|
ਵਿਸ਼ਾ |
: |
|
ਗੁਰਮਤਿ ਸੰਗੀਤ ਵਿਚ ਭਾਰਤੀ ਸ਼ਾਸਤਰੀ ਸੰਗੀਤ ਦੇ ਤੱਤ |
ਵਿਸ਼ਾ ਮਾਹਿਰ |
: |
|
ਡਾ. ਗੁਰਨਾਮ ਸਿੰਘ
ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ। |
|
|
|
|
|
|
|
|
|
ਗੁਰਮਤਿ ਸੰਗੀਤ ਦਾ ਅਧਾਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਗੁਰੂ ਗ੍ਰੰਥ ਸਾਹਿਬ ਵਿਚ ਸ਼ਬਦ ਗਾਇਨ ਕਰਨ ਹਿੱਤ ਗੁਰੂ ਸਾਹਿਬ ਨੇ ਕੁੱਝ ਸੰਗੀਤਕ ਸੰਕੇਤ ਸਿਰਲੇਖ ਰੂਪ ਵਿਚ ਦਿੱਤੇ ਹਨ। ਗੁਰਮਤਿ ਸੰਗੀਤ ਵਿਚ ਸੰਗੀਤਕ ਸੰਕੇਤਾਂ ਤੋਂ ਇਲਾਵਾ ਕੁੱਝ ਸੰਗੀਤਕ ਤੱਤ ਹਨ ਜਿਵੇਂ ਰਹਾਉ, ਅੰਕ, ਜਤਿ, ਧੁਨੀ। ਇਨ੍ਹਾਂ ਸੰਗੀਤਕ ਤੱਤਾਂ ਨੂੰ ਭਾਰਤੀ ਸ਼ਾਸਤਰੀ ਸੰਗੀਤ ਦੇ ਸੰਦਰਭ ਵਿਚ ਸਮਝਣਾ ਜ਼ਰੂਰੀ ਹੈ।
ਸਥਾਈ : ਸਥਾਈ ਭਾਰਤੀ ਸੰਗੀਤ ਦਾ ਇਕ ਵਿਸਿ਼ਸ਼ਟ ਤੱਤ ਹੈ। ਗੁਰਮਤਿ ਸੰਗੀਤ ਵਿਚ ਇਸ ਤੱਤ ਦੇ ਮਹੱਤਵ ਨੂੰ ਸਵੀਕਾਰਿਆ ਗਿਆ ਹੈ ਅਤੇ ਇਸ ਨੂੰ ਵਿਸ਼ੇਸ਼ ਸਥਾਨ ਦਿਤਾ ਗਿਆ ਹੈ। ਬਾਣੀ ਦੇ ਲਿਖਿਤ ਰੂਪ ਨੂੰ ਦੇਖੀਏ ਤਾਂ ਰਾਗਾਤਮਕ ਬਾਣੀ ਵਿਚ ਥਾਂ-ਥਾਂ ਰਹਾਉ ਦਾ ਸੰਕੇਤ ਨਜ਼ਰ ਆਉਂਦਾ ਹੈ। ਰਹਾਉ ਭਾਰਤੀ ਸੰਗੀਤ ਵਿਚ ਪ੍ਰਚੱਲਿਤ ਧਰੁਵ, ਪਦ ਅਰਥਾਤ ਅਟਲ ਜਾਂ ਅਚਲ ਪਦ ਵਜੋਂ ਵਿਦਮਾਨ ਹੈ। ਇਸ ਨੂੰ ਸਥਾਈ ਵੀ ਕਿਹਾ ਜਾਂਦਾ ਹੈ। ਸਥਾਈ ਦੇ ਬਾਰ-ਬਾਰ ਗਾਇਨ ਦੁਆਰਾ ਹੀ ਸੰਬੰਧਿਤ ਰਾਗ ਅਤੇ ਕਾਵਿ ਵਿਚ ਅਭਿਵਿਅਕਤ ਭਾਵਾਂ ਨੇ ਸੌਂਦਰਯ ਸਿਰਜਿਆ ਹੈ। ਬਾਣੀ ਵਿਚ ਇਸਨੂੰ ਰਹਾਉ ਦਾ ਵਿਸੇ਼ਸ਼ ਸੰਕੇਤ ਦੇ ਕੇ ਭਾਰਤੀ ਸ਼ਾਸਤਰੀ ਸੰਗੀਤ ਦੇ ਇਸ ਵਿਸਿ਼ਸ਼ਟ ਤੱਤ ਦਾ ਸਦ ਉਪਯੋਗ ਕੀਤਾ ਹੈ, ਆਪਣੇ ਸ਼ਾਸਤਰੀ ਮਹੱਤਵ ਕਰਕੇ ਹੀ ਇਹ ਗੁਰਮਤਿ ਸੰਗੀਤ ਦੇ ਵਿਸ਼ੇਸ਼ ਅੰਗ ਵਜੋਂ ਪ੍ਰਵਾਣਿਤ ਕੀਤਾ ਜਾਂਦਾ ਹੈ।
ਅੰਤਰਾ : ਭਾਰਤੀ ਸ਼ਾਸਤਰੀ ਸੰਗੀਤ ਵਿਚ ਸਥਾਈ ਤੋਂ ਬਾਅਦ ਅੰਤਰਾ ਦਾ ਸਥਾਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਬਦਾਂ ਨੂੰ ਵਿਭਿੰਨ ਅੰਕਾਂ ਦੁਆਰਾ ਵਿਭਾਜਿਤ ਕੀਤਾ ਗਿਆ ਹੈ। ਸ਼ਬਦ ਵਿਚ ਰਹਾਉ ਦੀ ਤੁਕ ਤੋਂ ਬਿਨਾਂ ਬਾਕੀ ਤੁਕਾਂ ਦੀ ਸਮਾਪਤੀ ਤੇ 1, 2, 3, 4 ਆਦਿ ਅੰਕ ਮਿਲਦੇ ਹਨ ਜੋ ਅੰਤਰੇ ਦਾ ਸੂਚਕ ਹਨ ਤਾਂ ਕਿ ਗੁਰਮਤਿ ਸੰਗੀਤ ਵਿਧਾਨ ਅਨੁਸਾਰ ਰਹਾਉ ਦੀ ਤੁਕ ਦਾ ਬਾਰ-ਬਾਰ ਗਾਇਨ ਹੋ ਸਕੇ। ਇਹ ਅੰਕ ਜਾਂ ਅੰਤਰੇ ਦੀ ਤੁਕਾਂ ਦਾ ਸੰਬੰਧ ਰਹਾਉ ਦੀ ਤੁਕ ਨਾਲ ਹੈ ਜੋ ਰਹਾਉ ਦੀ ਤੁਕ ਵਿਚ ਅੰਕਿਤ ਕੇਂਦਰੀ ਭਾਵ ਨੂੰ ਦ੍ਰਿੜ ਕਰਵਾਉਣ ਲਈ ਉਪਜਿਤ ਸਮੱਸਿਆ ਦਾ ਸਮਾਧਾਨ ਲਈ ਪ੍ਰਮਾਣ, ਦਲੀਲਾਂ ਜਾਂ ਉਦਾਹਰਣਾਂ ਦਾ ਰੂਪ ਹਨ। ਸ਼ਬਦ ਦੇ ਹਰੇਕ ਅੰਤਰੇ ਤੋਂ ਬਾਅਦ ਰਹਾਉ ਦੀ ਤੁਕ ਦਾ ਗਾਇਨ ਕਰਨ ਦੀ ਪ੍ਰਕ੍ਰਿਆ ਸਰੋਤੇ ਦੇ ਮਨ ਵਿਚ ਸ਼ਬਦ ਦੇ ਅੰਤਰਨਿਹਿਤ ਭਾਵਾਂ ਦਾ ਬੋਲ ਬੋਧ ਕਰਵਾਉਣ ਲਈ ਰੋਸ਼ਨੀ ਪ੍ਰਦਾਨ ਕਰਦੀ ਹੈ।
ਯਤਿ : ਯਤਿ ਦਾ ਸੰਬੰਧ ਤਬਲਾ ਵਜਾਉਣ ਦੀ ਸ਼ੈਲੀ ਨਾਲ ਹੈ। ਯਤਿ ਤੋਂ ਭਾਵ ਲੈਅ ਦੀ ਨਿਰੰਤਰ ਗਤੀ ਦੇ ਠਹਿਰਣ ਦੀਆਂ ਭਿੰਨ-ਭਿੰਨ ਅਵਸਥਾਵਾਂ, ਯਤਿ ਦੁਆਰਾ ਕਿਸੇ ਤਾਲ ਨੂੰ ਵਿਭਿੰਨ ਛੰਦਾਂ ਵਿਚ ਪਰਣਿਤ ਕੀਤਾ ਜਾਂਦਾ ਹੈ। ਇਸ ਤੋਂ ਸਪਸ਼ਟ ਹੈ ਕਿ ਲੈਅ ਦਾ ਸੰਬੰਧ ਕੇਵਲ ਤਾਲ ਨਾਲ ਹੀ ਨਹੀਂ ਬਲਕਿ ਕਾਵਿ/ਗਾਇਨ ਸ਼ੈਲੀ ਵਿਚ ਪ੍ਰਯੋਗ ਹੋਣ ਵਾਲੇ ਵਿਸ਼ਰਾਮ ਤੋਂ ਹੈ।
ਗੁਰਮਤਿ ਸੰਗੀਤ ਵਿਚ ਯਤਿ ਸ਼ਬਦ ਨੂੰ ‘ਜਤਿ’ ਕਿਹਾ ਗਿਆ ਹੈ। ਗੁਰਬਾਣੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਬਾਣੀ ਅਧੀਨ ਰਾਗ ਬਿਲਾਵਲ ਵਿਚ ਇਕ ਸਿਰਲੇਖ, ‘ਬਿਲਾਵਲ ਮਹਲਾ ñ ਥਿਤੀ ਘਰੁ ñú ਜਤਿ’। ਜਤਿ‘ ਤੋਂ ਭਾਵ ਹੈ, ਕਿ ਇਸ ਸ਼ਬਦ ਦਾ ਦਸਵੇਂ ਘਰੁ ਦੀ ਲੈਅ ਅਤੇ ਥਿਤੀ ਦੇ ਵਿਸ਼ਿਸ਼ਟ ਵਿਸ਼ਰਾਮਾਂ ਸਹਿਤ ਰਾਗ ਬਿਲਾਵਲ ਅਧੀਨ ਗਾਇਨ ਕਰਨਾ ਹੈ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, ‘ਸੰਗੀਤ ਦੀ ਧਾਰਨਾ ਦਾ ਨਾਂ ਜਤਿ (ਯਤਿ) ਹੈ ਅਤੇ ਮ੍ਰਿਦੰਗ ਦੇ ਬੋਲ ਦਾ ਜਿਥੇ ਵਿਸ਼ਰਾਮ ਹੋਵੇ ਉਹ ਭੀ ਜਤਿ ਦੀ ਸੰਗਯਾ ਹੈ।’ ਡਾ. ਚਰਨ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਬਾਣੀ ਬਿਊਰੇ ਵਿਚ ਲਿਖਿਆ ਹੈ, ਜਤਿ, ਗਤਿ, ਸਪਥ ਇਹ ਤਿੰਨੇ ਜੋੜੀ ਦੇ ਕਰਤਵ ਹਨ, ਜਿਸ ਸਮੇਂ ਸੱਜਾ ਹੱਥ ਗਤੀ ਦਾ ਕੰਮ ਕਰੇ ਅਰਥਾਤ ਗਤ ਵਾਂਗ ਉਂਗਲੀਆਂ ਵਿਚ ਜੋੜੀ ਦੇ ਕਿਨਾਰੇ ਅਤੇ ਵਿਚਕਾਰ ਕੰਮ ਕਰੇ ਅਤੇ ਜਦੋਂ ਦੋਨੋਂ ਹੱਥ ਖੁੱਲ੍ਹੇ ਕੰਮ ਕਰਨ ਅਤੇ ਆਵਾਜ਼ ਵੀ ਖੁੱਲ੍ਹੀ ਨਿਕਲੇ (ਜਿਸਨੂੰ ਕੜ ਕਟ ਕਹਿੰਦੇ ਹਨ) ਤਾਂ ਉਸਦੀ ਸੰਗਿਆ ਸਾਥ ਹੁੰਦੀ ਹੈ। ਇਸ ਤੋਂ ਪਤਾ ਚਲਦਾ ਹੈ ਕਿ ਗੁਰੂ ਸਾਹਿਬਾਨ ਦੇ ਸਮੇਂ ਤਬਲੇ ਦੇ ਬੰਦ ਬੋਲਾਂ ਦਾ ਪ੍ਰਚਲਨ ਵੀ ਹੋ ਸਕਿਆ ਸੀ ਪਰ ਜਤਿ ਸੰਬੰਧੀ ਕੋਈ ਠੋਸ ਆਧਾਰ ਜਾਂ ਹਵਾਲਾ ਨਹੀਂ ਮਿਲਦਾ ਜਿਸ ਤੋਂ ਸਹੀ ਸੇਧ ਮਿਲ ਸਕੇ। ਇਸ ਵਿਸੇ਼ ਤੇ ਖੋਜ ਦੀ ਆਵਸ਼ਕਤਾ ਹੈ।
ਧੁਨੀ : ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੁਝ ਵਾਰਾਂ ਉਪਰ ਮੱਧਕਾਲ ਵਿਚ ਪ੍ਰਚੱਲਿਤ ਧੁਨੀਆਂ ਦੇ ਸਿਰਲੇਖ ਅੰਕਿਤ ਹਨ।
|
|
|
- ਵਾਰ ਮਾਝ ਕੀ ਤਥਾ ਸਲੋਕ ਮਹਲਾ ñ ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ।।
- ਗਉੜੀ ਕੀ ਵਾਰ ਮਹਲਾ õ ਰਾਇ ਕਮਾਲਦੀ ਮੌਜਦੀ ਕੀ ਵਾਰ ਕੀ ਧੁਨਿ ਉਪਰਿ ਗਾਵਣੀ।।
- ਆਸਾ ਮਹਲਾ ñ ਵਾਰ ਸਲੋਕਾਂ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ।।
|
|
|
ਉਪਰੋਕਤ ਸਿਰਲੇਖਾਂ ਤੋਂ ਸਪਸ਼ਟ ਹੈ ਕਿ ਵਾਰ ਉਪਰ ਜਿਥੇ ਲੋਕ ਸੰਗੀਤ ਅੰਗ ਤੋਂ ਧੁਨੀ ਦਾ ਸੰਕੇਤ ਹੈ ਉਥੇ ਸ਼ਾਸਤਰੀ ਸੰਗੀਤ ਦੇ ਤੌਰ ਤੇ ਰਾਗ ਵੀ ਨਿਰਧਾਰਿਤ ਕੀਤੇ ਗਏ ਹਨ। ਲੋਕ ਵਾਰਾਂ ਦੀਆਂ ਧੁਨੀਆਂ ਉਤੇ ਰਾਗਾਂ ਦਾ ਨਿਰਧਾਰਨ ਗੁਰਮਤਿ ਸੰਗੀਤ, ਲੋਕ ਸੰਗੀਤ ਅਤੇ ਸ਼ਾਸਤਰੀ ਸੰਗੀਤ ਦਾ ਮੇਲ ਦਰਸਾਉਂਦਾ ਹੈ। ਗੁਰਬਾਣੀ ਵਿਚ ਵਾਰ ਧੁਨੀ ਅਤੇ ਰਾਗ ਦੀ ਸੰਯੁਕਤ ਪ੍ਰਸਤੁਤੀ ਗੁਰਬਾਣੀ ਦੀਆਂ ਵਾਰ ਦੀ ਸੰਚਾਰ ਪ੍ਰਕ੍ਰਿਆ ਦੇ ਨਿਵੇਕਲੇ ਪ੍ਰਬੰਧ ਨੂੰ ਉਜਾਗਰ ਕਰਦੀ ਹੈ। ਉਦਾਹਰਣ ਦੇ ਤੌਰ ਤੇ ‘ਆਸਾ ਦੀ ਵਾਰ’ ਆਪਣੇ ਸੰਗੀਤ ਸਰੂਪਾਂ ਸਦਕਾ ਸਮਰਸਤਾ ਦੀ ਧਾਰਨੀ ਹੈ। ਆਸਾ ਦੀ ਵਾਰ ਅਤੇ ਇਸ ਦੀ ਨਿਰਧਾਰਿਤ ਵਾਰ ਧੁਨੀ ਅਤੇ ਰਾਗ ਆਸਾ ਵਿਚ ਇਸ ਸਮਰੂਪੀ ਤੇ ਸ਼ਾਸਤਰੀ ਸਾਂਝ ਸਦਕਾ ਹੀ ਵਾਰ ਤੇ ਧੁਨੀ ਦਾ ਸਿਰਲੇਖ ਸੰਭਵ ਹੋ ਸਕਿਆ। ਆਸਾ ਦੀ ਵਾਰ ਤੋਂ ਬਿਨਾਂ ਬਾਕੀ ਵਾਰਾਂ ਦੇ ਸਿਰਲੇਖਾਂ ਵਿਚ ਵਾਰ ਦੇ ਨਾਲ ਰਾਗ ਅੰਕਿਤ ਹਨ। ਇਹ ਸ਼ਾਸਤਰੀ ਸੰਗੀਤ ਦੀ ਦ੍ਰਿਸ਼ਟੀ ਵਿਸਿ਼ਸ਼ਟਤਾ ਰਾਗ ਨਾਲ ਸੁਰਾਤਮਿਕ ਸੰਬੰਧ ਸਿਰਜਦੇ ਹਨ। ਇਸ ਤੋਂ ਧੁਨੀ ਸੰਕੇਤ ਵਿਚ ਲੁਪਤ ਗੁਰਮਤਿ ਸੰਗੀਤ ਦਾ ਸ਼ਾਸਤਰੀ ਸੰਗੀਤ ਨਾਲ ਸੰਬੰਧ ਪ੍ਰਗਟ ਹੁੰਦਾ ਹੈ। ਗੁਰਬਾਣੀ ਦੇ ਅੰਤਰਗਤ ਲੋਕ ਵਾਰਾਂ ਉਪਰ ਸ਼ਾਸਤਰੀ ਸੰਗੀਤ ਦੇ ਸੰਕੇਤਾਂ ਦੁਆਰਾ ਜਿਥੇ ਵਿਸਿ਼ਸ਼ਟ ਸ਼ਾਸਤਰੀ ਪਹਿਚਾਣ ਕਰਵਾਈ ਹੈ। ਉਥੇ ਇਹ ਗੁਰਮਤਿ ਸੰਗੀਤ ਪ੍ਰਬੰਧ ਦੇ ਅਨੁਸ਼ਾਸਨ ਦੀ ਵੀ ਇਕ ਮਿਸਾਲ ਹੈ।
ਗੁਰਮਤਿ ਸੰਗੀਤ ਪਰੰਪਰਾ ਸਾਨੂੰ ਸਿਧਾਂਤਿਕ ਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਿਤ ਬਾਣੀ ਪ੍ਰਬੰਧ ਤੋਂ ਪ੍ਰਾਪਤ ਹੁੰਦੀ ਹੈ। ਇਸ ਦੇ ਨਾਲ ਹੀ ਗੁਰੂ ਇਤਿਹਾਸ ਦੇ ਹਵਾਲੇ ਅਤੇ ਸੰਕੇਤ ਇਸ ਪ੍ਰਬੰਧ ਦੀ ਵਿਸਿ਼ਸ਼ਟਤਾਵਾਂ ਨੂੰ ਦ੍ਰਿੜਤਾ ਨਾਲ ਦ੍ਰਿੜਾਉਣ ਵਿਚ ਸਹਾਇਕ ਹੁੰਦੇ ਹਨ। ਵਿਹਾਰਕ ਰੂਪ ਵਿਚ ਪ੍ਰਚੱਲਿਤ ਗੁਰਮਤਿ ਸੰਗੀਤ ਪਰੰਪਰਾ ਨੇ ਇਸ ਪ੍ਰਬੰਧ ਦੇ ਕ੍ਰਿਆਤਮਕ ਪ੍ਰਯੋਗ ਨੂੰ ਸਾਕਾਰ ਕਰਨ ਲਈ ਅਨੇਕ ਸਿਧਾਂਤ ਸਿਰਜੇ ਹਨ।
|
|
|
ਗੁਰਮਤਿ ਸੰਗੀਤ ਪ੍ਰਬੰਧ ਅਤੇ ਇਸ ਵਿਹਾਰਕ ਪਰੰਪਰਾ ਤੋਂ ਉਪਜੇ ਵਿਭਿੰਨ ਸਿਧਾਂਤ ਅਤੇ ਸਮੁੱਚੀ ਵਿਹਾਰਕਤਾ ਨੂੰ ਧਿਆਨ ਨਾਲ ਦੇਖਣ ਤੇ ਇਹ ਸਹਿਜ ਹੀ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਸਾਹਿਬਾਨ ਗੁਰਮਤਿ ਸੰਗੀਤ ਦੀ ਵਿਲੱਖਣ ਪਰੰਪਰਾ ਦੇ ਸਥਾਪਨਾ ਹਿਤ ਪ੍ਰਯੋਗ ਹੋਣ ਵਾਲੀ ਸੰਗੀਤਕ ਇਕਾਈਆਂ ਤੱਤਾਂ ਜਾਂ ਉਪਕਰਣਾਂ ਆਦਿ ਦਾ ਪ੍ਰਯੋਗ ਭਾਰਤੀ ਸੰਗੀਤ ਵਿਚੋਂ ਹੀ ਕਰ ਰਹੇ ਹਨ। ਇਸ ਪ੍ਰਬੰਧ ਵਿਚ ਭਾਰਤੀ ਸ਼ਾਸਤਰੀ ਪਰੰਪਰਾ ਦਾ ਪ੍ਰਯੋਗ ਮੌਲਿਕ ਪਹੁੰਚ ਅਤੇ ਵਿਸਿ਼ਸ਼ਟ ਗੁਰਮਤਿ ਸੰਗੀਤ ਅਨੁਸ਼ਾਸਨ ਦੇ ਅੰਤਰਗਤ ਕੀਤਾ ਗਿਆ ਹੈ। ਇਥੇ ਇਕ ਗੱਲ ਹੋਰ ਧਿਆਨ ਦੇਣ ਯੋਗ ਹੈ ਕਿ ਗੁਰਮਤਿ ਸੰਗੀਤ ਵਿਚ ਭਾਰਤੀ ਸ਼ਾਸਤਰੀ ਸੰਗੀਤ ਦੇ ਤੱਤਾਂ ਦੇ ਮੂਲ ਗੁਣ, ਪਹਿਚਾਣ ਅਤੇ ਅਨੁਸ਼ਾਸਨ ਨੂੰ ਸਵੀਕਾਰ ਕਰਦੇ ਹੋਏ ਇਨ੍ਹਾਂ ਨੂੰ ਗੁਰਮਤਿ ਸੰਗੀਤ ਦੇ ਅਨੁਸਾਰੀ ਬਣਾਇਆ ਗਿਆ ਹੈ। ਸ਼ਾਸਤਰੀ ਸੰਗੀਤ ਦੇ ਇਨ੍ਹਾਂ ਤੱਤਾਂ ਨੂੰ ਨਕਾਰਿਆ ਨਹੀਂ ਬਲਕਿ ਸਵੀਕਾਰਿਆ ਗਿਆ ਹੈ। ਉਦਾਹਰਣ ਦੇ ਤੌਰ ਤੇ ਗੁਰਮਤਿ ਸੰਗੀਤ ਦੇ ਰਾਗ ਅਤੇ ਗਾਇਨ ਸ਼ੈਲੀਆਂ ਦੇ ਸੰਦਰਭ ਵਿਚ ਇਹ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਸਾਹਿਬਾਨ ਭਿੰਨ-ਭਿੰਨ ਭਾਰਤੀ ਰਾਗਾਂ ਦੇ ਮੂਲ ਨਾਵਾਂ, ਸਰੂਪਾਂ ਦਾ ਗੁਣਾਂ ਸਹਿਤ ਪ੍ਰਯੋਗ ਕਰ ਰਹੇ ਹਨ, ਪਰੰਤੂ ਉਹ ਭਾਰਤੀ ਸੰਗੀਤ ਦੀ ਤਰ੍ਹਾਂ ਰਾਗ ਦੀ ਪ੍ਰਧਾਨਤਾ ਅਤੇ ਰਾਗ ਦੇ ਪ੍ਰਯੋਗ ਨੂੰ ਪੂਰਨ ਰੂਪ ਵਿਚ ਸਵੀਕਾਰ ਕਰਦੇ ਹੋਏ ਰਾਗ ਨੂੰ ਅਧਿਆਤਮਕ ਉਦੇਸ਼ ਦੇ ਪ੍ਰਯੋਜਨ ਨਾਲ ਅਨੁਸ਼ਾਸਿਤ ਕਰ ਦਿੰਦੇ ਹਨ। ਇਥੇ ਇਹ ਨਹੀਂ ਕਿ ਗੁਰੂ ਸਾਹਿਬ ਰਾਗ ਦੇ ਮੂਲ ਗੁਣ ਅਤੇ ਉਸਦੀ ਭਾਰਤੀ ਵਿਆਖਿਆ ਨੂੰ ਬਿਲਕੁਲ ਹੀ ਨਕਾਰਦੇ ਹਨ ਬਲਕਿ ਗੁਰੂ ਸਾਹਿਬਾਨ ਆਪਣੀ ਮੌਲਿਕ ਛੋਹ ਦੁਆਰਾ ਇਸ ਰਾਗ ਪਰੰਪਰਾ ਨੂੰ ਨਵੀਂ ਸੇਧ ਪ੍ਰਦਾਨ ਕਰਦੇ ਹਨ। ਵਿਹਾਰਕ ਰੂਪ ਵਿਚ ਪ੍ਰਚਲਿਤ ਕੀਰਤਨ ਸ਼ੈਲੀਆਂ, ਕੀਰਤਨ ਚਉਕੀਆਂ, ਤਾਲ ਆਦਿ ਸਭ ਕੁਝ ਮਿਲਾਕੇ ਭਾਰਤੀ ਸੰਗੀਤ ਪਰੰਪਰਾ ਦੇ ਸਮਾਨੰਤਰ ਗੁਰਮਤਿ ਸੰਗੀਤ ਪਰੰਪਰਾ ਉਜਾਗਰ ਹੋਈ ਹੈ। ਅੰਤਰ ਦੋਨਾਂ ਦੇ ਪ੍ਰਯੋਜਨ ਦਾ ਹੈ। ਦੋਨਾਂ ਦੇ ਰਸਤੇ ਅਤੇ ਮੰਜ਼ਿਲ ਅਲੱਗ-ਅਲੱਗ ਹੈ। ਦੋਨਾਂ ਵਿਚ ਕੋਈ ਵਿਰੋਧ ਨਹੀਂ ਬਲਕਿ ਆਦਾਨ-ਪ੍ਰਦਾਨ ਹੈ। ਗੁਰਮਤਿ ਸੰਗੀਤ ਦੇ ਕਸਬੀ ਗਾਇਕ ਕਿਸੀ ਵਾਰ ਜਾਂ ਵਿਸ਼ੇਸ਼ ਰੂਪ ਵਿਚ ‘ਆਸਾ ਦੀ ਵਾਰ ਦੀ ਚਉਕੀ’ ਦਾ ਗਾਇਨ ਕਰਦੇ ਹਨ ਤਾਂ ਇਹ ਗਾਇਨ ਅਪਣੇ ਮੌਲਿਕ ਗੁਣਾਂ ਨਾਲ ਅਲੱਗ ਸੰਗੀਤਕ ਰੂਪ ਕਰਕੇ ਕਿਸੀ ਸ਼ਾਸਤਰੀ ਸੰਗੀਤ ਦੀ ਪਰੰਪਰਾ ਤੋਂ ਘੱਟ ਨਹੀਂ ਲਗਦਾ। ਇਸ ਪਰੰਪਰਾ ਦਾ ਨਿਸ਼ਚਿਤ ਆਧਾਰਿਤ ਵਿਸਿ਼ਸ਼ਟ ਗਾਇਨ ਪ੍ਰਬੰਧ ਗੁਰਮਤਿ ਸੰਗੀਤ ਨੂੰ ਨਿਵੇਕਲੀ ਅਤੇ ਵਿਲੱਖਣ ਪਰੰਪਰਾ ਦੇ ਰੂਪ ਵਿਚ ਉਜਾਗਰ ਕਰਦਾ ਹੈ।
ਉਪਰੋਕਤ ਅਧਿਐਨ ਤੋਂ ਸਪਸ਼ਟ ਹੈ ਕਿ ਗੁਰਮਤਿ ਸੰਗੀਤ ਪਰੰਪਰਾ ਵਿਚ ਭਾਰਤੀ ਸ਼ਾਸਤਰੀ ਸੰਗੀਤ ਪਰੰਪਰਾ ਦੇ ਵਿਭਿੰਨ ਤੱਤ ਮੌਲਿਕ ਵਿਧੀ ਦੁਆਰਾ ਪ੍ਰਯੋਗ ਹੋ ਰਹੇ ਹਨ। ਗੁਰਮਤਿ ਸੰਗੀਤ ਦੇ ਇਨ੍ਹਾਂ ਸ਼ਾਸਤਰੀ ਤੱਤਾਂ ਨੂੰ ਨਵੀਨ ਮੌਲਿਕ ਪਹੁੰਚ ਦੁਆਰਾ ਸ਼ਿੰਗਾਰਿਆ ਹੈ, ਜੋ ਸਮੁੱਚੇ ਭਾਰਤੀ ਸੰਗੀਤ ਲਈ ਮਾਣ ਦੀ ਗੱਲ ਹੈ ਅਤੇ ਗੁਰਮਤਿ ਸੰਗੀਤ ਦੁਆਰਾ ਨਵੀਨ ਵਿਧੀ ਅਤੇ ਮੌਲਿਕ ਪਹੁੰਚ ਦੁਆਰਾ ਇਹ ਪ੍ਰਯੋਗ ਸ਼ਾਸਤਰ ਦੀ ਦ੍ਰਿਸ਼ਟੀ ਤੋਂ ਭਾਰਤੀ ਸੰਗੀਤ ਦੇ ਲਈ ਨਿਵੇਕਲਾ ਅਤੇ ਮਹਾਨ ਯੋਗਦਾਨ ਹੈ।
|
|
|
|
|
|
|
|
|
|
|
1. ਸਥਾਈ ਅੰਤਰਾ ਅਤੇ ਧੁਨੀ ਸੰਗੀਤਕ ਤੱਤਾਂ ਨੂੰ ਭਾਰਤੀ ਸ਼ਾਸਤਰੀ ਸੰਗੀਤ ਦੇ ਸੰਦਰਭ ਵਿਚ ਵਰਣਨ ਕਰੋ?
2. ਧੁਨੀ ਤੋਂ ਕੀ ਭਾਵ ਹੈ? ਵਿਸਥਾਰ ਸਹਿਤ ਵਰਣਨ ਕਰੋ? |
|
|
|
|
|
|
|
|
|
1. ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦੇ ਅੰਤਰਗਤ ‘ਰਹਾਉ` ਵਾਲੀ ਤੁਕ ਦਾ ਗਾਇਨ ਕਿਸ ਰੂਪ ਵਿਚ ਹੁੰਦਾ ਹੈ?
(I) ਸਥਾਈ (II) ਅੰਤਰਾ
(III) ਸੰਚਾਰੀ (IV) ਆਭੋਗ
2. ‘ਰਹਾਉ` ਤੋਂ ਇਲਾਵਾ ਅੰਕਾਂ ਵਾਲੀਆਂ ਹੋਰ ਪੰਕੀਆਂ ਨੂੰ ਕਿਸ ਰੂਪ ਵਿਚ ਗਾਇਆ ਜਾਂਦਾ ਹੈ?
(I) ਸਥਾਈ (II) ਆਭੋਗ
(III) ਸੰਚਾਰੀ (IV) ਅੰਤਰਾ
3. ਜਤਿ ਦਾ ਸੰਬੰਧ ਕਿਸ ਵਿਧਾ ਨਾਲ ਹੈ?
(I) ਗਾਇਨ (II) ਤਬਲਾ ਵਾਦਨ
(III) ਤੰਤੀ ਸਾਜ਼ ਵਾਦਨ (IV) ਸੂਫ਼ੀ ਗਾਇਨ
4. ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਜਤਿ` ਸ਼ਬਦ ਕਿਸ ਰਾਗ ਦੇ ਨਾਲ ਸਿਰਲੇਖ ਰੂਪ ਵਿਚ ਆਇਆ ਹੈ?
(I) ਸਿਰੀ (II) ਮਾਝ
(III) ਬਿਲਾਵਲ (IV) ਆਸਾ
5. ‘ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ॥` ਧੁਨੀ ਸਿਰਲੇਖ ਕਿਸ ਵਾਰ ਉੱਤੇ ਦਰਜ ਹੈ?
(I) ਮਾਝ ਕੀ ਵਾਰ (II) ਮਲਾਰ ਕੀ ਵਾਰ
(III) ਆਸਾ ਕੀ ਵਾਰ (IV) ਗਉੜੀ ਕੀ ਵਾਰ
6. ‘ਰਾਇ ਕਮਾਲ ਦੀ ਮੌਜਦੀ ਕੀ ਵਾਰ ਕੀ ਧੁਨਿ ਉਪਰਿ ਗਾਵਣੀ॥` ਧੁਨੀ ਸਿਰਲੇਖ ਕਿਸ ਵਾਰ ਉੱਤੇ ਦਰਜ ਹੈ?
(I) ਆਸਾ ਕੀ ਵਾਰ (II) ਰਾਮਕਲੀ ਕੀ ਵਾਰ
(III) ਮਾਝ ਕੀ ਵਾਰ (IV) ਗਉੜੀ ਕੀ ਵਾਰ |
|
|
|
|
|
|
|
|
1 (I) 2 (IV) 3 (II) 4 (III) 5 (I) 6 (IV)
|
|
|
|
|
|
|
|
|
|
- ਗੁਰਸ਼ਬਦ ਰਤਨਾਕਰ ਮਹਾਨ ਕੋਸ਼, ਕਾਨ੍ਹ ਸਿੰਘ ਨਾਭਾ (ਭਾਈ), ਭਾਸ਼ਾ ਵਿਭਾਗ, ਪੰਜਾਬ, 2006.
- ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।
- ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ (ਪੋਥੀ ਛੇਵੀਂ), ਪ੍ਰੋ. ਸਾਹਿਬ ਸਿੰਘ, ਰਾਜ ਪਬਲੀਕੇਸ਼ਨ, ਜਲੰਧਰ।
|
|
|