਤ੍ਰਾਵਾਂ ਤੇ ਵੀ ਤਾਲੀ ਲਗਾਈ ਜਾਂਦੀ ਹੈ। ਦੋ ਜਾਂ ਦੋ ਤੋਂ ਜ਼ਿਆਦਾ ਮਾਤ੍ਰਾਵਾਂ ਤੇ ਵੀ ਤਾਲੀ ਹੋ ਸਕਦੀ ਹੈ। ਤਾਲ ਦੀ ਪਹਿਚਾਣ ਲਈ ਲਿਖਿਤ ਤੌਰ `ਤੇ 2, 3, 4 ਆਦਿ ਅੰਕਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ।

ਖਾਲੀ : ਤਾਲ ਵਿਚ ਤਾਲੀ ਤੋਂ ਇਲਾਵਾ ਖਾਲੀ ਦਾ ਪ੍ਰਯੋਗ ਕੀਤਾ ਜਾਂਦਾ ਹੈ। ਖਾਲੀ ਦੀ ਮਾਤ੍ਰਾ ਨੂੰ ਪ੍ਰਗਟ ਕਰਨ ਲਈ ਹੱਥ ਹਿਲਾ ਕੇ ਜਾਂ ਹਲਕਾ ਜਿਹਾ ਹੱਥ ਪਰੇ ਕਰਕੇ ਕੀਤਾ ਜਾਂਦਾ ਹੈ। ਖਾਲੀ ਨੂੰ ਅਸੀਂ ਵਿਸ਼ਰਾਮ ਵੀ ਕਹਿ ਸਕਦੇ ਹਾਂ। ਤਾਲ ਵਿਚ ਖਾਲੀ ਦਾ ਸਥਾਨ ਜਿਆਦਾਤਰ ਕੁਝ ਮਾਤ੍ਰਾਵਾਂ ਦੇ ਵਿਚਕਾਰ ਹੀ ਹੁੰਦਾ ਹੈ। ਖਾਲੀ ਨੂੰ ਲੇਖਨ ਪੱਧਤੀ ਅਨੁਸਾਰ 0 ਦਾ ਚਿੰਨ੍ਹ ਲਗਾਇਆ ਜਾਂਦਾ ਹੈ।

ਆਵਰਤਨ : ਆਵਰਤਨ ਆਵਰਿਤੀ ਸ਼ਬਦ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਘੇਰਾ ਜਾਂ ਚੱਕਰ। ਕਿਸੇ ਤਾਲ ਦਾ ਇਕ ਪੂਰਾ ਚੱਕਰ ਆਵਰਤਨ ਕਹਾਉਂਦਾ ਹੈ, ਭਾਵ ਕਿ ਸਮ ਤੋਂ ਸਮ ਤੱਕ ਤਾਲ ਨੂੰ ਬੋਲਣਾ ਜਾਂ ਵਾਦਨ ਕਰਨਾ ਆਵਰਤਨ ਬਣਦਾ ਹੈ। ਹਰ ਤਾਲ ਦਾ ਆਪਣਾ-ਆਪਣਾ ਆਵਰਤਨ ਹੁੰਦਾ ਹੈ। ਕਿਉਂਕਿ ਹਰੇਕ ਤਾਲ ਦੀਆਂ ਨਿਸ਼ਚਿਤ ਮਾਤਰਾਵਾਂ ਹੁੰਦੀਆਂ ਹਨ। ਆਵਰਤਨ ਤਾਲ ਦੀਆਂ ਮਾਤਰਾਵਾਂ ਤੇ ਨਿਰਭਰ ਕਰਦਾ ਹੈ ਕਿ ਤਾਲ ਦਾ ਇਕ ਚੱਕਰ ਪੂਰਾ ਕਰਨ ਲਈ ਕਿੰਨਾ ਸਮਾਂ ਲਿਆ ਜਾਂਦਾ ਹੈ, ਭਾਵ ਕਿ ਵਿਲੰਬਿਤ ਲੈਅ ਦਾ ਆਵਰਤਨ ਧੀਮੀ ਗਤੀ ਵਿਚ ਹੁੰਦਾ ਹੈ ਤੇ ਦਰੁੱਤ ਲੈਅ ਵਿਚ ਤੇਜ ਗਤੀ ਵਿਚ ਆਵਰਤਨ ਹੁੰਦਾ ਹੈ।

 
 
 
 

ਤਿਹਾਈ : ਜਦੋਂ ਅਸੀਂ ਤਾਲ ਵਿਚ ਕਿਸੇ ਇਕ ਪ੍ਰਕਾਰ ਦੇ ਬੋਲਾਂ ਨੂੰ ਤਿੰਨ ਵਾਰ ਇਕੋ ਰੂਪ ਵਿਚ ਵਜਾ ਕੇ ਸਮ ਜਾਂ ਕਿਸੇ ਵਿਸ਼ੇਸ਼ ਸਥਾਨ ਤੇ ਮਿਲਦੇ ਹਾਂ ਤਾਂ ਉਸ ਨੂੰ ਤਿਹਾਈ ਕਹਿੰਦੇ ਹਨ। ਤਿਹਾਈ ਦਾ ਤਾਲ ਵਿਚ ਵਿਸ਼ੇਸ਼ ਸਥਾਨ ਹੈ। ਤਿਹਾਈ ਨੂੰ ਤੀਆ ਜਾਂ ਤੀਏ ਨਾਮ ਨਾਲ ਜਾਣਿਆ ਵੀ ਜਾਂਦਾ ਹੈ। ਤਿਹਾਈ ਵਿਚ ਹਰ ਬੋਲ ਸਮੂਹ ਦੇ ਬਾਅਦ (ਧ) ਦਾ ਪ੍ਰਯੋਗ ਕੀਤਾ ਜਾਂਦਾ ਹੈ। ਤਬਲਾ ਸੋਲੋ ਵਾਦਨ ਵਿਚ ਤਿਹਾਈ ਨੂੰ ਤਾਲ ਦੀ ਕਿਸੇ ਵੀ ਮਾਤਰਾ ਤੋਂ ਚੁੱਕ ਕੇ ਸਮ ਤੇ ਆਉਣਾ ਹੁੰਦਾ ਹੈ। ਸ਼ਬਦ ਰੀਤ ਜਾਂ ਹੋਰ ਸੰਗੀਤ ਬੰਦਸ਼ਾਂ ਦਾ ਅੰਤ ਵੀ ਆਮ ਕਰਕੇ ਤਿਹਾਈ ਦੁਆਰਾ ਕੀਤਾ ਜਾਂਦਾ ਹੈ।

 
 
 
 
 

Assignment

 
     
 

1.  ਗੁਰਮਤਿ ਸੰਗੀਤ, ਰਾਗ, ਅਤੇ ਸ਼ਬਦ ਕੀਰਤਨ ਬਾਰੇ ਲਿਖੋ।
2.   ਠੇਕਾ, ਤਾਲੀ, ਖਾਲੀ ਅਤੇ ਤਿਹਾਈ ਬਾਰੇ ਲਿਖੇ।

 
     

MCQs

 
     
 

1.       ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਿੰਨੀਆਂ ਚਉਕੀਆਂ ਨਿਯਤ ਕੀਤੀਆਂ?
          (i) ਦੋ                                 (ii) ਚਾਰ
          (iii) 10                               (iv) ਤਿੰਨ
2.       ਗੁਰਮਤਿ ਸੰਗੀਤ ਦਾ ਆਧਾਰ ਗ੍ਰੰਥ ਕਿਹੜਾ ਹੈ?
          (i) ਸ੍ਰੀ ਦਸਮ ਗ੍ਰੰਥ                    (ii) ਸ੍ਰੀ ਸਰਬਲੋਹ ਗ੍ਰੰਥ
          (iii) ਸ੍ਰੀ ਗੁਰੂ ਗ੍ਰੰਥ ਸਾਹਿਬ           (iv) ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ
3.       ਦੋ ਪਦਿਆਂ ਵਾਲੇ ਸ਼ਬਦ ਨੂੰ ਕੀ ਕਹਿੰਦੇ ਹਨ?
          (i) ਦੁਪਦੇ                                       (ii) ਤਿਪਦੇ
          (iii) ਚਉਪਦੇ                         (iv) ਪੰਚਪਦੇ
4.       ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਿੰਨਵੇਂ ਪੰਨੇ ਤੇ ‘ਜਤਿ' ਸਿਰਲੇਖ ਰੂਪ ਵਿਚ ਅੰਕਿਤ ਹੈ?
          (i) 800                              (ii) 838
          (iii) 840                             (iv) 845
5.         ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੁੱਲ ਕਿਨੀਆਂ ਵਾਰਾਂ ਦਰਜ ਹਨ?
          (i) 22                                (ii) 25
          (iii) 41                               (iv) 9
6.       ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵਾਰਾਂ ਵਿਚੋਂ ਕਿੰਨੀਆਂ ਵਾਰਾਂ ਉੱਪਰ ਧੁਨੀ ਸਿਰਲੇਖ ਅੰਕਿਤ ਕੀਤੇ ਗਏ ਹਨ?
          (i) 12                                (ii) 9
          (iii) 15                               (iv) 17
7.         ਰਾਗ ‘ਆਸਾਵਰੀ ਸੁਧੰਗ' ਦਾ ਪ੍ਰਯੋਗ ਕਿਸ ਗੁਰੂ ਨੇ ਕੀਤਾ?
          (i) ਗੁਰੂ ਨਾਨਕ ਦੇਵ                 (ii) ਗੁਰੂ ਅੰਗਦ ਦੇਵ
          (iii) ਗੁਰੂ ਤੇਗ ਬਹਾਦਰ              (iv) ਗੁਰੂ ਰਾਮਦਾਸ
8.       ‘ਸਮ' ਨੂੰ ਲਿਖਣ ਲਈ ਕਿਸ ਚਿੰਨ੍ਹ ਦਾ ਪ੍ਰਯੋਗ ਕੀਤਾ ਜਾਂਦਾ ਹੈ?
          (i) 0                                 (ii) ×
          (iii) ।                                 (iv) -
9.       ਖਾਲੀ ਨੂੰ ਦਰਸਾਉਣ ਲਈ ਕਿਸ ਚਿੰਨ੍ਹ ਦਾ ਪ੍ਰਯੋਗ ਕੀਤਾ ਜਾਂਦਾ ਹੈ?
          (i) ×                                 (ii) ।
          (iii) 0                                (iv) -
10.      ‘ਟੁੰਡੇ ਅਸਰਾਜੈ ਕੀ ਧੁਨੀ' ਸਿਰਲੇਖ ਰੂਪ ਵਿਚ ਕਿਸ ਵਾਰ ਉੱਤੇ ਦਰਜ ਹੈ?
          (i) ਮਾਝ ਕੀ ਵਾਰ                    (ii) ਆਸਾ ਕੀ ਵਾਰ
          (iii) ਗਉੜੀ ਕੀ ਵਾਰ                 (iv) ਰਾਮਕਲੀ ਕੀ ਵਾਰ

 

 
     
   
 

1. (iii)      2.  (iii)       3  (i)        4  (ii)       5  (iv)      6  (ii)       7  (iv)       8 (ii)        9 (iii)       10 (ii)              

 
     

Bibliography

 
     
 

1.       ਸ੍ਰੀ ਗੁਰੂ ਗ੍ਰੰਥ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
2.       ਵਾਰਾਂ ਭਾਈ ਗੁਰਦਾਸ, , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ,1957
3.       ਗੁਰ ਸ਼ਬਦਰਤਨਾਕਰ ਮਹਾਨ ਕੋਸ਼, ਭਾਈ ਕਾਨ੍ਹ ਸਿੰਘ ਨਾਭਾ, ਭਾਸ਼ਾ ਵਿਭਾਗ, ਪੰਜਾਬ,2006
4.       ਸਾਹਿਤ ਕੋਸ਼ (ਪਰਿਭਾਸ਼ਿਕ ਸ਼ਬਦਾਵਲੀ), ਪੰਜਾਬੀ ਯੂਨੀਵਰਸਿਟੀ, ਪਟਿਆਲਾ,1989
5.       ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ  (ਪੋਥੀ ਛੇਵੀਂ), ਪ੍ਰੋ. ਸਾਹਿਬ ਸਿੰਘ, ਰਾਜ ਪਬਲੀਕੇਸ਼ਨਜ਼, ਜਲੰਧਰ
6.       ਸ੍ਰੀ ਗੁਰੂ ਗ੍ਰੰਥ ਕੋਸ਼, ਭਾਈ ਸਾਹਿਬ ਭਾਈ ਵੀਰ ਸਿੰਘ (ਡਾ.), ਖਾਲਸਾ ਟ੍ਰੈਕਟ ਸੁਸਾਇਟੀ (ਰਜਿ.), ਅੰਮ੍ਰਿਤਸਰ,1983


 
Home | Feedback | Contact Us