|
ਵਿਸ਼ਾ |
: |
|
ਗੁਰਮਤਿ ਸੰਗੀਤ ਦੀ ਸ਼ਾਸਤਰੀ ਅੰਗ ਦੀਆਂ ਗਾਇਨ ਸ਼ੈਲੀਆਂ ਦਾ ਅਧਿਐਨ |
ਵਿਸ਼ਾ ਮਾਹਿਰ |
: |
|
ਡਾ. ਗੁਰਨਾਮ ਸਿੰਘ
ਪ੍ਰੋਫ਼ੈਸਰ ਤੇ ਮੁਖੀ
ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
|
|
|
|
|
|
|
|
|
|
ਗੁਰਮਤਿ ਸੰਗੀਤ ਦੀ ਕੀਰਤਨ ਪਰੰਪਰਾ ਦੇ ਨਿਰੰਤਰ ਪ੍ਰਵਾਹ ਅਧੀਨ ਵੱਖ-ਵੱਖ ਗਾਇਨ ਰੂਪ ਪ੍ਰਯੋਗ ਵਿਚ ਰਹੇ ਹਨ। ਇਨ੍ਹਾਂ ਗਾਇਨ ਰੂਪਾਂ ਨੂੰ ਵਿਵਹਾਰਕ ਸਜੀਵਤਾ ਨੇ ਸੁਦ੍ਰਿੜ ਅਤੇ ਸਥਾਪਤ ਰੂਪ ਵਿਚ ਉਜਾਗਰ ਕੀਤਾ ਹੈ, ਜੋ ਭਿੰਨ-ਭਿੰਨ ਗਾਇਨ ਸ਼ੈਲੀਆਂ ਦੇ ਰੂਪ ਵਿਚ ਦ੍ਰਿਸ਼ਟਮਾਨ ਹੁੰਦੇ ਹਨ। ਭਾਰਤੀ ਸੰਗੀਤ ਵਿਚ ਗਾਇਨ ਸ਼ੈਲੀ ਤੋਂ ਭਾਵ ਉਹ ਗਾਇਨ ਰੂਪ/ਸ਼ੈਲੀ ਹੈ, ਜਿਸਦੇ ਗਾਉਣ ਦਾ ਕੋਈ ਨਿਸ਼ਚਿਤ ਵਿਧੀ ਵਿਧਾਨ ਹੋਵੇ। ਭਾਰਤੀ ਸ਼ਾਸਤਰੀ ਸੰਗੀਤ ਵਿਚ ਮੁੱਖ ਤੌਰ ‘ਤੇ ਗਾਇਨ ਸ਼ੈਲੀ ਦੇ ਨਿਮਨ ਲਿਖਤ ਲੱਛਣ ਸਵੀਕਾਰੇ ਜਾਂਦੇ ਹਨ :
1. ਜਿਹੜੀ ਸ਼ਾਸਤਰੀ ਸੰਗੀਤ ਦੇ ਪ੍ਰਤੀਨਿਧ, ਪ੍ਰਵਾਣਿਤ ਤੇ ਪ੍ਰਚਲਿਤ ਰੂਪ ਵਜੋਂ ਗਾਈ ਜਾਂਦੀ ਹੋਵੇ।
2. ਜਿਸਦਾ ਨਿਸਚਿਤ ਗਾਇਨ ਸ਼ਾਸਤਰ ਜਾਂ ਗਾਇਨ ਵਿਧਾਨ ਹੋਵੇ।
3. ਜਿਸਦਾ ਰਿਆਜ਼ ਵਿਅਕਤੀਗਤ ਤੇ ਸਾਮੂਹਿਕ ਦੋਵਾਂ ਰੂਪਾਂ ਵਿਚ ਹੀ ਹੋਇਆ ਹੋਵੇ, ਭਾਵ ਪੀੜ੍ਹੀ ਦਰ ਪੀੜ੍ਹੀ ਘਰਾਣਿਆਂ ਆਦਿ ਦੀ ਪਰੰਪਰਾ ਅਤੇ ਕਲਾਕਾਰ ਦੀ ਵਿਅਕਤੀਗਤ ਸਾਧਨਾ ਦੁਆਰਾ ਹੋਵੇ।
4. ਜਿਸਨੂੰ ਵਿਧੀ ਪੂਰਵਕ ਸਿਖਲਾਈ, ਤਾਲੀਮ ਤੇ ਰਿਆਜ਼ ਦੀ ਲੋੜ ਹੋਵੇ।
5. ਜਿਸਦੀ ਪਹਿਚਾਣ ਵਿਲੱਖਣ ਤੇ ਸਮਕਾਲੀਨ ਗਾਇਨ ਰੂਪਾਂ ਤੋਂ ਭਿੰਨ ਹੋਵੇ, ਮੁਰਾਦ ਧਰੁਪਦ, ਖਿਆਲ, ਧਮਾਰ, ਠੁਮਰੀ ਆਦਿ ਗਾਇਨ ਸ਼ੈਲੀਆਂ ਇਸ ਸ਼੍ਰੇਣੀ ਤੋਂ ਹੈ। ਇਹਨਾਂ ਸ਼ੈਲੀਆਂ ਦਾ ਆਪਣਾ ਨਿਸਚਤ ਵਿਧੀ ਵਿਧਾਨ ਅਤੇ ਸ਼ਾਸਤਰ ਹੈ। ਉਦਾਹਰਣ ਦੇ ਤੌਰ ‘ਤੇ ਧਰੁਪਦ ਦਾ ਗਾਇਨ ਸਥਾਈ, ਅੰਤਰਾ, ਸੰਚਾਰੀ, ਆਭੋਗ ਚਾਰ ਭਾਗਾਂ ’ਚ ਨਿਬੱਧ ਹੁੰਦਾ ਹੈ। ਇਹ ਗੰਭੀਰ ਕਿਸਮ ਦੀ ਗਾਇਕੀ ਹੈ, ਇਸ ਵਿਚ ਗੰਭੀਰਤਾ ਯੁਕਤ ਗਮਕ ਤੇ ਪਰਿਪੱਕ ਆਲਾਪ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਹੈ, ਇਸਦੇ ਨਾਲ ਹੀ ਕਣ, ਮੀਂਡ, ਖਟਕਾ, ਮੁਰਕੀ ਆਦਿ ਚੰਚਲ ਕਿਸਮ ਦੇ ਸੌਂਦਰਯ ਉਤਪਾਦਕ ਗਾਇਨ ਤੱਤਾਂ ਅਤੇ ਸੁਰ-ਸੁਰਾਵਲੀਆਂ ਦਾ ਤਿਆਗ ਕੀਤਾ ਜਾਂਦਾ ਹੈ। ਆਲਾਪ, ਬੋਲਬਾਂਟ, ਬੋਲਤਾਨ ਇਸਦੇ ਅੰਗ ਹਨ। ਖਿਆਲ ਵੀ ਧਰੁਪਦ ਵਾਂਗੂ ਪ੍ਰਮਾਣਿਤ ਤੇ ਪ੍ਰਵਾਣਿਤ ਗਾਇਕੀ ਹੈ, ਜੋ ਵਿਸਿਸ਼ਟ ਸ਼ਾਸਤਰੀ ਨਿਯਮਾਂ ਉਤੇ ਆਧਾਰਤਿ ਹੁੰਦੀ ਹੈ। ਸਥਾਈ ਅੰਤਰੇ ‘ਚ ਖਿਆਲ ਦੀ ਗੀਤ ਰਚਨਾ ਦੇ ਭਾਵ ਨੂੰ ਸੁਰਾਂ ਨਾਲ ਸੰਜੋਅ ਕੇ ਰਾਗ ਦੀਆਂ ਸੁਰਾਵਲੀਆਂ ਸਹਿਤ ਉਜਾਗਰ ਕੀਤਾ ਜਾਂਦਾ ਹੈ। ਰਾਗ ਦੀ ਕ੍ਰਮਵਾਰ ਬੜ੍ਹਤ, ਰਸਯੁਕਤ ਆਲਾਪ, ਬੋਲਤਾਨ ਅਤੇ ਤਾਨ ਦੇ ਵਿਭਿੰਨ ਕਲਾਮਈ ਸਰੂਪ ਇਸਦੇ ਲੱਛਣ ਹਨ। ਇਸ ਵਿਚ ਕਣ, ਮੀਂਡ, ਖਟਕਾ ਵਰਗੇ ਤੱਤਾਂ ਦਾ ਇਸਤੇਮਾਲ ਤਾਂ ਕੀਤਾ ਜਾਂਦਾ ਹੈ, ਪਰ ਆਲਾਪ ਦਾ ਅੰਦਾਜ਼ ਗੰਭੀਰ ਹੀ ਰਹਿੰਦਾ ਹੈ। ਠੁਮਰੀ, ਦਾਦਰੇ ਵਰਗੀ ਚੰਚਲ ਚਪਲਤਾ ਦਾ ਇਸ ਵਿਚ ਤਿਆਗ ਕੀਤਾ ਜਾਂਦਾ ਹੈ। ਇਸ ਤਰ੍ਹਾਂ ਠੁਮਰੀ, ਦਾਦਰਾ ਦੀਆਂ ਬੰਦਸ਼ਾਂ ਤੇ ਗਾਇਨ ਦਾ ਆਪੋ ਆਪਣਾ ਨਿਯਮ, ਅੰਦਾਜ਼ ਤੇ ਪ੍ਰਯੋਜਨ ਹੈ। ਇਨ੍ਹਾਂ ਵਿਚ ਸ਼ਾਸਤਰੀ ਤੇ ਅਰਧ ਸ਼ਾਸਤਰੀ ਅੰਦਾਜ਼ ਦਾ ਸੁਮੇਲ ਹੈ।ਇਨ੍ਹਾਂ ਸ਼ੈਲੀਆਂ ਨੂੰ ਸ਼ਾਸਤਰੀ ਨਿਯਮਾਂ ਅਨੁਸਾਰ, ਸ਼ਾਸਤਰੀ ਅੰਦਾਜ਼ ਦੀ ਪਰਿਪੱਕਤਾ ਦੁਆਰਾ ਸੂਖਮ, ਚੰਚਲ, ਚਪਲ ਤੇ ਭਾਵਾਤਮਕ ਵਿਧੀ ਦੁਆਰਾ ਗਾਇਆ ਜਾਂਦਾ ਹੈ। ਅਜਿਹੀਆਂ ਗਾਇਨ ਸ਼ੈਲੀਆਂ ਅਧਿਆਤਮਕ ਸੰਗੀਤ / ਭਗਤੀ ਸੰਗੀਤ ਵਿਚ ਉਪਲਬਧ ਹੁੰਦੀਆਂ ਹਨ। ਭਾਵੇਂ ਕੁਝ ਕੱਟੜਪੰਥੀ ਸ਼ਾਸਤਰੀ ਵਿਦਵਾਨ ਇਨ੍ਹਾਂ ਲੋਕ ਅਤੇ ਭਗਤੀ ਸੰਗੀਤ ਵਿਚ ਪ੍ਰਚੱਲਿਤ ਗਾਇਨ ਸ਼ੈਲੀਆਂ ਨੂੰ ਗਾਇਨ ਸ਼ੈਲੀ ਮੰਨਣ ਤੋਂ ਇਨਕਾਰੀ ਹਨ, ਪਰੰਤੂ ਸਾਡਾ ਇਥੇ ਗਾਇਨ ਸ਼ੈਲੀ ਤੋਂ ਭਾਵ ਵੱਖ-ਵੱਖ ਗਾਇਨ ਰੂਪ ਵਿਧਾਵਾਂ, ਗਾਇਨ ਸ਼ੈਲੀਆਂ ਹਨ, ਜਿਨ੍ਹਾਂ ਦੀ ਆਪੋ ਆਪਣੀ ਪਹਿਚਾਣ ਹੈ, ਗਾਇਨ ਵਿਧਾਨ ਹੈ।
|
|
|
ਗੁਰਮਤਿ ਸੰਗੀਤ ਵਿਚ ਪ੍ਰਚੱਲਿਤ ਗਾਇਨ ਸ਼ੈਲੀਆਂ ਦੇ ਮੌਲਿਕ ਰੂਪ ਦਾ ਅਧਿਐਨ ਕਰੀਏ ਤਾਂ ਇਸ ਗਾਇਨ ਪ੍ਰਬੰਧ ਦੇ ਵਿਲੱਖਣ ਨਕਸ਼ ਸਾਡੇ ਸਾਹਮਣੇ ਉਘੜਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਰਾਗਾਤਮਕ ਹੈ। ਸਮੁਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਗੁਰਮਤਿ ਸੰਗੀਤ ਦਾ ਇਕ ਵਿਸਿ਼ਸ਼ਟ ਸੰਗੀਤ ਪ੍ਰਬੰਧ ਉਜਾਗਰ ਹੁੰਦਾ ਹੈ, ਜਿਸ ਆਧਾਰ ‘ਤੇ ਵੱਖ-ਵੱਖ ਗਾਇਨ ਸ਼ੈਲੀਆਂ ਅਤੇ ਰੂਪ ਆਪਣਾ ਨਿਸ਼ਚਿਤ ਵਿਧੀ ਵਿਧਾਨ ਰੱਖਦੇ ਹਨ। ਗੁਰਮਤਿ ਸੰਗੀਤ ਦੇ ਦ੍ਰਿਸ਼ਟੀਕੋਣ ਤੋਂ ਇਨ੍ਹਾਂ ਦਾ ਪ੍ਰਮੁੱਖ ਮਹੱਤਵ ਹੈ।
ਗੁਰਮਤਿ ਸੰਗੀਤ ਦੀਆਂ ਗਾਇਨ ਸ਼ੈਲੀਆਂ ਦਾ ਵਿਸ਼ਾ ਬਾਣੀ ਰੂਪ ਵਿਚ ਵੱਖ-ਵੱਖ ਕਾਵਿ ਰੂਪਾਂ ‘ਤੇ ਆਧਾਰਿਤ ਹੈ। ਇਨ੍ਹਾਂ ਗਾਇਨ ਸ਼ੈਲੀਆਂ ਦਾ ਵਿਧੀ ਵਿਧਾਨ ਨਿਸ਼ਚਿਤ ਕਰਨ ਲਈ ਰਾਗ, ਰਹਾਉ, ਅੰਕ, ਘਰੁ ਅਤੇ ਹੋਰ ਸੰਗੀਤਕ ਤੇ ਕਾਵਿਕ ਸੰਕੇਤ ਦਿਤੇ ਗਏ ਹਨ। ਇਹ ਸੰਕੇਤ ਇਨ੍ਹਾਂ ਸ਼ੈਲੀਆਂ ਦਾ ਗਾਇਨ ਵਿਧਾਨ ਨਿਸ਼ਚਤਿ ਕਰਦੇ ਹਨ, ਜਿਸ ਦੇ ਆਧਾਰ ‘ਤੇ ਕਿਸੇ ਗੁਰਮਤਿ ਸੰਗੀਤ ਦੀ ਗਾਇਨ ਸ਼ੈਲੀ ਦੀ ਪ੍ਰਸਤੁਤੀ ਕੀਤੀ ਜਾਂਦੀ ਹੈ। ਇਨ੍ਹਾਂ ਗਾਇਨ ਸ਼ੈਲੀਆਂ ਦਾ ਪ੍ਰਸਤੁਤੀ ਲਕਸ਼ ਵੀ ਭਿੰਨ ਹੋਣ ਕਾਰਨ ਇਨ੍ਹਾਂ ਦੇ ਗਾਇਨ ਵਿਚ ਵੀ ਅੰਤਰ ਹੈ, ਕਿਉਂਜੋ ਗੁਰਮਤਿ ਸੰਗੀਤ ਦੀਆਂ ਗਾਇਨ ਸ਼ੈਲੀਆਂ ਕੇਵਲ ਕਲਾ ਪ੍ਰਸਤੁਤੀ ਹੀ ਨਹੀ, ਸਗੋਂ ਇਨ੍ਹਾਂ ਦਾ ਲਕਸ਼ ਸਰੋਤੇ ਦੇ ਮਨ ਵਿਚ ਸ਼ਬਦ ਨੂੰ ਵਸਾਉਣਾ/ਬਾਣੀ ਦਾ ਬੋਧ ਕਰਵਾਉਣਾ ਤੇ ਉਸ ਨੂੰ ਉਸਦੇ ਮਨ ਵਿਚ ਸਤਿ ਦਾ ਪ੍ਰਕਾਸ ਕਰਨਾ ਹੈ। ਇਸ ਤਰ੍ਹਾਂ ਇਹ ਗਾਇਨ ਸ਼ੈਲੀਆਂ ਆਪਣੇ ਸਮਾਨਾਂਤਰ ਗਾਇਨ ਰੂਪਾਂ ਤੋਂ ਅਲੱਗ ਅਤੇ ਭਿੰਨ ਹੋ ਜਾਂਦੀਆਂ ਹਨ। ਸਧਾਰਣ ਤੌਰ ‘ਤੇ ਕਿਉਂਜੋ ਇਨ੍ਹਾਂ ਵਿਚ ਵੀ ਸੰਗੀਤ ਦੇ ਉਪਕਰਣ ਅਤੇ ਤੱਤ ਵਿਦਮਾਨ ਹੁੰਦੇ ਹਨ, ਇਸ ਕਰਕੇ ਇਨ੍ਹਾਂ ਦੇ ਰੂਪ ਸਬੰਧੀ ਭੁਲੇਖੇ ਲਾਜ਼ਮੀ ਹਨ। ਇਹ ਰੂਪ ਕਿਉਂਜੋ ਭਾਰਤੀ ਸੰਗੀਤ ਦੇ ਖਜ਼ਾਨੇ ਵਿਚੋਂ ਲੈ ਕੇ ਮੌਲਿਕ ਵਿਧੀ ਦੁਆਰਾ ਤਰਾਸ਼ੇ ਅਤੇ ਸਵਾਰੇ ਗਏ ਹਨ, ਇਸ ਕਰਕੇ ਇਨ੍ਹਾਂ ਦੇ ਮੁਹਾਂਦਰੇ ਵਿਚ ਥੋੜ੍ਹਾ ਬਹੁਤ ਮੇਲ ਸੁਭਾਵਿਕ ਹੈ। ਇਥੇ ਅਸੀਂ ਵਿਸ਼ੇ ਦੀ ਸੀਮਾ ਨੂੰ ਧਿਆਨ ਵਿਚ ਰਖਦਿਆਂ ਹੋਇਆ ਕੇਵਲ ਸ਼ਾਸਤਰੀ ਅੰਗ ਦੀਆਂ ਗਾਇਨ ਸ਼ੈਲੀਆਂ ਬਾਰੇ ਵਿਚਾਰ ਕਰਾਂਗੇ।
ਸ਼ਾਸਤਰੀ ਅੰਗ ਦੀਆਂ ਕੀਰਤਨ ਗਾਇਨ ਸ਼ੈਲੀਆਂ ਉਹ ਗਾਇਨ ਸ਼ੈਲੀਆਂ ਹਨ, ਜਿਨ੍ਹਾਂ ਦੇ ਮੂਲ ਭਾਰਤੀ ਸ਼ਾਸਤਰੀ ਸੰਗੀਤ ਵਿਚ ਪ੍ਰਚੱਲਿਤ ਹਨ ਅਤੇ ਇਨ੍ਹਾਂ ਗਾਇਨ ਸ਼ੈਲੀਆਂ ਨੂੰ ‘ਅੰਗ’ ਰੂਪ ਵਿਚ ਅਪਣਾ ਕੇ ਸਬੰਧਿਤ ਕਾਵਿ ਰੂਪ ਵਿਚ ਬਾਣੀ ਨੂੰ ਗੁਰਮਤਿ ਸੰਗੀਤ ਪ੍ਰਬੰਧ ਦੇ ਅੰਤਰਗਤ ਗਾਇਨ ਕੀਤਾ ਜਾਂਦਾ ਹੈ। ਉਦਾਹਰਣ ਦੇ ਤੌਰ ‘ਤੇ ਪ੍ਰਬੰਧ ਅੰਗ ਤੋਂ ਅਸ਼ਟਪਦੀ, ਧਰੁਪਦ ਤੋਂ ਪਦ ਗਾਇਨ ਅਤੇ ਪ੍ਰਾਚੀਨ ਸਮੇਂ ਪ੍ਰਚੱਲਿਤ ਪੰਚਤਾਲੇਸ਼ਵਰ ਤੋਂ ਪੜਤਾਲ ਗਾਇਨ ਸ਼ੈਲੀਆਂ ਹਨ।
ਅਸ਼ਟਪਦੀ : ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਹੱਤਵਪੂਰਨ ਕਾਵਿ ਰੂਪ ਅਸ਼ਟਪਦੀ ਦਾ ਕਾਵਿਕ ਤੇ ਸੰਗੀਤਕ ਰੂਪ ਸਨਾਤਨੀ ਉੱਚਤਾ ਦਾ ਧਾਰਣੀ ਹੈ। ਅਸ਼ਟਪਦੀ ਸ਼ਬਦ ਤੋਂ ਹੀ ਸਪਸ਼ਟ ਹੈ ਕਿ ਇਹ ਅੱਠ ਪਦਿਆਂ (ਅਸਟ+ਪਦ) ਦਾ ਸੰਗ੍ਰਹਿ ਹੈ। ਅੱਠ ਪਦਾਂ ਦੀ ਰਚਨਾ ਨੂੰ ਅਸ਼ਟਪਦੀ ਕਹਿੰਦੇ ਹਨ। ਇਹ ਸਨਾਤਨੀ ਕਾਵਿ ਦੇ ਅੰਤਰਗਤ ਆਉਣ ਵਾਲਾ ਪ੍ਰਚੱਲਿਤ ਤੇ ਸਥਾਪਿਤ ਕਾਵਿ ਰੂਪ ਹੈ, ਜਿਸ ਵਿਚ ਦਰਸ਼ਨ ਤੇ ਧਰਮ ਦੇ ਵਿਭਿੰਨ ਸਿਧਾਂਤਾਂ ਦਾ ਵਰਣਨ ਹੈ। ਬਾਣੀ ਅੰਦਰ ਅਸ਼ਟਪਦੀ ਅਧੀਨ ਗੰਭੀਰ ਕਿਸਮ ਦੇ ਬੌਧਿਕ ਵਿਚਾਰਾਂ ਦਾ ਪ੍ਰਗਟਾਵਾ ਹੋਇਆ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਣੀ ਦੇ ਗਾਇਨ ਲਈ ਅਸ਼ਟਪਦੀ ਦਾ ਪ੍ਰਯੋਗ ਕੀਤਾ। ਗੁਰਬਾਣੀ ਦੇ ਅੰਤਰਗਤ ਅਸ਼ਟਪਦੀ ਰੂਪ ਅਧੀਨ ਮਨੁੱਖੀ ਜੀਵਨ ਦੇ ਸਾਧਾਰਣ ਕਿਸਮ ਦੇ ਵਿਸਿ਼ਆਂ ਨੂੰ ਮੂਰਤੀਮਾਨ ਕੀਤਾ ਗਿਆ ਹੈ। ਇਸ ਕਾਵਿ ਰੂਪ ਦਾ ਕੋਈ ਖਾਸ ਤੋਲ ਤੁਕਾਂਤ ਨਹੀਂ। ਹਾਂ ਇਸ ਵਿਚ ਅੱਠ ਛੰਦ ਇਕੋ ਪ੍ਰਬੰਧ ਵਿਚ ਲਿਖੇ ਜਾਂਦੇ ਹਨ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, ‘‘ਇਹ ਛੰਦ ਦੀ ਖਾਸ ਜਾਤਿ ਨਹੀਂ ਹੈ। ਜਿਸ ਪ੍ਰਬੰਧ ਵਿਚ ਅੱਠ ਛੰਦ (ਪਦ) ਇਕੱਠੇ ਹੋਣ ਉਸਦੀ ‘ਅਸ਼ਟਪਦੀ’ ਸੰਗਿਆ ਹੈ।’’ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੱਖ ਵੱਖ ਛੰਦਾਂ ਵਿਚ ਅਸ਼ਟਪਦੀਆਂ ਮਿਲਦੀਆਂ ਹਨ।
ਰਾਗ ਗਉੜੀ ਅਧੀਨ ਸੁਖਮਨੀ ਬਾਣੀ ਦੀ ਰਚਨਾ ਚੌਪਈ ਛੰਦ ਵਿਚ ਹੈ :
|
|
|
ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ।
ਕਲਿ ਕਲੇਸ ਤਨ ਮਾਹਿ ਮਿਟਾਵਉ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 262)
ਰਾਗ ਮਲ੍ਹਾਰ ਵਿਚ ਅਸ਼ਟਪਦੀ ‘ਸਾਰ' ਛੰਦ ਵਿਚ ਹੈ :
ਚਕਵੀ ਨੈਨ ਨੀਦ ਨਹਿ ਚਾਹੈ
ਬਿਨੁ ਪਿਰ ਨੀਦ ਨ ਪਾਈ
ਸੂਰੁ ਚਰ੍ਹੈ ਪ੍ਰਿਉ ਦੇਖੈ ਨੈਨੀ
ਨਿਵਿ ਨਿਵਿ ਲਾਗੈ ਪਾਂਈ॥1॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1273)
ਰਾਗ ਮਾਰੂ ਦੀ ਅਸ਼ਟਪਦੀ ‘ਨਿਸ਼ਾਨੀ' ਛੰਦ ਵਿਚ ਹੈ :
ਹੁਕਮੁ ਭਇਆ ਰਹਣਾ ਨਹੀ ਧੁਰਿ ਫਾਟੇ ਚੀਰੈ।
ਏਹੈ ਮਨੁ ਅਵਗਣਿ ਬਾਧਿਆ ਸਹੁ ਦੇਹ ਸਰੀਰੈ।।
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1012)
|
|
|
|
|
|
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਅਸ਼ਟਪਦੀ ਬਾਣੀ ਦੇ ਰੂਪ ਅਧੀਨ ਪਦਿਆਂ ਦੀ ਗਿਣਤੀ ਅੱਠ ਤੋਂ ਵੱਧ ਨੌਂ, ਦਸ, ਗਿਆਰਾਂ ਅਤੇ ਅੱਠ ਤੋਂ ਘਟ ਕੇ ਸੱਤ ਵੀ ਮਿਲਦੀ ਹੈ। ਅਸ਼ਟਪਦੀ ਵਿਚ ਇਨ੍ਹਾਂ ਪਦਿਆਂ ਤੋਂ ਇਲਾਵਾ ਇਨ੍ਹਾਂ ਦੀਆਂ ਤੁਕਾਂ ਵਿਚ ਵੀ ਭਿੰਨਤਾ ਪਾਈ ਜਾਂਦੀ ਹੈ। ਪਦੇ ਵਿਚ ਚਾਰ ਤੁਕਾਂ ਤੋਂ ਬਿਨਾਂ ਤਿੰਨ, ਦੋ ਜਾਂ ਇਕ ਤੁਕ ਵੀ ਦ੍ਰਿਸ਼ਟੀਗੋਚਰ ਹੁੰਦੀ ਹੈ। ਮਾਤ੍ਰਿਕ ਪੱਖ ਤੋਂ ਵੀ ਅਸ਼ਟਪਦੀਆਂ ਵਿਲੱਖਣਤਾ ਦੀਆਂ ਧਾਰਣੀ ਹਨ। ਅਸ਼ਟਪਦੀ ਵਿਚ ਤੁਕਾਂ ਅਤੇ ਮਾਤ੍ਰਾਵਾਂ ਦੀ ਇੰਨੀ ਅਧਿਕ ਭਿੰਨਤਾ ਕਰਕੇ ਹੀ ਕਈ ਅਸ਼ਟਪਦੀਆਂ ਦਾ ਤੋਲ ਬਾਕੀ ਕਾਵਿ ਰੂਪਾਂ ਨਾਲ ਜਾ ਮਿਲਦਾ ਹੈ, ਜਿਵੇਂ ਰਾਗ ਸੂਹੀ ਵਿਚ ਦੂਜੀ ਅਸ਼ਟਪਦੀ ਦੀਆਂ ਤੁਕਾਂ ਦੋਹਰੇ ਦਾ ਰੂਪ ਧਾਰਣ ਕਰਦੀਆਂ ਪ੍ਰਤੀਤ ਹੁੰਦੀਆਂ ਹਨ ਅਤੇ ਅੰਤਲੀਆਂ ਤਿੰਨ ਤੁਕਾਂ ਅੜਿਲ ਦੇ ਰੂਪ ਨਾਲ ਮਿਲਦੀਆਂ ਹਨ। ਰਾਗ ਰਾਮਕਲੀ ਵਿਚ ਅੱਠਵੀਂ ਅਤੇ ਨੌਵੀਂ ਅਸ਼ਟਪਦੀ ਇਕ-ਇਕ ਤੁਕ ਵਿਚ ਸੰਕਲਿਤ ਹੈ, ਪਰ ਤੋਲ ਦਵਈਏ ਨਾਲ ਮਿਲਦਾ ਹੈ।
ਗੁਰੂ ਸਾਹਿਬਾਨ ਤੋਂ ਪੂਰਵ ਅਸ਼ਟਪਦੀ ਦਾ ‘ਪ੍ਰਬੰਧ ਸ਼ੈਲੀ’ ਦੇ ਰੂਪ ਵਿਚ ਪ੍ਰਚਾਰ ਸੀ। ਪ੍ਰਬੰਧ ਇਕ ਵਿਸ਼ੇਸ਼ ਰੂਪ ਵਿਚ ਨਿਯਮਬੱਧ ਰਚਨਾ ਹੈ, ਜਿਸਦੇ ਚਾਰ ਭਾਗ ਉਦਗ੍ਰਾਹ, ਧਰੁਵ, ਮੇਲਾਪਕ ਅਤੇ ਆਭੋਗ ਹਨ। 12ਵੀਂ ਸਦੀ ਦੇ ਪ੍ਰਸਿੱਧ ਭਗਤ ਕਵੀ ਅਤੇ ਮਹਾਨ ਸੰਗੀਤਕਾਰ ਜੈ ਦੇਵ ਦੁਆਰਾ ਰਚਿਤ ‘ਗੀਤ ਗੋਵਿੰਦ’ ਦੀਆਂ ਮਹੱਤਵਪੂਰਨ ਰਚਨਾਵਾਂ ਅਸ਼ਟਪਦੀ ਪ੍ਰਬੰਧ ਗਾਇਨ ਦਾ ਉਤਕ੍ਰਿਸ਼ਟ ਨਮੂਨਾ ਹਨ। ਇਸ ਮਹਾਨ ਰਚਨਾ ‘ਗੀਤ ਗੋਵਿੰਦ’ ਤੋਂ ਪ੍ਰਬੰਧ ਸ਼ੈਲੀ ਦੀ ਪ੍ਰਾਚੀਨਤਾ ਅਤੇ ਮਹਾਨਤਾ ਬਾਰੇ ਪਤਾ ਲਗਦਾ ਹੈ। ‘ਗੀਤ ਗੋਵਿੰਦ’ ਅੱਠ ਪਦਿਆਂ ਦੀਆਂ ਰਚਨਾਵਾਂ (ਅਸ਼ਟਪਦੀਆਂ) ਜਿੱਥੇ ਭਾਰਤੀ ਸਾਹਿਤ ਦੀਆਂ ਮਹੱਤਵਪੂਰਨ ਰਚਨਾਵਾਂ ਹਨ, ਉਥੇ ਭਾਰਤੀ ਸੰਗੀਤ ਵਿਚ ਗਾਇਨ ਸ਼ੈਲੀ ਪੱਖੋਂ ਇਨ੍ਹਾਂ ਦਾ ਵਰਨਣਯੋਗ ਸਥਾਨ ਹੈ।
ਗੁਰੂ ਸਾਹਿਬਾਨ ਦੁਆਰਾ ਰਚਿਤ ਅਸ਼ਟਪਦੀਆਂ ਪ੍ਰਬੰਧ ਗਾਇਨ ਦਾ ੳੱਤਮ ਨਮੂਨਾ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਅਸ਼ਟਪਦੀਆਂ ਪ੍ਰਬੰਧ ਅੰਗ ਤੋਂ ਗਾਇਨ ਕਰਨ ਦੀ ਪਰੰਪਰਾ ਹੈ। ਪਰ ਸਮੇਂ ਦੇ ਅੰਤਰਾਲ ਸਦਕਾ ਪ੍ਰਬੰਧ ਅੰਗ ਤੋਂ ਅਸ਼ਟਪਦੀ ਦੇ ਗਾਇਨ ਦਾ ਪ੍ਰਚਲਨ ਨਹੀਂ ਹੈ, ਪਰ ਇਸਦੀ ਖੋਜ ਦਾ ਸਰੋਤ ਜਾਂ ਸੀਮਾ ਪ੍ਰਾਚੀਨ ਪ੍ਰਬੰਧ ਹੀ ਹੈ।
ਪਦੇ : ਪਦ ਕਾਵਿ ਦਾ ਪੁਰਾਤਨ ਅਤੇ ਪ੍ਰਚੱਲਿਤ ਕਾਵਿ-ਰੂਪ ਹੈ। ਇਸਨੂੰ ਗਾਉਣ ਦੀ ਆਪਣੀ ਪਰੰਪਰਾ ਹੈ। ਸੰਗੀਤ ਭਾਸ਼ਯ ਅਨੁਸਾਰ, ਜਿਨ੍ਹਾਂ ਵਿਸ਼ੇਸ਼ ਅੱਖਰ ਜਾਂ ਵਾਕ ਸਮੂਹਾਂ ਤੋਂ ਕਿਸੇ ਗਤ ਜਾਂ ਗੀਤ ਦਾ ਬੋਧ ਕੀਤਾ ਜਾਂਦਾ ਹੈ, ਉਸ ਸ਼ਬਦਾਵਲੀ ਨੂੰ ਪਦ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਕਵਿਤਾ ਦੇ ਭਿੰਨ ਭਿੰਨ ਚਰਣ ਜਾਂ ਭਾਗਾਂ ਨੂੰ ਵੀ ਸਾਹਿਤ ਵਿਚ ਪਦ ਕਿਹਾ ਜਾਂਦਾ ਹੈ। ਪਦ ਨੂੰ ਰਾਗ ਪਦ, ਰਾਗ ਪ੍ਰਕਾਸ਼ਕ ਪਦ ਅਤੇ ਸਵਰ ਸ਼ਬਦ ਵੀ ਕਿਹਾ ਜਾਂਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਮੂਹ ਗੁਰੂ ਸਾਹਿਬਾਨ ਅਤੇ ਸੰਤਾਂ ਭਗਤਾਂ ਨੇ ਪਦ ਗਾਇਨ ਸ਼ੈਲੀ ਦਾ ਪ੍ਰਯੋਗ ਆਪਣੀ ਬਾਣੀ ਦੇ ਗਾਇਨ ਲਈ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪਦਿਆਂ ਨੂੰ ‘ਸ਼ਬਦ’ ਵੀ ਕਿਹਾ ਜਾਂਦਾ ਹੈ ਅਤੇ ਇਨ੍ਹਾਂ ਦੇ ਗਾਇਨ ਨੂੰ ‘ਸ਼ਬਦ ਗਾਇਨ’ ਦਾ ਨਾਮ ਦਿੱਤਾ ਜਾਂਦਾ ਹੈ। ਪਦੇ ਸਰੋਦੀ ਕਵਿਤਾ ਦਾ ਪ੍ਰਸਿੱਧ ਕਾਵਿ-ਰੂਪ ਮੰਨਿਆ ਜਾਂਦਾ ਹੈ। ਪਦ ਤੋਂ ਭਾਵ ਪੰਕਤੀ ਜਾਂ ਪੰਕਤੀ ਸਮੂਹ ਹੈ। ਪਦਿਆਂ ਦੀਆਂ ਪੰਕਤੀਆਂ ਨੂੰ ਤੁਕਾਂ ਵੀ ਕਿਹਾ ਜਾਂਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ “ਉਹ ਛੰਦ ਜੋ ਕਾਵਯ, ਵਰਣ, ਗਣ ਅਤੇ ਮਾਤ੍ਰਾ ਦੇ ਨਿਯਮ ਵਿਚ ਹੋਵੇ ਉਸਨੂੰ ‘ਪਦ’ ਕਿਹਾ ਜਾਂਦਾ ਹੈ।” ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬੰਦ ਜਾਂ ਤੁਕਾਂ ਦੀ ਸੰਖਿਆ ਦੇ ਆਧਾਰ ‘ਤੇ ਹੀ ਪਦਿਆਂ ਦੇ ਨਾਮ ਸਿਰਲੇਖ ਰੂਪ ਵਿਚ ਅੰਕਿਤ ਹਨ। ਦੋ ਬੰਦਾਂ ਦੇ ਪਦ ਨੂੰ ਦੁਪਦੇ, ਤਿੰਨ ਬੰਦ ਦੇ ਪਦ ਨੂੰ ਤਿਪਦੇ, ਚਾਰ ਬੰਦਾਂ ਦੇ ਪਦੇ ਨੂੰ ਚਉਪਦੇ ਕਿਹਾ ਜਾਂਦਾ ਹੈ। ਇਸ ਤਰ੍ਹਾਂ ਪੰਚਪਦੇ ਤੇ ਛਿਪਦੇ ਆਦਿ ਰਚਨਾਵਾਂ ਵੀ ਹਨ।
|
|
|
|
|
|
ਪਦ ਗਾਇਨ ਨੂੰ ਮੱਧਕਾਲੀਨ ਪਰੰਪਰਾ ਦੇ ਅੰਤਰਗਤ ਧਰੁਪਦ ਅੰਗ ਜਾਂ ਧਰੁਪਦ ਸ਼ੈਲੀ ਵਿਚ ਗਾਏ ਜਾਣ ਦੀ ਰੀਤ ਪ੍ਰਚਾਰ ਵਿਚ ਸੀ। ਧਰੁਪਦ ਸਬੰਧੀ ਇਹ ਕਿਹਾ ਜਾਂਦਾ ਹੈ ਕਿ ਧਰੁਵ ਦਾ ਅਰਥ ‘ਅਚਲ’ ਜਾਂ ‘ਚਿਰ ਸਥਾਈ’ ਹੈ। ਇਨ੍ਹਾਂ ਅਰਥਾਂ ਤੋਂ ਕੇਵਲ ਈਸ਼ਵਰ ਹੀ ਧਰੁਵ ਹੈ ਅਤੇ ਉਸ ਦੇ ਗੁਣ ਕੀਰਤਨ ਸੂਚਕ ਪਦ ਨੂੰ ਧਰੁਪਦ ਕਿਹਾ ਜਾਂਦਾ ਹੈ। ਈਸ਼ਵਰ ਦੀ ਗੁਣ ਗਾਥਾ ਵਿਚ ਧਰੁਪਦ ਦਾ ਵਿਵਹਾਰ ਪ੍ਰਾਚੀਨ ਕਾਲ ਤੋਂ ਹੀ ਹੈ। ਧਰੁਪਦ ਦੇ ਤਾਲਾਂ ਵਿਚ ਵੀ ਗੰਭੀਰਤਾ ਹੈ। ਲਘੂ ਪ੍ਰਕ੍ਰਿਤੀ ਦੇ ਤਾਲ ਧਰੁਪਦ ਵਿਚ ਪ੍ਰਯੋਗ ਨਹੀਂ ਹੁੰਦੇ। ਧਰੁਪਦ /// ਨਰਪਤਿਗਣ /// ਦੇ ਗੁਣ ਕੀਰਤਨ ਦੇ ਰੂਪ ਵਿਚ ਰਚੇ ਗਏ ਹਨ। ਮੱਧਕਾਲੀਨ ਭਾਰਤੀ ਸੰਗੀਤਾਚਾਰੀਆ ਸੁਆਮੀ ਹਰਿਦਾਸ ਅਤੇ ਉਨ੍ਹਾਂ ਦੇ ਸ਼ਿਸ਼ ਤਾਨਸੈਨ, ਬੈਜੂ ਬਾਵਰਾ, ਰਾਮਦਾਸ ਆਦਿ ਨੇ ਧਰੁਪਦ ਸ਼ੈਲੀ ਵਿਚ ਕਈ ਰਚਨਾਵਾਂ ਕੀਤੀਆਂ ਹਨ ਅਤੇ ਇਨ੍ਹਾਂ ਨੇ ਆਪੋ ਆਪਣੇ ਗਾਇਨ ਦੁਆਰਾ ਇਸਦਾ ਖੂਬ ਪ੍ਰਚਾਰ ਕੀਤਾ। ਸੰਤ ਕਵੀਆਂ ਵਿਚੋਂ ਭਗਤ ਕਬੀਰ, ਸੂਰਦਾਸ ਆਦਿ ਦੁਆਰਾ ਰਚਿਤ ਪਦੇ ਵੀ ਧਰੁਪਦ ਗਾਇਨ ਸ਼ੈਲੀ ਦੇ ਉੱਤਮ ਨਮੂਨੇ ਹਨ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪਦ ਸ਼ੈਲੀ ਦਾ ਗਾਇਨ ਭਾਰਤੀ ਸੰਗੀਤ ਤੋਂ ਭਿੰਨ ਹੈ। ਇਹ ਗੁਰਮਤਿ ਸੰਗੀਤ ਪ੍ਰਬੰਧ ਅੰਤਰਗਤ ਸੰਕੇਤਕ ਨਿਯਮ (ਰਾਗ, ਰਹਾਉ, ਅੰਕੁ, ਘਰੁ ਆਦਿ) ਦੇ ਧਾਰਣੀ ਹਨ, ਜੋ ਇਨ੍ਹਾਂ ਦੇ ਗਾਇਨ ਲਈ ਵਿਵਹਾਰਕ ਰੂਪ ਵਿਚ ਸਹਾਈ ਹੁੰਦੇ ਹਨ। ਪਦੇ ਅਧੀਨ ਰਹਾਉ ਦੀ ਤੁਕ, ਜਿਸ ਵਿਚ ਸ਼ਬਦ ਦਾ ਕੇਂਦਰੀ ਭਾਵ ਮੌਜੂਦ ਹੁੰਦਾ ਹੈ ਤੇ ਧਰੁਪਦ ਸ਼ੈਲੀ ਵਿਚ ਇਸਨੂੰ ‘ਧਰੁਵ’ ਦਾ ਨਾਮ ਦਿੱਤਾ ਗਿਆ ਹੈ, ਨੂੰ ਸ਼ਬਦ ਵਿਚ ਕੇਂਦਰ ਮੰਨ ਕੇ ਬਾਰ-ਬਾਰ ਗਾਉਣ ਦੀ ਪਰੰਪਰਾ ਹੈ। ਸ਼ਬਦ ਦੀਆਂ ਤੁਕਾਂ ਦੇ ਅੰਤ ‘ਤੇ 1,2,3 ਦੇ ਰੂਪ ਵਿਚ ਅੰਕ ਦਰਜ ਹਨ, ਜੋ ਅੰਤਰਿਆਂ ਦੀ ਸੀਮਾ ਦਰਸਾਉਂਦੇ ਹਨ, ਤਾਂ ਜੋ ਬਾਣੀ ਪ੍ਰਬੰਧ ਅਨੁਸਾਰ ਸਥਾਈ ਜਾਂ ਰਹਾਉ ਦੀ ਤੁਕ ਦਾ ਬਾਰ-ਬਾਰ ਗਾਇਨ ਹੋ ਸਕੇ। ਇਸੇ ਤਰ੍ਹਾਂ ਅੰਕ ਸ਼ਬਦ ਰਚਨਾ ਦੇ ਅੰਤਰਾ, ਸੰਚਾਰੀ, ਆਭੋਗ ਵਰਗੇ ਵਿਭਿੰਨ ਧਰੁਪਦ ਨਿਯਮਾਂ ਅਨੁਸਾਰ ਕਾਰਜਸ਼ੀਲ ਰਹਿੰਦੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਾਣੀ ਦੀ ਪ੍ਰਧਾਨਤਾ ਅਤੇ ਬਾਣੀ ਦੇ ਨਿਵੇਕਲੇ ਸੰਗੀਤ ਪ੍ਰਬੰਧ ਕਰਕੇ ਧਰੁਪਦ ਗਾਇਨ ਦੇ ਇਨ੍ਹਾਂ ਸ਼ਾਸਤਰੀ ਨਿਯਮਾਂ ਤੋਂ ਖੁਲ੍ਹ ਵੀ ਲੈ ਲਈ ਜਾਂਦੀ ਹੈ। ਉਦਾਹਰਣ ਦੇ ਤੌਰ ‘ਤੇ ਦੁਪਦੇ, ਤਿਪਦੇ ਆਦਿ ਵਿਚ ਧਰੁਪਦ ਦੇ ਸਾਰੇ ਅੰਗ ਨਹੀਂ ਹਨ, ਪਰ ਇਨ੍ਹਾਂ ਦਾ ਗਾਇਨ ਧਰੁਪਦ ਦੇ ਅੰਗ ਤੋਂ ਹੀ ਕੀਤਾ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਪਦ ਗਾਇਨ ਸ਼ੈਲੀ ਦਾ ਪ੍ਰਯੋਗ ਕੀਤਾ ਗਿਆ ਹੈ। ਇਸ ਦੇ ਪਦ ਸ਼ੈਲੀ ਨੂੰ ਗੁਰਮਤਿ ਸੰਗੀਤ ਦੀ ਪ੍ਰਧਾਨ ਸ਼ੈਲੀ ਕਿਹਾ ਜਾ ਸਕਦਾ ਹੈ। ਗੁਰਬਾਣੀ ਦੀਆਂ ਵਿਭਿੰਨ ਪਦ ਰਚਨਾਵਾਂ ਨੂੰ ਧਰੁਪਦ ਅੰਗ ਤੋਂ ਗਾਏ ਜਾਣ ਦੀ ਪਰੰਪਰਾ ਬਾਣੀ ਪ੍ਰਬੰਧ ਦੀ ਵਿਸ਼ਿਸ਼ਟਤਾ ਹੈ।
|
|
|
ਹੋਲੀ : ਗੁਰਮਤਿ ਸੰਗੀਤ ਵਿਚ ਹੋਲੀ ਨਾਲ ਸੰਬੰਧਿਤ ਸ਼ਬਦਾਂ ਨੂੰ ਭਾਰਤੀ ਸੰਗੀਤ ਵਿਚ ਪ੍ਰਚਲਿਤ ਧਮਾਰ ਸ਼ੈਲੀ ਤੋਂ ਗਾਇਨ ਕਰਨ ਦੀ ਪਰੰਪਰਾ ਹੈ। ਧਮਾਰ ਤਾਲ ਵਿਚ ਇਸਦਾ ਗਾਇਨ ਕਰਨ ਤੇ ਇਸਨੂੰ ਧਮਾਰ ਸ਼ੈਲੀ ਕਿਹਾ ਜਾਂਦਾ ਹੈ। ਧਮਾਰ ਸ਼ੈਲੀ ਸ਼ਿੰਗਾਰ ਰਸ ਪ੍ਰਧਾਨ ਹੈ। ਭਾਰਤੀ ਸੰਗੀਤ ਵਿਚ ਧਮਾਰ ਗੀਤਾਂ ਵਿਚ ਕ੍ਰਿਸ਼ਨ ਅਤੇ ਗੋਪੀਆਂ ਦੀਆਂ ਹੋਲੀ ਲੀਲਾਵਾਂ ਦਾ ਵਰਨਣ ਹੋਣ ਕਾਰਨ ਇਸਨੂੰ `ਹੋਲੀ ਦਾ ਗੀਤ` ਵੀ ਕਹਿੰਦੇ ਹਨ। ਇਸ ਦੇ ਦੋ ਭਾਗ ਸਥਾਈ, ਅੰਤਰਾ ਹੁੰਦੇ ਹਨ ਜਿਸ ਨੂੰ ਵਿਭਿੰਨ ਲੈਅਕਾਰੀਆਂ, ਬੋਲਤਾਨਾਂ ਆਦਿ ਨਾਲ ਸਜਾਇਆ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਦਰਜ ਹੋਲੀ ਦੇ ਸ਼ਬਦਾਂ ਵਿਚ ਰਹਾਉ ਦਾ ਪ੍ਰਯੋਗ ਕਰਕੇ ਇਸ ਨੂੰ ਸਥਾਈ ਅੰਤਰੇ ਵਿਚ ਵਿਭਾਜਿਤ ਕੀਤਾ ਗਿਆ ਹੈ। ਇਸ ਵਿਚ ਰਹਾਉ ਦੀ ਤੁਕ ਤੋਂ ਇਲਾਵਾ ਬਾਕੀ ਸਾਰੀਆਂ ਤੁਕਾਂ ਅੰਤਰੇ ਦੀਆਂ ਹੁੰਦੀਆਂ ਹਨ। ਇਸ ਦੇ ਹਰ ਅੰਤਰੇ ਦੀ ਤੁਕ ਤੋਂ ਬਾਅਦ ਰਹਾਉ (ਸਥਾਈ) ਦੀ ਤੁਕ ਦਾ ਗਾਇਨ ਕੀਤਾ ਜਾਂਦਾ ਹੈ। ਗੁਰਬਾਣੀ ਵਿਚ ਹੋਲੀ ਦੇ ਸ਼ਬਦਾਂ ਨੂੰ ਗੁਰਮਤਿ ਸੰਗੀਤ ਪ੍ਰਬੰਧ ਅਨੁਸਾਰ ਧਮਾਰ ਅੰਗ ਤੋਂ ਗਾਇਨ ਕਰਨ ਦੀ ਪਰੰਪਰਾ ਹੈ।
ਪੜਤਾਲ : ਪੜਤਾਲ ਗੁਰਮਤਿ ਸੰਗੀਤ ਦਾ ਇਕ ਵਿਸ਼ਿਸ਼ਟ ਅਤੇ ਅਪ੍ਰਸਿੱਧ ਕਾਵਿ ਰੂਪ ਹੈ, ਜੋ ਸੰਗੀਤ ਵਿਚ ਗਾਇਨ ਪੱਖੋਂ ਵੀ ਬਾਕੀ ਸ਼ੈਲੀਆਂ ਨਾਲੋਂ ਨਿਵੇਕਲਾ ਅਤੇ ਮਹੱਤਵਪੂਰਨ ਸਥਾਨ ਰਖਦk ਹੈ। ਵਰਤਮਾਨ ਸਮੇਂ ਪੜਤਾਲ ਸ਼ੈਲੀ ਦਾ ਭਾਰਤੀ ਸੰਗੀਤ ਵਿਚ ਪ੍ਰਚਲਨ ਨਹੀਂ ਹੈ, ਪਰ ਪੁਰਾਤਨ ਭਾਰਤੀ ਸੰਗੀਤ ਗ੍ਰੰਥਾਂ ਵਿਚ `ਪੰਚਤਾਲੇਸ਼ਵਰ` ਨਾਮਕ ਗਾਇਨ ਸ਼ੈਲੀ ਨਾਲ ਇਸਦਾ ਅਸਿੱਧੇ ਤੌਰ `ਤੇ ਸਬੰਧ ਜੋੜਿਆ ਜਾਂਦਾ ਹੈ। ਗੁਰਮਤਿ ਸੰਗੀਤ ਦੇ ਆਧਾਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਿੰਨ ਭਿੰਨ ਰਾਗਾਂ ਅਧੀਨ ਸ੍ਰੀ ਗੁਰੂ ਰਾਮਦਾਸ ਜੀ ਦੀਆਂ 19 ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ 36 ਪੜਤਾਲਾਂ ਦਰਜ ਹਨ।
ਪੜਤਾਲ ਸ਼ਬਦ ਦੀ ਰਚਨਾ ਪੜ+ਤਾਲ ਸ਼ਬਦਾਂ ਦੇ ਮੇਲ ਤੋਂ ਹੋਈ ਹੈ। ਇਸ ਦੇ ਸ਼ਾਬਦਿਕ ਅਰਥਾਂ ਨੂੰ ਵੇਖਿਆ ਜਾਏ ਤਾਂ ਪੜਤਾਲ ਤੋਂ ਭਾਵ ਸ਼ਬਦ ਦਾ ਪਾਠ ਤਾਲ ਦੇ ਅਧਾਰ `ਤੇ ਕੀਤੇ ਜਾਣ ਤੋਂ ਹੈ। ਪੜਤਾਲ ਨੂੰ ਪੱਟ ਤਾਲ, ਪਰਤ ਤਾਲ, ਪੰਚਤਾਲ ਆਦਿ ਨਾਵਾਂ ਨਾਲ ਸੰਬੋਧਿਤ ਕੀਤਾ ਜਾਂਦਾ ਹੈ। ਇਕ ਸ਼ਬਦ ਜਾਂ ਪਦ ਵੱਖ-ਵੱਖ ਤਾਲਾਂ ਵਿਚ ਗਾਉਣ ਨੂੰ `ਪੜਤਾਲ` ਕਿਹਾ ਜਾਂਦਾ ਹੈ। ਜਿਵੇਂ ਇਕੋ ਬੰਦਿਸ਼ ਵਿਚ ਵੱਖ-ਵੱਖ ਰਾਗਾਂ ਦੇ ਪ੍ਰਯੋਗ ਨੂੰ ਰਾਗ ਸਾਗਰ ਜਾਂ ਰਾਗ ਮਾਲਾ ਕਹਿੰਦੇ ਹਨ ਉਵੇਂ ਹੀ ਇਕੋ ਬੰਦਿਸ਼ ਵਿਚ ਵੱਖ-ਵੱਖ ਤਾਲਾਂ ਦੇ ਅੰਤਰਗਤ ਗਾਉਣਾ `ਪੜਤਾਲ` ਹੈ। ਗੁਰਮਤਿ ਸੰਗੀਤ ਦੀਆਂ ਬਾਕੀ ਵਿਸ਼ਿਸ਼ਟ ਗਾਇਨ ਸ਼ੈਲੀਆਂ ਦੀ ਤਰ੍ਹਾਂ ਇਹ ਅਦੁੱਤੀ ਗਾਇਨ ਸ਼ੈਲੀ ਪੜਤਾਲ ਦਾ ਵੀ ਸਰੂਪ ਸਮੇਂ ਦੇ ਕਾਲ ਚੱਕਰ ਵਿਚ ਅਪ੍ਰਚੱਲਿਤ ਹੋ ਗਿਆ। ਸੋ ਇਸ ਸ਼ੈਲੀ ਦੇ ਤਾਲਾਂ ਸਬੰਧੀ ਵਿਦਵਾਨਾਂ ਵਿਚ ਕਈ ਮੱਤਭੇਦ ਹੋ ਗਏ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ `ਇਹ ਛੰਦ ਜਾਤਿ ਨਹੀਂ, ਕਿੰਤੂ ਚਾਰ ਤਾਲ ਦਾ ਭੇਦ ਪੱਟਤਾਲ ਹੈ, ਭਾਵੇਂ ਉਹ ਕਿਸੀ ਵੀ ਧਾਰਣਾ ਦੇ ਹੋਣ`। ਪਰ ਪੜਤਾਲ ਨੂੰ ਚਾਰਤਾਲ ਦਾ ਭੇਦ ਪੱਟਤਾਲ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਪੜਤਾਲ ਦੇ ਸਬੰਧ ਵਿਚ ਤਿੰਨ ਪ੍ਰਕਾਰ ਦੇ ਸਿਰਲੇਖ ਅੰਕਿਤ ਹਨ :
|
|
|
- ਕਾਨੜਾ ਮਹਲਾ 4 ਪੜਤਾਲ ਘਰੁ 5
- ਪ੍ਰਭਾਤੀ ਮਹਲਾ 5 ਬਿਭਾਸ ਪੜਤਾਲ
- ਸਾਰੰਗ ਮਹਲਾ 4 ਘਰੁ 5 ਦੁਪਦੇ ਪੜਤਾਲ
|
|
|
ਉਪਰੋਕਤ ਸਿਰਲੇਖਾਂ ਤੋਂ ਸਪਸ਼ਟ ਹੈ ਕਿ ਰਾਗ, ਮਹਲਾ, ਘਰੁ, ਕਾਵਿ-ਰੂਪ ਅਤੇ ਪੜਤਾਲ ਵੱਖੋ ਵੱਖਰੇ ਸੰਕੇਤ ਹਨ। ਪੜਤਾਲ ਨੂੰ ਜੇਕਰ ਚਾਰਤਾਲ ਦਾ ਭੇਦ ਪੱਟਤਾਲ ਮੰਨ ਲਈਏ ਤਾਂ ਘਰੁ ਸਬੰਧੀ ਪ੍ਰਚੱਲਿਤ ਮੱਤ ਮੂਲੋਂ ਹੀ ਗਲਤ ਸਿੱਧ ਹੋ ਜਾਂਦਾ ਹੈ। ਇਥੇ ਹੀ ਬਸ ਨਹੀਂ ਘਰੁ 15, 13, 5 ਆਦਿ ਪ੍ਰਯੋਗ ਕੀਤੇ ਗਏ ਹਨ ਜੋ ਇਸ ਗੱਲ ਦਾ ਸੰਕੇਤ ਹਨ ਕਿ ਪੜਤਾਲ ਕੇਵਲ ਕਿਸੇ ਇਕ ਤਾਲ ਦਾ ਸੰਕੇਤ ਨਹੀਂ। ਪ੍ਰਾਚੀਨ ਕੀਰਤਨੀਆਂ ਅਨੁਸਾਰ ਪੜਤਾਲ ਨੂੰ ਵੱਖ-ਵੱਖ ਪੰਚ ਤਾਲਾਂ ਦੇ ਅੰਤਰਗਤ ਗਾਇਨ ਕਰਨਾ ਹੈ। ਕੁਝ ਰਾਗੀ ਇਹ ਵਿਚਾਰ ਵੀ ਮੰਨਦੇ ਹਨ ਕਿ ਪੜਤਾਲ ਦਾ ਆਰੰਭ ਪੰਜਤਾਲ ਦੀ ਸਵਾਰੀ ਤੋਂ ਹੀ ਕਰਨਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਨੂੰ ਛੱਡ ਕੇ ਸਰਬ-ਪ੍ਰਵਾਣਿਤ ਵਿਚਾਰ ਅਨੁਸਾਰ ਇਸ ਸ਼ੈਲੀ ਵਿਚ ਤਾਲਾਂ ਦਾ ਪਰਤਾਵ ਅਤੇ ਤਾਲਾਂ ਦੀ ਗਿਣਤੀ ਪੰਜ ਹੋਣੀ ਚਾਹੀਦੀ ਹੈ। ਪੜਤਾਲ ਸ਼ੈਲੀ ਦੇ ਸਬੰਧ ਵਿਚ ਉਪਰੋਕਤ ਚਰਚਾ ਤੋਂ ਨਿਮਲਿਖਤ ਚਿੰਨ੍ਹ ਉਪਲਬਧ ਹੁੰਦੇ ਹਨ।
- ਪੜਤਾਲ ਤੋਂ ਭਾਵ, ਉਹ ਸ਼ਬਦ ਰਚਨਾ ਜਿਸ ਵਿਚ ਤਾਲਾਂ ਨੂੰ ਬਦਲ ਕੇ ਪ੍ਰਯੋਗ ਕੀਤਾ ਜਾਂਦਾ ਹੈ।
- ਪੜਤਾਲ ਅਧੀਨ ਸ਼ਬਦ ਦੀ ਸਥਾਈ ਦੀ ਤੁੱਕ ਲਈ ਇਕ ਤਾਲ ਹੀ ਰਹਿੰਦਾ ਹੈ ਪਰ ਅੰਤਰੇ ਦੀਆਂ ਤੁਕਾਂ ਦੇ ਗਾਇਨ ਲਈ ਵੱਖ-ਵੱਖ ਪੰਜ ਤਾਲਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ।
- ਭਾਰਤੀ ਸੰਗੀਤ ਵਿਚ ਪੜਤਾਲ ਗਾਇਕੀ ਦਾ ਪ੍ਰਚਲਨ ਨਹੀਂ ਹੈ।
ਪੜਤਾਲ ਵਿਚ ਵਰਤੇ ਜਾਂਦੇ ਸ਼ਬਦਾਂ ਦੀ ਲੈਆਤਮਿਕਤਾ, ਵਿਭਿੰਨ ਤਾਲਾਂ ਦੇ ਪ੍ਰਯੋਗ ਤੋਂ ਇਹ ਦੇਖਣਾ ਵੀ ਜ਼ਰੂਰੀ ਹੈ ਕਿ ਭਾਰਤੀ ਛੰਦ ਵਿਧਾਨ ਅਨੁਸਾਰ ਪੜਤਾਲ ਕਿਸ ਛੰਦ ਨਾਲ ਸਮਾਨਤਾ ਰੱਖਦੀ ਹੈ। ਭਾਰਤੀ ਕਾਵਿ ਸ਼ਾਸਤਰ ਅਨੁਸਾਰ ਸੰਗੀਤ ਛੰਦ ਅਜਿਹਾ ਛੰਦ ਹੈ, ਜਿਸ ਵਿਚ ਵਾਦਯ ਸੰਗੀਤ ਅਥਵਾ ਮ੍ਰਿਦੰਗ ਦੇ ਬੋਲ ਆਉਂਦੇ ਹਨ ਅਤੇ ਜਿਨ੍ਹਾਂ ਦਾ ਪਾਠ ਲੈਅ, ਤਾਲ ਦਾ ਧਿਆਨ ਰੱਖ ਕੇ ਕੀਤਾ ਜਾਂਦਾ ਹੈ। ਦਸਮ ਗ੍ਰੰਥ ਵਿਚ ਵੀ ਇਹ ਛੰਦ ਪ੍ਰਯੋਗ ਕੀਤਾ ਗਿਆ ਹੈ, ਜਿਸ ਦੇ ਸਾਧਾਰਣ ਪਾਠ ਕਰਨ ਤੇ ਹੀ ਪਤਾ ਚਲਦਾ ਹੈ ਕਿ ਇਸ ਵਿਚ ਵਰਤੇ ਗਏ ਸ਼ਬਦ ਤਾਲ ਅਤੇ ਮ੍ਰਿਦੰਗ ਦੇ ਬੋਲਾਂ ਅਨੁਸਾਰ ਹਨ। ਪੜਤਾਲ ਰਚਨਾ ਦੇ ਸ਼ਬਦਾਂ ਦੀ ਲੈਅ ਵੀ ਭਿੰਨ-ਭਿੰਨ ਤਾਲਾਂ ਦੇ ਅਨੁਰੂਪ ਹੈ। ਭਾਰਤੀ ਸੰਗੀਤ ਕੋਸ਼ ਵਿਚ ਦਰਜ `ਪੜਾਲ` ਨਾਮਕ ਤਕਨੀਕੀ ਸ਼ਬਦ ਦੀ ਪਰਿਭਾਸ਼ਾ ਅਨੁਸਾਰ, ਮ੍ਰਿਦੰਗ ਦੇ ਬੋਲਾਂ ਦੇ ਵਿਭਿੰਨ ਸ਼ਬਦ ਜਾਂ ਵਾਦਯ ਜਿਸ ਰੂਪ ਵਿਚ ਹੱਥਾਂ ਦੁਆਰਾ ਕੱਢੇ ਜਾਂਦੇ ਹਨ, ਉਸ ਨੂੰ `ਪੜਾਲ` ਕਿਹਾ ਜਾਂਦਾ ਹੈ। ਦੂਸਰੇ ਅਰਥਾਂ ਅਨੁਸਾਰ ਕਿਸੇ ਵੀ ਸ਼ਲੋਕ ਦੀ ਬਾਣੀ ਦੇ ਛੰਦ ਦੇ ਅਨੁਰੂਪ ਅਵਨਧ ਵਾਦਯ ਉਤੇ ਵਾਦਨ ਉਪਯੋਗੀ ਬੋਲਾਂ ਨੂੰ ਸ਼ਬਦ ਬਾਣੀ ਦਾ `ਪੜਾਲ` ਕਿਹਾ ਜਾਂਦਾ ਹੈ। ਇਸ ਪਰਿਭਾਸ਼ਾ ਤੋਂ ਪਤਾ ਲਗਦਾ ਹੈ ਕਿ ਮ੍ਰਿਦੰਗ ਆਦਿ ਦੇ ਬੋਲਾਂ ਦੇ ਧਾਰਣੀ ਕਾਵਿ ਬੋਲਾਂ ਵਿਚ ਰਚਨਾ ਨੂੰ `ਪੜਤਾਲ` ਕਿਹਾ ਜਾਂਦਾ ਹੈ। ਪੜਤਾਲ ਵਿਚ ਤਾਲ ਦਾ ਬਾਰ-ਬਾਰ ਪਰਤਾਵ ਵੀ ਇਸੇ ਲੈਆਤਮਿਕਤਾ ਦੀ ਵਿਭਿੰਨਤਾ ਉਪਰ ਆਧਾਰਿਤ ਹੈ।
ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਅੰਤਰੇ ਦੀਆਂ ਵੱਖ-ਵੱਖ ਤੁਕਾਂ ਦੇ ਗਾਇਨ ਲਈ ਵਰਤੇ ਜਾਣ ਵਾਲੇ ਤਾਲਾਂ ਦੀ ਲੈਅ ਸਥਾਈ ਦੀ ਤੁਕ ਲਈ ਪ੍ਰਯੋਗ ਕੀਤੇ ਗਏ ਤਾਲ ਦੀ ਮਾਤ੍ਰਾਵਾਂ ਦੇ ਸਮਾਨ ਹੋਵੇ। ਅੰਤਰੇ ਦੀਆਂ ਇਹ ਤੁਕਾਂ ਸਬੰਧਿਤ ਤਾਲ ਦੇ ਇਕ, ਦੋ ਜਾਂ ਵਧੀਕ ਆਵਰਤਨਾਂ ਦੀਆਂ ਵੀ ਹੋ ਸਕਦੀਆਂ ਹਨ। ਕੁਝ ਰਾਗੀ ਸਿੰਘ ਪੜਤਾਲ ਦਾ ਗਾਇਨ ਪੰਜ ਤਾਲਾਂ ਵਿਚ ਮੰਨਦੇ ਹਨ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਪੜਤਾਲਾਂ ਦੇ ਅੰਤਰੇ ਦੀਆਂ ਤੁਕਾਂ ਦੋ ਜਾਂ ਤਿੰਨ ਵੀ ਮਿਲਦੀਆਂ ਹਨ। ਉਦਾਹਰਣ ਦੇ ਤੌਰ `ਤੇ ਰਾਗ ਮਲ੍ਹਾਰ ਅਧੀਨ ਪੜਤਾਲ ਵਿਚ "ਘਨੁ ਗਰਜਤ ਗੋਬਿੰਦ ਰੂਪ" ਅੰਤਰੇ ਦੀਆਂ ਦੋ ਤੁਕਾਂ ਹੀ ਹਨ। ਇਸ ਲਈ ਹਰ ਪੜਤਾਲ ਵਿਚ ਪੰਜ ਤਾਲਾਂ ਦਾ ਪ੍ਰਯੋਗ ਨਹੀਂ ਹੋ ਸਕਦਾ।
|
|
|
ਪੜਤਾਲ ਸ਼ੈਲੀ ਦੀ ਲੈਆਤਮਿਕਤਾ, ਵਿਭਿੰਨ ਤਾਲਾਂ ਦੇ ਪ੍ਰਯੋਗ ਤੋਂ ਇਸ ਵਿਚ ਕਲਾਤਮਕ ਪੱਖ ਭਾਰੂ ਦ੍ਰਿਸ਼ਟੀਗੋਚਰ ਹੁੰਦਾ ਹੈ ਪਰ ਇਸ ਤਰ੍ਹਾਂ ਨਹੀਂ ਹੈ। ਪੜਤਾਲ ਇਕ ਕਠਿਨ ਗਾਇਨ ਸ਼ੈਲੀ ਹੈ। ਪੜਤਾਲ ਦੇ ਗਾਇਨ ਲਈ ਗਾਇਕ ਨੂੰ ਜਿਥੇ ਜ਼ਿਆਦਾ ਅਭਿਆਸ ਦੀ ਜ਼ਰੂਰਤ ਹੈ ਉਥੇ ਧਰੁਪਦ, ਧਮਾਰ ਅਤੇ ਹੋਰ ਗਾਇਨ ਸ਼ੈਲੀਆਂ ਦਾ ਵੀ ਪੂਰਨ ਗਿਆਨ ਜ਼ਰੂਰੀ ਹੈ, ਕਿਉੇਂ ਜੋ ਇਸ ਵਿਚਲੀ ਗਾਇਕੀ ਦੀਆਂ ਭਿੰਨ-ਭਿੰਨ ਪਰਤਾਂ ਵਿਚ ਇਨ੍ਹਾਂ ਗਾਇਨ ਸ਼ੈਲੀਆਂ ਦੇ ਰੰਗ ਨਜ਼ਰ ਆਉਂਦੇ ਹਨ। ਰਿਆਜ਼ ਨਾਲ ਤਾਲਾਂ ਦਾ ਬਦਲਾਵ ਸਹਿਜੇ ਰੂਪ ਵਿਚ ਹੋ ਸਕਦਾ ਹੈ ਅਤੇ ਗੁਰਮਤਿ ਸੰਗੀਤ ਅਨੁਸਾਰ ਸ਼ਬਦ ਪ੍ਰਧਾਨ ਗਾਇਕੀ ਦੇ ਲਕਸ਼ ਦੀ ਪ੍ਰਾਪਤੀ ਹੋ ਸਕਦੀ ਹੈ।
ਪੜਤਾਲ ਸ਼ੈਲੀ ਵਿਚ ਵਿਭਿੰਨ ਤਾਲਾਂ ਦੇ ਪ੍ਰਯੋਗ ਹੋਣ ਦੇ ਬਾਵਜੂਦ ਰਾਗ ਇਕ ਹੀ ਰਹਿੰਦਾ ਹੈ। ਪੜਤਾਲ ਦਾ ਗਾਇਨ ਕਰਨ ਲਈ ਬਾਕੀ ਸ਼ੈਲੀਆਂ ਦੀ ਤਰ੍ਹਾਂ ਰਹਾਉ ਦੀ ਤੁਕ ਨੂੰ ਸਥਾਈ ਦੇ ਰੂਪ ਵਿਚ ਕਿਸੇ ਇਕ ਤਾਲ ਦੇ ਅੰਤਰਗਤ ਰੱਖਿਆ ਜਾਂਦਾ ਹੈ। ਅੰਤਰੇ ਦੀ ਤੁਕ ਨੂੰ ਵਿਭਿੰਨ ਤਾਲਾਂ ਅਧੀਨ ਗਾਇਨ ਕਰਨ ਉਪਰੰਤ ਫਿਰ ਸਥਾਈ ਤਾਲ ਵਿਚ ਪਰਤਿਆ ਜਾਂਦਾ ਹੈ। ਅੰਤਰੇ ਦੀ ਤੁਕ ਪਿਛੋਂ ਤਾਲ ਨਾਲ ਤਿਹਾਈ ਲਗਾ ਕੇ ਸਥਾਈ ਦੀ ਤੁਕ ਦਾ ਗਾਇਨ ਕੀਤਾ ਜਾਂਦਾ ਹੈ। ਜੇ ਤਿਹਾਈ ਨਾ ਹੋਵੇ ਤਾਂ ਦੁਹਰਾਉ ਕਰਕੇ ਜਾਂ ਤਾਨ ਨਾਲ ਮੁਕਾ ਕੀਤਾ ਜਾਂਦਾ ਹੈ। ਇਸ ਤੋਂ ਬਿਨ੍ਹਾਂ ਸਾਧਾਰਣ ਰੂਪ ਵਿਚ ਸਮ ਤੋਂ ਸਥਾਈ ਵਿਚ ਪ੍ਰਵੇਸ਼ ਕੀਤਾ ਜਾਂਦਾ ਹੈ।
ਉਪਰੋਕਤ ਵਿਸ਼ਲੇਸ਼ਣ ਤੋਂ ਪੜਤਾਲ ਗਾਇਨ ਦੀ ਨਿਵੇਕਲੇ ਸਰੂਪ ਦਾ ਆਭਾਸ ਸਹਿਜੇ ਹੀ ਹੋ ਜਾਂਦਾ ਹੈ। ਇਸ ਤਰ੍ਹਾਂ ਪੜਤਾਲ ਗਾਇਕੀ ਜਿਥੇ ਕਲਾਤਮਕ ਉੱਚਤਾ ਦੀ ਧਾਰਣੀ ਹੈ ਉਥੇ ਇਹ ਭਰਪੂਰ ਰਿਆਜ਼, ਅਮੀਰ ਆਵਾਜ਼ ਅਤੇ ਸੰਗੀਤ ਦਾ ਉੱਤਮ ਗਿਆਨ ਚਾਹੁੰਦੀ ਹੈ। ਗੁਰਮਤਿ ਸੰਗੀਤ ਦਾ ਇਹ ਗਾਇਨ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਗਾਇਨ ਮੁਖੀ ਸੁਭਾਉ ਨੂੰ ਪੂਰਨ ਰੂਪ ਵਿਚ ਉਜਾਗਰ ਕਰਦਾ ਹੈ ਅਤੇ ਇਸ ਨੂੰ ਸਿੱਧੇ ਤੌਰ `ਤੇ ਸੰਗੀਤ ਨਾਲ ਜੋੜਦਾ ਹੈ। ਜਿਹੜਾ ਸੰਗੀਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਰਸ਼ਨ ਗੁਰਮਤਿ ਦਾ ਅਨੁਸਾਰੀ ਹੈ, ਉਹ ਗੁਰਮਤਿ ਸੰਗੀਤ ਹੈ। ਵਰਤਮਾਨ ਸਮੇਂ ਇਸ ਗਾਇਕੀ ਦੀ ਸੁਰੱਖਿਆ ਸੰਭਾਲ ਅਤੇ ਪ੍ਰਚਾਰ ਇਸ ਪਰੰਪਰਾ ਦੇ ਵਿਰਸੇ ਨੂੰ ਮੁੜ ਸੁਰਜੀਤ ਕਰਨ ਦਾ ਵਿਸ਼ੇਸ਼ ਤੌਰ `ਤੇ ਲੋੜੀਂਦਾ ਯਤਨ ਹੋਵੇਗਾ।
ਗੁਰਮਤਿ ਸੰਗੀਤ ਵਿਚ ਇਸ ਪਰੰਪਰਾ ਦੇ ਸੰਸਥਾਪਕ ਅਤੇ ਪ੍ਰਚਾਰਕਾਂ ਨੇ ਗੁਰਮਤਿ ਸੰਗੀਤ ਦੀਆਂ ਸ਼ੈਲੀਆਂ ਨੂੰ ਸ਼ਾਸਤਰੀ ਆਧਾਰ ਪ੍ਰਦਾਨ ਕਰਵਾਇਆ ਹੈ। ਇਹ ਸ਼ਾਸਤਰੀ ਆਧਾਰ ਭਾਰਤੀ ਸ਼ਾਸਤਰੀ ਸੰਗੀਤ ਦੇ ਉਨ੍ਹਾਂ ਨਿਯਮਾਂ ਤੇ ਸਿਧਾਂਤਾਂ ਦੀ ਸਹਾਇਤਾ ਨਾਲ ਉਤਪੰਨ ਹੋਇਆ ਹੈ, ਜੋ ਗੁਰਮਤਿ ਸੰਗੀਤ ਦੇ ਪ੍ਰਯੋਜਨ ਦੀ ਸਿਧੀ ਲਈ ਲਾਭਕਾਰੀ ਸਨ। ਇਹ ਸਿਧਾਂਤ ਭਾਵੇਂ ਭਾਰਤੀ ਸ਼ਾਸਤਰੀ ਸੰਗੀਤ ਦੇ ਆਧਾਰ `ਤੇ ਉਤਪੰਨ ਹੋਏ ਹਨ, ਪਰ ਇਨ੍ਹਾਂ ਵਿਚ ਭਾਰਤੀ ਸ਼ਾਸਤਰੀ ਸੰਗੀਤ ਦੇ ਅਨੁਸ਼ਾਸਨ ਦੀ ਕੱਟੜਤਾ ਨਾਲ ਗੁਰਮਤਿ ਸੰਗੀਤ ਦੇ ਅਨੁਸ਼ਾਸਨ ਦਾ ਬੰਧੇਜ ਹੈ, ਜਿਸ ਦੇ ਅੰਤਰਗਤ ਅਧਿਆਤਮ ਆਨੰਦ ਅਤੇ ਅਧਿਆਤਮ ਬੋਧ ਦਾ ਲਕਸ਼ ਨਿਰਧਾਰਣ ਹੈ। ਗੁਰਮਤਿ ਸੰਗੀਤ ਪ੍ਰਬੰਧ ਦਾ ਮੂਲ ਅਤੇ ਕੇਂਦਰੀ ਨੁਕਤਾ ਸਹਿਜ ਹੈ। ਇਹ ਸਹਿਜ ਸਮੁੱਚੀ ਗਾਇਨ ਪ੍ਰਸਤੁਤੀ ਦਾ ਬੁਨਿਆਦੀ ਲੱਛਣ ਹੈ। ਬਾਣੀ ਦਾ ਕਥਨ ਹੈ :
|
|
|
- ਇਕਿ ਗਾਵਤ ਰਹੈ ਮਨਿ ਸਾਦੁ ਨ ਪਾਇ॥
ਹਉਮੈ ਵਿਚਿ ਗਾਵਹਿ ਬਿਰਥਾ ਜਾਇ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੫੮)
- ਆਪਿ ਗਾਵਾਏ ਸੁ ਹਰਿਗੁਨ ਗਾਉ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੨੭o)
- ਸਹਜੇ ਗਾਵਿਆ ਥਾਇ ਪਵੈ।
ਬਿਨੁ ਸਹਜੈ ਕਥਨੀ ਬਾਦਿ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੬੪)
ਇਸ ਤਰ੍ਹਾਂ ਗੁਰਮਤਿ ਸੰਗੀਤ ਦੀ ਗਾਇਨ ਪ੍ਰਸਤੁਤੀ ਵਿਚ ਕਲਾ ਦੇ ਆਡੰਬਰ ਆਕਰਸ਼ਣ ਅਤੇ ਪ੍ਰਲੋਭਨ ਦਾ ਤਿਆਗ ਬੁਨਿਆਦੀ ਤੌਰ `ਤੇ ਮਹੱਤਵਪੂਰਨ ਹੈ। ਗੁਰਮਤਿ ਸੰਗੀਤ ਦੀ ਕਿਸੇ ਵੀ ਸ਼ਬਦ-ਕੀਰਤਨ ਪ੍ਰਸਤੁਤੀ ਵਿਚ ਜਦੋਂ-ਜਦੋਂ ਸ਼ਬਦ ਦੀ ਬਜਾਏ ਰਾਗ / ਗਾਇਨ ਦਾ ਕਲਾਤਮਕ ਪੱਖ ਪ੍ਰਧਾਨ ਭਾਵੀ ਹੋਵੇਗਾ ਤਦੋਂ ਹੀ ਗੁਰਮਤਿ ਸੰਗੀਤ ਦੀ ਇਹ ਪ੍ਰਸਤੁਤੀ ਆਪਣੇ ਲਕਸ਼ ਨਾਲੋਂ ਵਿਛੜ ਜਾਵੇਗੀ।
ਗੁਰਮਤਿ ਸੰਗੀਤ ਵਿਚ ਪ੍ਰਯੁਕਤ ਗਾਇਨ ਸ਼ੈਲੀਆਂ (ਭਾਰਤੀ ਸ਼ਾਸਤਰੀ ਸੰਗੀਤਕ ਸੰਦਰਭ) : ਗੁਰਮਤਿ ਸੰਗੀਤ ਵਿਚ ਬਾਣੀ ਦੀ ਪ੍ਰਸਤੁਤੀ ਲਈ ਵੱਖ-ਵੱਖ ਗਾਇਨ ਸ਼ੈਲੀਆਂ ਦਾ ਪ੍ਰਯੋਗ ਕੀਤਾ ਗਿਆ ਹੈ। ਇਨ੍ਹਾਂ ਗਾਇਨ ਸ਼ੈਲੀਆਂ ਵਿਚ ਭਾਰਤੀ ਸ਼ਾਸਤਰੀ ਸੰਗੀਤ ਅਤੇ ਲੋਕ ਸੰਗੀਤ ਦਾ ਨਕਸ਼ ਉਜਾਗਰ ਹੁੰਦਾ ਹੈ। ਗੁਰਮਤਿ ਸੰਗੀਤ ਦਾ ਇਕ ਨਿਵੇਕਲਾ ਪ੍ਰਬੰਧ ਅਤੇ ਅਮੋਲਕ ਅਨੁਸ਼ਾਸਨ ਹੈ। ਇਸਦੀ ਇਹ ਵਿਲੱਖਣਤਾ ਹੀ ਇਸਨੂੰ ਭਾਰਤੀ ਸੰਗੀਤ ਨਾਲੋਂ ਅਲੱਗ ਕਰਦੀ ਹੈ ਪਰੰਤੂ ਕਿਉਂ ਜੋ ਇਸ ਸੰਗੀਤ ਪਰੰਪਰਾ ਵਿਚ ਪ੍ਰਯੁਕਤ ਸੰਗੀਤਕ ਤੱਤ ਭਾਰਤੀ ਸ਼ਾਸਤਰੀ ਸੰਗੀਤ ਵਿਚੋਂ ਲਏ ਗਏ ਹਨ ਇਸ ਲਈ ਇਨ੍ਹਾਂ ਦੀ ਪਛਾਣ ਅਤੇ ਵਿਸ਼ਲੇਸ਼ਣ ਦੋਵੇਂ ਪਰੰਪਰਾਵਾਂ ਦੇ ਸੰਦਰਭ ਵਿਚ ਹੀ ਕੀਤਾ ਜਾਣਾ ਬਣਦਾ ਹੈ। ਭਾਰਤੀ ਸ਼ਾਸਤਰੀ ਸੰਗੀਤ ਵਿਚ ਪ੍ਰਬੱਧ, ਧਰੁਪਦ, ਖ਼ਿਆਲ, ਠੁਮਰੀ ਆਦਿ ਗਾਇਨ ਸ਼ੈਲੀਆਂ ਪ੍ਰਚਾਰ ਵਿਚ ਹਨ। ਇਨ੍ਹਾਂ ਗਾਇਨ ਸ਼ੈਲੀਆਂ ਦਾ ਮਨੋਰਥ ਆਪਣੇ ਵਿਸਿ਼ਸ਼ਟ ਸਰੂਪ ਅਤੇ ਸ਼ਾਸਤਰੀ ਨਿਯਮਾਂ ਉਪਰ ਆਧਾਰਿਤ ਵਿਲੱਖਣ ਪਹਿਚਾਣ ਦੁਆਰਾ ਕਲਾਤਮਿਕ ਆਨੰਦ ਸਿਰਜਣਾ ਹੈ। ਸਦੀਆਂ ਦੇ ਪਰੰਪਰਾਗਤ ਰਿਆਜ਼ ਨੇ ਹੀ ਇਨ੍ਹਾਂ ਸ਼ੈਲੀਆਂ ਦੇ ਗਾਇਕ ਵਿਅਕਤੀਤਵ ਨੂੰ ਇਕ ਅਮੀਰ ਪਿੱਠ-ਭੂਮੀ, ਵਿਸਤਾਰਿਤ ਅਤੇ ਪ੍ਰਭਾਵੀ ਸੌਂਦਰਯਾਤਮਿਕ ਖੇਤਰ ਪ੍ਰਦਾਨ ਕੀਤਾ ਹੈ। ਵਿਅਕਤੀਗਤ ਪ੍ਰਤਿਭਾਵਾਂ ਨੇ ਇਨ੍ਹਾਂ ਸ਼ੈਲੀਆਂ ਨੂੰ ਸਮੇਂ-ਸਮੇਂ ਨਿਖਾਰਿਆ ਅਤੇ ਸਵੀਕਾਰਿਆ ਹੈ। ਇਨ੍ਹਾਂ ਸ਼ੈਲੀਆਂ ਨੂੰ ਗੁਰਮਤਿ ਸੰਗੀਤ ਵਿਚ ਵੀ ਪ੍ਰਯੋਗ ਕੀਤਾ ਗਿਆ ਹੈ। ਅੰਤਰ ਕੇਵਲ ਇਹ ਹੈ ਕਿ ਗੁਰਮਤਿ ਸੰਗੀਤ ਦੇ ਅਨੁਸ਼ਾਸਨ ਅਧੀਨ ਕਲਾਤਮਿਕ ਆਨੰਦ ਦੀ ਬਜਾਏ ਇਨ੍ਹਾਂ ਦਾ ਪ੍ਰਯੋਜਨ ਅਧਿਆਤਮਕ ਆਨੰਦ ਦੀ ਪ੍ਰਾਪਤੀ ਹੈ। ਇਥੇ ਇਨ੍ਹਾਂ ਸ਼ੈਲੀਆਂ ਨੂੰ ਸੰਗੀਤਕ ਨਾਮ ਦੀ ਬਜਾਏ ਬਾਣੀ ਪ੍ਰਧਾਨ ਹੋਣ ਕਰਕੇ ਕਾਵਿਕ ਨਾਮ ਦਿਤਾ ਗਿਆ ਹੈ ਕਿਉਂ ਜੋ ਬਾਣੀ ਜਾਮੇ ਵਿਚ ਦਰਜ ਹੈ। ਭਿੰਨ-ਭਿੰਨ ਕਾਵਿ ਰੂਪ ਭਿੰਨ-ਭਿੰਨ ਸ਼ਾਸਤਰੀ ਅਤੇ ਲੋਕ ਗਾਇਨ ਸ਼ੈਲੀਆਂ ਉਪਰ ਆਧਾਰਿਤ ਹਨ। ਸ਼ਾਸਤਰ ਕਾਵਿ ਰੂਪ ਸਿੱਧੇ ਤੌਰ ਤੇ ਸ਼ਾਸਤਰੀ ਗਾਇਨ ਸ਼ੈਲੀਆਂ ਨਾਲ ਸੰਬੰਧ ਰਖਦੇ ਹਨ। ਸ਼ਾਸਤਰੀ ਗਾਇਨ ਸ਼ੈਲੀਆਂ ਵਿਚ ਹਰੇਕ ਗਾਇਨ ਸ਼ੈਲੀ ਦਾ ਆਪਣਾ ਰੂਪ ਵਿਧਾਨ ਹੈ।
|
|
|
ਅਸ਼ਟਪਦੀ ਬਾਣੀ ਰੂਪ (ਪ੍ਰਬੰਧ ਗਾਇਨ ਦੇ ਰੂਪ ਵਿਚ) : ਭਾਰਤੀ ਸੰਗੀਤ ਵਿਚ ਮੱਧਕਾਲ ਵਿਚ ਪ੍ਰਚਲਿਤ ਪ੍ਰਬੰਧ ਸ਼ੈਲੀ ਦੇ ਚਾਰ ਅੰਗ ਉਦਗ੍ਰਾਹ ਮੇਲਾਪਕ, ਧਰੁਵ ਅਤੇ ਆਭੋਗ ਹਨ। ਇਹ ਚਾਰ ਧਾਤੂ ਦੇ ਨਾਮ ਨਾਲ ਵੀ ਜਾਣੇ ਜਾਂਦੇ ਹਨ। ਗੀਤ ਦਾ ਅਰੰਭਿਕ ਭਾਗ ਜਿਥੋਂ ਗੀਤ ਦੀ ਸ਼ੁਰੂਆਤ ਹੰੁਦੀ ਹੈ, ਉਦਗ੍ਰਾਹ ਅਖਵਾਉਂਦਾ ਹੈ। ਪ੍ਰਬੰਧ ਦਾ ਪਹਿਲਾ ਭਾਗ ਉਦਗ੍ਰਾਹ, ਦੂਜਾ ਭਾਗ ਮੇਲਾਪਕ ਅਤੇ ਤੀਸਰਾ ਭਾਗ ਧਰੁਵ ਹੁੰਦਾ ਹੈ। ਧਰੁਵ ਅਤੇ ਉਦਗ੍ਰਾਹ ਦੇ ਸੰਜੋਗ ਤੋਂ ਮੇਲਾਪਕ ਬਣਦਾ ਹੈ। ਧਰੁਵ ਪ੍ਰਬੰਧ ਸ਼ੈਲੀ ਦਾ ਅਹਿਮ ਅੰਗ ਹੈ ਜੋ ਸਥਾਈ ਜਾਂ ਟੇਕ ਵਜੋਂ ਵਿਦਮਾਨ ਹੈ। ਇਸਦਾ ਗਾਇਨ ਗੀਤ ਵਿਚ ਬਾਰ-ਬਾਰ ਕੀਤਾ ਜਾਂਦਾ ਹੈ। ਪ੍ਰਬੰਧ ਗਾਉਣ ਦਾ ਅੰਤਿਮ ਅਤੇ ਚੌਥਾ ਭਾਗ ਆਭੋਗ ਹੈ ਜਿਸ ਤੇ ਪ੍ਰਬੰਧ ਗਾਉਣ ਦੀ ਸਮਾਪਤੀ ਹੁੰਦੀ ਹੈ। ਗੁਰਮਤਿ ਸੰਗੀਤ ਵਿਚ ਪ੍ਰਬੰਧ ਅੰਗ ਤੋਂ ਅਸ਼ਟਪਦੀ ਦਾ ਗਾਇਨ ਕੀਤਾ ਜਾਂਦਾ ਹੈ। ਗੁਰਮਤਿ ਸੰਗੀਤ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਦੇ ਗਾਇਨ ਲਈ ਪ੍ਰਬੰਧ ਸ਼ੈਲੀ ਦਾ ਪ੍ਰਯੋਗ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਅਸ਼ਟਪਦੀਆਂ ਵਿਚ ਰਹਾਉ ਦੀ ਤੁਕ ਤੋਂ ਪਹਿਲਾ ਬੰਦ ਉਦਗ੍ਰਾਹ ਧਾਤੂ ਹੈ। ਉਦਗ੍ਰਾਹ ਤੋਂ ਬਾਅਦ ਰਹਾਉ ਦੀ ਤੁਕ ਧਰੁਵ ਹੈ ਜੋ ਸਥਾਈ ਵਜੋਂ ਕ੍ਰਿਆਸ਼ੀਲ ਰਹਿੰਦੀ ਹੈ। ਪ੍ਰਬੰਧ ਦੇ ਦੋ ਧਾਤੂ ਉਦਗ੍ਰਾਹ ਅਤੇ ਧਰੁਵ ਤੋਂ ਬਿਨ੍ਹਾਂ ਬਾਕੀ ਤੁਕਾਂ ਦਾ ਅੰਤਰੇ ਦੇ ਰੂਪ ਵਿਚ ਗਾਇਨ ਕੀਤਾ ਜਾਂਦਾ ਹੈ।
ਪਦ ਬਾਣੀ ਰੂਪ (ਧਰੁਪਦ ਗਾਇਨ ਦੇ ਰੂਪ ਵਿਚ) : ਧਰੁਪਦ ਭਾਰਤੀ ਸੰਗੀਤ ਦੀ ਪ੍ਰਤੀਨਿਧ ਗਾਇਨ ਸ਼ੈਲੀ ਹੈ। ਧਰੁਪਦ ਵਿਚ ਸਥਾਈ, ਅੰਤਰਾ, ਸੰਚਾਰੀ, ਆਭੋਗ ਭਿੰਨ-ਭਿੰਨ ਅੰਗ ਹਨ। ਧਰੁਪਦ ਵਿਚ ਸਥਾਈ ਨੂੰ ਮੁਖ ਅੰਗ ਮੰਨਿਆ ਜਾਂਦਾ ਹੈ। ਰਾਗ ਦੇ ਸੰਪੂਰਨ ਵਿਸਤਾਰ ਅਤੇ ਲੈਅਕਾਰੀਆਂ ਲੈਣ ਤੋਂ ਬਾਅਦ ਇਸੇ ਭਾਗ ਦਾ ਹੀ ਗਾਇਨ ਕੀਤਾ ਜਾਂਦਾ ਹੈ। ਅੰਤਰਾ ਦਾ ਗਾਇਨ ਧਰੁਪਦ ਦੇ ਪਹਿਲੇ ਚਰਨ ਤੋਂ ਬਾਅਦ ਕੀਤਾ ਜਾਂਦਾ ਹੈ। ਇਸ ਭਾਗ ਦਾ ਗਾਇਨ ਆਮ ਤੌਰ ਤੇ ਗੰਧਾਰ, ਮੱਧਮ ਜਾਂ ਪੰਚਮ ਸੁਰ ਤੋਂ ਸ਼ੁਰੂ ਕਰਕੇ ਅੰਤ ਮੱਧ ਸ਼ੜਜ ਤੇ ਸਮਾਪਤੀ ਕਰਦੇ ਹਨ। ਸੰਚਾਰੀ ਚਰਣ ਵਿਚ ਕਲਾਤਮਿਕ ਪੱਖ ਨਾਲ ਸੁਰਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਵਿਚ ਗਮਕ, ਮੀਂਡ ਦੀ ਜਿਆਦਾ ਵਰਤੋਂ ਕੀਤੀ ਜਾਂਦੀ ਹੈ। ਧਰੁਪਦ ਦੇ ਅੰਤਿਮ ਚਰਨ ਆਭੋਗ ਦਾ ਚਲਨ ਅੰਤਰੇ ਦੀ ਤਰ੍ਹਾਂ ਹੁੰਦਾ ਹੈ ਅਤੇ ਇਸ ਦਾ ਗਾਇਨ ਤਿੰਨਾਂ ਸਪਤਕਾਂ ਵਿਚ ਕੀਤਾ ਜਾਂਦਾ ਹੈ। ਭਾਰਤੀ ਸੰਗੀਤ ਵਿਚ ਪ੍ਰਚੱਲਿਤ ਧਰੁਪਦ ਦੇ ਇਸੇ ਪੈਟਰਨ ਤੇ ਗੁਰਮਤਿ ਸੰਗੀਤ ਪ੍ਰਬੰਧ ਦੇ ਅੰਤਰਗਤ ਪਦ ਕਾਵਿ ਵਿਸਿ਼ਸਟ ਰੂਪ ਵਿਚ ਅਨੁਸ਼ਾਸਿਤ ਕੀਤਾ ਜਾਂਦਾ ਹੈ। ਗੁਰਮਤਿ ਸੰਗੀਤ ਪਰੰਪਰਾ ਦੇ ਅੰਤਰਗਤ ਲਗਭਗ ਸਮੂਹ ਗੁਰੂ ਸਾਹਿਬਾਨ ਅਤੇ ਭਗਤਾਂ ਨੇ ਬਾਣੀ ਰਚਨਾ ਲਈ ਇਸ ਪਦ ਸ਼ੈਲੀ ਦਾ ਪ੍ਰਯੋਗ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਭ ਤੋਂ ਵੱਧ ਪਦ ਸ਼ੈਲੀ ਦਾ ਪ੍ਰਯੋਗ ਕੀਤਾ ਗਿਆ ਹੈ, ਇਸ ਦੀ ਪਦ (ਧਰੁਪਦ) ਸ਼ੈਲੀ ਨੂੰ ਗੁਰਮਤਿ ਸੰਗੀਤ ਦੀ ਪ੍ਰਧਾਨ ਸ਼ੈਲੀ ਕਿਹਾ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਪਦੇ ਵਿਚ ਰਹਾਉ ਦੀ ਤੁਕ ਵਿਚ ਸ਼ਬਦ ਦਾ ਕੇਂਦਰੀ ਭਾਵ ਮੌਜੂਦ ਹੁੰਦਾ ਹੈ। ਇਸ ਨੂੰ ਸ਼ਬਦ ਦਾ ਕੇਂਦਰ ਮੰਨ ਕੇ ਧਰੁਵ ਦੀ ਤਰ੍ਹਾਂ ਵਾਰ-ਵਾਰ ਗਾਇਨ ਕਰਨ ਦੀ ਪਰੰਪਰਾ ਹੈ। ਸ਼ਬਦ ਦੀਆਂ ਤੁਕਾਂ ਦੇ ਅੰਤ ਤੇ ੧, ੨, ੩, ੪ ਦੇ ਰੂਪ ਵਿਚ ਦਰਜ ਅੰਕ ਜੋ ਅੰਤਰਿਆਂ ਦੀ ਸੀਮਾ ਦਾ ਸੂਚਕ ਹਨ। ਇਹ ਅੰਕ ਸ਼ਬਦ ਰਚਨਾ ਦੇ ਅੰਤਰਾ, ਸੰਚਾਰੀ, ਆਭੋਗ ਵਰਗੇ ਵਿਭਿੰਨ ਧਰੁਪਦ ਨਿਯਮਾਂ ਅਨੁਸਾਰ ਕਾਰਜਸ਼ੀਲ ਰਹਿੰਦੇ ਹਨ।
|
|
|
ਹੋਲੀ ਬਾਣੀ ਰੂਪ (ਧਮਾਰ ਦੇ ਰੂਪ ਵਿਚ) : ਭਾਰਤੀ ਸੰਗੀਤ ਵਿਚ ਪ੍ਰਚੱਲਿਤ ਧਮਾਰ ਸ਼ੈਲੀ ਦਾ ਗਾਇਨ ਧਮਾਰ ਤਾਲ ਵਿਚ ਕੀਤਾ ਜਾਂਦਾ ਹੈ। ਧਮਾਰ ਤਾਲ ਤੋਂ ਹੀ ਇਸ ਸ਼ੈਲੀ ਦਾ ਨਾਮ ‘ਧਮਾਰ’ ਗਾਇਨ ਸ਼ੈਲੀ ਪਿਆ। ਇਸ ਵਿਚ ਕ੍ਰਿਸ਼ਨ ਤੇ ਰਾਧਾ ਦੀ ਹੋਲੀ ਲੀਲਾਵਾਂ ਦਾ ਵਰਣਨ ਹੋਣ ਕਾਰਣ ਇਸ ਨੂੰ ਹੋਲੀ ਦਾ ਗੀਤ ਵੀ ਕਿਹਾ ਜਾਂਦਾ ਹੈ। ਧਮਾਰ ਸ਼ੈਲੀ ਦੇ ਦੋ ਭਾਗ ਸਥਾਈ ਤੇ ਅੰਤਰਾ ਹੁੰਦੇ ਹਨ। ਉਦਾਹਰਣ ਦੇ ਤੌਰ ਤੇ ਗੁਰਮਤਿ ਸੰਗੀਤ ਵਿਚ ਹੋਲੀ ਅਤੇ ਰੰਗਾਂ ਨਾਲ ਸੰਬੰਧਿਤ ਸ਼ਬਦ :
- ਹੋਲੀ ਕੀਨੀ ਸੰਤ ਸੇਵ।। ਰੰਗੁ ਲਾਗਾ ਅਤਿ ਲਾਲ ਦੇਵ।।
- ਲਾਲ ਰੰਗੁ ਤਿਸ ਕਉ ਲਗਾ ਜਿਸ ਕੇ ਵਡਭਾਗਾ।।
ਮੈਲਾ ਕਦੇ ਨ ਹੋਵਈ ਨਹ ਲਾਗੈ ਦਾਗਾ।।
- ਲਾਲੁ ਗੁਲਾਲੁ ਗਹਬਰਾ ਸਚਾ ਰੰਗ ਚੜਾਉ।।
ਸਚੁ ਮਿਲੈ ਸੰਤੋਖੀਆ ਹਰਿ ਜਪਿ ਏਕੈ ਭਾਇ।।
ਧਮਾਰ ਸ਼ੈਲੀ ਭਾਰਤੀ ਸੰਗੀਤ ਦੀ ਧਮਾਰ ਸ਼ੈਲੀ ਨਾਲ ਬ੍ਰਿਰੰਦਾਬਨ (ਉਤੱਰ ਪ੍ਰਦੇਸ) ਵਿਚ ਪ੍ਰਚੱਲਿਤ ਧਮਾਰ ਸ਼ੈਲੀ ਨਾਲ ਜ਼ਿਆਦਾ ਸਮਾਨਤਾ ਰਖਦੀ ਹੈ।
ਪੜਤਾਲ ਬਾਣੀ ਰੂਪ (ਪੰਚਤਾਲੇਸ਼ਵਰ ਗਾਇਨ ਦੇ ਰੂਪ ਵਿਚ) : ਭਾਰਤੀ ਸੰਗੀਤ ਵਿਚ ਪ੍ਰਾਚੀਨ ਸਮੇਂ ਵਿਚ ‘ਪੰਚਾਤਾਲੇਸ਼ਵਰ’ ਨਾਮਕ ਗਾਇਨ ਸ਼ੈਲੀ ਪ੍ਰਚਾਰ ਵਿਚ ਸੀ ਜੋ ਸਮੇਂ ਦੇ ਕਾਲ ਚੱਕਰ ਵਿਚ ਹੀ ਆਲੋਪ ਹੋ ਗਈ। ਗੁਰਮਤਿ ਸੰਗੀਤ ਪਰੰਪਰਾ ਦੇ ਅੰਤਰਗਤ ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਣੀ ਦੇ ਸੰਚਾਰ ਲਈ ‘ਪੰਚਾਤਾਲੇਸ਼ਵਰ’ ਸ਼ੈਲੀ ਦਾ ਪ੍ਰਯੋਗ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਹ ‘ਪੜਤਾਲ’ ਨਾਮ ਤੋਂ ਦਰਜ ਹੈ। ਇਸ ਵਿਚ ਭਿੰਨ-ਭਿੰਨ ਤਾਲਾਂ ਦੇ ਪ੍ਰਯੋਗ ਤੋਂ ‘ਪੜਤਾਲ’ ਸ਼ੈਲੀ ਨਾਂ ਪਿਆ। ਪੜਤਾਲ ਸ਼ੈਲੀ ਦੇ ਅੰਤਰਗਤ ਸ਼ਬਦ ਵਿਚ ਸੰਬੰਧਿਤ ਰਾਗ ਅਧੀਨ ਸਥਾਈ ਦੀ ਤੁਕ ਦਾ ਗਾਇਨ ਕਿਸੇ ਇਕ ਤਾਲ ਵਿਚ ਕਰਨ ਤੋਂ ਬਾਅਦ ਅੰਤਰਿਆਂ ਦੀਆਂ ਤੁਕਾਂ ਨੂੰ ਭਿੰਨ-ਭਿੰਨ ਤਾਲਾਂ ਵਿਚ ਗਾਇਨ ਕੀਤਾ ਜਾਂਦਾ ਹੈ। ਇਸ ਵਿਚ ਹਰ ਅੰਤਰੇ ਦਾ ਗਾਇਨ ਕਰਨ ਤੋਂ ਬਾਅਦ ਸਥਾਈ ਦੀ ਤੁਕ ਦਾ ਗਾਇਨ ਕਰਨ ਲਈ ਮੁੜ ਸਥਾਈ ਤਾਲ ਵਿਚ ਪਰਤਿਆ ਜਾਂਦਾ ਹੈ। ਪੜਤਾਲ ਸ਼ੈਲੀ ਵਿਚ ਵਿਭਿੰਨ ਤਾਲਾਂ ਦੇ ਪ੍ਰਯੋਗ ਹੋਣ ਦੇ ਬਾਵਜੂਦ ਰਾਗ ਇਕ ਹੀ ਰਹਿੰਦਾ ਹੈ।
|
|
|
|
|
|
|
|
|
|
|
1. ਗੁਰਮਤਿ ਸੰਗੀਤ ਵਿਚ ਦੀਆਂ ਸ਼ਾਸਤਰੀ ਅੰਗ ਦੀਆਂ ਗਾਇਨ ਸ਼ੈਲੀਆਂ ਬਾਰੇ ਲਿਖੋ। |
|
|
|
|
|
|
|
|
|
1. ਅਸ਼ਟਪਦੀ ਕਿੰਨੇ ਪਦਿਆਂ ਦੀ ਰਚਨਾ ਨੂੰ ਕਹਿੰਦੇ ਹਨ?
(I) ਅੱਠ ਪਦੇ (II) ਨੌ ਪਦੇ
(III) ਦਸ ਪਦੇ (IV) ਸੱਤ ਪਦੇ
2. ਗੁਰੂ ਸਾਹਿਬਾਨ ਤੋਂ ਪੂਰਵ ਅਸ਼ਟਪਦੀ ਦਾ ਕਿਸ ਸ਼ੈਲੀ ਦੇ ਰੂਪ ਵਿਚ ਪ੍ਰਕਾਰ ਸੀ?
(I) ਪ੍ਰਬੰਧ ਸ਼ੈਲੀ (II) ਪਦ ਸ਼ੈਲੀ
(III) ਧਰੁਪਦ ਸ਼ੈਲੀ (IV) ਧਮਾਰ ਸ਼ੈਲੀ
3. ਮੱਧਕਾਲੀਨ ਪਰੰਪਰਾ ਦੇ ਅੰਤਰਗਤ ‘ਪਦ ਗਾਇਨ` ਨੂੰ ਕਿਸ ਸ਼ੈਲੀ ਵਿਚ ਗਾਏ ਜਾਣ ਦੀ ਰੀਤ ਪ੍ਰਚਾਰ ਵਿਚ ਸੀ?
(I) ਪ੍ਰਬੰਧ ਸ਼ੈਲੀ (II) ਧਰੁਪਦ ਸ਼ੈਲੀ
(III) ਧਮਾਰ ਸ਼ੈਲੀ (IV) ਵਾਦਨ ਸ਼ੈਲੀ
4. ਗੁਰਮਤਿ ਸੰਗੀਤ ਵਿਚ ਹੋਲੀ ਨਾਲ ਸੰਬੰਧਿਤ ਸ਼ਬਦਾਂ ਨੂੰ ਭਾਰਤੀ ਸੰਗੀਤ ਦੀ ਇਸ ਗਾਇਨ ਸ਼ੈਲੀ ਦੇ ਅੰਤਰਗਤ ਗਾਇਨ ਕਰਨ ਦੀ ਪਰੰਪਰਾ ਹੈ?
(I) ਧਰੁਪਦ ਸ਼ੈਲੀ (II) ਪ੍ਰਬੰਧ ਸ਼ੈਲੀ
(III) ਧਮਾਰ ਸ਼ੈਲੀ (IV) ਪੜਤਾਲ ਗਾਇਨ ਸ਼ੈਲੀ
5. ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੁੱਲ ਕਿੰਨੀਆਂ ਪੜਤਾਲਾਂ ਹਨ?
(I) 19 (II) 36
(III) 54 (IV) 55
6. ਗੁਰੂ ਰਾਮਦਾਸ ਜੀ ਦੁਆਰਾ ਕਿੰਨੀਆਂ ਪੜਤਾਲਾਂ ਦੇ ਅੰਤਰਗਤ ਬਾਣੀ ਰਚਨਾ ਕੀਤੀ ਗਈ?
(I) 19 (II) 36
(III) 25 (IV) 30
7. ਗੁਰੂ ਅਰਜਨ ਦੇਵ ਜੀ ਨੇ ਬਾਣੀ ਦੀ ਰਚਨਾ ਕਿੰਨੀਆਂ ਪੜਤਾਲਾਂ ਦੇ ਅੰਤਰਗਤ ਕੀਤੀ?
(I) 30 (II) 19
(III) 36 (IV) 35
8. ਭਾਰਤੀ ਸੰਗੀਤ ਵਿਚ ਮੱਧਕਾਲ ਵਿਚ ਪ੍ਰਚੱਲਿਤ ਪ੍ਰਬੰਧ ਸ਼ੈਲੀ ਦੇ ਚਾਰ ਅੰਗਾਂ ਵਿਚੋਂ ਗੀਤ ਦੇ ਅਰੰਭਿਕ ਭਾਗ ਨੂੰ ਕੀ ਕਹਿੰਦੇ ਹਨ?
(I) ਉਦਗ੍ਰਾਹ (II) ਆਭੋਗ
(III) ਮੇਲਾਪਕ (IV) ਧਰੁਵ
9. ਪ੍ਰਬੰਧ ਗਾਇਨ ਦੇ ਦੂਜੇ ਭਾਗ ਨੂੰ ਕੀ ਕਹਿੰਦੇ ਹਨ?
(I) ਸੰਚਾਰੀ (II) ਉਦਗ੍ਰਾਹ
(III) ਮੇਲਾਪਕ (IV) ਆਭੋਗ
10. ਧਰੁਵ ਅਤੇ ਉਦਗ੍ਰਾਹ ਦੇ ਸੰਜੋਗ ਪ੍ਰਬੰਧ ਗਾਇਨ ਦਾ ਕਿਹੜਾ ਅੰਗ ਬਣਦਾ ਹੈ?
(I) ਸੰਚਾਰੀ (II) ਆਭੋਗ
(III) ਪ੍ਰਬੰਧ (IV) ਮੇਲਾਪਕ
11. ਗੁਰਮਤਿ ਸੰਗੀਤ ਦੀ ਪੜਤਾਲ ਗਾਇਨ ਸ਼ੈਲੀ ਨੂੰ ਭਾਰਤੀ ਸੰਗੀਤ ਦੀ ਕਿਸ ਸ਼ੈਲੀ ਨਾਲ ਜੋੜਿਆ ਜਾਂਦਾ ਹੈ?
(I) ਪੰਚਾਤਾਸ਼ੇਵਰ (II) ਧਰੁਵ ਸ਼ੈਲੀ
(III) ਪ੍ਰਬੰਧ ਗਾਇਨ (IV) ਧਮਾਲ ਸ਼ੈਲੀ |
|
|
|
|
|
|
|
|
1 (I) 2 (I) 3 (II) 4 (III) 5 (IV) 6 (I) 7 (III) 8 (I) 9 (III) 10 (IV) 11 (I) |
|
|
|
|
|
|
|
|
|
1. ਸੰਗੀਤ ਭਾਸ਼ਯ, ਬੰਧੋਪਾਧਿਆਇ ਸ੍ਰੀਪਦ
2. ਗੁਰਮਤਿ ਸੰਗੀਤ ਪਰ ਹੁਣ ਤਕ ਮਿਲੀ ਖੋਜ (ਭਾਗ ਪਹਿਲਾ)
3. ਗੁਰ ਸ਼ਬਦ ਰਤਨਾਕਰ ਮਹਾਨ ਕੋਸ਼, ਕਾਨ੍ਹ ਸਿੰਘ ਨਾਭਾ (ਭਾਈ)
4. ਪੰਜਾਬੀ ਸਾਹਿਤ ਕੋਸ਼ (ਭਾਗ ਪਹਿਲਾ)
5. ਗੁਰੂ ਛੰਦ ਦਿਵਾਕਰ,
6. ਗੁਰੂ ਨਾਨਕ ਦੀ ਕਾਵਿ ਕਲਾ, ਹਰਬੰਸ ਸਿੰਘ
7. ਭਾਰਤੀਯ ਸੰਗੀਤ ਕੋਸ਼, ਵਿਮਲਕਾਂਤ ਰਾਇ ਚੌਧਰੀ
|
|
|