|
ਵਿਸ਼ਾ |
: |
|
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਗੀਤ ਵਿਚ ਮਹੱਤਵ |
ਵਿਸ਼ਾ ਮਾਹਿਰ |
: |
|
ਡਾ. ਗੁਰਨਾਮ ਸਿੰਘ
ਪ੍ਰੋਫ਼ੈਸਰ ਦੇ ਮੁਖੀ
ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ। |
|
|
|
|
|
|
|
|
|
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਿਸ਼ਵ ਭਾਈਚਾਰੇ ਨੂੰ ਗੁਰੂ ਸਾਹਿਬਾਨ ਵਲੋਂ ਵਡਮੁੱਲਾ ਯੋਗਦਾਨ ਹੈ। ਇਹ ਬਾਣੀ ਆਪਣੇ ਸਰਬ ਕਾਲਿਕ ਬ੍ਰਹਿਮੰਡੀ ਗੁਣਾਂ ਕਰਕੇ ਮਾਨਵੀ ਜੀਵਨ ਵਿਚ ਕੇਂਦਰੀ ਮਹੱਤਵ ਰੱਖਦੀ ਹੈ। ਸਿੱਖ ਧਰਮ ਦੇ ਪੈਰੋਕਾਰਾਂ ਲਈ ‘ਬਾਣੀ ਗੁਰੂ ਗੁਰੂ ਹੈ ਬਾਣੀ, ‘ਗੁਰੂ ਮਾਨਿਓ ਗ੍ਰੰਥ', ‘ਖੋਜ ਸ਼ਬਦ ਮਹਿ ਲੇਹ' ਦੇ ਫੁਰਮਾਨ ਇਸ ਗ੍ਰੰਥ ਦੇ ਕੇਂਦਰੀ ਮਹੱਤਵ ਨੂੰ ਉਜਾਗਰ ਕਰਦੇ ਹਨ। ਇਹ ਗ੍ਰੰਥ ਕੇਵਲ ਸਿੱਖ ਧਰਮ ਲਈ ਹੀ ਮਹੱਤਵਪੂਰਨ ਨਹੀਂ ਸਗੋਂ ਇਸ ਵਿਚ ਭਾਰਤੀ ਅਧਿਆਤਮਕ ਪਰੰਪਰਾ ਦੇ ਪੰਜ ਸਦੀਆਂ ਦੇ ਮਹਾਨ ਅਨੁਭਵੀ ਸਾਧਕਾਂ ਦਾ ਅਧਿਆਤਮਕ ਬੋਧ ਤੇ ਗਿਆਨ ਵਿਦਮਾਨ ਹੈ। ਵਿਸ਼ਵ ਵਿਚ ਅਜਿਹੇ ਧਰਮ ਗ੍ਰੰਥ ਤਾਂ ਰਚੇ ਗਏ ਜਿਨ੍ਹਾ ਵਿਚ ਕੇਵਲ ਸੰਬੰਧਤ ਧਰਮ ਗੁਰੂਆਂ ਅਤੇ ਪੈਰੋਕਾਰਾਂ ਦੀ ਬਾਣੀ ਦਰਜ ਹੈ ਪਰ ਗੁਰੂ ਗ੍ਰੰਥ ਸਾਹਿਬ ਐਸਾਂ ਗ੍ਰੰਥ ਹੈ ਜਿਸ ਵਿਚ ਦੂਜੇ ਧਰਮਾਂ, ਜਾਤਾਂ ਅਤੇ ਖਿੱਤਿਆਂ ਦੇ ਮਹਾਂਪੁਰਸ਼ਾਂ ਦੀ ਬਾਣੀ ਦਾ ਸੰਕਲਨ ਹੈ। ਇਹ ਵੀ ਮਹਾਨਤਾ ਵਾਲੀ ਗੱਲ ਹੈ ਕਿ ਸਾਡੇ ਕੋਲ ਇਹ ਗ੍ਰੰਥ ਮੂਲ ਭਾਸ਼ਾ ਵਿਚ ਉਪਲੱਬਧ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਕਲਨ ਦਾ ਕਾਰਜ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ 1604ਈ: ਵਿੱਚ ਸੰਪੂਰਨ ਹੋਇਆ। ਇਸ ਤੋਂ ਵੀ ਹੋਰ ਵਡੇਰੀ ਮਹਾਨਤਾ ਹੈ ਇਹ ਹੈ ਕਿ ਇਸ ਗ੍ਰੰਥ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਗੁਰੂ ਦਾ ਦਰਜਾ ਦਿੱਤਾ ਗਿਆ ਅਤੇ ਵਰਤਮਾਨ ਸਮੇਂ ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦੇ ‘ਸ਼ਬਦ ਗੁਰੂ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪਗਤ ਅਧਿਐਨ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਗਾਤਮਕ ਬਾਣੀ ਦਾ ਆਰੰਭ ਪੰਨਾ 14 ਤੋਂ ਹੁੰਦਾ ਹੈ। ਇਸ ਤੋਂ ਪਹਿਲੇ ਪੰਨਿਆਂ ਵਿਚ ਸਭ ਤੋਂ ਪਹਿਲਾਂ ਜਪੁਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ। ਜਪੁ ਜੀ ਸਾਹਿਬ ਤੋਂ ਬਾਅਦ ਸੋ ਦਰ, ਸੋਹਿਲਾ ਬਾਣੀ ਅੰਕਿਤ ਹੈ। ਇਸੇ ਤਰਾਂ ਰਾਗ ਜੈਜਾਵੰਤੀ ਦਾ ਸਮਾਪਨ ਪੰਨਾ 1353 ਉਤੇ ਹੁੰਦਾ ਹੈ ਅਤੇ ਇਸ ਤੋਂ ਬਾਅਦ ਸਲੋਕ ਸਹਸਕ੍ਰਿਤੀ ਮਹਲਾ 1,4, ਮ : ਪ ਗਾਥਾ, ਫੁਨਹੇ ਮਹਲਾ ਪ ਚਉਬੋਲੇ ਮਹਲਾ ਪ, ਸਲੋਕ ਭਗਤ ਕਬੀਰ ਜੀਓ ਕੇ, ਸਲੋਕ ਸ਼ੇਖ ਫਰੀਦ ਜੀ ਦੇ, ਸਵਯੇ ਸ੍ਰੀ ਮੁਖਵਾਕ ਅਤੇ ਭੱਟਾ ਦੇ ਸਵਯੇ, ਸਲੋਕ ਵਾਰਾਂ ਤੇ ਵਧੀਕ, ਸਲੋਕ ਮਹਲਾ 9, ਮੁੰਦਾਵਣੀ ਮਹਲਾ ਪ ਅਤੇ ਅੰਤ ਵਿਚ ਰਾਗਮਾਲਾ ਵੀ ਅੰਕਿਤ ਹੈ। ਰਾਗ ਵਿਚ ਪਹਿਲਾਂ ਗੁਰੂ ਸਾਹਿਬਾਨ ਅਤੇ ਬਾਅਦ ਵਿਚ ਸੰਤਾਂ, ਭਗਤਾਂ ਅਤੇ ਹੋਰ ਬਾਣੀਕਾਰਾਂ ਦੀ ਬਾਣੀ ਅੰਕਿਤ ਹੈ। ਇਸ ਰਾਗਬੱਧ ਬਾਣੀ ਨੂੰ ਵੱਖ-ਵੱਖ ਸੰਗੀਤਕ, ਸੰਕੇਤਾਂ, ਸਿਰਲੇਖਾਂ ਆਦਿ ਹਵਾਲਿਆਂ ਨਾਲ ਸੰਗੀਤਬੱਧ ਕੀਤਾ ਗਿਆ ਹੈ। ਵੱਖ-ਵੱਖ ਰਾਗਾਂ ਵਿਚ ਗੁਰੂ ਸਾਹਿਬਾਨ ਅਤੇ ਸੰਤਾਂ ਭਗਤਾਂ ਦੁਆਰਾ ਰਚਿਤ ਬਾਣੀ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
1. ਸਿਰੀ ਰਾਗ ਦੇ ਅੰਤਰਗਤ ਗੁਰੂ ਨਾਨਕ ਦੇਵ ਜੀ, ਗੁਰੂ ਅੰਗਰ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਭਗਤ ਕਬੀਰ, ਤ੍ਰਿਲੋਚਨ, ਬੇਣੀ, ਰਵਿਦਾਸ ਜੀ ਦੀ ਬਾਣੀ।
2. ਮਾਝ ਰਾਗ ਦੇ ਅੰਤਰਗਤ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਦੀ ਬਾਣੀ।
3. ਗਉੜੀ ਰਾਗ ਦੇ ਅੰਤਰਗਤ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਭਗਤ ਕਬੀਰ, ਨਾਮਦੇਵ, ਰਵਿਦਾਸ ਜੀ ਦੀ ਬਾਣੀ।
4. ਆਸਾ ਰਾਗ ਦੇ ਅੰਤਰਗਤ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਦੀ, ਭਗਤ ਨਾਮਦੇਵ, ਰਵਿਦਾਸ, ਕਬੀਰ ਜੀ ਦੀ ਬਾਣੀ।
5. ਗੂਜਰੀ ਰਾਗ ਦੇ ਅੰਤਰਗਤ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਭਗਤ ਕਬੀਰ, ਨਾਮਦੇਵ, ਰਵਿਦਾਸ, ਤ੍ਰਿਲੋਚਨ, ਜੈਦੇਵ ਜੀ ਦੀ ਬਾਣੀ।
6. ਦੇਵਗੰਧਾਰੀ ਰਾਗ ਦੇ ਅੰਤਰਗਤ ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਦੀ ਬਾਣੀ।
7. ਬਿਹਾਗੜਾ ਰਾਗ ਦੇ ਅੰਤਰਗਤ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਦੀ ਬਾਣੀ।
8. ਵਡਹੰਸ ਰਾਗ ਦੇ ਅੰਤਰਗਤ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਦੀ ਬਾਣੀ।
9. ਸੋਰਠਿ ਰਾਗ ਦੇ ਅੰਤਰਗਤ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਭਗਤ ਕਬੀਰ, ਨਾਮਦੇਵ, ਰਵਿਦਾਸ, ਭੀਖਨ ਜੀ ਦੀ ਬਾਣੀ।
10. ਧਨਾਸਰੀ ਰਾਗ ਦੇ ਅੰਤਰਗਤ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਭਗਤ ਕਬੀਰ, ਨਾਮਦੇਵ, ਰਵਿਦਾਸ, ਤ੍ਰਿਲੋਚਨ, ਸੈਣ, ਪੀਪਾ, ਧੰਨਾ ਜੀ ਦੀ ਬਾਣੀ।
11. ਜੈਤਸਰੀ ਰਾਗ ਦੇ ਅੰਤਰਗਤ ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਭਗਤ ਨਾਮਦੇਵ ਜੀ ਦੀ ਬਾਣੀ।
12. ਟੋਡੀ ਰਾਗ ਦੇ ਅੰਤਰਗਤ ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਭਗਤ ਨਾਮਦੇਵ ਜੀ ਦੀ ਬਾਣੀ।
13. ਬੈਰਾੜੀ ਰਾਗ ਦੇ ਅੰਤਰਗਤ ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਦੀ ਬਾਣੀ।
14. ਤਿਲੰਗ ਰਾਗ ਦੇ ਅੰਤਰਗਤ ਗੁਰੂ ਨਾਨਕ ਦੇਵ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਭਗਤ ਕਬੀਰ, ਨਾਮਦੇਵ ਜੀ ਦੀ ਬਾਣੀ।
15. ਸੂਹੀ ਰਾਗ ਦੇ ਅੰਤਰਗਤ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਭਗਤ ਕਬੀਰ, ਰਵਿਦਾਸ, ਸੇਖ ਫਰੀਦ ਜੀ ਦੀ ਬਾਣੀ।
16. ਬਿਲਾਵਲ ਰਾਗ ਦੇ ਅੰਤਰਗਤ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਭਗਤ ਕਬੀਰ, ਨਾਮਦੇਵ, ਰਵਿਦਾਸ, ਸਧਨਾ ਜੀ ਦੀ ਬਾਣੀ।
17. ਗੋਂਡ ਰਾਗ ਦੇ ਅੰਤਰਗਤ ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਭਗਤ ਕਬੀਰ, ਨਾਮਦੇਵ, ਰਵਿਦਾਸ ਜੀ ਦੀ ਬਾਣੀ।
18. ਰਾਮਕਲੀ ਰਾਗ ਦੇ ਅੰਤਰਗਤ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਭਗਤ ਸੁੰਦਰ, ਸੱਤਾ ਬਲਵੰਡ, ਕਬੀਰ, ਨਾਮਦੇਵ, ਰਵਿਦਾਸ, ਬੇਣੀ ਜੀ ਦੀ ਬਾਣੀ
19. ਨਟ ਨਰਾਇਣ ਰਾਗ ਦੇ ਅੰਤਰਗਤ ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਦੀ ਬਾਣੀ।
20. ਮਾਲੀ ਗਉੜਾ ਰਾਗ ਦੇ ਅੰਤਰਗਤ ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਭਗਤ ਨਾਮਦੇਵ ਜੀ ਦੀ ਬਾਣੀ।
21. ਮਾਰੂ ਰਾਗ ਦੇ ਅੰਤਰਗਤ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਭਗਤ ਕਬੀਰ, ਨਾਮਦੇਵ, ਜੈਦੇਵ, ਰਵਿਦਾਸ ਜੀ ਦੀ ਬਾਣੀ।
22. ਤੁਖਾਰੀ ਰਾਗ ਦੇ ਅੰਤਰਗਤ ਗੁਰੂ ਨਾਨਕ ਦੇਵ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਦੀ ਬਾਣੀ।
23. ਕੇਦਾਰਾ ਰਾਗ ਦੇ ਅੰਤਰਗਤ ਗੁਰੂ ਨਾਨਕ ਦੇਵ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਭਗਤ ਕਬੀਰ, ਰਵਿਦਾਸ ਜੀ ਦੀ ਬਾਣੀ।
24. ਭੈਰਉ ਰਾਗ ਦੇ ਅੰਤਰਗਤ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਭਗਤ ਕਬੀਰ, ਨਾਮਦੇਵ, ਰਵਿਦਾਸ ਜੀ ਦੀ ਬਾਣੀ।
25. ਬਸੰਤ ਰਾਗ ਦੇ ਅੰਤਰਗਤ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਭਗਤ ਕਬੀਰ, ਨਾਮਦੇਵ ਰਵਿਦਾਸ, ਰਾਮਾਨੰਦ ਦੀ ਦੀ ਬਾਣੀ।
26. ਸਾਰੰਗ ਰਾਗ ਦੇ ਅੰਤਰਗਤ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਭਗਤ ਕਬੀਰ, ਨਾਮਦੇਵ ਪਰਮਾਨੰਦ, ਸੂਰਦਾਸ ਜੀ ਦੀ ਬਾਣੀ।
27. ਮਲ੍ਹਾਰ ਰਾਗ ਦੇ ਅੰਤਰਗਤ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਭਗਤ ਨਾਮਦੇਵ, ਰਵਿਦਾਸ ਜੀ ਦੀ ਬਾਣੀ।
28. ਕਾਨੜਾ ਰਾਗ ਦੇ ਅੰਤਰਗਤ ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਭਗਤ ਨਾਮਦੇਵ ਜੀ ਦੀ ਬਾਣੀ।
29. ਕਲਿਆਣ ਰਾਗ ਦੇ ਅੰਤਰਗਤ ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਦੀ ਬਾਣੀ
30. ਪ੍ਰਭਾਤੀ ਰਾਗ ਦੇ ਅੰਤਰਗਤ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਭਗਤ ਕਬੀਰ, ਨਾਮਦੇਵ, ਬੇਣੀ ਦੀ ਜੀ ਬਾਣੀ।
31. ਜੈਜਾਵੰਤੀ ਰਾਗ ਦੇ ਅੰਤਰਗਤ ਗੁਰੂ ਤੇਗ ਬਹਾਦਰ ਜੀ ਦੀ ਬਾਣੀ। |
|
|
|
|
|
ਗੁਰਮਤਿ ਸੰਗੀਤ ਵਿਚ ਕੀਰਤਨ ਦਾ ਮਹੱਤਵ : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸੰਕਲਨ ਇਕ ‘ਗੇਯ ਰਚਨਾ ਵਜੋਂ ਕੀਤਾ ਗਿਆ ਹੈ। ਬਾਣੀ ਦੀ ਪ੍ਰਸਤੁਤੀ ਲਈ ਗਾਇਨ ਤੇ ਕੀਰਤਨ ਦੇ ਮਹੱਤਵ ਨੂੰ ਦਰਸਾਉਣ ਲਈ ਅਨੇਕ ਗੁਰ ਫੁਰਮਾਨ ਅੰਕਿਤ ਹਨ।
- ਕਲਜੁਗ ਮਹਿ ਕੀਰਤਨ ਪਰਧਾਨਾ॥ ਗੁਰਮੁਖਿ ਜਪੀਏ ਲਾਏ ਧਿਆਨਾ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੦੭੫)
- ਕੀਰਤਨੁ ਨਿਰਮੋਲਕ ਹੀਰਾ॥ ਆਨੰਦ ਗੁਣੀ ਗਹੀਰਾ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੮੯੩)
- ਗੁਰਬਾਣੀ ਗਾਵਹੁ ਭਾਈ॥ ਉਹ ਸਫਲ ਸਦਾ ਸੁਖਦਾਈ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੬੨੯)
- ਸਾਧਸੰਗਿ ਹਰਿ ਕੀਰਤਨੁ ਗਾਈਐ, ਇਹ ਅਸਥਾਨੁ ਗੁਰੂ ਤੇ ਪਾਈਐ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੩੮੫)
- ਖੁਲਿਆ ਕਰਮ ਕ੍ਰਿਪਾ ਭਈ ਠਾਕੁਰ, ਕੀਰਤਨੁ ਹਰਿ ਹਰਿ ਗਾਈ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੦੦੦)
ਉਕਤ ਫੁਰਮਾਨਾਂ ਤੋਂ ਇਲਾਵਾ ਕਾਵਿ ਤੇ ਸੰਗੀਤ ਦੇ ਸੁਮੇਲ ਵਜੋਂ ਸਰੂਪਤ ਹੋਣ ਵਾਲੀ ਇਸ ਦੈਵੀ ਰਚਨਾ ਦੀ ਗੇਯਾਤਮਕਤਾ, ਇਸਦੇ ਰਾਗਾਤਮਕ ਵਰਗੀਕਰਣ, ਇਸ ਦੀਆਂ ਭਿੰਨ-ਭਿੰਨ ਗਾਇਨ ਸ਼ੈਲੀਆਂ ਬਾਣੀ ਅੰਤਰਨਿਹਤ ਵੱਖ-ਵੱਖ ਸਿਰਲੇਖਾਂ, ਸੰਕੇਤਾਂ ਦੀ ਸੰਗੀਤਕ ਉਪਯੁਕਤਾ ਸਹਿਤ ਨਿਸ਼ਚਿਤ ਸੰਗੀਤ ਵਿਧਾਨ ਦੇ ਰੂਪ ਵਿਚ ਪ੍ਰਤੱਖ ਹੁੰਦੀ ਹੈ। ਬਾਣੀ ਦਾ ਇਹ ਸੰਗੀਤਕ ਵਿਧਾਨ ਲਿਖਤ ਮਾਤਰ ਹੀ ਨਹੀਂ ਸਗੋਂ ਸਿੱਖ ਧਰਮ ਵਿਚ ਸਦੀਆਂ ਤੋਂ ਇਕ ਵਿਸ਼ਿਸ਼ਟ ਸੰਗੀਤਕ ਪਰੰਪਰਾ ਵਜੋਂ ਇਸਦਾ ਪ੍ਰਚਲਨ ਵੀ ਹੈ, ਜਿਸਦਾ ਉਦੈ ਅਕਾਲ ਰੂਪ ਗੁਰੂ ਨਾਨਕ ਦੇਵ ਜੀ ਤੇ ਰਬਾਬੀ ਭਾਈ ਮਰਦਾਨਾ ਦੇ ਇਲਾਹੀ ਕੀਰਤਨ ਦੁਆਰਾ ਹੋਇਆ। ਵੱਖ-ਵੱਖ ਕੀਰਤਨ ਸ਼ੈਲੀਆਂ, ਵਿਸ਼ੇਸ਼ ਕੀਰਤਨ ਸਾਜ਼ਾਂ ਅਤੇ ‘ਬਾਬੇ ਕੇ’ ਕੀਰਤਨੀਆਂ ਦੀ ਵਿਸ਼ੇਸ਼ ਸ਼੍ਰੇਣੀ ਦੁਆਰਾ ਕੀਰਤਨ ਦੀ ਇਸ ਪਰੰਪਰਾ ਦੀ ਮੂਲ ਸਮੱਗਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸੰਗੀਤਮਈ ਸਰੂਪ ਅਤੇ ਵਿਧਾਨ ਤੇ ਅਧਾਰਿਤ ਹੈ। ਸਿੱਖ ਧਰਮ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਗੀਤ ਵਿਧਾਨ ਭਾਵ ਗੁਰ ਸਿਧਾਂਤ ਦੀ ਅਨੁਸਾਰੀ ਸੰਗੀਤ ਪਰੰਪਰਾ ਨੂੰ ਅਸੀਂ ‘ਗੁਰਮਤਿ ਸੰਗੀਤ ਵਜੋਂ ਪਛਾਣਦੇ ਹਾਂ।
|
|
|
|
|
|
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਾਣੀ ਨੂੰ ਮੁੱਖ ਤੌਰ ਤੇ ਸ਼ਾਸਤਰੀ ਸੰਗੀਤ ਅਤੇ ਲੋਕ ਸੰਗੀਤ ਤੋਂ ਵਿਕਸਿਤ ਰਾਗਾਂ, ਗਾਇਨ ਰੂਪਾਂ ਅਤੇ ਲੋਕ ਧੁਨੀਆਂ ਅਧੀਨ ਨਿਬੱਧ ਕੀਤਾ ਗਿਆ। ਇਸ ਪ੍ਰਯੋਗ ਦੇ ਅੰਤਰਗਤ ਸੰਗੀਤ ਦੇ ਵੱਖੋ-ਵੱਖਰੇ ਮੌਲਿਕ ਅਤੇ ਨਿਵੇਕਲੇ ਰੂਪ ਪ੍ਰਗਟ ਹੋ ਰਹੇ ਹਨ। ਸਦੀਆਂ ਤੋਂ ਮਰਿਆਦਤ ਰੂਪ ਵਿਚ ਵਿਕਸਤ ਅਤੇ ਪ੍ਰਚਲਿਤ ਇਹ ਵਿਵਹਾਰਕ ਪਰੰਪਰਾ ਸੰਗੀਤ ਦੀਆਂ ਬਾਕੀ ਪਰੰਪਰਾਵਾਂ ਦੀ ਤੁਲਨਾ ਵਿਚ ਸੁਤੰਤਰ ਤੇ ਮੌਲਿਕ ਰੂਪ ਵਿਚ ਪ੍ਰਗਟ ਹੋਈ ਹੈ। ਇਸ ਪਰੰਪਰਾ ਵਿਚ ਪ੍ਰਚਲਿਤ ਰਾਗਾਤਮਕ ਕੀਰਤਨ ਚਉਕੀਆਂ, ਕੀਰਤਨ ਗਾਇਨ ਸ਼ੈਲੀਆਂ, ਕੀਰਤਨ ਸਾਜ਼, ਕੀਰਤਨ ਟਕਸਾਲਾਂ ਦੇ ਰੂਪ ਵਿਚ ਕੀਰਤਨੀਆਂ ਦੀ ਘਰਾਣੇਦਾਰ ਪਰੰਪਰਾ ਅਤੇ ਸ਼ਬਦ ਕੀਰਤਨ ਦੀਆਂ ਸੰਗੀਤ ਰਚਨਾਵਾਂ ਦਾ ਸੁਰਲਿਪੀਬੱਧ, ਸੀਨਾ-ਬ-ਸੀਨਾ ਵਿਸ਼ਾਲ ਭੰਡਾਰ ਇਸ ਪਰੰਪਰਾ ਦਾ ਮੌਲਿਕ ਤੇ ਵਿਸਤ੍ਰਿਤ ਵਿਸਥਾਰ ਹੈ। ਸੰਗੀਤ ਦੇ ਖੇਤਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਕਤ ਮਹੱਤਵ ਨੂੰ ਅਸੀਂ ਹੇਠ ਲਿਖੇ ਅਨੁਸਾਰ ਪਛਾਣ ਸਕਦੇ ਹਾਂ।
ਗੁਰਮਤਿ ਸੰਗੀਤ ਵਿਚ ਰਾਗ: ਰਾਗ ਦੀ ਚਿਰੰਜੀਵੀ ਤੇ ਚਿਰਸਥਾਈ ਜਨ ਚਿਤ ਰੰਜਕ ਸ਼ਕਤੀ ਦਾ ਸਦ ਉਪਯੋਗ ਕਰਦਿਆਂ ਗੁਰੂ ਗ੍ਰੰਥ ਸਾਹਿਬ ਦੇ ਸੰਗੀਤ ਵਿਧਾਨ ਵਿਚ ਇਸ ਨੂੰ ਪ੍ਰਾਥਮਿਕ ਅਤੇ ਆਰੰਭਕ ਦਰਜਾ ਦਿੱਤਾ ਗਿਆ ਹੈ। ਇਸ ਰਾਗ ਪ੍ਰਬੰਧ ਅਧੀਨ ਭਾਰਤੀ ਸੰਗੀਤ ਦੇ ਮੱਧਕਾਲੀਨ ਰਾਗ ਰਾਗਣੀ ਵਰਗੀਕਰਨ ਦੇ ਪ੍ਰਚੱਲਿਤ ਮੱਤਾਂ ਅਤੇ ਰਾਗ ਮਾਲਾਵਾਂ ਦੀ ਬਾਣੀ ਨੂੰ 31 ਮੁੱਖ ਰਾਗਾਂ (ਤਤਕਰੇ ਅਨੁਸਾਰ) ਤੇ 31 ਮਿਸ਼ਰਤ ਰਾਗਾਂ (31 ਮੁਖ ਰਾਗਾਂ ਅਧੀਨ ਆਉਣ ਵਾਲੇ ਰਾਗ ਜਿਵੇਂ ਗਉੜੀ ਤੇ ਹੋਰ ਰਾਗਾਂ ਦੇ ਪ੍ਰਕਾਰ ਆਦਿ) ਅਧੀਨ ਵਰਗੀਕ੍ਰਿਤ ਕੀਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਦੇ ਸੰਗੀਤ ਵਿਧਾਨ ਦੇ ਅੰਤਰਗਤ ਰਾਗ ਦੇ ਪ੍ਰਯੋਗ ਨੂੰ ਨਵੀਨ ਅਰਥ ਪ੍ਰਦਾਨ ਕੀਤੇ ਗਏ ਹਨ।
- ਗੁਣ ਗੋਵਿੰਦ ਗਾਵਹੁ ਸਭਿ ਹਰਿ ਜਨ ਰਾਗ ਰਤਨ ਰਸਨਾ ਆਲਾਪ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੮੨੧)
- ਧੰਨੁ ਸੁ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਇ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੯੫੮)
- ਗਉੜੀ ਰਾਗਿ ਸੁਲਖਣੀ ਜੇ ਖਸਮੈ ਚਿਤ ਕਰੇਇ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੩੧੧)
- ਸੋਰਠਿ ਸਦਾ ਸੁਹਾਵਣੀ ਜੇ ਸਚਾ ਮਨਿ ਹੋਇ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੯੪੨) |
|
|
|
|
|
ਗੁਰੂ ਸਾਹਿਬ ਨੇ ਰਾਗਾਂ ਦਾ ਨਵੀਨ ਵਰਗੀਕਰਣ ਕੀਤਾ ਹੈ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਪੂਰੀ ਤਰ੍ਹਾਂ ਸਪਸ਼ਟ ਹੈ। ਇਸ ਅਨੁਸਾਰ ਆਪ ਨੇ ਸਾਨੂੰ ਮੱਧਕਾਲੀਨ ਰਾਗ ਰਾਗਣੀਆਂ ਵਰਗੀਕਰਣ ਤੇ ਅਵਿਗਿਆਨਕ ਝਮੇਲਿਆਂ ਤੋਂ ਮੁਕਤ ਕਰਕੇ ਸਮੂਹ ਰਾਗਾਂ ਨੂੰ ‘ਰਾਗ ਵਜੋਂ ਸਵੀਕਾਰ ਕੀਤਾ ਹੈ। ਗੁਰੂ ਸਾਹਿਬ ਨੇ ਕਿਧਰੇ ਵੀ ਰਾਗਣੀ ਸ਼ਬਦ ਦਾ ਪ੍ਰਯੋਗ ਨਹੀਂ ਕੀਤਾ ਅਤੇ ਸ਼ੁੱਧ, ਛਾਇਆਲਗ ਅਤੇ ਸੰਕੀਰਣ ਰਾਗ ਦੇ ਦ੍ਰਿਸ਼ਟੀਕੋਣ ਤੋਂ ਵਰਗੀਕਰਣ ਕਰਕੇ ਭਾਰਤੀ ਸੰਗੀਤ ਨੂੰ ਨਵੀਂ ਸੇਧ ਦਿੱਤੀ ਅਤੇ ਬਾਅਦ ਵਿਚ ਇਸੇ ਦਾ ਪ੍ਰਚਲਨ ਭਾਰਤੀ ਸੰਗੀਤ ਵਿਚ ਵੀ ਹੋਇਆ।
· ਸ਼ੁੱਧ ਰਾਗਾਂ ਦੀ ਗਿਣਤੀ ਵਿਚ ਸਿਰੀ, ਗੂਜਰੀ, ਆਸਾ ਆਦਿ ਹਨ।
· ਛਾਇਆਲਗ ਰਾਗ ਵਿਚ ਗਉਣੀ ਚੇਤੀ, ਗਉੜੀ ਪੂਰਬੀ, ਗਉੜੀ ਦੀਪਕੀ ਆਦਿ ਹਨ।
· ਸੰਕੀਰਣ ਰਾਗ ਵਿਚ ਗਉੜੀ ਪੂਰਬੀ ਦੀਪਕੀ ਰਾਗ ਵਿਸ਼ੇਸ਼ ਹੈ।
ਗੁਰੂ ਸਾਹਿਬਾਨ ਨੇ ਬਾਣੀ ਦੇ ਸੰਚਾਰ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਲਈ ਵਿਭਿੰਨ ਇਲਾਕਿਆਂ ਦੀ ਲੋਕ ਪਰੰਪਰਾ ਵਿਚੋਂ ਵਿਕਸਿਤ ਰਾਗਾਂ ਨੂੰ ਬਾਣੀ ਦੇ ਗਾਇਨ ਹਿਤ ਪ੍ਰਯੋਗ ਕੀਤਾ ਹੈ, ਜਿਨ੍ਹਾਂ ਵਿਚੋਂ ਮਾਝ, ਆਸਾ ਕਾਫ਼ੀ, ਬਿਹਾਗੜਾ, ਤਿਲੰਗ, ਸੂਹੀ, ਮਾਰੂ, ਤੁਖਾਰੀ ਆਦਿ ਰਾਗ ਵਿਸ਼ੇਸ਼ ਹਨ। ਇਸਦੇ ਨਾਲ ਹੀ ਗੁਰੂ ਸਾਹਿਬ ਨੇ ਰਾਗਾਂ ਦੇ ਦੱਖਣੀ ਸਰੂਪਾਂ ਦਾ ਪ੍ਰਯੋਗ ਵੀ ਕੀਤਾ ਹੈ, ਜਿਵੇਂ ਗਉੜੀ ਦੱਖਣੀ, ਵਡਹੰਸ ਦਖਣੀ, ਬਿਲਾਵਲ ਦਖਣੀ, ਰਾਮਕਲੀ ਦਖਣੀ, ਪ੍ਰਭਾਤੀ ਦਖਣੀ ਇਸ ਪ੍ਰਯੋਗ ਦੁਆਰਾ ਗੁਰੂ ਸਾਹਿਬਾਨ ਨੇ ਵਿਭਿੰਨ ਇਲਾਕਿਆਂ ਦੀ ਸੰਸਕ੍ਰਿਤੀ ਨਾਲ ਜੁੜ ਕੇ, ਉਨ੍ਹਾਂ ਦੇ ਸੰਗੀਤ ਅਤੇ ਭਾਸ਼ਾ ਵਿਚ ਵੀ ਬਾਣੀ ਦੇ ਅਧਿਆਤਮਕ ਅਨੁਭਵ ਅਤੇ ਬੋਧ ਨੂੰ ਸੰਚਾਰਿਤ ਕਰਨ ਦੀ ਸਫ਼ਲ ਕੋਸ਼ਿਸ਼ ਕੀਤੀ ਹੈ। ਇਹ ਵਡੇਰਾ ਯਤਨ ਕੇਵਲ ਗੁਰਬਾਣੀ ਦੇ ਸੰਚਾਰ ਲਈ ਹੀ ਲਾਭਕਾਰੀ ਨਹੀਂ ਸਗੋਂ ਇਨ੍ਹਾਂ ਵਿਭਿੰਨ ਦੇਸੀ ਰਾਗਾਂ ਨੂੰ ਭਾਰਤੀ ਸੰਗੀਤ ਵਿਚ ਵੀ ਸਹਾਈ ਹੋਇਆ ਹੈ।
ਗੁਰਬਾਣੀ ਦੇ ਰਾਗ ਪ੍ਰਬੰਧ ਤੋਂ ਇਹ ਗੱਲ ਭਲੀ ਭਾਂਤ ਸਪਸ਼ਟ ਹੋ ਜਾਂਦੀ ਹੈ ਕਿ ਬਾਣੀ ਦੀ ਸਫਲ ਪ੍ਰਸਤੁਤੀ ਹਿਤ ਬਾਣੀ ਅਤੇ ਰਾਗ ਨੂੰ ਇਨ੍ਹਾਂ ਦੀ ਪ੍ਰਕ੍ਰਿਤੀ ਦੀ ਅੰਤਰੀਵੀਂ ਸਾਂਝ, ਸਮਾਨਤਾ, ਅਤੇ ਸੰਬੰਧ ਨੂੰ ਭਾਵਾਤਮਕ ਤੇ ਰਸਾਤਮਕ ਪੱਧਰ ਉਤੇ ਜੋੜਨ ਦੀ ਸਫਲ ਕੋਸ਼ਿਸ਼ ਕੀਤੀ ਗਈ ਹੈ। ਇਸ ਪਰੰਪਰਾ ਵਿਚ ਸਨਾਤਨੀ ਕਾਵਿ ਰੂਪ ਲਈ ਸ਼ੁਧ ਰੂਪ ਵਿਚ ਮਾਰਗੀ ਜਾਂ ਸਥਾਪਿਤ ਰਾਗਾਂ ਦਾ ਪ੍ਰਯੋਗ ਕੀਤਾ ਗਿਆ ਹੈ। ਇਸੇ ਤਰ੍ਹਾਂ ਲੋਕ ਕਾਵਿ ਰੂਪਾਂ ਨੂੰ ਸੰਬੰਧਿਤ ਲੋਕ ਧੁਨਾਂ ਦੇ ਦੇਸੀ ਰਾਗਾਂ ਅਧੀਨ ਨਿਬੱਧ ਕੀਤਾ ਗਿਆ ਹੈ। ਸਿਰੀ, ਮਾਝ, ਗਉੜੀ, ਗੂਜਰੀ, ਰਾਮਕਲੀ, ਪ੍ਰਭਾਤੀ ਰਾਗਾਂ ਅਧੀਨ ਪ੍ਰਬੰਧ ਗਾਇਨ ਸ਼ੈਲੀ ਦੇ ਕਾਵਿ ਰੂਪ ਅਸ਼ਟਪਦੀ ਦਾ ਪ੍ਰਯੋਗ ਇਸ ਉਪਰੋਕਤ ਵਿਚਾਰ ਦਾ ਸਫਲ ਪਰਮਾਣ ਹੈ। ਇਸੇ ਤਰ੍ਹਾਂ ਧਰੁਪਦ ਅੰਗ ਤੋਂ ਪਦ ਗਾਇਨ ਵੀ ਇਸੇ ਲੜੀ ਦੀ ਸਫਲ ਕੜੀ ਹੈ।
ਗੁਰਬਾਣੀ ਦੀ ਪ੍ਰਸਤੁਤੀ ਹਿਤ ਰਾਗਾਂ ਦੇ ਨਿਰਧਾਰਣ ਹਿਤ ਰਾਗ ਅਤੇ ਸਮੇਂ/ਮੋਸਮ ਦੇ ਆਪਸੀ ਸੰਬੰਧਾਂ ਦਾ ਵੀ ਪਾਲਨ ਕੀਤਾ ਗਿਆ ਹੈ ਜਿਸ ਅਧੀਨ ਸਵੇਰ/ਸ਼ਾਮ ਅਤੇ ਵਿਭਿੰਨ ਮੌਸਮਾਂ ਦੇ ਪ੍ਰਕ੍ਰਿਤੀ ਚਿਤਰਣ ਨੂੰ ਸੰਬੰਧਿਤ ਕਾਵਿ ਵਿਚ ਬਿਆਨਿਆ ਗਿਆ ਹੈ ਅਤੇ ਇਨ੍ਹਾਂ ਨੂੰ ਸਮੇਂ ਅਨੁਸਾਰ ਢੁਕਵੇਂ ਰਾਗਾਂ ਅਧੀਨ ਨਿੱਬਧ ਕੀਤਾ ਗਿਆ ਹੈ ਜੋ ਬਾਣੀ ਦੇ ਸੰਚਾਰ ਨੂੰ ਹੋਰ ਵੀ ਸਪੱਸ਼ਟ ਤੇ ਸੁਨਿਸ਼ਚਿਤ ਕਰਦਾ ਹੈ।
ਸਮੇਂ ਨਾਲ ਸੰਬੰਧਿਤ ਰਾਗ : ਸਿਰੀ ਰਾਗ:
ਬਿਨੁ ਤੇਲ ਦੀਵਾ ਕਿਉ ਜਲੇ॥੧॥ ਰਹਾਉ॥
ਪੋਥੀ ਪੁਰਾਣ ਕਮਾਈਐ॥ ਭਉ ਵਟੀ, ਇਤੁ ਤਨੁ ਪਾਈਐ॥ ਸਚੁ ਬੂਝਣੁ ਆਣਿ ਜਲਾਈਐ॥੨॥
ਇਹ ਤੇਲੁ ਦੀਵਾ ਇਉ ਜਲੈ ਕਰਿ ਚਾਨਣੁ ਸਾਹਿਬ ਤਉ ਮਿਲੈ॥੧॥
|
|
|
|
|
|
ਮੌਸਮ ਨਾਲ ਸੰਬੰਧਿਤ ਰਾਗ : ਰਾਗ ਬਸੰਤ:
ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤ॥ ਬਸੰਤੁ ਚੜਿਆ ਫੂਲੀ ਬਨਰਾਇ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ .......)
ਗੁਰਬਾਣੀ ਦੇ ਉਦੇਸ਼ ਦੀ ਪੂਰਤੀ ਲਈ ਗੁਰੂ ਸਾਹਿਬ ਨੇ ਸਮਾਜ ਦੇ ਵਿਭਿੰਨ ਵਰਗਾਂ ਦੇ ਪ੍ਰਿਯ ਰਾਗਾਂ ਨੂੰ ਪ੍ਰਯੋਗ ਕੀਤਾ ਹੈ ਜਿਸ ਨਾਲ ਗੁਰਬਾਣੀ ਵਿਚਾਰ ਦੀ ਪ੍ਰਸਤੁਤੀ ਵਿਚ ਸੰਬੰਧਿਤ ਲੋਕਾਂ ਨਾਲ ਨਿਕਟ ਸਾਂਝ ਉਤਪੰਨ ਹੋਈ ਹੈ। ਸਿੱਧਾਂ, ਨਾਥਾਂ ਅਤੇ ਜੋਗੀਆਂ ਦੇ ਪ੍ਰਿਯ ਰਾਗ ਰਾਮਕਲੀ ਦਾ ਪ੍ਰਯੋਗ ਇਸੇ ਦਾ ਸਫਲ ਨਮੂਨਾ ਹੈ ਜਿਸ ਅਧੀਨ ‘ਸਿਧ ਗੋਸਟਿ ਅਤੇ ਜੋਗ ਸਿਧਾਂਤਾਂ ਆਦਿ ਨਾਲ ਸੰਬੰਧਿਤ ਬਾਣੀ ਨੂੰ ਰਾਗ ਰਾਮਕਲੀ ਅਧੀਨ ਹੀ ਗਾਉਣ ਦਾ ਆਦੇਸ਼ ਹੈ।
ਧਿਆਨ ਪਰੰਪਰਾ ਰਾਗ ਦੇ ਸਰੂਪ ਨੂੰ ਸਾਖਸ਼ਾਤ ਰੂਪ ਵਿਚ ਅਨੁਭਵ ਕਰਨ ਅਤੇ ਸਮਝਣ ਦੇ ਉਦੇਸ਼ ਦੀ ਪੂਰਤੀ ਕਰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਰਤੀ ਸੰਗੀਤ ਦੇ ਰਾਗ ਧਿਆਨਾਂ ਦੇ ਮੁਕਾਬਲੇ ਵਿਚ ਗੁਰਬਾਣੀ ਦੇ ਆਦੇਸ਼ ਅਨੁਸਾਰ ਰਾਗ ਧਿਆਨ ਰਚੇ ਹਨ। ਗੁਰਬਾਣੀ ਦੇ ਇਨ੍ਹਾਂ ਰਾਗ ਧਿਆਨਾਂ ਨੂੰ, ਵਿਭਿੰਨ ਰਾਗਾਂ ਨੂੰ ਅਧਿਆਤਮਕ ਅਰਥ ਪ੍ਰਦਾਨ ਕੀਤੇ ਹਨ ਜਿਹੜੇ ਦੂਸਰੇ ਸੰਗੀਤ ਗ੍ਰੰਥਾਂ ਦੇ ਮੁਕਾਬਲੇ ਵਿਚ ਕਿਤੇ ਜਿਆਦਾ ਸਪਸ਼ਟ ਤੇ ਸਮਰਥ ਹਨ ਜਿਵੇਂ ਰਾਗ ਸਿਰੀ, ਗਉੜੀ, ਗੂਜਰੀ, ਧਨਾਸਰੀ, ਸੋਰਠਿ ਆਦਿ। ਗੁਰਬਾਣੀ ਵਿਚ ਬਾਣੀ ਦੇ ਸੰਚਾਰ ਹਿਤ ਗੁਰੂ ਸਾਹਿਬ ਨੇ ਰਾਗਾਂ ਦਾ ਪ੍ਰਯੋਗ ਕਾਫ਼ੀ ਵਿਸਤ੍ਰਿਤ ਰੂਪ ਵਿਚ ਕੀਤਾ ਹੈ ਜਿਸ ਵਿਚ ਇਕ ਇਕ ਰਾਗ ਦੇ ਕਈ ਰੂਪ ਅਤੇ ਉਨ੍ਹਾਂ ਦੇ ਉਪਰਾਗ ਵੀ ਪ੍ਰਚਾਰ ਵਿਚ ਮਿਲਦੇ ਹਨ। ਬਾਕੀ ਰਾਗਾਂ ਤੋਂ ਬਿਨਾਂ ਗਉੜੀ ਦੇ ਸੰਦਰਭ ਵਿਚ ਇਹ ਵਿਚਾਰ ਬਿਲਕੁਲ ਸਪਸ਼ਟ ਹੋ ਜਾਂਦਾ ਹੈ। ਦੋ ਰਾਗਾਂ ਦੇ ਸੁਮੇਲ ਤੋਂ ਨਵੀਨ ਰਾਗ ਦੀ ਸਿਰਜਣਾ ਦੀ ਪਰੰਪਰਾ ਵੀ ਬਾਣੀ ਦੀ ਸੰਚਾਰ ਜੁਗਤ ਦਾ ਇਕ ਅਹਿਮ ਹਿੱਸਾ ਹੈ।
ਗੁਰਬਾਣੀ ਗਾਇਨ ਪ੍ਰਸਤੁਤੀ ਲਈ ਰਾਗ ਦਾ ਵਿਭਿੰਨ ਦ੍ਰਿਸ਼ਟੀਕੋਣਾਂ ਤੋਂ ਉਪਰੋਕਤ ਪ੍ਰਯੋਗ ਸੁਤੰਤਰ ਤੇ ਵਿਸਤ੍ਰਿਤ ਵਿਚਾਰ ਦੀ ਮੰਗ ਕਰਦਾ ਹੈ ਜਿਸ ਨੂੰ ਅਸੀਂ ਇਥੇ ਸੰਖੇਪ ਰੂਪ ਵਿਚ ਹੀ ਬਿਆਨ ਕੀਤਾ ਹੈ। ਗੁਰਬਾਣੀ ਦੇ ਸੰਗੀਤ ਪ੍ਰਬੰਧ ਦੀ ਅਗਲੇਰੀ ਮਹੱਤਵਪੂਰਨ ਇਕਾਈ ਗਾਇਨ ਸ਼ੈਲੀ ਹੈ ਜੋ ਇਸ ਬਾਣੀ ਦੇ ਭਾਵਾਂ ਨੂੰ ਗਾਇਨ ਦੁਆਰਾ ਸਪਸ਼ਟ ਕਰਨ ਵਿਚ ਸਹਾਈ ਹੁੰਦੀ ਹੈ।
|
|
|
|
|
|
ਗਾਇਨ ਸ਼ੈਲੀਆਂ ਦੇ ਖੇਤਰ ਵਿਚ ਯੋਗਦਾਨ : ਗੁਰਮਤਿ ਸੰਗੀਤ ਪ੍ਰਬੰਧ ਦੇ ਅੰਤਰਗਤ ਗਾਇਨ ਸ਼ੈਲੀਆਂ ਨੂੰ ਨਿਵੇਕਲੇ ਤੇ ਮੌਲਿਕ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਗਿਆ ਹੈ। ਇਸ ਪ੍ਰਬੰਧ ਅਧੀਨ ਮੁੱਖ ਤੌਰ ਤੇ ਦੋ ਪ੍ਰਕਾਰ ਦੀਆਂ ਗਾਇਨ ਸ਼ੈਲੀਆਂ ਦ੍ਰਿਸ਼ਟੀਗੋਚਰ ਹੁੰਦੀਆਂ ਹਨ।
1. ਸ਼ਾਸਤਰੀ ਅੰਗ ਦੀਆਂ ਗਾਇਨ ਸ਼ੈਲੀਆਂ
2. ਲੋਕ ਅੰਗ ਦੀਆਂ ਗਾਇਨ ਸ਼ੈਲੀਆਂ
ਇਥੇ ਸ਼ਾਸਤਰੀ ਅਤੇ ਲੋਕ ਨਾਲ ‘ਅੰਗ ਸ਼ਬਦ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ। ਗੁਰਮਿਤ ਸੰਗੀਤ ਪ੍ਰਬੰਧ ਅਧੀਨ ਸ਼ਾਸਤਰੀ ਅਤੇ ਦੇਸੀ ਸੰਗੀਤ ਦਾ ਮੌਲਿਕ ਦ੍ਰਿਸ਼ਟੀਕੋਣ ਤੋਂ ਸੁਮੇਲ ਕੀਤਾ ਗਿਆ ਹੈ। ਜਿਸ ਨਾਲ ਇਹ ਗਾਇਨ ਸ਼ੈਲੀਆਂ ਸ਼ੁਧ ਰੂਪ ਵਿਚ ਸ਼ਾਸਤਰੀ ਜਾਂ ਦੇਸੀ ਨਾ ਹੋ ਕੇ ਕੇਵਲ ਆਪਣੇ ‘ਅੰਗ ਦੀ ਪ੍ਰਤੀਨਿਧਤਾ ਕਰਦੀਆਂ ਹਨ। ਸ਼ਾਸਤਰੀ ਅੰਗ ਦੀਆਂ ਗਾਇਨ-ਸ਼ੈਲੀਆਂ ਅਧੀਨ ਪ੍ਰਬੰਧ, ਧਰੁਪਦ ਪੜਤਾਲ ਆਦਿ ਅਤੇ ਲੋਕ ਅੰਗ ਦੀਆਂ ਗਾਇਨ ਸ਼ੈਲੀਆਂ ਅਧੀਨ ਵਾਰ, ਛੰਤ, ਅਲਾਹੁਣੀਆਂ ਆਦਿ ਵਿਸ਼ੇਸ਼ ਹਨ। ਇਥੇ ਇਹ ਵੀ ਵਰਣਨਯੋਗ ਹੈ ਕਿ ਇਨ੍ਹਾਂ ਗਾਇਨ ਸ਼ੈਲੀਆਂ ਦੇ ਗਾਇਨ ਹਿਤ ਇਨ੍ਹਾਂ ਦੀ ਪ੍ਰਕ੍ਰਿਤੀ ਅਨੁਸਾਰ ਮਾਰਗੀ ਜਾਂ ਦੇਸੀ ਰਾਗਾਂ ਦਾ ਪ੍ਰਯੋਗ ਗੁਰਮਤਿ ਸੰਗੀਤ ਦੀ ਵਿਵਿਸ਼ਸ਼ਟਤਾ ਦਾ ਨਿਯਮ ਹੈ। ਇਸ ਸੰਗੀਤ ਪ੍ਰਬੰਧ ਅਧੀਨ ਦੋਵੇਂ ਅੰਗਾਂ ਦੀਆਂ ਗਾਇਨ ਸ਼ੈਲੀਆਂ ਨੂੰ ਉਨ੍ਹਾਂ ਦੇ ਭਾਰੂ ਲੱਛਣਾਂ ਤੋਂ ਮੁਕਤ ਕਰਵਾ ਕੇ ਸਹਿਜ ਅਨੁਸ਼ਾਸਨ ਅਧੀਨ ਪ੍ਰਸਤੁਤ ਕਰਨ ਦੀ ਪਰੰਪਰਾ ਆਰੰਭ ਕੀਤੀ ਗਈ ਹੈ। ਸ਼ਾਸਤਰੀ ਅੰਗ ਦੀਆਂ ਗਾਇਨ ਸ਼ੈਲੀਆਂ ਨੂੰ ਗੁਰਮਤਿ ਸੰਗੀਤ ਦੇ ਪ੍ਰਬੰਧ ਅਨੁਸਾਰ ਗਾਉਣ ਨਾਲ ਇਸ ਵਿਚਲੀ ਬੇਲੋੜੀ ਕੱਟੜਤਾ ਅਤੇ ਕਠੋਰਤਾ ਦਾ ਤਿਆਗ ਹੈ। ਇਸੇ ਤਰ੍ਹਾਂ ਦੇਸੀ ਸ਼ੈਲੀਆਂ ਉਤੇ ਗੁਰਮਤਿ ਸੰਗੀਤ ਪ੍ਰਬੰਧ ਦਾ ਅੰਕੁਸ਼ ਹੋਣ ਕਰਕੇ ਇਨ੍ਹਾਂ ਨੂੰ ਵਿਸ਼ਿਸ਼ਟ ਗਾਇਨ ਅਨੁਸ਼ਾਸਨ ਦੀ ਪ੍ਰਾਪਤੀ ਹੋਈ ਹੈ।
ਸ਼ਾਸਤਰੀ ਅੰਗ ਦੀਆਂ ਗਾਇਨ ਸ਼ੈਲੀਆਂ ‘ਅਸਟਪਦੀ’ : ਇਕ ਅਜਿਹੀ ਮਹੱਤਵਪੂਰਨ ਰਚਨਾ ਹੈ ਜੋ ਸਨਾਤਨੀ ਗਾਇਨ ਦੇ ਅੰਤਰਗਤ ਆਉਂਦੀ ਹੈ। ਇਸ ਦਾ ਬਾਣੀ ਵਿਚ ਮੌਲਿਕ ਪ੍ਰਯੋਗ ਹੋਇਆ ਹੈ। ਅਸ਼ਟਪਦੀ ਕਾਵਿ ਰੂਪ ਦੇ ਅੰਤਰਗਤ ਪ੍ਰਬੰਧ ਗਾਇਨ ਦਾ ਵਿਸ਼ੇਸ਼ ਪ੍ਰਚਲਨ ਰਿਹਾ ਹੈ। ਅਸ਼ਟਪਦੀ ਨਾਮ ਤੋਂ ਸਪਸ਼ਟ ਹੁੰਦਾ ਹੈ ਅੱਠ ਪਦਾਂ ਦੀ ਰਚਨਾ ਪਰ ਗੁਰਬਾਣੀ ਵਿਚ ਅਸ਼ਟਪਦੀ ਅਧੀਨ ਆਏ ਸ਼ਬਦਾਂ ਦੇ ਪਦਿਆਂ ਦੀ ਰਚਨਾ 7,9,10 ਜਾਂ ਇਸ ਤੋਂ ਵੀ ਵਧੇਰੇ ਮਿਲਦੀ ਹੈ। ਹਿੰਦੁਸਤਾਨੀ ਸੰਗੀਤ ਦੇ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਪਤਾ ਲਗਦਾ ਹੈ ਕਿ ਅਸ਼ਟਪਦੀ ਗੁਰੂ ਸਾਹਿਬਾਨ ਤੋਂ ਪਹਿਲਾਂ ‘ਪ੍ਰਬੰਧ ਸ਼ੈਲੀ ਦੇ ਰੂਪ ਵਿਚ ਪ੍ਰਚਾਰ ਵਿਚ ਸੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਪਦ ਰਚਨਾਵਾਂ ਦਾ ਗਾਇਨ ਕੀਤਾ ਜਾਂਦਾ ਹੈ। ਗੁਰੂ ਸਾਹਿਬਾਨ ਦੇ ਸਮੇਂ ਧਰੁਪਦ ਗਾਇਨ ਦਾ ਪ੍ਰਚਾਰ ਸੀ। ਧਰੁਪਦ ਦੇ ਕਾਵਿ ਵਿਚ ਸੰਬੰਧਤ ਪਦ ਦੀਆਂ ਵਿਭਿੰਨ, ਸਤਰਾਂ ਨੂੰ ਸਥਾਈ, ਅੰਤਰਾ, ਸੰਚਾਰੀ, ਆਭੋਗ ਅਨੁਸਾਰ ਵਿਭਾਜਿਤ ਕਰਕੇ ਨਿਸ਼ਚਿਤ ਰਾਗ ਅਧੀਨ ਪ੍ਰਸਤੁਤ ਕੀਤਾ ਜਾਂਦਾ ਹੈ। ਬਾਣੀ ਪਦ ਰਚਨਾਵਾਂ ਨੂੰ ਧਰੁਪਦ ਅੰਗ ਤੋਂ ਗਾਇਨ ਦੀ ਪੁਰਾਤਨ ਨਿਰਧਾਰਿਤ ਪਰੰਪਰਾ ਹੈ। ਪਦ ਜਾਂ ਪਦੇ ਕਾਵਿ ਦਾ ਪ੍ਰਾਚੀਨ ਅਤੇ ਪ੍ਰਸਿੱਧ ਕਾਵਿ ਰੂਪ ਹੈ। ਕਾਵਿ ਬੰਦ ਨੂੰ ਹੀ ਪਦ ਕਿਹਾ ਜਾਂਦਾ ਹੈ। ਸੰਗੀਤ ਵਿਚ ਇਸਨੂੰ ਗਾਇਨ ਕਰਨ ਦੀ ਆਪਣੀ ਇਕ ਪਰੰਪਰਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਾਣੀ ਪ੍ਰਧਾਨਤਾ ਹੋਣ ਕਾਰਨ ਧਰੁਪਦ ਗਾਇਨ ਦੇ ਸ਼ਾਸਤਰੀ ਨਿਯਮਾਂ ਵਿਚ ਢਿੱਲ ਵੀ ਵਰਤੀ ਜਾ ਸਕਦੀ ਹੈ ਕਿਉਂਕਿ ਬਾਣੀ ਦਾ ਆਪਣਾ ਨਿਵੇਕਲਾ ਸੰਗੀਤ ਪ੍ਰਬੰਧ ਹੈ।
|
|
|
|
|
|
ਸ਼ਾਸਤਰੀ ਅੰਗ ਦੀਆਂ ਗਾਇਨ ਸ਼ੈਲੀਆਂ ‘ਹੋਲੀ’ : ਇਸ ਸ਼ੈਲੀ ਦਾ ਗਾਇਨ ਅਧਿਕਤਰ ਧਮਾਰ ਤਾਲ ਵਿਚ ਕੀਤਾ ਜਾਂਦਾ ਹੈ ਅਤੇ ਭਾਰਤੀ ਸੰਗੀਤ ਵਿਚ ਇਸ ਨੂੰ ਧਮਾਰ ਸ਼ੈਲੀ ਵੀ ਕਿਹਾ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਲੀ ਦੇ ਸ਼ਬਦਾਂ ਨੂੰ ਹੀ ਧਮਾਰ ਸ਼ੈਲੀ ਦੇ ਅੰਤਰਗਤ ਗਾਉਣ ਦੀ ਪ੍ਰਥਾ ਹੈ। ਇਸ ਨਾਲ ਸੰਬੰਧਿਤ ਸ਼ਬਦ ਵਿਚ ‘ਰਹਾਓੁ ਦੀ ਤੁਕ ਨੂੰ ਸਥਾਈ ਬਣਾ ਕੇ ਬਾਕੀ ਦੀਆਂ ਤੁਕਾਂ ਅੰਤਰੇ ਦੇ ਰੂਪ ਵਿਚ ਗਾਇਨ ਕੀਤੀਆਂ ਜਾਂਦੀਆਂ ਹਨ।
ਸ਼ਾਸਤਰੀ ਅੰਗ ਦੀਆਂ ਗਾਇਨ ਸ਼ੈਲੀਆਂ ‘ਪੜਤਾਲ’ : ਪੜਤਾਲ ਗੁਰਮਤਿ ਸੰਗੀਤ ਦੀ ਨਿਵੇਕਲੀ ਗਾਇਨ ਸ਼ੈਲੀ ਹੈ। ਜਿਸ ਦਾ ਪ੍ਰਯੋਗ ਭਾਰਤੀ ਸੰਗੀਤ ਵਿਚ ਨਹੀਂ ਮਿਲਦਾ। ਗੁਰੂ ਰਾਮਦਾਸ ਜੀ ਨੇ ਇਸ ਨਿਵੇਕਲੀ ਸ਼ੈਲੀ ਦੀ ਰਚਨਾ ਕੀਤੀ। ਪੜਤਾਲ ਇਕ ਪਦ ਰਚਨਾ ਹੋਣ ਕਰਕੇ ਇਸਨੂੰ ਧਰੁਪਦ ਅੰਗ ਤੋਂ ਗਾਇਆ ਜਾਂਦਾ ਹੈ। ਵੱਖ-ਵੱਖ ਪੁਰਾਤਨ ਕੀਰਤਨੀਆਂ ਦੇ ਵਿਚਾਰ ਅਨੁਸਾਰ ਪੜਤਾਲ ਨੂੰ ਪੰਜ ਤਾਲਾਂ ਵਿਚ ਨਿੱਬਧ ਕਰਕੇ ਗਾਉਣਾ ਚਾਹੀਦਾ ਹੈ। ਕਈ ਰਾਗੀ ਇਸਦੀ ਅਰੰਭਤਾ ਪੰਜ ਤਾਲ ਦੀ ਸਵਾਰੀ ਤੋਂ ਕਰਨੀ ਮੰਨਦੇ ਹਨ। ਪੜਤਾਲ ਸ਼ਬਦ ਤੋਂ ਹੀ ਸਪਸ਼ਟ ਹੈ ਪਰਤ ਤਾਲ ਭਾਵ ਤਾਲ ਬਦਲ-ਬਦਲ ਕੇ ਗਾਈ ਜਾਣ ਵਾਲੀ ਰਚਨਾ। ਇਸ ਵਿਚਾਰ ਨਾਲ ਲਗਭਗ ਸਾਰੇ ਹੀ ਸਹਿਮਤੀ ਪ੍ਰਗਟਾਉਂਦੇ ਹਨ। ਇਸ ਦੇ ਗਾਇਨ ਰੂਪ ਦੇ ਅੰਤਰਗਤ ਤਾਲਾਂ ਦਾ ਪਰਤਾਵ ਅਤੇ ਇਨ੍ਹਾਂ ਦੀ ਗਿਣਤੀ ਪੰਜ ਹੋਣੀ ਚਾਹੀਦੀ ਹੈ। ਪੜਤਾਲ ਗਾਇਨ ਸਮੇਂ ਰਹਾਉ ਦੀ ਤੁਕ ਨੂੰ ਸਥਾਈ ਰੂਪ ਵਿਚ ਕਿਸੇ ਇਕ ਤਾਲ ਦੇ ਅੰਤਰਗਤ ਨਿੱਬਧ ਕਰ ਲਿਆ ਜਾਂਦਾ ਹੈ। ਹਰ ਅੰਤਰੇ ਦੀ ਤਾਲ ਵੱਖ ਹੁੰਦੀ ਹੈ। ਵੱਖ-ਵੱਖ ਤਾਲਾਂ ਵਿਚ ਅੰਤਰਿਆਂ ਦਾ ਗਾਇਨ ਕਰਨ ਉਪਰੰਤ ਮੁੜ ਸਥਾਈ ਵੱਲ ਪਰਤਿਆ ਜਾਂਦਾ ਹੈ। ਪੜਤਾਲ ਗਾਇਨ ਦੀ ਪ੍ਰਸਤੁਤੀ ਸਮੇਂ ਰਾਗ ਇਕੋ ਹੀ ਰਹਿੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 19 ਪੜਤਾਲਾਂ ਗੁਰੂ ਰਾਮਦਾਸ ਜੀ ਦੀਆਂ ਅਤੇ 36 ਪੜਤਾਲਾਂ ਗੁਰੂ ਅਰਜਨ ਦੇਵ ਜੀ ਦੀਆਂ ਦਰਜ ਹਨ। ਪੜਤਾਲ ਸਿਰਲੇਖ ਦੇ ਅੰਤਰਗਤ ਆਏ ਸ਼ਬਦਾਂ ਦੀਆਂ ਪੰਕਤੀਆਂ, ਇਕ ਨਿਵੇਕਲੀ ਕਿਸਮ ਦੀ ਤਰਤੀਬ ਦੀਆਂ ਧਾਰਣੀ ਹਨ। ਪੜਤਾਲਾਂ ਦੀਆਂ ਤੁਕਾਂ ਵਿਚ ਅਕਸਰ ਸ਼ਬਦਾਂ ਅਤੇ ਸ਼ਬਦ ਜੋੜਾਂ ਦੀ ਪੁਨਰਾਵ੍ਰਿਤੀ ਕਾਫੀ ਮਾਤਰਾ ਵਿਚ ਉਪਲਬਧ ਹੁੰਦੀ ਹੈ। ਪੜਤਾਲ ਰਚਨਾ ਵਿਚ ਇਕ ਖਾਸ ਕਿਸਮ ਦੀ ਲੈਅ ਦ੍ਰਿਸ਼ਟੀਗੋਚਰ ਹੁੰਦੀ ਹੈ। ਪੜਤਾਲ ਆਪਣੀ ਖਾਸ ਲੈਆਤਮਕ ਵਿਲੱਖਣਤਾ ਕਾਰਨ ਸਾਡੇ ਵਿਚ ਉਤਸ਼ਾਹ ਪੈਦਾ ਕਰਦੀ ਹੈ ਅਤੇ ਅਸੀਂ ਛੰਦ ਦੀ ਕਿਸਮ ਜਾਣਨ ਲਈ ਪ੍ਰੇਰਿਤ/ਉਤਸੁਕ ਵੀ ਹੁੰਦੇ ਹਾਂ। ਪੜਤਾਲ ਗਾਇਕੀ ਲਈ ਇਕ ਗਾਇਕ ਨੂੰ ਧਰੁਪਦ, ਧਮਾਰ, ਖਿਆਲ ਤੇ ਤਰਾਨਾ ਗਾਇਨ ਸ਼ੈਲੀਆਂ ਵਿਚ ਨਿੰਪੁਨਤਾ ਹਾਸਲ ਕਰਨੀ ਅਤਿ ਜਰੂਰੀ ਹੈ।
|
|
|
|
|
|
ਲੋਕ ਅੰਗ ਦੀਆਂ ਗਾਇਨ ਸ਼ੈਲੀਆਂ ‘ਛੰਤ ਜਾਂ ਛੱਕਾ’ : ਪਹਿਲੇ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਆਸਾ ਦੀ ਵਾਰ ਵਿਚ 24 ਪਉੜੀਆਂ ਨਾਲ ਗੁਰੂ ਰਾਮਦਾਸ ਜੀ ਦੇ 24 ਛੰਤਾਂ ਦਾ ਗਾਇਨ ਕਰਨ ਦੀ ਪ੍ਰਥਾ ਗੁਰੂ ਅਰਜਨ ਦੇਵ ਜੀ ਦੁਆਰਾ ਚਲਾਈ ਗਈ, ਜੋ ਗੁਰਮਤਿ ਸੰਗੀਤ ਦੀ ਵਿਵਹਾਰਿਕ ਪਰੰਪਰਾ ਵਿਚ ਸਦੀਆਂ ਤੋਂ ਪ੍ਰਚਲਤ ਹੈ। ਪਰ ਆਸਾ ਦੀ ਵਾਰ ਵਿਚ ਰਚਿਤ ਛੰਤਾਂ ਨੂੰ ਗਾਉਣ ਦੀ ਵਿਧੀ ਵੱਖਰੀ ਹੈ। ਗੁਰਬਾਣੀ ਵਿਚ ਛੰਤ ਕਾਵਿ ਅਧੀਨ ਮਹਲਾ 2, 4 ਅਤੇ 5 ਦੀ ਬਾਣੀ ਵਿਭਿੰਨ ਰਾਗਾਂ ਅਧੀਨ ਦਰਜ ਹੈ। ਛੰਤਾਂ ਵਿਚ ਦਰਜ ਅੰਕ ਇਕ ਛੰਤ ਪੂਰਾ ਹੋਣ ਦਾ ਸੂਚਕ ਹੈ। ਛੰਤਾਂ ਦਾ ਗਾਇਨ ਕ੍ਰਮਵਾਰ ਗਾਉਣ ਦੀ ਰੀਤ ਹੈ। ਇਸ ਲਈ ਇਨ੍ਹਾਂ ਨੂੰ ਸਥਾਈ ਅੰਤਰੇ ਦੇ ਰੂਪ ਵਿਚ ਨਹੀਂ ਵੰਡਿਆ ਗਿਆ।
ਲੋਕ ਅੰਗ ਦੀਆਂ ਗਾਇਨ ਸ਼ੈਲੀਆਂ ‘ਅਲਾਹੁਣੀ’ : ਲੋਕ ਕਾਵਿ ਵਿਚ ਅਲਾਹੁਣੀ ਇਕ ਅਜਿਹੀ ਸ਼ੈਲੀ ਹੈ ਜੋ ਸੋਗਮਈ ਵਿਚਾਰਾਂ ਨੂੰ ਪੇਸ਼ ਕਰਦੀ ਹੈ। ਪੰਜਾਬੀ ਸਭਿਆਚਾਰ ਵਿਚ ਅਲਾਹੁਣੀ ਗੁਜਰ ਚੁੱਕੇ ਸਨਬੰਧੀ ਨੂੰ ਅਲਾਹਣ/ਸਲਾਹੁਣ ਲਈ ਗਾਈ ਜਾਂਦੀ ਹੈ। ਅਲਾਹੁਣੀ ਗਾਇਨ ਕਰਨ ਅਧੀਨ ਮ੍ਰਿਤਕ ਮਨੁੱਖ ਦੀਆਂ ਰਿਸ਼ਤੇਦਾਰ ਔਰਤਾਂ ਇੱਕਠੀਆਂ ਹੋ ਕੇ ਮਰ ਚੁੱਕੇ ਵਿਅਕਤੀ ਦਾ ਵਿਰਲਾਪ ਗਾਇਨ ਰੂਪ ਵਿਚ ਕਰਦੀਆਂ ਹਨ। ਪਰ ਗੁਰੂ ਸਾਹਿਬ ਨੇ ਸਾਨੂੰ ਵੱਖ ਵੱਖ ਕਿਸਮ ਦੇ ਭਾਵਾਂ ਵਾਲੀ ਅਲਾਹੁਣੀ ਵਿਚ ਸੰਸਾਰ ਨੂੰ ਨਾਸ਼ਵਾਨ ਦਸਦੇ ਹੋਏ, ਜੀਵ ਨੂੰ ਪਰਮਾਤਮਾ ਦਾ ਭਾਣਾ ਮੰਨਣ, ਉੱਤਮ ਕੰਮ ਕਰਨ, ਮੌਤ ਨੂੰ ਹਮੇਸ਼ਾ ਯਾਦ ਰੱਖਣ ਅਤੇ ਪ੍ਰਭੂ ਭਗਤੀ ਦਾ ਆਦੇਸ਼ ਦਿੱਤਾ ਹੈ। ਅਲਾਹੁਣੀਆਂ ਦਾ ਗਾਇਨ ਮਨੁੱਖ ਦੇ ਅਕਾਲ ਚਲਾਣੇ ਤੋਂ ਬਾਅਦ ਦੇਹ ਨੂੰ ਅਗਨੀ ਭੇਟ ਕਰਨ ਪਿੱਛੋਂ ਕੀਤਾ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੁਲ 9 ਅਲਾਹੁਣੀਆਂ ਦਰਜ ਹਨ। ਜਿਨ੍ਹਾਂ ਵਿਚੋਂ ਪੰਜ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਅਤੇ ਚਾਰ ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਰਚਿਤ ਹਨ ਅਤੇ ਰਾਗ ਵਡਹੰਸ ਅਧੀਨ ਹਨ। ਗੁਰੂ ਨਾਨਕ ਦੇਵ ਜੀ ਦੀਆਂ ਅਲਾਹੁਣੀਆਂ ਵਿਚ ਇਕ ਵਡਹੰਸ ਦੇ ਰਾਗ ਪ੍ਰਕਾਰ ਵਡਹੰਸ ਦੱਖਣੀ ਵਿਚ ਦਰਜ ਹੈ। ਅਲਾਹੁਣੀਆਂ ਵਿਚ ਰੋਵਣ, ਮਰਣ, ਰੋਈਐ, ਵਿਛੋੜਾ, ਪਛਤਾਵੇ ਆਦਿ ਸ਼ਬਦਾਂ ਦੀ ਵਰਤੋਂ ਹੀ ਨਹੀਂ ਕੀਤੀ ਗਈ, ਸਗੋਂ ਗਾਇਨ ਦੀ ਮੂਲ ਭਾਵਨਾ ਧਿਆਨ ਵਿਚ ਰੱਖਦੇ ਹੋਏ, ਲਮਕਾ ਤੇ ਹੇਕ ਦੇ ਅਨੁਸਾਰੀ ਅੰਤਿਮ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਹੈ।
ਲੋਕ ਅੰਗ ਦੀਆਂ ਗਾਇਨ ਸ਼ੈਲੀਆਂ ‘ਮੁੰਦਾਵਣੀ’ : ਲੋਕ ਕਾਵਿ ਵਿਚ ਪ੍ਰਚਲਤ ਮੁੰਦਾਵਣੀ ਵਿਸ਼ੇਸ਼ ਪ੍ਰਕਾਰ ਦੀ ਰੀਤ ਨਾਲ ਸੰਬੰਧਤ ਹੈ ਜਿਸਦਾ ਸ਼ਾਬਦਿਕ ਅਰਥ ਬੁਝਾਰਤ ਜਾਂ ਅੜਾਉਣੀ ਪਾਉਣਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਸ਼ੇ ਅਨੁਸਾਰ ਮੁੰਦਾਵਣੀ ਇਸਦੀ ਅਖੀਰਲੀ ਮੁਹਰ ਹੈ। ਇਸ ਗ੍ਰੰਥ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਇਸ ਮਹਾਨ ਗ੍ਰੰਥ (ਥਾਲ) ਵਿਚ ਸਤਿ, ਸੰਤੋਖ, ਅਤੇ ਨਾਮ ਜੋ ਕੁਲ ਕਾਇਨਾਤ ਦਾ ਆਸਰਾ ਹਨ, ਪਏ ਹਨ। ਜੇ ਕੋਈ ਇਸ ਨਾਮ ਨੂੰ ਖਾਏਗਾ, ਵਿਚਾਰ ਕਰੇਗਾ, ਉਸਦਾ ਕਲਿਆਣ ਹੋਵੇਗਾ।
ਲੋਕ ਅੰਗ ਦੀਆਂ ਗਾਇਨ ਸ਼ੈਲੀਆਂ ‘ਘੋੜੀਆਂ’ : ਘੋੜੀਆਂ ਕਾਵਿ ਰੂਪ ਅਧੀਨ ਸ੍ਰੀ ਗੁਰੂ ਰਾਮਦਾਸ ਜੀ ਨੇ ਬਾਣੀ ਉਚਾਰਨ ਕੀਤੀ ਹੈ। ਗੁਰੂ ਸਾਹਿਬ ਦੀਆਂ ਦੋ ਘੋੜੀਆਂ ਰਾਗ ਵਡਹੰਸ ਵਿਚ ਅੰਕਿਤ ਹਨ ਜਿਨ੍ਹਾਂ ਵਿਚ ਪਰਮਾਤਮਾ ਦੀ ਭਗਤੀ ਸਿਮਰਨ ਨਾਲ ਪ੍ਰਭੂ ਦੇ ਮਿਲਾਪ ਦੇ ਸਾਧਨਾਂ ਦਾ ਵਰਣਨ ਹੈ। ਗੁਰੂ ਸਾਹਿਬ ਦੁਆਰਾ ਘੋੜੀਆਂ ਲਈ ਸ਼ਾਸਤਰੀ ਸੰਗੀਤਕ ਸੰਕੇਤ, ਰਾਗ, ਰਹਾਓ ਅਤੇ ਅੰਕਾਂ ਦਾ ਪ੍ਰਯੋਗ ਕੀਤਾ ਗਿਆ। ਇਨ੍ਹਾਂ ਨੂੰ ਸਥਾਈ, ਅੰਤਰਿਆਂ ਦੇ ਰੂਪ ਵਿਚ ਹੀ ਗਾਇਨ ਕਰਨ ਦੀ ਪਰੰਪਰਾ ਹੈ। ਪੰਜਾਬੀ ਸਭਿਆਚਾਰ ਵਿਚੋ ਜਦੋਂ ਲਾੜਾ ਜੰਝ ਚੜ੍ਹਨ ਵੇਲੇ ਘੋੜੀ ਤੇ ਚੜ੍ਹਦਾ ਹੈ ਤਾਂ ਉਸ ਸਮੇਂ ਘੋੜੀਆਂ ਗਾਈਆਂ ਜਾਂਦੀਆਂ ਹਨ।
ਲੋਕ ਅੰਗ ਦੀਆਂ ਗਾਇਨ ਸ਼ੈਲੀਆਂ ‘ਅੰਜੁਲੀ’ : ਅੰਜੁਲੀ ਇਕ ਲੋਕ ਵਿਸ਼ਵਾਸ ਵਿਚ ਪ੍ਰਸਿੱਧ ਕਾਵਿ ਰੂਪ ਹੈ ਜੋ ਕਿ ਪਾਣੀ ਦੀ ਚੁਲੀ ਦੇਵਤਿਆਂ ਤੇ ਪਿਤਰਾਂ ਨੂੰ ਅਰਪਣ ਕਰਨ ਦੀ ਰੀਤ ਨਾਲ ਸੰਬੰਧ ਰੱਖਦਾ ਹੈ। ਇਹ ਵਿਸ਼ਵਾਸ਼ ਹੈ ਕਿ ਇਹ ਪਾਣੀ ਮਰੇ ਹੋਏ ਪ੍ਰਾਣੀ ਨੂੰ ਅਗਲੇ ਲੋਕ ਵਿਚ ਹਾਸਲ ਹੁੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਮਾਰੂ ਰਾਗ ਵਿਚ ਦੋ ਅੰਜੁਲੀਆਂ ਦਰਜ ਹਨ। ਇਨ੍ਹਾਂ ਰਚਨਾਵਾਂ ਵਿਚ ਬਿਰਖ ਦੇ ਰੂਪ ਤੋਂ ਸੰਸਾਰ ਦੀ ਨਾਸ਼ਮਾਨਤਾ ਦਾ ਵਰਣਨ ਹੈ।
|
|
|
|
|
|
ਲੋਕ ਗਾਇਨ ਦੇ ਮਹੱਤਵਪੂਰਨ ਕਾਵਿ ਰੂਪ ਵਾਰ ਦੀ ਲੋਕਪ੍ਰਿਯਤਾ ਅਤੇ ਪ੍ਰਮਾਣਿਕਤਾ ਨੂੰ ਗੁਰੂ ਸਾਹਿਬ ਨੇ ਬਾਣੀ ਦੇ ਅੰਤਰਗਤ ਵਾਰਾਂ ਦੇ ਸਿਰਲੇਖ ਹੇਠ ਬਾਣੀ ਰਚਕੇ ਦ੍ਰਿੜਾਇਆ। ਜੰਗ ਯੁੱਧ ਨਾਲ ਸੰਬੰਧਤ ਇਸ ਕਾਵਿ ਰੂਪ ਵਿਚ ਬਹਾਦਰ, ਯੋਧਿਆਂ ਦੀ ਲੜਾਈ ਅਤੇ ਸੂਰਬੀਰਤਾ ਸੰਗੀਤਕ ਪ੍ਰਸਤੁਤੀ ਦੁਆਰਾ ਢਾਡੀ ਸਿੰਘ ਢੱਡ ਸਾਰੰਗੀ ਵਜਾ ਕੇ ਪੇਸ਼ ਕਰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਵਾਰਾਂ ਨੂੰ ਗਾਉਣ ਦੀ ਵਿਧੀ ਵੱਖ ਹੈ ਜਿਵੇਂ ‘ਆਸਾ ਦੀ ਵਾਰ' ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ‘ਟੁੰਡੇ ਅਸਰਾਜੇ ਦੀ ਵਾਰ ਦੀ ਧੁਨੀ' ਦੇ ਸੰਕੇਤ ਅਨੁਸਾਰ ਅਤੇ ਆਸਾ ਰਾਗ ਵਿਚ ਹੀ ਗਾਇਨ ਕੀਤਾ ਜਾਂਦਾ ਹੈ। ਵਾਰ ਦੀ ਰਚਨਾ ‘ਪਉੜੀ' ਨਾਮਕ ਛੰਦ ਅਤੇ ਸਲੋਕਾਂ, ਛੰਤਾਂ ਤੇ ਅਧਾਰਿਤ ਹੁੰਦੀ ਹੈ।
ਪਹਿਲਾ ਛੰਤ ਦਾ ਗਾਇਨ ਇਕ ਤਾਲ ਵਿਚ, ਫਿਰ ਸਲੋਕ ਪੜ੍ਹੇ ਜਾਂਦੇ ਹਨ ਜੋ ਕਿ ਤਾਲ ਰਹਿਤ ਪਰ ਇਕ ਵਿਸ਼ੇਸ਼ ਲੈਅ ਵਿਚ ਹੁੰਦੇ ਹਨ ਅਤੇ ਅੰਤ ਵਿਚ ਪਉੜੀ ਦਾ ਗਾਇਨ ਕਰਦੇ ਹਨ ਸਹਾਇਕ ਵਜੋਂ ਤਬਲਾ ਵਾਦਕ ਪਉੜੀ ਤਾਲ ਵਜਾਉਂਦਾ ਹੈ ਅਤੇ ਇਕ ਵਿਸ਼ੇਸ਼ ਰੂਪ ਵਿਚ ਸਮਾਪਤੀ ਕੀਤੀ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 22 ਵਾਰਾਂ ਅੰਕਿਤ ਹਨ ਜਿਨ੍ਹਾਂ ਵਿਚ 9 ਵਾਰਾਂ ਦੇ ਉੱਤੇ ਵੱਖ-ਵੱਖ ਧੁਨੀਆਂ ਅੰਕਿਤ ਹਨ। ਇਨ੍ਹਾਂ ਧੁਨਾਂ ਦੇ ਅਧਾਰ ਤੇ ਹੀ ਇਹ 9 ਵਾਰਾਂ ਗਾਉਣ ਦਾ ਪ੍ਰਚਲਨ ਹੈ।
ਭਿੰਨ ਭਿੰਨ ਸੰਗੀਤਕ ਸੰਕਤ: ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੱਖ-ਵੱਖ ਰਾਗਾਂ ਅਧੀਨ ਬਾਣੀ ਵਿਚ ਅੰਕਿਤ ਸੰਗੀਤਕ ਸੰਕੇਤ ਵੀ ਸੰਗੀਤ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਇਹ ਬਾਣੀ ਦੀ ਪ੍ਰਸਤੁਤੀ ਲਈ ਵਿਸ਼ੇਸ਼ ਤੌਰ ਤੇ ਸਹਾਇਕ ਹੁੰਦੇ ਹਨ। ਇਨ੍ਹਾਂ ਸੰਕੇਤਾਂ ਦਾ ਮਹੱਤਵ ਗਾਇਨ ਪ੍ਰਸਤੁਤੀ ਤੱਕ ਹੀ ਸੀਮਿਤ ਨਹੀਂ ਸਗੋਂ ਸਮੁੱਚੇ ਵਿਧਾਨ ਦੇ ਅੰਤਰਗਤ ਬਾਣੀ ਦੀ ਮੂਲ ਪ੍ਰਕ੍ਰਿਤੀ, ਸਿਧਾਂਤ ਤੇ ਸਰੂਪ ਨੂੰ ਪਛਾਨਣ ਵਿਚ ਸਹਾਇਕ ਸਿੱਧ ਹੁੰਦੇ ਹਨ ਜੋ ਅੰਕ, ਘਰ, ਰਹਾਉ, ਜਤੀ, ਧੁਨੀ ਆਦਿ ਹਨ।
ਅੰਕ: ਅੰਕਾਂ ਦੀ ਬਾਣੀ ਵਿਚ ਵਿਸ਼ੇਸ਼ ਮਹੱਤਤਾ ਹੈ ਕਿਉਂਕਿ ਸ਼ਬਦ ਦੇ ਪਦਿਆਂ ਨੂੰ ਵਿਭਿੰਨ ਅੰਕਾਂ ਦੁਆਰਾ ਦਰਸਾਇਆ ਗਿਆ ਹੈ। ਬਾਣੀ ਵਿਚ ਅੰਕ ਹਰ ਸ਼ਬਦ ਵਿਚ ੧ ੨ ੩ ੪ ਆਦਿ ਰੂਪ ਵਿਚ ਲਿਖੇ ਮਿਲਦੇ ਹਨ ਜੋ ਕਿ ਗਾਇਨ ਵਿਚ ਅੰਤਰਿਆਂ ਦੇ ਸੂਚਕ ਹਨ। ਜਿਵੇਂ ਰਹਾਓ ਵਿਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ ਉਸੇ ਤਰ੍ਹਾਂ ਅੰਕ ਉਤਪੰਨ ਸੱਮਸਿਆ ਨੂੰ ਦੂਰ ਕਰਨ ਲਈ ਪ੍ਰਮਾਣ ਦੇ ਰੂਪ ਵਿਚ ਸਹਾਇਕ ਸਿੱਧ ਹੁੰਦੇ ਹਨ। ਇਕ ਸ਼ਬਦ ਵਿਚ ਇਕ ਤੋਂ ਵੱਧ ਰਹਾਓ ਵੀ ਹੋ ਸਕਦੇ ਹਨ।
ਘਰੁ: ਗੁਰਬਾਣੀ ਵਿਚ ਘਰੁ ਵੀ ਇਕ ਮਹੱਤਵਪੂਰਨ ਸੰਕੇਤ ਹੈ। ਇਹ ਘਰੁ ੧ ਘਰੁ ੨ ਆਦਿ ਰੂਪ ਵਿਚ ਲਿਖਿਆ ਮਿਲਦਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਨ੍ਹਾਂ ਦੀ ਗਿਣਤੀ ੧੭ ਹੈ। |
|
|
|
|
|
ਜਤਿ ਅਤੇ ਧੁਨੀ ਵੀ ਵਿਸ਼ੇਸ਼ ਸੰਕੇਤ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਤਿ ਦੇ ਨਾਮ ਤੇ ਰਾਗ ਬਿਲਾਵਲ ਅਧੀਨ ਇਕ ਸਿਰਲੇਖ ਅੰਕਿਤ ਹੈ। ਬਿਲਾਵਲ ਮਹਲਾ ੧ ਥਿਤੀ ਘਰੁ ੧੦ ਜਤਿ। ਇਹ BwrqI ਸੰਗੀਤ ਵਿਚ ਯਤੀ ਦੇ ਨਾਮ ਤੋਂ ਪ੍ਰਚਲਿਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੁਲ ਅੰਕਿਤ 22 ਵਾਰਾਂ ਵਿਚੋਂ 9 ਵਾਰਾਂ ਉੱਤੇ ਭਿੰਨ ਭਿੰਨ ਧੁਨੀ ਸਿਰਲੇਖ ਅੰਕਿਤ ਹਨ। ਇਹ ਧੁਨੀ ਸਿਰਲੇਖ ਵੱਖ-ਵੱਖ ਗੁਰੂ ਸਾਹਿਬਾਨਾਂ ਦੁਆਰਾਂ ਰਚਿਤ ਵਾਰਾਂ ਦੀ ਗਾਇਨ ਸੰਰਚਨਾ ਲਈ ਖਾਸ ਆਧਾਰ ਹਨ। 9 ਧੁਨੀ ਸਿਰਲੇਖ ਉੱਤਰੀ ਭਾਰਤੀ ਖਿੱਤੇ ਦੇ ਸਭਿਆਚਾਰ ਨਾਇਕਾਂ ਦੀ ਬਹਾਦਰੀ ਹਿਤ ਵਾਰ ਗਾਇਨ ਲਈ ਪ੍ਰਯੋਗ ਕੀਤੀ ਜਾਂਦੀ ਸੰਗੀਤਕ ਗਾਇਨ ਵਿਧਾ ਵਾਰ ਦੀ ਖਾਸ ਸੰਗੀਤ ਨਿਧੀ ਹੈ।
ਸੰਗੀਤਕ ਸ਼ਬਦਾਵਲੀ : ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਗੀਤ ਸੰਬੰਧੀ ਵਿਸ਼ੇਸ਼ ਪਰਿਭਾਸ਼ਿਕ ਸ਼ਬਦਾਂ ਤੋਂ ਇਲਾਵਾ ਕੁਝ ਸਾਧਾਰਣ ਪਰਿਭਾਸ਼ਿਕ ਸ਼ਬਦਾਂ ਦਾ ਉਲੇਖ ਵੀ ਮਿਲਦਾ ਹੈ। ਜਿਸਦਾ ਪ੍ਰਯੋਗ ਬੜੇ ਹੀ ਕਲਾਤਮਕ ਅਤੇ ਅਧਿਆਤਮਕ ਢੰਗ ਨਾਲ ਕੀਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਨ੍ਹਾਂ ਸ਼ਬਦਾਂ ਦਾ ਵਿਸ਼ਾਲ ਭੰਡਾਰ ਹੋਣ ਦੇ ਕਾਰਨ ਇਨ੍ਹਾਂ ਨੂੰ ਸੰਗੀਤ ਦੇ ਤਿੰਨ ਰੂਪਾਂ- ਗਾਇਨ, ਵਾਦਨ ਅਤੇ ਨ੍ਰਿਤ ਦੇ ਅੰਤਰਗਤ ਵਿਭਾਜਿਤ ਕੀਤਾ ਹੈ। ਇਨ੍ਹਾਂ ਦੇ ਅੰਤਰਗਤ ਸਾਰੇ ਸੰਕੇਤਾਂ ਦੀ ਵਿਆਖਿਆ ਅਧਿਆਤਮਕ ਰੂਪ ਨਾਲ ਹੀ ਗੁਰੂ ਗ੍ਰੰਥ ਸਾਹਿਬ ਵਿਚ ਕੀਤੀ ਗਈ ਹੈ। ਸੰਗੀਤ ਵਿੱਚ ਆਪਣੇ ਮਨ ਦੇ ਭਾਵਾਂ ਨੂੰ ਗਾਕੇ ਪ੍ਰਗਟ ਕਰਨ ਨੂੰ ਗਾਇਨ ਕਿਹਾ ਜਾਂਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਵਿੱਚ ਪ੍ਰਭੂ ਦੇ ਗੁਣਾਂ ਦਾ ਗਾਨ ਕਰਦੇ ਰਹਿਣ ਨੂੰ ਗਾਇਨ ਕਿਹਾ ਗਿਆ ਹੈ ਜਿਵੇਂ “ਬਾਰੰਬਾਰ ਨਾਗਯਨ ਗਾਇਨੌ। ਗਾਇਨ ਸੰਬੰਧੀ ਜਿਵੇਂ, ਗੀਤ, ਗਾਵਤ, ਗਾਵਹਿ, ਗਾਵਹੁ, ਗਾਵਣਹਾਰੇ, ਗੰਧਰਵ, ਕੰਠ, ਕੀਰਤਨ, ਕੀਰਤਨੀਆਂ, ਢਾਡੀ, ਧੁਨ, ਆਲਾਪ ਆਦਿ ਅਨੇਕਾਂ ਹੀ ਸ਼ਬਦ ਹਨ। ਇਸ ਤਰ੍ਹਾਂ ਸੰਗੀਤ ਵਿੱਚ ਕਿਸੀ ਸਾਜ਼ ਦੁਆਰਾ ਮਨ ਦੇ ਭਾਵ ਪ੍ਰਗਟ ਕਰਨ ਦੀ ਕਿਰਿਆ ਨੂੰ ਵਾਦਨ ਕਿਹਾ ਜਾਂਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਵਿਚ ਮਨੁੱਖੀ ਜੀਵ ਦੇ ਅੰਦਰ ਪਰਮਾਤਮਾ ਦੇ ਗੁਣਾਂ ਅਤੇ ਮਿਹਰ (ਕ੍ਰਿਪਾ) ਦਾ ਇਕ ਰਸ ਵਾਲਾ ਵਾਜਾ ਵਜ ਰਿਹਾ ਹੈ ਮਨ ਆਨੰਦਿਤ ਹੈ ਜਿਵੇਂ- “ਅਨਹਦ ਵਾਜੈ ਸਹਜਿ ਸੁਹੇਲਾ ਵਾਦਨ ਸੰਬੰਧੀ ਜਿਵੇਂ, ਵਾਜੇ, ਵਾਜੰਤ, ਵਜਾਇ, ਵਜਈਆ, ਬਜਾਵਣਹਾਰਾ, ਸਾਜ਼, ਪਖਾਵਜ, ਭੇਰੀ, ਢੋਲਕ, ਮਿਰਦੰਗ, ਬੰਸਰੀ, ਵੀਣਾ, ਕਿੰਗੁਰੀ, ਬੇਣ, ਜ਼ੀਲ, ਤੰਤੀ, ਰਬਾਬ, ਰਬਾਬੀ, ਕਰਤਾਲ, ਘੁੰਘਰੂ ਆਦਿ ਅਨੇਕਾਂ ਹੀ ਸ਼ਬਦ ਹਨ। ਇਸੀ ਪ੍ਰਕਾਰ ਸੰਗੀਤ ਵਿਚ ਹਾਵ ਭਾਵ ਅਤੇ ਮੁਦਰਾਵਾਂ ਦੀ ਸਹਾਇਤਾ ਨਾਲ ਮਨ ਦੇ ਭਾਵਾਂ ਨੂੰ ਪ੍ਰਗਟ ਕਰਨ ਦੀ ਕਲਾ ਨੂੰ ਨਰਿਤ ਕਹਿੰਦੇ ਹਨ। ਗੁਰਮਤਿ ਅਨੁਸਾਰ ਸਿੱਖ ਧਰਮ ਵਿਚ ਨ੍ਰਿਤ ਕਰਨਾ ਵਰਜਿਤ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਰਿਤ ਸੰਬੰਧੀ ਸ਼ਬਦਾਂ ਦਾ ਉਲੇਖ ਵੀ ਅਧਿਆਤਮਕ ਅਰਥਾਂ ਵਿੱਚ ਕੀਤਾ ਗਿਆ ਹੈ ਜਿਵੇਂ, “ਤੇਰਾ ਜਨ ਨਿਰਤ ਕਰੇ ਗੁਣ ਗਾਵੈ ਅਤੇ ਨਰਿਤ ਸੰਬੰਧੀ ਹੋਰ ਸ਼ਬਦ ਜਿਵੇਂ, ਨਾਚੈ, ਨਰਿਤਕਾਰੀ, ਨਰਿਤਕਾਰ, ਨਾਚਹੁ, ਨਚਨਾ ਆਦਿ। ਸੰਗੀਤ ਸੰਬੰਧੀ ਸ਼ਬਦਾਂ ਦੀ ਵਿਸ਼ਾਲ ਸਮਗਰੀ ਨੂੰ ਦੇਖਦਿਆਂ ਹੋਇਆ ਕਿਹਾ ਜਾ ਸਕਦਾ ਹੈ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਇਕ ਪਵਿੱਤਰ ਧਾਰਮਿਕ ਗ੍ਰੰਥ ਹੁੰਦੇ ਹੋਏ ਵੀ ਇਸ ਵਿਚ ਸੰਗੀਤਕ ਤੱਤ ਪੂਰਣ ਰੂਪ ਨਾਲ ਮੌਜੂਦ ਹਨ।
ਪ੍ਰਸਤੁਤੀ ਵਿਧਾਨ : ਗੁਰਬਾਣੀ ਦੇ ਸੰਗੀਤ ਪ੍ਰਬੰਧ ਦੇ ਅੰਤਰਗਤ ਸ਼ਬਦ ਪ੍ਰਸਤੁਤੀ ਲਈ ਰਾਗ, ਕਾਵਿ-ਰੂਪ, ਗਾਇਨ ਸ਼ੈਲੀਆਂ ਆਦਿ ਸੰਜੁਗਤ ਰੂਪ ਵਿਚ ਕਾਰਜਸ਼ੀਲ ਰਹਿੰਦੇ ਹਨ। ਇਨ੍ਹਾਂ ਵਿਚ ਭਾਵਾਤਮਕ ਤੇ ਰਸਾਤਮਕ ਏਕਤਾ ਦ੍ਰਿਸ਼ਟੀਗੋਚਰ ਹੁੰਦੀ ਹੈ। ਸੰਗੀਤਕ ਸੰਕੇਤ ਇਨ੍ਹਾਂ ਦੇ ਪ੍ਰਯੋਜਨ ਦੀ ਪ੍ਰਾਪਤੀ ਲਈ ਮਾਰਗ ਦਰਸ਼ਨ ਕਰਦੇ ਹਨ ਅਤੇ ਸ਼ਬਦ ਦੇ ਕੇਂਦਰ ਵਿਚ ਵਿਦਮਾਨ ਪਰਮ ਸਤਿ ਦਾ ਬੋਧ ਤੇ ਅਨੁਭਵ ਕਰਵਾਉਣ ਵਿਚ ਇਹ ਸਾਰੇ ਕਾਵਿਕ ਤੇ ਸੰਗੀਤਕ ਉਪਰਕਣ ਸੰਮਿਲਤ ਰੂਪ ਵਿਚ ਕਾਰਜਸ਼ੀਲ ਰਹਿੰਦੇ ਹਨ। ਗੁਰਬਾਣੀ ਦੇ ਸੰਗੀਤ ਪ੍ਰਬੰਧ ਦਾ ਇਕ ਇਕ ਅੰਗ ਸ਼ਬਦ ਦੇ ਭਾਵ ਨੂੰ ਤੀਖਣ ਤੇ ਤੀਬਰ ਰੂਪ ਵਿਚ ਪ੍ਰਕਾਸ਼ਮਾਨ ਕਰਨ ਵਿਚ ਸਹਾਈ ਹੁੰਦਾ ਹੈ। ਇਸ ਤਰ੍ਹਾਂ ਇਹ ਸਮੁੱਚੀ ਪ੍ਰਕ੍ਰਿਆ ਸਾਧਾਰਣ ਨਾ ਹੋ ਕੇ ਵਿਸ਼ਿਸ਼ਟ ਪ੍ਰਬੰਧ ਵਜੋਂ ਉਜਾਗਰ ਹੁੰਦੀ ਹੈ। ਇਸ ਸੰਗੀਤ ਪ੍ਰਬੰਧ ਦਾ ਉਲੰਘਣ ਸ਼ਬਦ ਦੀ ਭਾਵ ਪ੍ਰਸਤੁਤੀ ਰੁਕਾਵਟ ਪੈਦਾ ਕਰ ਸਕਦਾ ਹੈ। ਅਰਥ ਦਾ ਅਨਰਥ ਕਰ ਸਕਦਾ ਹੈ। ਇਸੇ ਕਰਕੇ ਸ੍ਰੀ ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਲਈ ਵਿਸ਼ਿਸ਼ਟ ਸੰਗੀਤ ਪ੍ਰਬੰਧ ਦਾ ਨਿਰਮਾਣ ਕੀਤਾ ਹੈ ਜੋ ਭਾਰਤੀ ਸੰਗੀਤ ਦੀਆਂ ਸਮਕਾਲੀਨ ਭਗਤੀ ਪਰੰਪਰਾਵਾਂ ਨਾਲੋਂ ਸਿਧਾਂਤ ਤੇ ਸਰੂਪ ਕਰਕੇ ਭਿੰਨ ਤੇ ਵਿਲੱਖਣ ਹੈ। |
|
|
|
|
|
ਗੁਰਬਾਣੀ ਅਧੀਨ ਸ਼ਬਦ ਗਾਇਨ ਪ੍ਰਸਤੁਤੀ ਦਾ ਪ੍ਰਸਤੁਤਕਾਰ ਇਸਦੇ ਸੰਗੀਤ ਪ੍ਰਬੰਧ ਅਤੇ ਪ੍ਰਸਤੁਤੀ ਦੇ ਸੰਬੋਧਨ ਵਿਚਕਾਰ ਅਹਿਮ ਕੜੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਇਸ ਦੇ ਪ੍ਰਥਮ ਪ੍ਰਸਤੁਤਕਾਰ ਹਨ। ਉਹ ਆਪਣੇ ਆਪ ਨੂੰ ‘ਢਾਡੀ' ਆਖਦੇ ਹਨ। ਢਾਡੀ ਨਿਰਧਾਰਤ ਤੇ ਪ੍ਰਚਲਿਤ ਕਥਾ ਵਿਚ ਕਿਸੇ ਕਿਸਮ ਦਾ ਪਰਿਵਰਤਨ ਨਹੀਂ ਕਰ ਸਕਦਾ। ਉਸਦੀ ਕਲਾ ਨਾਲੋਂ ਉਸ ਦੇ ਬਿਆਨ ਦਾ ਅਨੁਭਵ ਤੇ ਬੋਧ ਅਹਿਮ ਹੈ। ਇਸ ਤਰ੍ਹਾਂ ਬਾਣੀ ਦਾ ਪ੍ਰਸਤੁਤਕਾਰ ਪਰਮਾਤਮਾ ਦੇ ਹੁਕਮ ਨੂੰ ਆਪਣੀ ਪ੍ਰਸਤੁਤੀ ਦੁਆਰਾ ਲੋਕਾਈ ਸਾਹਵੇਂ ਪ੍ਰਸਤੁਤ ਕਰਦਾ ਹੈ। ਇਸ ਵਿਚ ਪ੍ਰਸਤੁਤਕਾਰ ਦੀ ‘ਮੈ' ਕਿਤੇ ਵੀ ਪ੍ਰਵੇਸ਼ ਨਹੀਂ ਕਰਦੀ। ਸਪਸ਼ਟ ਹੈ ਗਾਇਕ, ਸ਼ਬਦ ਪ੍ਰਸਤੁਤਕਾਰ ਨੇ ਜਿੱਥੇ ਬਾਣੀ ਦੇ ਸੰਗੀਤ ਪ੍ਰਬੰਧ ਦਾ ਪਾਲਣ ਕਰਨਾ ਹੈ ਉਥੇ ਉਸਨੇ ਬਾਣੀ ਤੋਂ ਪਰਗਟ ਹੋਣ ਵਾਲੇ ‘ਪ੍ਰਸਤੁਤੀ-ਆਦਰਸ਼ ਦੇ ਅਨੁਸ਼ਾਸਨ ਦਾ ਧਾਰਣੀ ਵੀ ਹੋਣਾ ਹੈ। ਸ਼ਬਦ ਗਾਇਨ ਦੀ ਇਹ ਸਮੁਚੀ ਪ੍ਰਕ੍ਰਿਆ ਮਨ ਵਿਚ ਸਤਿ ਦੇ ਅਨੁਭਵ ਤੇ ਬੋਧ ਦੁਆਰਾ ਸਹਿਜ ਤੇ ਆਨੰਦ ਦੀ ਅਵਸਥਾ ਦੀ ਪ੍ਰਾਪਤੀ ਕਰਵਾਉਂਦੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਕਿਉ਼ਂ ਜੋ ਗੁਰਮਤਿ ਸੰਗੀਤ ਪਰੰਪਰਾ ਦੇ ਆਧਾਰ ਗ੍ਰੰਥ ਹਨ ਇਸ ਲਈ ਗੁਰਮਤਿ ਸੰਗੀਤ ਦੇ ਸਮੂਹ ਸਿਧਾਂਤ ਬੀਜ ਰੂਪ ਵਿਚ ਇਸ ਗ੍ਰੰਥ ਵਿਚੋਂ ਹੀ ਪ੍ਰਾਪਤ ਹੁੰਦੇ ਹਨ ਭਾਵੇਂ ਗੁਰਮਤਿ ਸੰਗੀਤ ਦੀ ਵਿਵਹਾਰਕ ਪਰੰਪਰਾ 500 ਸਾਲ ਤੋਂ ਵਧੇਰੇ ਪੁਰਾਤਨ ਤੇ ਪ੍ਰਚਲਿਤ ਹੈ ਪਰ ਇਸ ਵਿਵਹਾਰਕ ਪਰੰਪਰਾ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਉਤੇ ਹੀ ਪਰਖਣਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਗੀਤ ਪ੍ਰਬੰਧ ਦੁਆਰਾ ਸਿਰਜਤ ਗੁਰਮਤਿ ਸੰਗੀਤ ਪਰੰਪਰਾ ਦੀ ਮਹਾਨਤਾ ਨੂੰ ਵਿਸ਼ਵ ਅਧਿਆਤਮਕ ਸੰਗੀਤ ਪਰੰਪਰਾਵਾਂ ਦੀਆਂ ਅਤੇ ਭਗਤੀ ਸੰਗੀਤ, ਸੂਫੀ ਸੰਗੀਤ ਆਦਿ ਵਰਗੀਆਂ ਪਰੰਪਰਾਵਾਂ ਨਾਲ ਤੁਲਨਾਤਮਕ ਅਧਿਐਨ ਕਰਕੇ ਇਸ ਸੰਬੰਧੀ ਅਸੀਂ ਹੋਰ ਵੀ ਸਾਰਥਿਕ ਸਿੱਟਿਆਂ ਦੀ ਪ੍ਰਾਪਤੀ ਕਰ ਸਕਦੇ ਹਾਂ।
|
|
|
|
|
|
|
|
1. ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਗੀਤ ਵਿਚ ਕੀ ਮਹੱਤਵ ਹੈ ? |
|
|
|
|
|
|
|
|
|
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਗੀਤ ਵਿਚ ਮਹੱਤਵ
1. ਗੁਰਮਤਿ ਸੰਗੀਤ ਦਾ ਆਧਾਰ ਗ੍ਰੰਥ ਕਿਹੜਾ ਹੈ?
(i) ਦਸਮ ਗ੍ਰੰਥ (ii) ਗੁਰਪ੍ਰਤਾਪ ਸੂਰਜ ਗ੍ਰੰਥ
(iii) ਸ੍ਰੀ ਗੁਰੂ ਗ੍ਰੰਥ ਸਾਹਿਬ (iv) ਪੰਥ ਪ੍ਰਕਾਸ਼
2. ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵਿਚ ਗੁਰੂ ਨੇ ਕੀਤੀ?
(i) ਗੁਰੂ ਨਾਨਕ ਦੇਵ (ii) ਗੁਰੂ ਅੰਗਦ ਦੇਵ
(iii) ਗੁਰੂ ਰਾਮਦਾਸ (iv) ਗੁਰੂ ਅਰਜਨ ਦੇਵ
3. ਗੁਰੂ ਗ੍ਰੰਥ ਸਾਹਿਬ ਦੀ ਰਾਗਾਤਮਿਕ ਬਾਣੀ ਦਾ ਆਰੰਭ ਕਿਹੜੇ ਪੰਨ ਤੋਂ ਹੁੰਦਾ ਹੈ
(i) 14 (ii) 12
(iii) 15 (iv) 1
4. ਗੁਰੂ ਗ੍ਰੰਥ ਸਾਹਿਬ ਦਾ ਅਖੀਰਲਾ ਰਾਗ ਕਿਹੜਾ ਹੈ
(i) ਪ੍ਰਭਾਤੀ (ii) ਪ੍ਰਭਾਤੀ ਬਿਭਾਸ
(iii) ਸ੍ਰੀ (iv) ਜੈਜਾਵੰਤੀ
5. ਗੁਰੂ ਗ੍ਰੰਥ ਸਾਹਿਬ ਵਿਚ ਮੁੱਖ ਕਿੰਨੇ ਰਾਗ ਅੰਕਿਤ ਹਨ
(i) 31 (ii) 28
(iii) 26 (iv) 32
6. ਗੁਰੂ ਗ੍ਰੰਥ ਸਾਹਿਬ ਵਿਚ ਰਾਗ ਪ੍ਰਕਾਰ ਕਿੰਨੇ ਹਨ
(i) 26 (ii) 26
(iii) 27 (iv) 31
7. ਅਸ਼ਟਪਦੀ ਕਿਸ ਅੰਗ ਦੀ ਗਾਇਨ ਸ਼ੈਲੀ ਹੈ?
(i) ਲੋਕ ਅੰਗ (ii) ਸ਼ਾਸਤਰੀ ਅੰਗ
(iii) ਕਵਾਲੀ ਅੰਗ (iv) ਧਰੁਪਦ ਅੰਗ
8. ਗੁਰੂ ਗ੍ਰੰਥ ਸਾਹਿਬ ਵਿਚ ਕੁੱਲ ਕਿੰਨੀਆਂ ਪੜਤਾਲਾਂ ਦਰਜ ਹਨ
(i) 55 (ii) 56
(iii) 54 (iv) 50
9. ‘ਛੰਤ' ਕਿਸ ਅੰਗ ਦੀ ਗਾਇਨ ਸ਼ੈਲੀ ਹੈ
(i) ਧਰੁਪਦ ਅੰਗ (ii) ਸ਼ਾਸਤਰੀ ਅੰਗ
(iii) ਲੋਕ ਅੰਗ (iv) ਖਿਆਲ ਅੰਗ
10. ਗੁਰੂ ਗ੍ਰੰਥ ਸਾਹਿਬ ਵਿਚ ਕੁੱਲ ਕਿੰਨੀਆਂ ਅਲਾਹੁਣੀਆਂ ਦਰਜ ਹਨ
(i) 10 (ii) 5
(iii) 19 (iv) 9
11. ਗੁਰੂ ਗ੍ਰੰਥ ਸਾਹਿਬ ਵਿਚ ਘੋੜੀਆਂ ਸਿਰਲੇਖ ਅਧੀਨ ਕਿਸ ਗੁਰੂ ਦੀ ਬਾਣੀ ਦਰਜ ਹੈ
(i) ਗੁਰੂ ਨਾਨਕ ਦੇਵ (ii) ਗੁਰੂ ਤੇਗ ਬਹਾਦਰ
(iii) ਗੁਰੂ ਅਮਰਦਾਸ (iv) ਗੁਰੂ ਰਾਮਦਾਸ
12. ‘ਘੋੜੀਆਂ' ਸਿਰਲੇਖ ਦੇ ਅੰਤਰਗਤ ਦਰਜ ਬਾਣੀ ਕਿਸ ਰਾਰਗ ਵਿਚ ਅੰਕਿਤ ਹੈ
(i) ਸ੍ਰੀ (ii) ਆਸਾ
(iii) ਵਡਹੰਸ (iv) ਵਡਹੰਸ ਦੱਖਣੀ
13. ਲੋਕ ਅੰਗ ਦੀ ਗਾਇਨ ਸ਼ੈਲੀ ਕਿਹੜੀ ਹੈ?
(i) ਅੰਜੁਲੀ (ii) ਅਸਟਪਦੀ
(iii) ਪੜਤਾਲ (iv) ਹੋਲੀ
14. ਆਸਾ ਦੀ ਵਾਰ ਵਿਚ ਗਾਇਨ ਕੀਤੇ ਜਾਣ ਵਾਲੇ 24 ਛੰਤ ਕਿਸ ਗੁਰੂ ਦੀ ਰਚਨਾ ਹੈ
(i) ਗੁਰੂ ਨਾਨਕ ਦੇਵ (ii) ਗੁਰੂ ਅੰਗਦ ਦੇਵ
(iii) ਗੁਰੂ ਰਾਮਦਾਸ (iv) ਗੁਰੂ ਤੇਗ ਬਹਾਦਰ
15. ਆਸਾ ਦੀ ਵਾਰ ਦੀਆਂ ਕੁੱਲ ਕਿੰਨੀਆਂ ਪਉੜੀਆਂ ਹਨ?
(i) 25 (ii) 24
(iii) 20 (iv) 23
16. ਗੁਰੂ ਗ੍ਰੰਥ ਸਾਹਿਬ ਵਿਚ ਕੁੱਲ ਕਿੰਨੀਆਂ ਵਾਰਾਂ ਅੰਕਿਤ ਹਨ?
(i) 22 (ii) 20
(iii) 21 (iv) 41
17. ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵਾਰਾਂ ਵਿਚੋਂ ਕਿੰਨੀਆਂ ਉਤੇ ਧੁਨੀ ਸਿਰਲੇਖ ਹਨ?
(i) 20 (ii) 7
(iii) 10 (iv) 9 |
|
|
|
|
|
|
|
|
1. (iii) 2. (iii) 3 (i) 4 (iv) 5 (i) 6 (iv) 7 (ii) 8 (i) 9 (iii) 10 (iv) 11 (iv) 12 (iii) 13 (i) 14 (iii) 15 (ii) 16 (i) 17 (iv)
|
|
|
|
|
|
|
|
|
|
1. ਸ੍ਰੀ ਗੁਰੂ ਗ੍ਰੰਥ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
2. ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
3. ਗੁਰਮਤਿ ਸੰਗੀਤ ਤੇ ਪਾਸਾਰ, ਗੁਰਨਾਮ ਸਿੰਘ (ਡਾ.), ਪੰਜਾਬੀ ਯੂਨੀਵਰਸਿਟੀ, ਪਟਿਆਲਾ
4. ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਕਰ, ਗੁਰਨਾਮ ਸਿੰਘ (ਡਾ.), ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
|
|
|