|
ਵਿਸ਼ਾ |
: |
|
ਗੁਰਮਤਿ ਸੰਗੀਤ ਦਾ ਸੰਗੀਤ ਪ੍ਰਬੰਧ |
ਵਿਸ਼ਾ ਮਾਹਿਰ |
: |
|
ਡਾ. ਗੁਰਨਾਮ ਸਿੰਘ
ਪ੍ਰੋਫੈਸਰ ਤੇ ਮੁਖੀ
ਗੁਰਮਤਿ ਸੰਗੀਤ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ
|
|
|
|
|
|
|
|
|
|
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਗੀਤ ਜਗਤ ਵਿਚ ਅਨੂਠਾ ਮਹੱਤਵ ਹੈ। ਇਹ ਗ੍ਰੰਥ ਭਾਰਤੀ ਸੰਗੀਤ ਦੀ ਪ੍ਰਮੁੱਖ ਸੁਰ ਜਿਸ ਵਿਚ ਸੰਗੀਤ ਦਾ ਮਨੋਰਥ ਮੋਕਸ਼ ਪ੍ਰਾਪਤੀ ਦਰਸਾਇਆ ਜਾਂਦਾ ਹੈ, ਦਾ ਸਜੀਵ ਵਿਹਾਰਕ ਸਰੂਪ ਹੈ। ਉੱਤਰੀ ਭਾਰਤੀ ਸੰਗੀਤ ਨਾਲ ਸੰਬੰਧਿਤ ਸੰਗੀਤ ਦੀ ਇਕ ਵਿਸਿ਼ਸ਼ਟ ਧਾਰਾ ਸਿੱਖ ਸੰਗੀਤ ਦਾ ਇਹ ਆਧਾਰ ਗ੍ਰੰਥ ਹੈ। ਇਸ ਗ੍ਰੰਥ ਦੀ ਬਾਣੀ ਸੰਗੀਤ ਦੀ 500 ਸਾਲ ਤੋਂ ਵਧੇਰੇ ਪੁਰਾਤਨ ਪਰੰਪਰਾ ਨੂੰ ਵਿਹਾਰਕ ਰੂਪ ਵਿਚ ਸੰਗੀਤ ਸਿਧਾਂਤ, ਇਤਿਹਾਸ, ਰਾਗ, ਗਾਇਨ ਦੇ ਰੂਪ ਵਿਚ ਸਮੋਈ ਬੈਠੀ ਹੈ। ਇਸ ਤਰ੍ਹਾਂ ਭਾਰਤੀ ਸੰਗੀਤ ਦਾ ਅਧਿਐਨ ਵੀ ਇਸ ਗ੍ਰੰਥ ਦੇ ਮਹੱਤਵ ਤੇ ਵਿਸੇ਼ਸ਼ਤਾ ਨੂੰ ਜਾਣੇ ਬਿਨਾ ਸੰਪੂਰਨ ਨਹੀਂ ਮੰਨਿਆ ਜਾ ਸਕਦਾ।
ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1604 ਈ. ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਕਲਨ ਦਾ ਕਾਰਜ ਸੰਪੂਰਨ ਕਰਕੇ ਪੋਥੀ ਸਾਹਿਬ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਸਦਾ ਪ੍ਰਕਾਸ਼ ਕੀਤਾ। ਇਸ ਗ੍ਰੰਥ ਨੂੰ ਲਿਖਣ ਦਾ ਕਾਰਜ ਭਾਈ ਗੁਰਦਾਸ ਜੀ ਨੇ ਕੀਤਾ ਜੋ ਆਪਣੇ ਸਮੇਂ ਦੇ ਮਹਾਨ ਵਿਦਵਾਨ ਸਨ। ਗੁਰੂ ਅਰਜਨ ਦੇਵ ਜੀ ਨੇ ਇਸ ਗ੍ਰੰਥ ਵਿਚ ਆਪਣੇ ਤੋਂ ਪੂਰਵਲੇ ਗੁਰੂ ਸਾਹਿਬਾਨ ਦੀ ਬਾਣੀ ਤੋਂ ਇਲਾਵਾ ਸੰਤਾਂ ਭਗਤਾਂ ਦੀ ਬਾਣੀ ਨੂੰ ਇਕੱਤਰ ਕੀਤਾ। ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਕੀਤੀ ਅਤੇ ਆਪਣੇ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਨੂੰ ’ਗੁਰੂ’ ਦਾ ਦਰਜਾ ਦਿਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਨ, ਸੰਤਾਂ-ਭਗਤਾਂ, ਗੁਰ ਸਨਬੰਧੀ, ਰਬਾਬੀ ਤੇ ਭੱਟ ਬਾਣੀਕਾਰਾਂ ਦੀ ਬਾਣੀ ਦਰਜ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸੰਕਲਨ ਇਕ ’ਗੇਯ ਰਚਨਾ’ ਵਜੋਂ ਕੀਤਾ ਗਿਆ ਹੈ। ਬਾਣੀ ਦੀ ਪ੍ਰਸਤੁਤੀ ਲਈ ਗਾਇਨ ਤੇ ਕੀਰਤਨ ਦੇ ਮਹੱਤਵ ਨੂੰ ਦਰਸਾਉਣ ਲਈ ਅਨੇਕ ਗੁਰ ਫੁਰਮਾਨ ਅੰਕਿਤ ਹਨ।
|
|
|
ਕਲਜੁਗ ਮਹਿ ਕੀਰਤਨੁ ਪਰਧਾਨਾ।। ਗੁਰਮੁਖਿ ਜਪੀਐ ਲਾਇ ਧਿਆਨਾ।।
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੦੭੫)
ਕੀਰਤਨੁ ਨਿਰਮੋਲਕ ਹੀਰਾ।। ਆਨੰਦ ਗੁਣੀ ਗਹੀਰਾ।।
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੮੯੩)
|
|
|
|
|
|
ਉਕਤ ਫੁਰਮਾਨਾਂ ਤੋਂ ਇਲਾਵਾ ਕਾਵਿ ਤੇ ਸੰਗੀਤ ਦੇ ਸੁਮੇਲ ਵਜੋਂ ਸਰੂਪਤ ਹੋਣ ਵਾਲੀ ਇਸ ਦੈਵੀ ਰਚਨਾ ਦੀ ਗੇਯਾਤਮਿਕਤਾ, ਇਸਦੇ ਰਾਗਾਤਮਕ ਵਰਗੀਕਰਣ, ਇਸ ਦੀਆਂ ਭਿੰਨ-ਭਿੰਨ ਗਾਇਨ ਸ਼ੈਲੀਆਂ, ਬਾਣੀ ਅੰਤਰਨਿਹਤ ਵੱਖ-ਵੱਖ ਸਿਰਲੇਖਾਂ, ਸੰਕੇਤਾਂ ਦੀ ਸੰਗੀਤਕ ਉਪਯੁਕਤਤਾ ਸਹਿਤ ਨਿਸ਼ਚਤ ਸੰਗੀਤ ਵਿਧਾਨ ਦੇ ਰੂਪ ਵਿਚ ਪ੍ਰਤੱਖ ਹੁੰਦੀ ਹੈ। ਬਾਣੀ ਦਾ ਇਹ ਸੰਗੀਤ ਵਿਧਾਨ ਲਿਖਤ ਮਾਤਰ ਹੀ ਨਹੀਂ ਸਗੋਂ ਸਿੱਖ ਧਰਮ ਵਿਚ ਸਦੀਆਂ ਤੋਂ ਇਕ ਵਿਸਿ਼ਸਟ ਸੰਗੀਤਕ ਪਰੰਪਰਾ ਵਜੋਂ ਇਸਦਾ ਪ੍ਰਚਲਨ ਵੀ ਹੈ, ਜਿਸਦਾ ਉਦੈ ਅਕਾਲ ਰੂਪ ਗੁਰੂ ਨਾਨਕ ਦੇਵ ਜੀ ਤੇ ਰਬਾਬੀ ਭਾਈ ਮਰਦਾਨਾ ਦੇ ਇਲਾਹੀ ਕੀਰਤਨ ਦੁਆਰਾ ਹੋਇਆ। ਵੱਖ-ਵੱਖ ਕੀਰਤਨ ਸ਼ੈਲੀਆਂ, ਵਿਸ਼ੇਸ਼ ਕੀਰਤਨ ਸਾਜ਼ਾਂ ਅਤੇ ’ਬਾਬੇ ਕੇ’ ਕੀਰਤਨੀਆਂ ਦੀ ਵਿਸੇ਼ਸ਼ ਸ੍ਰੇਣੀ ਦੁਆਰਾ ਕੀਰਤਨ ਦੀ ਇਸ ਪਰੰਪਰਾ ਨੂੰ ਗੁਰੂ ਸਾਹਿਬਾਨ ਨੇ ਮਰਿਆਦਤ ਰੂਪ ਵਿਚ ਪ੍ਰਚਲਿਤ ਕੀਤਾ। ਇਹ ਮਰਿਆਦਤ ਕੀਰਤਨ ਪਰੰਪਰਾ ਦੀ ਮੂਲ ਸਮੱਗਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸੰਗੀਤਮਈ ਸਰੂਪ ਅਤੇ ਵਿਧਾਨ ’ਤੇ ਅਧਾਰਿਤ ਹੈ। ਸਿੱਖ ਧਰਮ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਗੀਤ ਵਿਧਾਨ ਭਾਵ ਗੁਰ ਸਿਧਾਂਤ ਦੀ ਅਨੁਸਾਰੀ ਸੰਗੀਤ ਪਰੰਪਰਾ ਨੂੰ ਹੀ ਅਸੀਂ ’ਗੁਰਮਤਿ ਸੰਗੀਤ’ ਵਜੋਂ ਪਛਾਣਦੇ ਹਾਂ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਾਣੀ ਨੂੰ ਮੁੱਖ ਤੌਰ ਤੇ ਸ਼ਾਸਤਰੀ ਸੰਗੀਤ ਅਤੇ ਲੋਕ ਸੰਗੀਤ ਤੋਂ ਵਿਕਸਿਤ ਰਾਗਾਂ, ਗਾਇਨ ਰੂਪਾਂ ਅਤੇ ਲੋਕ ਧੁਨੀਆਂ ਅਧੀਨ ਨਿਬੱਧ ਕੀਤਾ ਗਿਆ ਹੈ। ਇਸ ਪ੍ਰਯੋਗ ਦੇ ਅੰਤਰਗਤ ਸੰਗੀਤ ਦੇ ਵੱਖੋ-ਵੱਖਰੇ ਮੌਲਿਕ ਅਤੇ ਨਿਵੇਕਲੇ ਰੂਪ ਪ੍ਰਗਟ ਹੋ ਰਹੇ ਹਨ। ਸਦੀਆਂ ਤੋਂ ਮਰਿਆਦਤ ਰੂਪ ਵਿਚ ਵਿਕਸਤ ਅਤੇ ਪ੍ਰਚਲਿਤ ਇਹ ਵਿਹਾਰਕ ਪਰੰਪਰਾ ਸੰਗੀਤ ਦੀਆਂ ਬਾਕੀ ਪਰੰਪਰਾਵਾਂ ਦੀ ਤੁਲਨਾ ਵਿਚ ਸੁਤੰਤਰ ਤੇ ਮੌਲਿਕ ਰੂਪ ਵਿਚ ਪ੍ਰਗਟ ਹੋਈ ਹੈ। ਇਸ ਪਰੰਪਰਾ ਵਿਚ ਪ੍ਰਚੱਲਿਤ ਰਾਗਾਤਮਕ ਕੀਰਤਨ ਚਉਕੀਆਂ, ਕੀਰਤਨ ਗਾਇਨ ਸ਼ੈਲੀਆਂ, ਕੀਰਤਨ ਸਾਜ਼, ਕੀਰਤਨ ਟਕਸਾਲਾਂ ਦੇ ਰੂਪ ਵਿਚ ਕੀਰਤਨੀਆਂ ਦੀ ਘਰਾਣੇਦਾਰ ਪਰੰਪਰਾ ਅਤੇ ਸ਼ਬਦ ਕੀਰਤਨ ਦੀਆਂ ਸੰਗੀਤ ਰਚਨਾਵਾਂ ਦਾ ਸੁਰਲਿਪੀਬੱਧ, ਸੀਨਾ-ਬ-ਸੀਨਾ ਵਿਸ਼ਾਲ ਭੰਡਾਰ ਇਸ ਪਰੰਪਰਾ ਦਾ ਮੌਲਿਕ ਤੇ ਵਿਸਤ੍ਰਿਤ ਵਿਸਥਾਰ ਹੈ। ਵਰਤਮਾਨ ਸਮੇਂ ਇਸ ਪਰੰਪਰਾ ਵਿਚ ਪ੍ਰਚੱਲਿਤ ਕੀਰਤਨ ਸਮੱਗਰੀ ਨੂੰ ਗੁਰਮਤਿ ਸੰਗੀਤ ਦੀ ਅਕਾਦਮਕ ਮਾਨਤਾ ਦੇ ਪਰਥਾਇ ਇਸਦੇ ਪ੍ਰਮਾਣਿਕ ਵਿਗਿਆਨਕ ਆਧਾਰ ਅਨੁਸਾਰ ਸਰੂਪਤ ਤੇ ਵਿਸ਼ਲੇਸ਼ਤ ਕਰਨਾ ਅਨਿਵਾਰਯ ਹੋ ਗਿਆ ਹੈ, ਜਿਸਦਾ ਪ੍ਰਮਾਣਿਕ ਆਧਾਰ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਗੀਤ ਵਿਧਾਨ ਹੀ ਹੋ ਸਕਦਾ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਦੇ ਅੰਤਰਗਤ ਵਿਭਿੰਨ ਸੰਗੀਤ ਤੱਤਾਂ ਤੇ ਇਕਾਈਆਂ ਦੀ ਕਾਰਜਸ਼ੀਲਤਾ ਨੂੰ ਇਨ੍ਹਾਂ ਦੇ ਮੌਲਿਕ ਵਿਧਾਨ ਵਿਚ ਵਿਸ਼ਲੇਸ਼ਤ ਕੀਤਾ ਜਾਣਾ ਚਾਹੀਦਾ ਹੈ।
1. ਰਾਗ : ਰਾਗ ਦੀ ਚਿਰੰਜੀਵੀ ਤੇ ਚਿਰਸਥਾਈ ਜਨ ਚਿਤ ਰੰਜਕ ਸ਼ਕਤੀ ਦਾ ਸਦ ਉਪਯੋਗ ਕਰਦਿਆਂ ਗੁਰੂ ਗ੍ਰੰਥ ਸਾਹਿਬ ਦੇ ਸੰਗੀਤ ਵਿਧਾਨ ਵਿਚ ਇਸ ਨੂੰ ਪ੍ਰਾਥਮਿਕ ਅਤੇ ਆਰੰਭਕ ਦਰਜਾ ਦਿੱਤਾ ਗਿਆ ਹੈ। ਇਸ ਰਾਗ ਪ੍ਰਬੰਧ ਅਧੀਨ ਭਾਰਤੀ ਸੰਗੀਤ ਦੇ ਮੱਧਕਾਲੀਨ ਰਾਗ ਰਾਗਣੀ ਵਰਗੀਕਰਨ ਦੇ ਪ੍ਰਚੱਲਿਤ ਮਤਾਂ ਅਤੇ ਰਾਗ ਮਾਲਾਵਾਂ ਦੇ ਝਮੇਲਿਆਂ ਦਾ ਅਨੁਸਰਣ ਨਹੀਂ ਕੀਤਾ ਗਿਆ ਸਗੋਂ ਮੌਲਿਕ ਰਾਗ ਮਤ ਦੇ ਆਧਾਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ 31 ਮੁੱਖ ਰਾਗਾਂ (ਤਤਕਰੇ ਅਨੁਸਾਰ) ਤੇ 31 ਮਿਸ਼ਰਤ ਰਾਗਾਂ (31 ਮੁਖ ਰਾਗਾਂ ਅਧੀਨ ਆਉਣ ਵਾਲੇ ਰਾਗ ਜਿਵੇਂ ਗਉੜੀ ਤੇ ਹੋਰ ਰਾਗਾਂ ਦੇ ਪ੍ਰਕਾਰ ਆਦਿ) ਅਧੀਨ ਵਰਗੀਕ੍ਰਿਤ ਕੀਤਾ ਗਿਆ ਹੈ। |
|
|
|
|
|
ਰਾਗ |
ਰਾਗ ਪ੍ਰਕਾਰ |
ਬਾਣੀਕਾਰ |
1. ਸਿਰੀ |
- |
ਮਹਲਾ ੧, ੨, ੩, ੪, ੫, ਭਗਤ |
|
|
ਕਬੀਰ, ਤ੍ਰਿਲੋਚਨ, ਬੇਣੀ ਤੇ ਰਵਿਦਾਸ |
2. ਮਾਝ |
- |
ਮਹਲਾ ੨, ੩, ੪, ੫ ਅਤੇ ਭਗਤ ਕਬੀਰ, ਰਵਿਦਾਸ |
3. ਗਉੜੀ |
- |
|
- |
1. ਗਉੜੀ ਗੁਆਰੇਰੀ |
ਮਹਲਾ ੧, ੩, ੪, ੫ ਭਗਤ ਕਬੀਰ ਅਤੇ ਰਵਿਦਾਸ |
- |
2. ਗਉੜੀ ਦਖਣੀ |
ਮਹਲਾ ੧ |
- |
3. ਗਉੜੀ ਚੇਤੀ |
ਮਹਲਾ ੧, ੫ ਭਗਤ ਕਬੀਰ ਅਤੇ ਰਵਿਦਾਸ |
- |
4. ਗਉੜੀ ਬੈਰਾਗਣ |
ਮਹਲਾ ੧, ੩, ੪, ੫ ਭਗਤ ਕਬੀਰ ਅਤੇ ਰਵਿਦਾਸ |
- |
5. ਗਉੜੀ ਪੂਰਬੀ ਦੀਪਕੀ |
ਮਹਲਾ ੧ |
- |
6. ਗਉੜੀ ਪੂਰਬੀ |
ਮਹਲਾ ੧, ੩, ੪, ੫ ਕਬੀਰ, ਰਵਿਦਾਸ |
- |
7. ਗਉੜੀ ਦੀਪਕੀ |
ਮਹਲਾ ੧, ੪, ੫ |
- |
8. ਗਉੜੀ ਮਾਝ |
ਮਹਲਾ ੪, ੫ |
- |
9. ਗਉੜੀ ਮਾਲਵਾ |
ਮਹਲਾ ੫ |
- |
10. ਗਉੜੀ ਮਾਲਾ |
ਮਹਲਾ ੫ |
- |
11. ਗਉੜੀ ਸੋਰਠਿ |
ਭਗਤ ਕਬੀਰ |
4. ਆਸਾ |
- |
ਮਹਲਾ ੧, ੨, ੩, ੪, ੫, ੯ ਭਗਤ ਕਬੀਰ, ਨਾਮਦੇਵ,
ਰਵਿਦਾਸ, ਧੰਨਾ ਅਤੇ ਸ਼ੇਖ ਫਰੀਦ। |
- |
12. ਆਸਾਵਰੀ |
ਮਹਲਾ ੪, ੫ |
- |
13. ਆਸਾਵਰੀ ਸੁਧੰਗ |
ਮਹਲਾ ੪ |
- |
14. ਆਸਾ ਕਾਫੀ |
ਮਹਲਾ ੧, ੩, ੪, ੫ |
5. ਗੂਜਰੀ |
- |
ਮਹਲਾ ੧, ੩, ੪, ੫ ਭਗਤ ਕਬੀਰ, ਨਾਮਦੇਵ, ਰਵਿਦਾਸ, ਭਗਤ ਤ੍ਰਿਲੋਚਨ, ਜੈਦੇਵ |
|
|
|
6. ਦੇਵਗੰਧਾਰੀ |
- |
ਮਹਲਾ ੪, ੫, ੯ |
- |
15. ਦੇਵਗੰਧਾਰ |
ਮਹਲਾ ੫ |
7. ਬਿਹਾਗੜਾ |
- |
ਮਹਲਾ ੧, ੩, ੪, ੫, ੯ |
8. ਵਡਹੰਸ |
- |
ਮਹਲਾ ੧, ੩, ੪, ੫ |
- |
16. ਵਡਹੰਸ ਦਖਣੀ |
ਮਹਲਾ ੧ |
9. ਸੋਰਠਿ |
- |
ਮਹਲਾ ੧, ੨, ੩, ੪, ੫, ੯ ਭਗਤ ਕਬੀਰ, ਨਾਮਦੇਵ, ਰਵਿਦਾਸ, ਭਗਤ ਭੀਖਣ |
10. ਧਨਾਸਰੀ |
- |
ਮਹਲਾ ੧, ੩, ੪, ੫, ੯ ਭਗਤ ਕਬੀਰ, ਨਾਮਦੇਵ, ਰਵਿਦਾਸ,
ਤ੍ਰਿਲੋਚਨ, ਸੈਣ, ਪੀਪਾ ਅਤੇ ਭਗਤ ਧੰਨਾ |
11. ਜੈਤਸਰੀ |
- |
ਮਹਲਾ ੪, ੫, ੯ ਅਤੇ ਭਗਤ ਰਵਿਦਾਸ |
12. ਟੋਡੀ |
- |
ਮਹਲਾ ੪, ੫, ੯ ਅਤੇ ਭਗਤ ਨਾਮਦੇਵ |
13. ਬੈਰਾੜੀ |
- |
ਮਹਲਾ ੪, ੫ |
14. ਤਿਲੰਗ |
- |
ਮਹਲਾ ੧, ੪, ੫, ੯ ਭਗਤ ਕਬੀਰ ਅਤੇ ਭਗਤ ਰਵਿਦਾਸ |
- |
17. ਤਿਲੰਗ ਕਾਫੀ |
ਮਹਲਾ ੯ |
15. ਸੂਹੀ |
- |
ਮਹਲਾ ੧, ੨, ੩, ੫ ਭਗਤ ਕਬੀਰ, ਰਵਿਦਾਸ ਅਤੇ ਸ਼ੇਖ ਫਰੀਦ |
- |
18. ਸੂਹੀ ਕਾਫੀ |
ਮਹਲਾ ੧, ੫ |
- |
19. ਸੂਹੀ ਲਲਿਤ |
ਭਗਤ ਕਬੀਰ ਜੀ ਅਤੇ ਸ਼ੇਖ ਫਰੀਦ |
16. ਬਿਲਾਵਲ |
- |
ਮਹਲਾ ੧, ੩, ੪, ੫, ੯ ਭਗਤ ਕਬੀਰ, ਨਾਮਦੇਵ, ਰਵਿਦਾਸ ਅਤੇ ਭਗਤ ਸਧਨਾ |
- |
20. ਬਿਲਾਵਲ ਦਖਣੀ |
ਮਹਲਾ ੧ |
- |
21. ਬਿਲਾਵਲ ਮੰਗਲ |
ਮਹਲਾ ੪, ੫ |
17. ਗੋਂਡ |
- |
ਮਹਲਾ ੪, ੫ ਭਗਤ ਕਬੀਰ, ਨਾਮਦੇਵ ਅਤੇ ਰਵਿਦਾਸ |
- |
22. ਬਿਲਾਵਲ ਗੋਂਡ |
ਭਗਤ ਨਾਮਦੇਵ |
18. ਰਾਮਕਲੀ |
- |
ਮਹਲਾ ੧, ੨, ੩, ੪, ੫, ੯ ਭਗਤ ਕਬੀਰ, ਨਾਮਦੇਵ, ਰਵਿਦਾਸ, ਬੇਣੀ ਅਤੇ ਰਬਾਬੀ ਭਾਈ ਸੱਤਾ ਬਲਵੰਡ |
- |
23. ਰਾਮਕਲੀ ਦਖਣੀ |
ਮਹਲਾ ੧ |
19. ਨਟ ਨਾਰਾਇਣ |
- |
ਮਹਲਾ ੪, ੫ |
- |
24. ਨਟ |
ਮਹਲਾ ੪, ੫ |
20. ਮਾਲੀ ਗਉੜਾ |
- |
ਮਹਲਾ ੪, ੫ ਭਗਤ ਨਾਮਦੇਵ |
21. ਮਾਰੂ |
- |
ਮਹਲਾ ੧, ੨, ੩, ੪, ੫, ੯ ਭਗਤ ਕਬੀਰ, ਨਾਮਦੇਵ, ਜੈ ਦੇਵ, ਭਗਤ ਰਵਿਦਾਸ |
- |
25. ਮਾਰੂ ਕਾਫੀ |
ਮਹਲਾ ੧ |
- |
26. ਮਾਰੂ ਦਖਣੀ |
ਮਹਲਾ ੧ |
22. ਤੁਖਾਰੀ |
- |
ਮਹਲਾ ੧, ੪, ੫ |
23. ਕੇਦਾਰਾ |
- |
ਮਹਲਾ ੧, ੪, ੫ ਭਗਤ ਕਬੀਰ,ਭਗਤ ਰਵਿਦਾਸ |
24. ਭੈਰਉ |
- |
ਮਹਲਾ ੧, ੩, ੪, ੫ ਭਗਤ ਕਬੀਰ, ਨਾਮਦੇਵ, ਭਗਤ ਰਵਿਦਾਸ |
25. ਬਸੰਤ |
- |
ਮਹਲਾ ੧, ੩, ੪, ੫, ੯ ਭਗਤ ਕਬੀਰ, ਰਾਮਾਨੰਦ,ਨਾਮਦੇਵ, ਭਗਤ ਰਵਿਦਾਸ |
- |
27. ਬਸੰਤ ਹਿੰਡੋਲ |
ਮਹਲਾ ੧, ੩, ੪, ੫, ੯ ਭਗਤ ਕਬੀਰ |
26. ਸਾਰੰਗ |
- |
ਮਹਲਾ ੧, ੨, ੪, ੫, ੯ ਭਗਤ ਕਬੀਰ,ਨਾਮਦੇਵ, ਪਰਮਾਨੰਦ, ਭਗਤ ਸੂਰਦਾਸ |
27. ਮਲਾਰ |
- |
ਮਹਲਾ ੧, ੨, ੩, ੪, ੫ ਭਗਤ ਨਾਮਦੇਵ, ਰਵਿਦਾਸ |
28. ਕਾਨੜਾ |
- |
ਮਹਲਾ ੪, ੫ ਭਗਤ ਨਾਮਦੇਵ |
29. ਕਲਿਆਣ |
- |
ਮਹਲਾ ੪, ੫ |
- |
28. ਕਲਿਆਣ ਭੋਪਾਲੀ |
ਮਹਲਾ ੪ |
30. ਪ੍ਰਭਾਤੀ |
- |
ਮਹਲਾ ੧, ੩, ੪, ੫ ਭਗਤ ਕਬੀਰ, ਨਾਮਦੇਵ, ਬੇਣੀ |
- |
29. ਪ੍ਰਭਾਤੀ ਬਿਭਾਸ |
ਮਹਲਾ ੧, ੩, ੪, ੫ |
- |
30. ਬਿਭਾਸ ਪ੍ਰਭਾਤੀ |
ਮਹਲਾ ੫, ਭਗਤ ਕਬੀਰ, ਨਾਮਦੇਵ, ਬੇਣੀ |
- |
31. ਪ੍ਰਭਾਤੀ ਦਖਣੀ |
ਮਹਲਾ ੧ |
31. ਜੈਜਾਵੰਤੀ |
- |
ਮਹਲਾ ੯ |
|
|
|
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਪਹਿਲਾਂ ਵਰਣਿਤ 31 ਮੁੱਖ ਰਾਗ ਤੇ 31 ਰਾਗ ਪ੍ਰਕਾਰਾਂ ਦਾ ਪ੍ਰਯੋਗ ਕੀਤਾ ਗਿਆ ਹੈ। ਰਾਗ ਦੇ ਵਿਸਿ਼ਸ਼ਟ ਸੌਂਦਰਯ ਮੂਲਕ ਭਾਵ ਪ੍ਰਕਾਸ਼ਨ ਤੇ ਭਾਵ ਬੋਧ ਦੀ ਅਪਾਰ ਸ਼ਕਤੀ ਸਦਕਾ ਇਸ ਨੂੰ ਗਾਇਨ ਲਈ ਪ੍ਰਯੋਗ ਕੀਤਾ ਗਿਆ ਹੈ। ਇਸ ਪਰੰਪਰਾ ਵਿਚ ਨਿਰਧਾਰਤ ਰਾਗਾਂ ਦੁਆਰਾ ਗੁਰਬਾਣੀ ਗਾਇਨ ਦੀ ਪਰੰਪਰਾ ਦਾ ਸੰਸਥਾਗਤ ਪ੍ਰਚੱਲਨ ਹੈ। ਨਿਰਸੰਦੇਹ ਕਾਵਿ ਦੇ ਗਾਇਨ ਵਿਚ ਰਾਗ ਦਾ ਪ੍ਰਯੋਗ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਵੀ ਮਿਲਦਾ ਹੈ ਪਰੰਤੂ ਜਿਹੜੇ ਨਵੀਨ ਅਰਥ ਵਿਹਾਰਕ ਰੂਪ ਵਿਚ ਰਾਗ ਨੂੰ ਗੁਰੂ ਸਾਹਿਬ ਨੇ ਪ੍ਰਦਾਨ ਕਰਵਾਏ ਹਨ ਉਹ ਗੁਰਮਤਿ ਸੰਗੀਤ ਦੀ ਮੌਲਿਕ ਤੇ ਵਿਲੱਖਣ ਖਾਸੀਅਤ ਹਨ। ਬਾਣੀ ਵਿਚ ਰਾਗ ਦਾ ਮਹੱਤਵ ਤੇ ਪ੍ਰਯੋਗ ਭਾਰਤੀ ਸੰਗੀਤ ਵਿਚਲੇ ਰਾਗ ਪ੍ਰਚੱਲਨ ਤੋਂ ਭਿੰਨ ਹੈ ਜਿਸ ਅਧੀਨ ਕੇਵਲ ਰਾਗ ਦੀ ਕਲਾਤਮਕ ਪ੍ਰਸਤੁਤੀ ਦੀ ਬਜਾਏ ਰਾਗ ਦੀ ਸ਼ਕਤੀ ਦਾ ਪ੍ਰਯੋਗ ਬਾਣੀ ਦੇ ਕੀਰਤਨਮਈ ਭਾਵ ਪ੍ਰਕਾਸ਼ਨ ਹਿਤ ਕੀਤਾ ਗਿਆ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਗ ਨੂੰ ਮੌਲਿਕ ਦ੍ਰਿਸ਼ਟੀ ਤੋਂ ਪ੍ਰਯੋਗ ਕੀਤਾ ਗਿਆ ਹੈ ਜਿਸ ਅਧੀਨ ਗੁਰੂ ਸਾਹਿਬ ਨੇ ਰਾਗ ਵਰਗੀਕਰਣ ਦੀ ਨਵੀਨ ਵਿਧੀ ਅਪਣਾਈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਪੂਰੀ ਤਰ੍ਹਾਂ ਸਪੱਸ਼ਟ ਹੈ। ਆਪ ਨੇ ਬਾਣੀ ਦੇ ਰਾਗ ਵਿਧਾਨ ਨੂੰ ਮੱਧਕਾਲੀਨ ਰਾਗ ਰਾਗਣੀ ਵਰਗੀਕਰਣ ਦੇ ਅਵਿਗਿਆਨਕ ਝਮੇਲਿਆਂ ਤੋਂ ਮੁਕਤ ਕਰਕੇ ਸਮੂਹ ਰਾਗਾਂ ਨੂੰ ’ਰਾਗ’ ਰੂਪ ਵਿਚ ਸਵੀਕਾਰ ਕੀਤਾ ਹੈ ਅਤੇ ਰਾਗਾਂ ਨੂੰ ਪੁੱਤਰ ਰਾਗ ਆਦਿ ਦੇ ਰੂਪ ਵਿਚ ਪ੍ਰਯੋਗ ਨਹੀਂ ਕੀਤਾ। ਇਸ ਅਧੀਨ ਸ਼ੁੱਧ, ਛਾਇਆਲਗ ਅਤੇ ਸੰਕੀਰਣ ਰਾਗਾਂ ਦੇ ਦ੍ਰਿਸ਼ਟੀਕੋਣ ਤੋਂ ਵਰਗੀਕਰਣ ਕਰਕੇ ਭਾਰਤੀ ਸੰਗੀਤ ਨੂੰ ਇਕ ਨਵੀਨ ਸੇਧ ਦਿੱਤੀ। ਬਾਅਦ ਵਿਚ ਇਸ ਦਾ ਪ੍ਰਚੱਲਨ ਭਾਰਤੀ ਸੰਗੀਤ ਵਿਚ ਵੀ ਹੋਇਆ ਜਿਸ ਵਿਚ ਮੁੱਖ ਰਾਗ ਤੇ ਉਪਰਾਗ ਵਿਧੀ ਨੇ ਅਧਾਰ ਗ੍ਰਹਿਣ ਕਰਕੇ ਥਾਟ ਪੱਧਤੀ ਨੂੰ ਜਨਮ ਦਿੱਤਾ। ਗੁਰੂ ਗ੍ਰੰਥ ਸਾਹਿਬ ਵਿਚ ਸਿਰੀ, ਮਾਝ, ਗਉੜੀ, ਗੂਜਰੀ, ਆਸਾ ਆਦਿ ਸ਼ੁ਼ੱਧ ਰਾਗ ਹਨ। ਛਾਇਆਲਗ ਰਾਗ ਦੀ ਸ਼੍ਰੇਣੀ ਵਿਚ ਗਉੜੀ ਚੇਤੀ, ਗਉੜੀ ਪੂਰਬੀ,ਗਉੜੀ ਦੀਪਕੀ ਆਦਿ ਆਉਂਦੇ ਹਨ ਅਤੇ ਸੰਕੀਰਣ ਰਾਗਾਂ ਸ੍ਰੇ਼ਣੀ ਵਿਚ ਗਉੜੀ ਪੂਰਬੀ ਦੀਪਕੀ ਰਾਗ ਵੀ ਹੈ।
ਦੇਸੀ, ਇਲਾਕਾਈ ਤੇ ਸਨਾਤਨੀ ਰਾਗਾਂ ਵਜੋਂ ਗੁਰੂ ਸਾਹਿਬਾਨ ਨੇ ਬਾਣੀ ਦੇ ਸੰਚਾਰ ਦੀਆਂ ਸੰਭਾਵਨਾਵਾਂ ਵਧਾਉਣ ਲਈ ਵਿਭਿੰਨ ਇਲਾਕਿਆਂ ਦੀ ਲੋਕ ਪਰੰਪਰਾ ਵਿਚੋਂ ਮਾਝ, ਆਸਾ, ਆਸਾ ਕਾਫ਼ੀ, ਬਿਹਾਗੜਾ, ਤਿਲੰਗ, ਸੂਹੀ, ਮਾਰੂ, ਤੁਖਾਰੀ ਆਦਿ ਰਾਗ ਵਿਸ਼ੇਸ਼ ਹਨ। ਇਸਦੇ ਨਾਲ ਹੀ ਗੁਰੂ ਸਾਹਿਬ ਨੇ ਰਾਗਾਂ ਦੇ ਦੱਖਣੀ ਸਰੂਪਾਂ ਦਾ ਪ੍ਰਯੋਗ ਵੀ ਕੀਤਾ ਹੈ, ਜਿਵੇਂ ਗਉੜੀ ਦੱਖਣੀ, ਵਡਹੰਸ ਦੱਖਣੀ, ਬਿਲਾਵਲ ਦੱਖਣੀ, ਰਾਮਕਲੀ ਦੱਖਣੀ, ਮਾਰੂ ਦੱਖਣੀ, ਪ੍ਰਭਾਤੀ ਦੱਖਣੀ । ਇਸ ਪ੍ਰਯੋਗ ਦੁਆਰਾ ਗੁਰੂ ਸਾਹਿਬਾਨ ਨੇ ਵਿਭਿੰਨ ਇਲਾਕਿਆਂ ਦੀ ਸੰਸਕ੍ਰਿਤੀ ਨਾਲ ਜੁੜ ਕੇ ਉਨ੍ਹਾਂ ਦੇ ਸੰਗੀਤ ਅਤੇ ਭਾਸ਼ਾ ਵਿਚ ਵੀ ਬਾਣੀ ਦੇ ਅਧਿਆਤਮਕ ਅਨੁਭਵ ਅਤੇ ਬੋਧ ਨੂੰ ਸੰਚਾਰਿਤ ਕਰਨ ਦੀ ਸਰਲ ਕੋਸਿ਼ਸ਼ ਕੀਤੀ ਹੈ। ਇਹ ਵਡੇਰਾ ਯਤਨ ਕੇਵਲ ਗੁਰਬਾਣੀ ਦੇ ਸੰਚਾਰ ਲਈ ਹੀ ਲਾਭਕਾਰੀ ਨਹੀਂ ਸਗੋਂ ਇਨ੍ਹਾਂ ਵਿਭਿੰਨ ਦੇਸ਼ੀ ਰਾਗਾਂ ਨੂੰ ਭਾਰਤੀ ਸੰਗੀਤ ਵਿਚ ਪ੍ਰਚਾਰਿਤ ਕਰਨ ਵਿਚ ਵੀ ਸਹਾਈ ਹੋਇਆ ਹੈ।
|
|
|
|
|
|
ਗੁਰਬਾਣੀ ਦੇ ਰਾਗ ਪ੍ਰਬੰਧ ਤੋਂ ਇਹ ਗੱਲ ਭਲੀ ਭਾਂਤ ਸਪਸ਼ਟ ਹੋ ਜਾਂਦੀ ਹੈ ਕਿ ਬਾਣੀ ਦੀ ਸਫਲ ਪ੍ਰਸਤੁਤੀ ਹਿਤ ਬਾਣੀ ਅਤੇ ਰਾਗ ਨੂੰ ਇਨ੍ਹਾਂ ਦੀ ਪ੍ਰਕ੍ਰਿਤੀ ਦੀ ਅੰਤਰੀਵੀ ਸਾਂਝ, ਸਮਾਨਤਾ ਅਤੇ ਸਬੰਧ ਨੂੰ ਭਾਵਾਤਮਕ ਤੇ ਰਸਾਤਮਕ ਪੱਧਰ ਉਤੇ ਜੋੜਨ ਦੀ ਸਫਲ ਕੋਸਿ਼ਸ਼ ਕੀਤੀ ਗਈ ਹੈ। ਇਸ ਪਰੰਪਰਾ ਵਿਚ ਸਨਾਤਨੀ ਕਾਵਿ ਰੂਪ ਲਈ ਸ਼ੁੱਧ ਰੂਪ ਵਿਚ ਮਾਰਗੀ ਜਾਂ ਸਥਾਪਿਤ ਰਾਗਾਂ ਦਾ ਪ੍ਰਯੋਗ ਕੀਤਾ ਗਿਆ ਹੈ। ਇਸੇ ਤਰ੍ਹਾਂ ਲੋਕ ਕਾਵਿ ਰੂਪਾਂ ਨੂੰ ਸੰਬੰਧਿਤ ਲੋਕ ਧੁਨਾਂ ਦੇ ਦੇਸੀ ਰਾਗਾਂ ਅਧੀਨ ਨਿਬੱਧ ਕੀਤਾ ਗਿਆ ਹੈ। ਸਿਰੀ, ਮਾਝ, ਗਉੜੀ, ਗੂਜਰੀ, ਰਾਮਕਲੀ, ਪ੍ਰਭਾਤੀ ਰਾਗਾਂ ਅਧੀਨ ਪ੍ਰਬੰਧ ਗਾਇਨ ਸ਼ੈਲੀ ਦੇ ਕਾਵਿ ਰੂਪ 'ਅਸ਼ਟਪਦੀ' ਦਾ ਪ੍ਰਯੋਗ ਇਸ ਉਪਰੋਕਤ ਵਿਚਾਰ ਦਾ ਸਫ਼ਲ ਪਰਮਾਣ ਹੈ। ਇਸੇ ਤਰ੍ਹਾਂ ਧਰੁਪਦ ਅੰਗ ਤੋਂ ਪਦ ਗਾਇਨ ਵੀ ਇਸੇ ਲੜੀ ਦੀ ਸਫ਼ਲ ਕੜੀ ਹੈ।
ਗੁਰਬਾਣੀ ਦੀ ਪ੍ਰਸਤੁਤੀ ਹਿਤ ਰਾਗਾਂ ਦੇ ਨਿਰਧਾਰਣ ਹਿਤ ਰਾਗ ਅਤੇ ਸਮੇਂ/ਮੌਸਮ ਦੇ ਆਪਸੀ ਸੰਬੰਧਾਂ ਦਾ ਵੀ ਪਾਲਨ ਕੀਤਾ ਗਿਆ ਹੈ ਜਿਸ ਅਧੀਨ ਸਵੇਰ/ਸ਼ਾਮ ਅਤੇ ਵਿਭਿੰਨ ਮੌਸਮਾਂ ਦੇ ਪ੍ਰਕ੍ਰਿਤੀ ਚਿਤਰਣ ਨੂੰ ਸੰਬੰਧਿਤ ਕਾਵਿ ਵਿਚ ਬਿਆਨਿਆ ਗਿਆ ਹੈ ਅਤੇ ਇਨ੍ਹਾਂ ਨੂੰ ਸਮੇਂ ਅਨੁਸਾਰ ਢੁਕਵੇਂ ਰਾਗਾਂ ਅਧੀਨ ਨਿਬੱਧ ਕੀਤਾ ਗਿਆ ਹੈ ਜੋ ਬਾਣੀ ਦੇ ਸੰਚਾਰ ਨੂੰ ਹੋਰ ਵੀ ਸਪੱਸ਼ਟ ਤੇ ਸੁਨਿਸ਼ਚਿਤ ਕਰਦਾ ਹੈ।
ਸਮੇਂ ਨਾਲ ਸੰਬੰਧਿਤ ਬਾਣੀ
ਸਿਰੀ ਰਾਗ
|
|
|
ਬਿਨੁ ਤੇਲ ਦੀਵਾ ਕਿਉ ਜਲੈ॥੧॥ ਰਹਾਉ॥ ਪੋਥੀ ਪੁਰਾਣ ਕਮਾਈਐ॥
ਭਉ ਵਟੀ ਇਤੁ ਤਨੁ ਪਾਈਐ॥ ਸਚੁ ਬੂਝਣੂ ਆਣਿ ਜਲਾਈਐ॥2॥
ਇਹ ਤੇਲੁ ਦੀਵਾ ਇਉ ਜਲੈ॥ ਕਰਿ ਚਾਨਣੁ ਸਾਹਿਬ ਤਉ ਮਿਲੈ॥ ਰਹਾਓ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੨੫)
ਰੁਤਾਂ ਅਤੇ ਮੋਸਮਾਂ ਨਾਲ ਸਬੰਧਤ ਬਾਣੀ ਰਾਗ ਬਸੰਤ, ਮਲਾਰ, ਮਾਝ ਤੇ ਤੁਖਾਰੀ ਵਿਚ ਦੇਖੀ ਜਾ ਸਕਦੀ ਹੈ।
ਬਸੰਤ ਰਾਗ (ਰੁੱਤਕਾਲੀਨ ਰਾਗ)-
ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੧੬੮)
ਬਸੰਤੁ ਚੜਿਆ ਫੂਲੀ ਬਨਰਾਇ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੧੭੭)
ਮਲਾਰ ਰਾਗ-
ਘਨੁ ਗਰਜਤ ਗੋਵਿੰਦ ਰੂਪ॥ ਗੁਨ ਗਾਵਤ ਸੁਖ ਚੈਨ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੨੭੨)
ਬਰਸੁ ਮੇਘ ਜੀ ਤਿਲੁ ਬਿਲਮੁ ਨ ਲਾਉ॥
ਬਰਸੁ ਪਿਆਰੇ ਮਨਹਿ ਸਧਾਰੇ, ਹੋਇ ਅਨਦੁ ਸਦਾ ਮਨਿ ਚਾਉ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੧੨੬੭)
ਰਾਗ ਤੁਖਾਰੀ -
ਵੈਸਾਖੁ ਭਲਾ ਸਾਖਾ ਵੇਸ ਕਰੇ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੧੦੮)
ਪੋਖਿ ਤੁਖਾਰੁ ਪੜੇ, ਵਣੁ ਤ੍ਰਿਣੁ ਰਸ ਸੋਖੈ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੧੦੯)
ਰਾਗ ਮਾਝ -
ਹਰਿ ਜੇਠਿ ਜੁੜੰਦਾ ਲੋੜੀਐ, ਜਿਸ ਅਗੈ ਸਭੇ ਨਿਵੰਨਿ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੩੮)
ਗੁਰਬਾਣੀ ਦੇ ਉਦੇਸ਼ ਦੀ ਪੂਰਤੀ ਲਈ ਗੁਰੂ ਸਾਹਿਬ ਨੇ ਸਮਾਜ ਦੇ ਵਿਭਿੰਨ ਵਰਗਾਂ ਦੇ ਪ੍ਰਿਯ ਰਾਗਾਂ ਨੂੰ ਪ੍ਰਯੋਗ ਕੀਤਾ ਹੈ ਜਿਸ ਨਾਲ ਗੁਰਬਾਣੀ ਵਿਚਾਰ ਦੀ ਪ੍ਰਸਤੁਤੀ ਵਿਚ ਸੰਬੰਧਿਤ ਲੋਕਾਂ ਨਾਲ ਨਿਕਟ ਸਾਂਝ ਉਤਪੰਨ ਹੋਈ ਹੈ। ਸਿੱਧਾਂ, ਨਾਥਾਂ ਅਤੇ ਜੋਗੀਆਂ ਦੇ ਪ੍ਰਿਯ ਰਾਗ ਰਾਮਕਲੀ ਦਾ ਪ੍ਰਯੋਗ ਇਸੇ ਦਾ ਸਫਲ ਨਮੂਨਾ ਹੈ ਜਿਸ ਅਧੀਨ ਸਿੱਧ ਗੋਸਟਿ ਅਤੇ ਜੋਗ ਸਿਧਾਂਤਾਂ ਆਦਿ ਨਾਲ ਸੰਬੰਧਿਤ ਬਾਣੀ ਨੂੰ ਰਾਗ ਰਾਮਕਲੀ ਅਧੀਨ ਹੀ ਗਾਉਣ ਦਾ ਆਦੇਸ਼ ਹੈ।
ਧਿਆਨਪਰੰਪਰਾਰਾਗ ਦੇ ਸਰੂਪ ਨੂੰ ਸਾਖਸ਼ਾਤ ਰੂਪ ਵਿਚ ਅਨੁਭਵ ਕਰਨ ਅਤੇ ਸਮਝਣ ਦੇ ਉਦੇਸ਼ ਦੀ ਪੂਰਤੀ ਕਰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਰਤੀ ਸੰਗੀਤ ਦੇ ਰਾਗ ਧਿਆਨਾਂ ਦੇ ਮੁਕਾਬਲੇ ਵਿਚ ਗੁਰਬਾਣੀ ਦੇ ਆਸ਼ੇ ਅਨੁਸਾਰ ਰਾਗ ਧਿਆਨ ਰਚੇ ਹਨ। ਗੁਰਬਾਣੀ ਦੇ ਇਨ੍ਹਾਂ ਰਾਗ ਧਿਆਨਾਂ, ਨੇ ਵਿਭਿੰਨ ਰਾਗਾਂ ਨੂੰ ਅਧਿਆਤਮਕ ਅਰਥ ਪ੍ਰਦਾਨ ਕੀਤੇ ਹਨ ਜਿਹੜੇ ਦੂਸਰੇ ਸੰਗੀਤ ਗ੍ਰੰਥਾਂ ਦੇ ਮੁਕਾਬਲੇ ਵਿਚ ਕਿਤੇ ਜ਼ਿਆਦਾ ਸਪੱਸ਼ਟ ਤੇ ਸਮਰੱਥ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਸੋਰਠਿ ਰਾਗ ਦਾ ਧਿਆਨ ਪ੍ਰਸਤੁਤ ਕੀਤਾ ਗਿਆ ਹੈ:
ਸੋਰਠਿ ਸਦਾ ਸੁਹਾਵਣੀ ਜੇ ਸਚਾ ਮਨਿ ਹੋਇ॥
ਦੰਦੀ ਮੈਲੁ ਨ ਕਤੁ ਮਨਿ ਜੀਭੈ ਸਚਾ ਸੋਇ॥
ਸਸੁਰੇ ਪੇਈਐ ਭੈ ਵਸੀ ਸਤਿਗੁਰੁ ਸੇਵਿ ਨਿਸੰਗ॥
ਪਰਹਿਰ ਕਪੜੁ ਜੇ ਪਿਰ ਮਿਲੈ ਖੁਸੀ ਰਾਵੈ ਪਿਰੁ ਸੰਗਿ॥
ਸਦਾ ਸੀਗਾਰੀ ਨਾਉ ਮਨਿ ਕਦੇ ਨ ਮੈਲੁ ਪਤੰਗੁ॥
ਦੇਵਰ ਜੇਠ ਮੁਏ ਦੁਖਿ ਸਸੂ ਕਾ ਡਰੁ ਕਿਸੁ॥
|
|
|
|
|
|
ਜੇ ਪਿਰ ਭਾਵੈ ਨਾਨਕਾ ਕਰਮ ਮਣੀ ਸਭੁ ਸਚੁ॥1॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੬੪੨)
ਉਪਰੋਕਤ ਸ਼ਬਦ ਵਿਚ ਸੋਰਠਿ ਨੂੰ ਇਕ ਇਸਤ੍ਰੀ ਦੇ ਰੂਪ ਵਿਚ ਚਿਤਾਰਿਆ ਗਿਆ ਹੈ ਜਿਸਨੇ ਪਤੀ ਪ੍ਰਮੇਸਰ ਨੂੰ ਰਿਝਾਉਣਾ, ਮਨ ਵਿਚ ਵਸਾਉਣਾ ਹੈ, ਸੇਵਾ ਕਰਨੀ ਹੈ, ਮਨ ਦੀਆਂ ਬੁਰਿਆਈਆਂ ਦਾ ਖ਼ਾਤਮਾ ਕਰਦਿਆਂ ਨਾਮ ਦਾ ਸਿ਼ੰਗਾਰ ਕਰ, ਵਿਕਾਰਾਂ ਤੋਂ ਉਪਰ ਉਠਣਾ ਹੈ, ਅਜਿਹੀ ਇਸਤ੍ਰੀ ਨੂੰ ਹੀ ਪ੍ਰਭੂ ਪ੍ਰਮੇਸ਼ਰ ਦੇ ਪਿਆਰ ਦੀ ਬਖਸਿ਼ਸ਼ ਹੁੰਦੀ ਹੈ ਉਸਦੇ ਮਸਤਕ ਉਤੇ ਭਾਗਾਂ ਦਾ ਟਿੱਕਾ ਲਗਦਾ ਹੈ ਭਾਵ ਭਾਗ ਜਾਗਦੇ ਹਨ।
ਗੁਰਬਾਣੀ ਵਿਚ ਪ੍ਰਯੁਕਤ ਗਾਇਨ ਰੂਪਾਂ ਨੂੰ ਅਸੀਂ ਸ਼ਾਸਤਰੀ ਅੰਗ ਦੇ ਗਾਇਨ-ਰੂਪਾਂ ਅਤੇ ਲੋਕ ਅੰਗ ਦੇ ਗਾਇਨ-ਰੂਪਾਂ ਵਿਚ ਵਿਭਾਜਿਤ ਕਰ ਸਕਦੇ ਹਾਂ। ਇਸ ਵਰਗੀਕਰਣ ਦੇ ਅੰਤਰਗਤ ਅਸ਼ਟਪਦੀ (ਪ੍ਰਬੰਧ ਗਾਇਨ) ਪਦੇ (ਧਰੁਪਦ ਗਾਇਨ) ਹੋਲੀ ਨਾਲ ਸੰਬੰਧਿਤ ਪਦੇ/ਸ਼ਬਦ (ਧਮਾਰ ਗਾਇਨ) ਪੜਤਾਲ (ਪੜਤਾਲ ਗਾਇਨ) ਆਦਿ ਸ਼ਾਸਤਰੀ ਅੰਗ ਦੇ ਗਾਇਨ ਰੂਪ ਹਨ। ਛੰਤ, ਅਲਾਹੁਣੀ, ਮੁੰਦਾਵਣੀ, ਘੋੜੀਆਂ, ਵਾਰ, ਸੋਹਿਲਾ, ਪਹਰੇ, ਬਾਰਹਮਾਹ ਆਦਿ ਲੋਕ ਅੰਗ ਦੇ ਗਾਇਨ-ਰੂਪਾਂ ਵਜੋਂ ਵਿਦਮਾਨ ਹਨ। ਉਕਤ ਗਾਇਨ-ਰੂਪਾਂ ਨੂੰ ਗਾਇਨ ਤੋਂ ਪੂਰਵ ਇਹਨਾਂ ਦੇ ਗੁਰਮਤਿ ਸੰਗੀਤਤਕ ਪਰਿਪੇਖ ਦੇ ਅੰਤਰਗਤ ਪਹਿਚਾਣਨਾ ਜ਼ਰੂਰੀ ਹੈ। ਜਦੋਂ ਕਿਤੇ ਵੀ ਇਹਨਾਂ ਗਾਇਨ-ਰੂਪਾਂ ਨੂੰ ਸੰਗੀਤ ਜਗਤ ਵਿਚ ਪ੍ਰਚੱਲਿਤ ਤੇ ਸਥਾਪਿਤ ਇਹਨਾਂ ਦੇ ਪਰੰਪਰਿਕ ਮੁੱਲਾਂ ਦਾ ਧਾਰਣੀ ਬਣਾਇਆ ਜਾਵੇਗਾ ਉਥੇ ਗੁਰਮਤਿ ਸੰਗੀਤ ਦੇ ਮੌਲਿਕ ਅਨੁਸ਼ਾਸਨ ਦੀ ਅਵੱਗਯਾ ਹੋਵੇਗੀ। ਇਸ ਲਈ ਗਾਇਨ ਰੂਪਾਂ ਨੂੰ ਗੁਰਮਤਿ ਸੰਗੀਤ ਪ੍ਰਬੰਧ ਦੇ ਅਨੁਸ਼ਾਸਨ ਦੇ ਅੰਤਰਗਤ ਵਾਚਣ ਤੇ ਗਾਉਣ ਦੀ ਲੋੜ ਹੈ।
ਸ਼ਾਸਤਰੀ ਅੰਗ ਦੇ ਗਾਇਨ ਰੂਪ : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਸ਼ਾਸਤਰੀ ਅੰਗ ਦੇ ਗਾਇਨ ਰੂਪ ਕੀਰਤਨ ਦੀ ਵਿਸ਼ੇਸ਼ ਸ਼ੈਲੀ ਹੈ। ਜਿਸ ਵਿਚ ਅਸ਼ਟਪਦੀ, ਪਦੇ ਅਤੇ ਗੁਰਮਤਿ ਸੰਗੀਤ ਦੀ ਮੌਲਿਕ ਤੇ ਨਿਵੇਕਲੀ ਗਾਇਨ ਸ਼ੈਲੀ ਪੜਤਾਲ ਤੋਂ ਇਲਾਵਾ ਰੁੱਤ ਕਾਲੀਨ ਕੀਰਤਨ ਸ਼ੈਲੀਆਂ ਵੀ ਆਉਂਦੀਆਂ ਹਨ। ਇਨ੍ਹਾਂ ਨੂੰ ਵਿਸਥਾਰ ਪੂਰਵਕ ਇਸ ਤਰ੍ਹਾਂ ਜਾਣ ਸਕਦੇ ਹਾਂ।
ਅਸ਼ਟਪਦੀ : ਸਨਾਤਨੀ ਜਾਂ ਸ਼ਾਸਤਰੀ ਅੰਗ ਤੋਂ ਗਾਇਨ ਕੀਤੀ ਜਾਣ ਵਾਲੀ ਬਾਣੀ ਰਚਨਾ ਅਸ਼ਟਪਦੀ ਸ੍ਰੀ ਗੁਰੂ ਸਾਹਿਬ ਦਾ ਮਹੱਤਵਪੂਰਨ ਕਾਵਿ ਰੂਪ ਹੈ। ' ਇਸ ਦਾ ਕਾਵਿਕ ਅਤੇ ਸੰਗੀਤਕ ਰੂਪ ਸਨਾਤਨੀ ਉਚੱਤਾ ਦਾ ਧਾਰਣੀ ਹੈ। ਨਾਮਾਨੁਸਾਰ ਅੱਠਾਂ ਪਦਾਂ ਦੀ ਰਚਨਾ ਨੂੰ ਅਸ਼ਟਪਦੀ ਕਹਿੰਦੇ ਹਨ। ਗੁਰਬਾਣੀ ਵਿਚ ਅਸ਼ਟਪਦੀ ਅਧੀਨ ਪਦਿਆਂ ਦੀ ਗਿਣਤੀ ਅੱਠ ਤੋਂ ਵੱਧ ਨੌ, ਦਸ, ਗਿਆਰਾਂ ਅਤੇ ਅੱਠ ਤੋਂ ਘੱਟ ਕੇ ਸੱਤ ਵੀ ਮਿਲਦੀ ਹੈ। ਅਸ਼ਟਪਦੀ ਵਿਚ ਇਨ੍ਹਾਂ ਪਦਿਆਂ ਤੌਂ ਇਲਾਵਾ ਤੁਕਾਂ ਵਿਚ ਵੀ ਭਿੰਨਤਾ ਪਾਈ ਜਾਂਦੀ ਹੈ। ਪਦੇ ਵਿਚ ਚਾਰ ਤੁਕਾਂ ਤੋਂ ਬਿਨਾਂ ਤਿੰਨ, ਦੋ, ਇਕ ਤੁਕ ਵੀ ਦ੍ਰਿਸ਼ਟੀਗੋਚਰ ਹੁੰਦੀ ਹੈ।
ਭਾਰਤੀ ਸੰਗੀਤ ਦੇ ਅਧਿਐਨ ਤੋਂ ਪਤਾ ਲਗਦਾ ਹੈ ਕਿ ਗੁਰੂ ਸਾਹਿਬਾਨ ਤੋਂ ਪੂਰਵ ਅਸ਼ਟਪਦੀ ਦਾ ’ਪ੍ਰਬੰਧ’ ਸ਼ੈਲੀ ਦੇ ਰੂਪ ਵਿਚ ਪ੍ਰਚਾਰ ਸੀ। ਪ੍ਰਬੰਧ ਇਕ ਵਿਸ਼ੇ਼ਸ਼ ਨਿਯਮਬੱਧ ਰਚਨਾ ਹੈ ਜਿਸਦੇ ਚਾਰ ਭਾਗ ਉਦਗ੍ਰਾਹ, ਧਰੁਵ, ਮੇਲਾਪਕ, ਆਭੋਗ ਹਨ। 12ਵੀਂ ਸਦੀ ਦੇ ਭਗਤ ਕਵੀ ਅਤੇ ਮਹਾਨ ਸੰਗੀਤਕਾਰ ਜੈ ਦੇਵ ਦੁਆਰਾ ਰਚਿਤ ’ਗੀਤ ਗੋਵਿੰਦ’ ਦੀਆਂ ਮਹੱਤਵਪੂਰਨ ਰਚਨਾਵਾਂ ਅਸ਼ਟਪਦੀਆਂ ਪ੍ਰਬੰਧ ਗਾਇਨ ਦਾ ਉਤਕ੍ਰਿਸ਼ਟ ਨਮੂਨਾ ਹਨ। ਇਸ ਮਹਾਨ ਰਚਨਾ ’ਗੀਤ ਗੋਵਿੰਦ’ ਤੋਂ ਪ੍ਰਬੰਧ ਸ਼ੈਲੀ ਦੀ ਪ੍ਰਾਚੀਨਤਾ ਤੇ ਮਹਾਨਤਾ ਬਾਰੇ ਪਤਾ ਲਗਦਾ ਹੈ।
ਪਦੇ : ਪਦ ਕਾਵਿ ਦਾ ਪੁਰਾਤਨ ਤੇ ਪ੍ਰਚੱਲਿਤ ਕਾਵਿ ਰੂਪ ਹੈ ਜਿਸਨੂੰ ਸੰਗੀਤ ਵਿਚ ਗਾਇਨ ਕਰਨ ਦੀ ਆਪਣੀ ਹੀ ਪਰੰਪਰਾ ਹੈ। ’ਸੰਗੀਤ ਭਾਸ਼ਯ’ ਵਿਚ ਪਦ ਦੀ ਪਰਿਭਾਸ਼ਾ ਇਸ ਤਰ੍ਹਾਂ ਦਿੱਤੀ ਗਈ ਹੈ, ਜਿਨ੍ਹਾਂ ਵਿਸ਼ੇਸ਼ ਅੱਖਰ ਜਾਂ ਵਾਕ ਸਮੂਹਾਂ ਤੋਂ ਕਿਸੇ ਗਤ ਜਾਂ ਗੀਤ ਦਾ ਬੋਧ ਕੀਤਾ ਜਾਂਦਾ ਹੈ, ਉਸ ਸ਼ਬਦਾਵਲੀ ਨੂੰ ਪਦ ਕਿਹਾ ਜਾਂਦਾ ਹੈ। ਪਦ ਨੂੰ ਰਾਗ ਪਦ, ਰਾਗ ਪ੍ਰਕਾਸ਼ਕ ਪਦ ਅਤੇ ਸਵਰ ਸ਼ਬਦ ਵੀ ਕਿਹਾ ਜਾਂਦਾ ਹੈ। ਜੋ ਕਾਵਯ ਵਰਣ, ਗਣ, ਮਾਤ੍ਰਾ ਦੇ ਨਿਯਮ ਵਿਚ ਆ ਜਾਵੇ ਉਸਦੀ ਪਦ ਸੰਗਯਾ ਹੈ ਪਰ ਕਵੀਆਂ ਨੇ ਵਿਸਨੂਪਦ ਦੀ ਥਾਂ ਪਦ ਸ਼ਬਦ ਵਿਸੇ਼ਸ਼ ਵਰਤਿਆ ਹੈ। ਸੂਰਦਾਸ ਆਦਿ ਪ੍ਰਸਿੱਧ ਭਗਤਾਂ ਦੇ ਛੰਦ, ਪਦ ਨਾਮ ਤੋਂ ਪ੍ਰਸਿੱਧ ਹਨ।
|
|
|
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲਗਭਗ ਸਮੂਹ ਗੁਰੂ ਸਾਹਿਬਾਨ ਅਤੇ ਸੰਤਾਂ ਭਗਤਾਂ ਨੇ ਪਦ ਸ਼ੈਲੀ ਦਾ ਪ੍ਰਯੋਗ ਆਪਣੀ ਬਾਣੀ ਦੇ ਗਾਇਨ ਲਈ ਕੀਤਾ। ਗੁਰਬਾਣੀ ਵਿਚ ਬੰਦ ਜਾਂ ਤੁਕਾਂ ਦੀ ਸੰਖਿਆ ਦੇ ਆਧਾਰ ’ਤੇ ਹੀ ਪਦਿਆਂ ਦੇ ਨਾਮ ਸਿਰਲੇਖ ਰੂਪ ਵਿਚ ਅੰਕਿਤ ਹਨ। ਦੋ ਬੰਦਾਂ ਨੂੰ ਦੁਪਦੇ, ਤਿੰਨ ਬੰਦ ਦੇ ਪਦੇ ਨੂੰ ਤਿਪਦੇ, ਚਾਰ ਬੰਦਾਂ ਦੇ ਪਦੇ ਨੂੰ ਚਉਪਦੇ ਅਤੇ ਇਸ ਤੋਂ ਇਲਾਵਾ ਪੰਚਪਦੇ ਛਿਪਦੇ ਆਦਿ ਰਚਨਾਵਾਂ ਵੀ ਬਾਣੀ ਵਿਚ ਦਰਜ ਹਨ।
ਰਾਗੁ ਸੂਹੀ ਅਸਟਪਦੀਆ ਮਹਲਾ ੧ ਘਰੁ ੧ ਸਤਿਗੁਰ ਪ੍ਰਸਾਦਿ॥
ਸਭਿ ਅਵਗਣ ਮੈਂ ਗੁਣੁ ਨਹੀ ਕੋਈ॥ ਕਿਉ ਕਰਿ ਕੰਤ ਮਿਲਾਵਾ ਹੋਈ ॥
ਨਾ ਮੈ ਰੂਪੁ ਨ ਬੰਕੇ ਨੈਣਾ॥ ਨਾ ਕੁਲ ਢੰਗੁ ਨ ਮੀਠੇ ਬੈਣਾ।।੧।। ਰਹਾਉ॥
ਸਹਜਿ ਸੀਗਾਰ ਕਾਮਣਿ ਕਰਿ ਆਵੈ॥ ਤਾ ਸੋਹਾਗਣਿ ਜਾ ਕੰਤੈ ਭਾਵੈ॥
ਨਾ ਤਿਸੁ ਰੂਪੁ ਨ ਰੇਖਿਆ ਕਾਈ॥ ਅੰਤਿ ਨ ਸਾਹਿਬੁ ਸਿਮਰਿਆ ਜਾਈ॥
ਸੁਰਤਿ ਮਤਿ ਨਾਹੀ ਚਤੁਰਾਈ॥ ਕਰਿ ਕਿਰਪਾ ਪ੍ਰਭ ਲਾਵਹੁ ਪਾਈ॥
ਖਰੀ ਸਿਆਣੀ ਕੰਤ ਨ ਭਾਣੀ॥ ਮਾਇਆ ਲਾਗੀ ਭਰਮਿ ਭੁਲਾਣੀ॥
ਹਉਮੈ ਜਾਈ ਤਾ ਕੰਤ ਸਮਾਈ॥ ਤਉ ਕਾਮਣਿ ਪਿਆਰੇ ਨਵ ਨਿਧਿ ਪਾਈ॥
ਅਨਿਕ ਜਨਮ ਬਿਛੁਰਤ ਦੁਖੁ ਪਾਇਆ॥ ਕਰੁ ਗਹਿ ਲੇਹੁ ਪ੍ਰੀਤਮ ਪ੍ਰਭ ਰਾਇਆ॥
ਭਣਤਿ ਨਾਨਕੁ ਸਹੁ ਹੈ ਭੀ ਹੋਸੀ॥ ਜੈ ਭਾਵੈ ਪਿਆਰਾ ਤੈ ਰਾਵੇਸੀ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੭੫੦)
ਪਦ ਸ਼ੈਲੀ ਨੂੰ ਮੱਧਕਾਲ ਵਿਚ ਪ੍ਰਚੱਲਿਤ ਧਰੁਪਦ ਅੰਗ ਤੋਂ ਧਰੁਪਦ ਸ਼ੈਲੀ ਵਿਚ ਗਾਏ ਜਾਣ ਦੀ ਰੀਤ ਪ੍ਰਚਾਰ ਵਿਚ ਸੀ ਜਿਸ ਅਧੀਨ ਧਰੁਪਦ ਸ਼ੈਲੀ ਦਾ ਪ੍ਰਯੋਗ ਈਸ਼ਵਰ ਦੀ ਗੁਣ ਗਾਥਾ ਲਈ ਕੀਤਾ ਜਾਂਦਾ ਸੀ ਜਿਸਦੇ ਚਾਰ ਅੰਗ ਸਥਾਈ, ਅੰਤਰਾ, ਸੰਚਾਰੀ, ਆਭੋਗ ਹਨ। ਭਾਰਤੀ ਸੰਗੀਤ ਦੇ ਪ੍ਰਸਿੱਧ ਸੰਗੀਤਕਾਰ ਸੁਆਮੀ ਹਰੀਦਾਸ ਉਨ੍ਹਾਂ ਦੇ ਸਿ਼ਸ਼ ਤਾਨਸੇਨ, ਬੈਜੂ ਬਾਵਰਾ, ਰਾਮਦਾਸ ਆਦਿ ਅਤੇ ਸੰਤ ਕਵੀਆ ਵਿਚੋਂ ਭਗਤ ਕਬੀਰ, ਸੂਰਦਾਸ ਆਦਿ ਦੁਆਰਾ ਰਚਿਤ ਪਦੇ ਧਰੁਪਦ ਗਾਇਨ ਸ਼ੈਲੀ ਦੇ ਉੱਤਮ ਨਮੂਨੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਪਦ ਸ਼ੈਲੀ' ਅਧੀਨ ਰਹਾਉ ਦੀ ਤੁਕ ਨੂੰ ਧਰੁਪਦ ਸ਼ੈਲੀ ਵਿਚ ’ਧਰੁਵ’ ਦਾ ਨਾਮ ਦਿੱਤਾ ਹੈ। ਜੋ ਇਸ ਗਾਇਨ ਰੂਪ ਵਿਚ ’ਸਥਾਈ’ ਵਜੋਂ ਕਾਰਜਸ਼ੀਲ ਰਹਿੰਦੇ ਹਨ। ਸ਼ਬਦ ਦੀਆਂ ਬਾਕੀ ਤੁਕਾਂ ਦੇ ਅੰਤ ਤੇ 1,2,3,4 ਦੇ ਰੂਪ ਵਿਚ ਦਰਜ ਅੰਕ ਅੰਤਰਾ, ਸੰਚਾਰੀ, ਆਭੋਗ ਧਰੁਪਦ ਦੇ ਨਿਯਮਾਂ ਅਨੁਸਾਰ ਕਾਰਜਸ਼ੀਲ ਰਹਿੰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਾਣੀ ਪ੍ਰਧਾਨ ਹੋਣ ਕਾਰਣ ਧਰੁਪਦ ਸ਼ੈਲੀ ਦੇ ਇਨ੍ਹਾਂ ਸ਼ਾਸਤਰੀ ਨਿਯਮਾਂ ਤੋਂ ਖੁਲ੍ਹ ਵੀ ਲੈ ਲਈ ਜਾਂਦੀ ਹੈ। ਉਦਾਹਰਣ ਦੇ ਤੌਰ ’ਤੇ ਦੁਪਦੇ, ਤਿਪਦੇ ਆਦਿ ਵਿਚ ਧਰੁਪਦ ਦੇ ਸਾਰੇ ਅੰਗ ਨਹੀਂ ਹਨ ਪਰ ਇਨ੍ਹਾਂ ਦਾ ਗਾਇਨ ਧਰੁਪਦ ਅੰਗ ਤੋਂ ਹੀ ਕੀਤਾ ਜਾਂਦਾ ਹੈ। ਗੁਰਮਤਿ ਸੰਗੀਤ ਦੀ ਪ੍ਰਧਾਨ ’ਪਦ’ ਸ਼ੈਲੀ ਨੂੰ ਧਰੁਪਦ ਅੰਗ ਤੋਂ ਗਾਏ ਜਾਣ ਦੀ ਪਰੰਪਰਾ ਬਾਣੀ ਪ੍ਰਬੰਧ ਦੀ ਵਿਸਿ਼ਸ਼ਟਤਾ ਹੈ।
|
|
|
|
|
|
ਪੜਤਾਲ : ਗੁਰਮਤਿ ਸੰਗੀਤ ਵਿਚ ਕੁਝ ਗਾਇਨ ਵਿਧਾਵਾਂ ਕੇਵਲ ਸਿੱਖ ਸੰਗੀਤ ਦਾ ਹੀ ਹਾਸਲ ਹਨ ਜੋ ਭਾਰਤੀ ਸੰਗੀਤ ਵਿਚ ਪ੍ਰਚਲਿਤ ਨਹੀਂ। ਇਨ੍ਹਾਂ ਵਿਚੋਂ ਪੜਤਾਲ ਗਾਇਕੀ ਇਕ ਵਿਲੱਖਣ ਗਾਇਨ ਸ਼ੈਲੀ ਹੈ। ਸਿੱਖ ਸੰਗੀਤ ਦੇ ਆਧਾਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਚੌਥੇ ਗੁਰੂ ਰਾਮਦਾਸ ਜੀ ਅਤੇ ਪੰਜਵੇਂ ਗੁਰੂ ਅਰਜਨ ਦੇਵ ਜੀ ਦੁਆਰਾ ਪਚਵੰਜਾ ਸ਼ਬਦ ਰਚਨਾਵਾਂ ਅਜਿਹੀਆਂ ਹਨ ਜੋ ਪੜਤਾਲ ਸਿਰਲੇਖ ਅਧੀਨ ਅੰਕਤ ਕੀਤੀਆਂ ਗਈਆਂ ਹਨ। ਪੜਤਾਲ ਸਬੰਧੀ ਪੂਰਵ ਨਿਰਧਾਰਤ ਮੱਤ ਨਾ ਹੋਣ ਕਰਕੇ ਇਸ ਅਪ੍ਰਚੱਲਿਤ ਗਾਇਨ ਵਿਧਾ ਦੀ ਵਿਆਖਿਆ ਸੰਗੀਤ ਵਿਦਵਾਨਾਂ ਅਤੇ ਗੁਰਮਤਿ ਦੇ ਵਿਆਖਿਆਕਾਰਾਂ ਨੇ ਆਪੋ ਆਪਣੇ ਦ੍ਰਿਸ਼ਟੀਕੋਣ ਤੋਂ ਕੀਤੀ ਹੈ। ਇਸ ਸਬੰਧੀ ਪ੍ਰਚਲਿਤ ਧਾਰਣਾਵਾਂ ਤੋਂ ਪੜਤਾਲ ਦੇ ਹੇਠ ਲਿਖੇ ਮੁੱਖ ਲੱਛਣ ਸਰਬ ਤੌਰ ਤੇ ਪ੍ਰਵਾਣਿਤ ਹਨ।
ਪੜਤਾਲ ਤੋਂ ਭਾਵ ਸ਼ਬਦ ਗਾਇਨ ਦੀ ਉਹ ਰਚਨਾ ਹੈ ਜਿਸ ਵਿਚ ਤਾਲਾਂ ਨੂੰ ਬਦਲ ਬਦਲ ਕੇ ਪ੍ਰਯੋਗ ਕੀਤਾ ਜਾਂਦਾ ਹੈ। ਪੜਤਾਲ, ਪਰਤ ਤਾਲ, ਪਟਤਾਲ, ਪੰਚਤਾਲ ਆਦਿ ਨਾਵਾਂ ਦਾ ਸਬੰਧ ਪੜਤਾਲ ਨਾਲ ਦਰਸਾਇਆ ਜਾਂਦਾ ਹੈ। ਪੜਤਾਲ ਅਧੀਨ ਕਿਸੇ ਸ਼ਬਦ ਦੇ ਹਰ ਅੰਤਰੇ ਦੇ ਗਾਇਨ ਲਈ ਵੱਖ ਵੱਖ ਪੰਜ ਤਾਲਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਪਰ ਸਥਾਈ ਲਈ ਇਕੋ ਤਾਲ ਹੀ ਰਹਿੰਦਾ ਹੈ। ਹਰ ਅੰਤਰੇ ਪਿੱਛੋਂ ਤਾਲ ਨਾਲ ਸਬੰਧਿਤ ਤਿਹਾਈ ਮਾਰਨ ਲਈ ਵਿਸ਼ੇਸ਼ ਤੋਲ ਤੁਕਾਂਤ ਮੌਜੂਦ ਹੁੰਦਾ ਹੈ।
ਭਾਰਤੀ ਸੰਗੀਤ ਅਤੇ ਗੁਰਮਤਿ ਸੰਗੀਤ ਦੇ ਸਮਕਾਲੀ ਸੰਗੀਤ ਵਿਚ ਪੜਤਾਲ ਗਾਇਕੀ ਦਾ ਉਲੇਖ ਹੋਰ ਕਿਧਰੇ ਨਹੀਂ ਮਿਲਦਾ। ਪੜਤਾਲ ਦਾ ਸੰਬੰਧ ਸਬੰਧਿਤ ਸ਼ਬਦ ਕੀਰਤਨ ਪਰੰਪਰਾ ਨਾਲ ਹੈ। ਵਿਦਵਾਨਾਂ ਦੁਆਰਾ ਦਿੱਤੀ ਗਈ ਉਪਰੋਕਤ ਜਾਣਕਾਰੀ ਅਨੁਸਾਰ ਗੁਰਬਾਣੀ ਸੰਗੀਤ ਦੀਆਂ ਹੋਰ ਕਈ ਗਾਇਨ ਸ਼ੈਲੀਆਂ ਵਾਂਗ ਇਸਦਾ ਵਿਲੱਖਣ ਸਰੂਪ ਵੀ ਕਾਲ ਚੱਕਰ ਦੀਆਂ ਪਰਤਾਂ ਵਿਚ ਲੁਪਤ ਹੋ ਗਿਆ ਹੈ ਕਿਉਂਕਿ ਇਹ ਸੀਨਾ-ਬ-ਸੀਨਾ ਪਰੰਪਰਾ ਨਾਲ ਸਬੰਧਿਤ ਸਨ। ਫਿਰ ਵੀ ਗੁਰਬਾਣੀ ਦੇ ਅੰਤਰੀਵੀ ਹਵਾਲਿਆਂ ਅਤੇ ਵਰਤਮਾਨ ਵਿਹਾਰਕ ਗੁਰਮਤਿ ਸੰਗੀਤ ਪਰੰਪਰਾ ਤੋਂ ਇਸ ਦੇ ਕੁਝ ਪ੍ਰਮਾਣਿਕ ਲੱਛਣ ਅਵੱਸ਼ ਪ੍ਰਾਪਤ ਹੋ ਜਾਂਦੇ ਹਨ।
ਭਾਈ ਕਾਨ੍ਹ ਸਿੰਘ ਨਾਭਾ ਨੇ ਪੜਤਾਲ ਨੂੰ ’ਪਟਤਾਲ ਵਿਚ ਹੀ ਗਾਈ ਜਾਂਦੀ ਹੋਵੇ ਤਾਂ ਤਾਲਾਂ ਦੇ ਪਰਤਾਵ (ਬਦਲਾਵ) ਅਤੇ ਵਿਭਿੰਨ ਤਾਲਾਂ ਵਾਲੀ ਪਰਿਭਾਸ਼ਾ ਮੂਲੋਂ ਹੀ ਗਲਤ ਹੋ ਜਾਂਦੀ ਹੈ। ਇਹ ਧਾਰਣਾ ਸਹੀ ਪ੍ਰਤੀਤ ਨਹੀਂ ਹੁੰਦੀ ਕਿਉਂਕਿ ਪੜਤਾਲ ਦੀਆਂ ਨਵੀਨ ਅਤੇ ਪੁਰਾਤਨ ਰੀਤਾਂ ਉਪਲਬੱਧ ਹਨ ਜੋ ਵਿਭਿੰਨ ਤਾਲਾਂ ਵਿਚ ਨਿਬੱਧ ਹਨ। ਬਾਣੀ ਵਿਚ ਪੜਤਾਲ ਦੇ ਸਿਰਲੇਖ ਤਿੰਨ ਪ੍ਰਕਾਰ ਨਾਲ ਅੰਕਿਤ ਕੀਤੇ ਗਏ ਹਨ।
1. ਆਸਾ ਮਹਲਾ ੫ ਘਰੁ ੧੫ ਪੜਤਾਲ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੪੦੮)
2. ਨਟ ਪੜਤਾਲ ਮਹਲਾ ੫ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੯੮੦)
3. ਸਾਰੰਗ ਮਹਲਾ ੪ ਘਰੁ ੫ ਦੁਪਦੇ ਪੜਤਾਲ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੨੦੦)
ਉਪਰੋਕਤ ਸਿਰਲੇਖਾਂ ਤੋਂ ਸਪੱਸ਼ਟ ਹੈ ਰਾਗ, ਮਹਲਾ, ਘਰੁ, ਕਾਵਿ ਰੂਪ ਅਤੇ ਪੜਤਾਲ ਵੱਖੋ ਵੱਖਰੇ ਸੰਕੇਤ |
|
|
ਹਨ। ਪੜਤਾਲ ਨੂੰ ਜੇਕਰ ਚਾਰ ਤਾਲ ਦਾ ਭੇਦ ਪਟਤਾਲ ਮੰਨ ਲਈਏ ਤਾਂ ਘਰੁ ਸਬੰਧੀ ਪ੍ਰਚੱਲਿਤ ਵਿਚਾਰ, ਜਿਸ ਅਨੁਸਾਰ ਇਹ ਤਾਲ ਦਾ ਸੰਕੇਤ ਹੈ, ਮੂਲੋਂ ਹੀ ਗਲਤ ਸਿਧ ਹੋ ਜਾਂਦਾ ਹੈ। ਪੜਤਾਲ ਸਬੰਧੀ ਗੁਰਮਤਿ ਸੰਗੀਤ ਆਚਾਰੀਆ ਦੀ ਧਾਰਣਾ ਜੋ ਪੜਤਾਲ ਦੇ ਵਿਹਾਰਕ ਰੂਪ ਉਪਰ ਆਧਾਰਿਤ ਹੈ, ਯਥਾਰਥ ਦੇ ਵਧੇਰੇ ਨੇੜੇ ਜਾਪਦੀ ਹੈ, ਗੁਰਮਤਿ ਸੰਗੀਤ ਦੀ ਵਿਹਾਰਕ ਪਰੰਪਰਾ ਅਤੇ ਉਪਰੋਕਤ ਧਾਰਣਾਵਾਂ ਦੇ ਆਧਾਰ ਤੇ ਅਸੀਂ ਪੜਤਾਲ ਦਾ ਵਿਸ਼ਲੇਸ਼ਣ ਇਸ ਪ੍ਰਕਾਰ ਕਰ ਸਕਦੇ ਹਾਂ।
ਗੁਰਬਾਣੀ ਸੰਗੀਤ ਦੇ ਅੰਤਰਗਤ ਪੜਤਾਲ ਦੇ ਪਦ ਰਚਨਾ ਹੋਣ ਕਰਕੇ ਧਰੁਪਦ ਸ਼ੈਲੀ ਦੇ ਅੰਗ ਤੋਂ ਗਾਏ ਜਾਣ ਦੀ ਰੀਤ ਹੈ। ਪੜਤਾਲਾਂ ਤੋਂ ਇਹ ਸ਼ੈਲੀ ਸਪੱਸ਼ਟ ਵੀ ਹੋ ਜਾਂਦੀ ਹੈ। ਪੜਤਾਲ ਨੂੰ ਭਿੰਨ ਭਿੰਨ ਤਾਲਾਂ ਵਿਚ ਨਿਬੱਧ ਕਰਕੇ ਗਾਇਆ ਜਾਂਦਾ ਹੈ। ਪੁਰਾਤਨ ਕੀਰਤਨੀਆਂ ਦੇ ਵਿਚਾਰ ਅਨੁਸਾਰ ਇਸ ਨੂੰ ਵੱਖ ਵੱਖ ਪੰਜ ਤਾਲਾਂ ਵਿਚ ਨਿਬੱਧ ਕੀਤਾ ਜਾਣਾ ਚਾਹੀਦਾ ਹੈ। ਕਈ ਕੀਰਤਨੀਆਂ ਵਿਚ ਪ੍ਰਚਲਿਤ ਇਕ ਸ੍ਰੋਤ ਅਨੁਸਾਰ ਇਸਦਾ ਆਰੰਭ ਪੰਜ ਤਾਲ ਦੀ ਸਵਾਰੀ ਤੋਂ ਵੀ ਮੰਨਿਆ ਜਾਂਦਾ ਹੈ। ਇਸ ਵਿਚਾਰ ਨਾਲ ਲਗਪਗ ਸਾਰੇ ਹੀ ਸਹਿਮਤ ਹਨ ਕਿ ਇਸ ਗਾਇਨ ਰੂਪ ਦੇ ਅੰਤਰਗਤ ਤਾਲਾਂ ਦਾ ਪਰਤਾਵ ਅਤੇ ਇਨ੍ਹਾਂ ਦੀ ਗਿਣਤੀ ਪੰਜ ਹੋਣੀ ਚਾਹੀਦੀ ਹੈ। ਪੜਤਾਲ ਦੀ ’ਰਹਾਉ’ ਵਾਲੀ ਤੁਕ/ਪੰਕਤੀ ਨੂੰ ’ਸਥਾਈ’ ਦੇ ਰੂਪ ਵਿਚ ਕਿਸੇ ਇਕ ’ਤਾਲ’ ਵਿਚ ਨਿਬੱਧ ਕਰ ਲਿਆ ਜਾਂਦਾ ਹੈ। ਸਥਾਈ ਦੇ ਗਾਇਨ ਸਮੇਂ ਇਹ ਤਾਲ ਵੀ ਸਥਾਈ ਹੁੰਦਾ ਹੈ। ਭਾਵ ਸਥਾਈ ਸਮੇਂ ਮੂਲ ਆਰੰਭਕ ਤਾਲ ਵਿਚ ਹੀ ਗਾਇਨ ਕੀਤਾ ਜਾਂਦਾ ਹੈ। ਅੰਤਰੇ ਦੀਆਂ ਤੁਕਾਂ ਨੂੰ ਵਿਭਿੰਨ ਤਾਲਾਂ ਵਿਚ ਗਾਉਣ ਉਪਰੰਤ ਮੁੜ ਸਥਾਈ ਵਾਲੇ ਤਾਲ ਵਲ ਪਰਤਿਆ ਜਾਂਦਾ ਹੈ। ਇਸ ਸਾਰੀ ਪ੍ਰਕ੍ਰਿਆ ਦੌਰਾਨ ਪੜਤਾਲ ਦਾ ਰਾਗ ਇਕੋ ਹੀ ਰਹਿੰਦਾ ਹੈ ਜੋ ਬਾਣੀ ਵਿਚ ਸ਼ਬਦ ਉਪਰ ਗੁਰੂ ਸਾਹਿਬ ਦੁਆਰਾ ਨਿਰਧਾਰਤ ਕੀਤਾ ਹੋਇਆ ਹੈ।
ਹੋਲੀ : ਗੁਰਬਾਣੀ ਵਿਚ ਹੋਲੀ ਨਾਲ ਸੰਬੰਧਿਤ ਸ਼ਬਦਾਂ ਨੂੰ ਭਾਰਤੀ ਸੰਗੀਤ ਵਿਚ ਪ੍ਰਚਲਿਤ ਦੀਪਚੰਦੀ ਜਾਂ ’ਧਮਾਰ’ ਅੰਗ ਤੋਂ ਗਾਇਨ ਕਰਨ ਦੀ ਪਰੰਪਰਾ ਹੈ। ਧਮਾਰ ਸ਼ੈਲੀ ਸ਼ਿੰਗਾਰ ਰਸ ਪ੍ਰਧਾਨ ਸ਼ੈਲੀ ਹੈ। ਧਮਾਰ ਤਾਲ ਵਿਚ ਗਾਇਨ ਕਰਨ ਤੇ ਇਸਨੂੰ ਧਮਾਰ ਸ਼ੈਲੀ ਕਿਹਾ ਜਾਂਦਾ ਹੈ। ਇਸਦੇ ਦੋ ਭਾਗ ਸਥਾਈ ਤੇ ਅੰਤਰਾ ਹੁੰਦੇ ਹਨ ਅਤੇ ਵਿਭਿੰਨ ਲੈਅਕਾਰੀਆਂ, ਬੋਲਤਾਨਾਂ ਆਦਿ ਨਾਲ ਸਜਾਇਆ ਜਾਂਦਾ ਹੈ। ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚ ਦਰਜ ਹੋਲੀ ਦੇ ਸ਼ਬਦਾਂ ਵਿਚ ’ਰਹਾਉ’ ਦਾ ਪ੍ਰਯੋਗ ਸਥਾਈ ਵਜੋਂ ਕੀਤਾ ਗਿਆ ਹੈ। ਇਸ ਵਿਚ ਰਹਾਉ ਦੀ ਤੁਕ ਤੋਂ ਇਲਾਵਾ ਬਾਕੀ ਸਾਰੀਆਂ ਤੁਕਾਂ ਅੰਤਰੇ ਦੀਆਂ ਹੁੰਦੀਆਂ ਹਨ। ਇਸਦੇ ਹਰ ਅੰਤਰੇ ਤੋਂ ਬਾਅਦ ਰਹਾਉ ਦੀ ਤੁਕ ਦਾ ਗਾਇਨ ਕੀਤਾ ਜਾਂਦਾ ਹੈ। ਗੁਰਬਾਣੀ ਵਿਚ ਹੋਲੀ ਦੇ ਸ਼ਬਦਾਂ' ਨੂੰ ਗੁਰਮਤਿ ਸੰਗੀਤ ਪ੍ਰਬੰਧ ਅਨੁਸਾਰ ਧਮਾਰ ਅੰਗ ਤੋਂ ਗਾਇਨ ਕਰਨ ਦੀ ਪਰੰਪਰਾ ਬਾਣੀ ਪ੍ਰਬੰਧ ਉਚੱਤਾ ਦੀ ਧਾਰਣੀ ਹੈ।
ਲੋਕ/ਦੇਸੀ ਅੰਗ ਦੇ ਗਾਇਨ ਰੂਪ : ਲੋਕ ਅੰਗ ਦੇ ਗਾਇਨ ਰੂਪ ਵੱਖ-ਵੱਖ ਇਲਾਕਿਆਂ ਦੇ ਲੋਕ ਸਭਿਆਚਾਰਾਂ, ਦੇ ਮਨੁੱਖੀ ਜੀਵਨ ਵਿਚ ਨਿੱਜੀ ਸਾਮੂਹਿਕ ਭਾਵਾਂ ਦੇ ਪ੍ਰਗਟਾ ਲਈ ਪ੍ਰਯੋਗ ਹੁੰਦੇ ਹਨ। ਗੁਰਬਾਣੀ ਅਧੀਨ ਲੋਕ ਅੰਗ ਦੇ ਗਾਇਨ ਰੂਪਾਂ ਨੂੰ ਗੁਰਮਤਿ ਸੰਗੀਤ ਪ੍ਰਬੰਧ ਅਧੀਨ ਰੱਖ ਕੇ ਇਨ੍ਹਾਂ ਵਿਚਲੀ ਖੁੱਲ ਨੂੰ ਅਨੁਸ਼ਾਸਿਤ ਕੀਤਾ ਗਿਆ ਹੈ। ਇਨ੍ਹਾਂ ਲੋਕ ਰੂਪਾਂ ਨੂੰ ਰਾਗ, ਧੁਨੀ, ਰਹਾਉ, ਅੰਕ ਆਦਿ ਸੰਕੇਤਾਂ ਨਾਲ ਸਰੂਪਿਤ ਕੀਤਾ ਗਿਆ ਹੈ। ਇਨ੍ਹਾਂ ਬਾਰੇ ਵਿਸਤ੍ਰਿਤ ਵਰਣਨ ਇਸ ਪ੍ਰਕਾਰ ਹੈ :
|
|
|
ਛੰਤ : ਛੰਤ ਪੰਜਾਬੀ ਕਾਵਿ ਅੰਗ ਹੈ। ਪੰਜਾਬੀ ਸਭਿਆਚਾਰ ਵਿਚ ਇਸ ਦਾ ਪ੍ਰਯੋਗ ਉਨ੍ਹਾਂ ਗੀਤਾਂ ਲਈ ਹੁੰਦਾ ਹੈ ਜੋ ਵਿਆਹ ਦੇ ਅਵਸਰ ਤੇ ਲਾੜਾ ਆਪਣੀਆਂ ਸਾਲੀਆਂ ਨੂੰ ਸੁਣਾਉਂਦਾ ਹੈ। ਵਿਆਹ ਸ਼ਾਦੀ ਦੇ ਮੌਕੇ ’ਤੇ ਗਾਏ ਜਾਣ ਵਾਲੇ ਗੀਤਾਂ ਨੂੰ ਛੰਦ ਕਿਹਾ ਜਾਂਦਾ ਹੈ। ਛੰਤ ਸਿ਼ੰਗਾਰ ਕਾਵਿ ਦਾ ਉਤੱਮ ਨਮੂਨਾ ਹਨ। ਪੰਜਾਬੀ ਲੋਕ ਛੰਤ ਵਿਚ ਛੰਤ ਦੀਆਂ ਤੁਕਾਂ ਦੋ ਭਾਗਾਂ ਵਿਚ ਵਿਭਾਜਿਤ ਕਰਕੇ ਹਰ ਭਾਗ ਦੇ ਅਖੀਰਲੇ ਸ਼ਬਦ ਨੂੰ ਲਮਕਾ ਕੇ ਟਿਕਾਅ ਸਹਿਤ ਗਾਇਨ ਕੀਤਾ ਜਾਂਦਾ ਹੈ। ਇਨ੍ਹਾਂ ਛੰਤਾਂ ਦਾ ਗਾਇਨ ਜ਼ਿਆਦਾਤਰ ਪੀਲੂ, ਖਮਾਜ ਰਾਗਾਂ ਵਿਚ ਵਧੇਰੇ ਮਿਲਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਛੰਤ'' ਦੇ ਆਮ ਤੌਰ ’ਤੇ ਚਾਰ ਬੰਦ ਹੁੰਦੇ ਹਨ ਅਤੇ ਹਰ ਬੰਦ ਵਿਚ ਛੇ ਤੁਕਾਂ ਹੁੰਦੀਆਂ ਹਨ ਪਰ ਗੁਰਬਾਣੀ ਵਿਚ ਛੰਤ ਦੇ ਪਦਿਆਂ ਦੀ ਸੰਖਿਆ ਸੱਤ, ਅੱਠ, ਨੌ ਅਤੇ ਸਤਾਰਾਂ ਵੀ ਮਿਲਦੀ ਹੈ। ਛੰਤਾਂ ਵਿਚ ਦਰਜ ਅੰਕ ਇਕ ਛੰਤ ਪੂਰਾ ਹੋਣ ਦਾ ਸੂਚਕ ਹਨ। ਛੰਤਾਂ ਦਾ ਗਾਇਨ ਕ੍ਰਮਵਾਰ ਗਾਇਨ ਕਰਨ ਦੀ ਰੀਤ ਹੈ ਇਸ ਲਈ ਛੰਤਾਂ ਨੂੰ ਸਥਾਈ, ਅੰਤਰੇ ਵਿਚ ਵਿਭਾਜਤ ਨਹੀਂ ਕੀਤਾ ਗਿਆ। ਸਿੱਖ ਜਗਤ ਵਿਚ ਰਾਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਾਸਨ ਉਪਰੰਤ ਮਹਾਰਾਜ ਦੀ ਸਵਾਰੀ ਨੂੰ ਵਿਸ਼ਰਾਮ ਵਾਲੇ ਸਥਾਨ ਤੇ ਲਿਜਾਂਦੇ ਸਮੇਂ ’ਜਿਥੇ ਜਾਇ ਬਹੈ ਮੇਰਾ ਸਤਿਗੁਰੂ’ ਛੰਤ ਦਾ ਗਾਇਨ ਕੀਤਾ ਜਾਂਦਾ ਹੈ। ਇਸ ਦਾ ਗਾਇਨ ਚਲਦੇ-ਚਲਦੇ ਬਿਨਾਂ ਸਾਜ਼ ਤੋਂ ਸਾਮੂਹਿਕ ਰੂਪ ਵਿਚ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਆਸਾ ਦੀ ਵਾਰ ਵਿਚ ਸ੍ਰੀ ਗੁਰੂ ਰਾਮਦਾਸ ਜੀ ਦੇ ਰਚਿਤ ਛੰਤਾਂ ਦਾ ਰੋਜ਼ਾਨਾ ਰਾਗ ਆਸਾ ਵਿਚ ਗਾਇਨ ਕਰਨ ਦੀ ਪਰੰਪਰਾ ਹੈ।
ਅਲਾਹੁਣੀ : ਅਲਾਹੁਣੀ ਸ਼ਬਦ ਅਲਾਹਣਾ ਤੋਂ ਬਣਿਆ ਹੈ, ਜਿਸਦਾ ਅਰਥ ਹੈ ਗਾਉਣਾ। ਅਲਾਹੁਣੀ ਦਾ ਸ਼ਾਬਦਿਕ ਅਰਥ ਹੈ ਸ਼ਲਾਘਾ ਜਾਂ ਉਸਤਤਿ ਦੀ ਕਵਿਤਾ, ਉਹ ਗੀਤ ਜਿਸ ਵਿਚ ਕਿਸੇ ਦੇ ਗੁਣ ਗਾਏ ਜਾਣ। ਖ਼ਾਸ ਕਰਕੇ ਮੋਏ ਪ੍ਰਾਣੀ ਦੇ ਗੁਣ ਕਰਮ ਕਹਿ ਕੇ ਜੋ ਗੀਤ ਗਾਇਆ ਜਾਂਦਾ ਹੈ, ਉਸਦਾ ਨਾਮ ਅਲਾਹੁਣੀ ਹੈ। ਅਲਾਹੁਣੀ ਗਾਇਨ ਕਰਨ ਦੀ ਆਪਣੀ ਹੀ ਪਰੰਪਰਾ ਹੈ। ਇਹ ਮ੍ਰਿਤਕ ਪ੍ਰਾਣੀ ਦੀ ਬਿਰਾਦਰੀ ਦੀਆਂ ਸਾਰੀਆਂ ਔਰਤਾਂ ਮਿਲ ਕੇ ਗਾਉਂਦੀਆਂ ਹਨ। ਸਾਰੀਆਂ ਔਰਤਾਂ ਇਕ ਦਾਇਰੇ ਵਿਚ ਖੜੋ ਜਾਂਦੀਆਂ ਹਨ ਅਤੇ ਵਿਚਕਾਰ ਨਾਇਣ ਜਾਂ ਮਰਾਸਣ ਖਲੋਦੀ ਹੈ। ਮਰਾਸਣ ਅਲਾਹੁਣੀ ਅਲਾਹੁੰਦੀ ਹੈ ਅਤੇ ਨਾਲ ਹੀ ਸਭ ਆਪਦੇ ਹੱਥ ਛਾਤੀ ਅਤੇ ਪੱਟਾਂ ਤੇ ਮਾਰ ਕੇ ਪਿੱਟਦੀਆਂ ਹਨ, ਸਭ ਦੇ ਹੱਥ ਇਕ ਲੈਅ ਵਿਚ ਉੱਠਦੇ ਹਨ। ਅਲਾਹੁਣੀ ਦਾ ਗਾਇਨ ਬਿਨਾਂ ਸਾਜ਼ ਤੋਂ ਕੀਤਾ ਜਾਂਦਾ ਹੈ। ਇਸਦੀ ਆਪਣੀ ਇਕ ਪਹਿਚਾਣ ਹੈ। ਇਸ ਦਾ ਖ਼ਾਸ ਹੇਕ, ਆਲਾਪ ਜਾਂ ਲਮਕਾਅ ਹੁੰਦਾ ਹੈ ਜੋ ਉਸ ਦ੍ਰਿਸ਼ ਨੂੰ ਹੋਰ ਸੋਗਮਈ, ਕਰੁਣਾਮਈ ਬਣਾ ਦਿੰਦਾ ਹੈ।
|
|
|
|
|
|
ਗੁਰਬਾਣੀ ਅੰਤਰਗਤ ਅਲਾਹੁਣੀ ਵਿਚ ਸੰਸਾਰ ਨੂੰ ਨਾਸ਼ਮਾਨ ਦਸਦੇ ਹੋਏ, ਜੀਵ ਨੂੰ ਪ੍ਰਮਾਤਮਾ ਦੀ ਰਜ਼ਾ ਵਿਚ ਰਹਿਣ, ਉੱਤਮ ਕੰਮ ਕਰਨ, ਮੌਤ ਨੂੰ ਯਾਦ ਰੱਖਣ ਅਤੇ ਪ੍ਰਭੂ ਭਗਤੀ ਦਾ ਉਪਦੇਸ਼ ਦਿੱਤਾ ਹੈ। ਅਲਾਹੁਣੀ ਦਾ ਗਾਇਣ ਪ੍ਰਾਣੀ ਦੇ ਅਕਾਲ ਚਲਾਣੇ ਉਪਰੰਤ ਦੇਹ ਨੂੰ ਦਾਹ ਦੇਣ ਮਗਰੋਂ ਕੀਤਾ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਅਲਾਹੁਣੀ' ਦੇ ਚਾਰ ਬੰਦ ਹਨ ਅਤੇ ਹਰ ਬੰਦ ਵਿਚ ਛੇ ਤੁਕਾਂ ਦਰਜ ਹਨ ਪਰ ਰਾਗ ਵਡਹੰਸ ਦੇ ਦੱਖਣੀ ਪ੍ਰਕਾਰ ਦੀ ਅਲਾਹੁਣੀ ਵਿਚ ਅੱਠ ਬੰਦ ਹਨ ਅਤੇ ਹਰ ਬੰਦ ਚਾਰ ਤੁਕਾਂ ਦਾ ਧਾਰਣੀ ਹੈ। ਇਸ ਵਿਚ ਸਥਾਈ ਵਜੋਂ ਰਹਾਉ ਦੀ ਤੁਕ ਵੀ ਅੰਕਿਤ ਹੈ ਜਦੋਂ ਕਿ ਬਾਕੀ ਸਥਾਈ ਅੰਤਰੇ ਵਿਚ ਵਿਭਾਜਿਤ ਨਹੀਂ ਕੀਤੀਆਂ ਗਈਆਂ ਇਹ ਕ੍ਰਮਵਾਰ ਹੀ ਗਾਈਆਂ ਜਾਂਦੀਆਂ ਹਨ। ਅਲਾਹੁਣੀ ਦੇ ਅਨੁਕੂਲ ਵਾਤਾਵਰਣ ਲਈ ਰੋਵਣ, ਮਰਣ, ਰੋਈਐ, ਵਿਛੋੜਾ, ਪਛਤਾਏ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਉਥੇ ਗਾਇਨ ਦੀ ਮੂਲ ਭਾਵਨਾ ਨੂੰ ਧਿਆਨ ਵਿਚ ਰਖਦੇ ਹੋਏ ਲਮਕਾ ਅਤੇ ਹੇਕ ਦੇ ਅਨੁਕੂਲ ਅੰਤਿਮ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਹੈ ਜੋ ਅਲਾਹੁਣੀ ਦੀ ਖ਼ਾਸ ਪਹਿਚਾਣ ਹਨ।
ਮੁੰਦਾਵਣੀ : ਮੁੰਦਾਵਣੀ ਦਾ ਅਰਥ ਹੈ ਬੁਝਾਰਤ, ਅੜਾਉਣੀ, ਜਿਸ ਵਿਚ ਭਾਵ ਜਾਂ ਅਰਥ ਮੁੰਦ ਕੇ, ਬੰਦ ਕਰਕੇ ਜਾਂ ਲੁਕਾ ਕੇ ਰੱਖਿਆ ਜਾਵੇ, ਐਸੀ ਗੱਲ ਜੋ ਕੋਈ ਛੇਤੀ ਨਾਲ ਨਾ ਸਮਝ ਸਕੇ। ਮੁੰਦਾਵਣੀ ਇਕ ਰੀਤ ਹੈ, ਜੋ ਪੰਜਾਬੀ ਸਭਿਆਚਾਰ ਵਿਚ ਜੰਝ ਜਦੋਂ ਰੋਟੀ ਖਾਣ ਬੈਠਦੀ ਹੈ' ਤਾਂ ਕੁੜੀਆਂ ਬੁਝਾਰਤ ਪਾ ਕੇ ਥਾਲੀ ਬੰਨ੍ਹ ਦਿੰਦੀਆਂ ਹਨ, ਜਦੋਂ ਉਹ ਬੁਝਾਰਤ ਬੁੱਝੀ ਜਾਵੇ ਤਾਂ ਜੰਝ ਰੋਟੀ ਖਾਂਦੀ ਹੈ, ਇਸਨੂੰ ਮੁੰਦਾਵਣੀ ਕਿਹਾ ਜਾਂਦਾ ਹੈ। ਇਹਨਾਂ ਗੀਤਾਂ ਵਿਚ ਥਾਲ ਵਿਚ ਪਈਆਂ ਵਸਤਾਂ ਦਾ ਜ਼ਿਕਰ ਹੁੰਦਾ ਹੈ।
ਗੁਰਬਾਣੀ ਅਧੀਨ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, ’’ਮੁੰਦਾਵਣੀ ਮੁਹਰ ਜਾਂ ਛਾਪ ਲਾਉਣ ਦੀ ਕ੍ਰਿਆ ਹੈ।’’ ਮੁੰਦਾਵਣੀ' ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਸ਼ੇ ਅਨੁਸਾਰ ਇਸਦੀ ਅੰਤਿਮ ਮੁਹਰ ਹੈ। ਇਸਦੇ ਸੰਪਾਦਨ ਨੇ ਸਪੱਸ਼ਟ ਕਰ ਦਿਤਾ ਹੈ ਕਿ ਇਸ ਮਹਾਨ ਗ੍ਰੰਥ (ਥਾਲ) ਵਿਚ ਸਤਿ, ਸੰਤੋਖ ਅਤੇ ਨਾਮ ਜੋ ਕੁਲ ਕਾਇਨਾਤ ਦਾ ਆਸਰਾ ਹਨ, ਜੋ ਕੋਈ ਇਸ ਨਾਮ ਨੂੰ ਖਾਏਗਾ, ਵਿਚਾਰ ਕਰੇਗਾ, ਉਸਦਾ ਕਲਿਆਣ ਹੋਵੇਗਾ। ਜ਼ਾਹਿਰ ਹੈ ਮੁੰਦਾਵਣੀ ਗੁਰੂ ਗ੍ਰੰਥ ਸਾਹਿਬ ਵਿਚ ਦਾਰਸ਼ਨਿਕ ਬੁਝਾਰਤ ਦੇ ਅਰਥਾਂ ਵਿਚ ਵੀ ਅਤੇ ਮੁਹਰ ਦੇ ਅਰਥਾਂ ਵਿਚ ਵੀ ਹੈ। ਸਿੱਖ ਧਰਮ ਵਿਚ ਮੁੰਦਾਵਣੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਦੇ ਸਮੇਂ ਅਤੇ ਰੋਜ਼ਾਨਾ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਵਿਚ ਗਾਇਨ ਕਰਨ ਦੀ ਪ੍ਰਰੰਪਰਾ ਹੈ ਇਸਦਾ ਗਾਇਨ ਬਿਨਾਂ ਸਾਜ਼ ਤੋਂ ਸਾਮੂਹਿਕ ਰੂਪ ਵਿਚ ਕੀਤਾ ਜਾਂਦਾ ਹੈ।
|
|
|
ਘੋੜੀਆਂ : ਘੋੜੀਆਂ ਪੰਜਾਬ ਦਾ ਲੋਕ ਪ੍ਰਿਯ ਕਾਵਿ ਰੂਪ ਹੈ। ਵਿਆਹ ਦੇ ਮੌਕੇ ’ਤੇ ਲਾੜੇ ਦੇ ਘੋੜੀ ਚੜ੍ਹਨ ਵੇਲੇ ਭੈਣਾਂ ਆਪਣੇ ਵੀਰ ਦਾ ਸ਼ਗਨ ਮਨਾਉਣ ਲਈ ਜਿਸ ਪ੍ਰਕਾਰ ਦੇ ਗੀਤ ਗਾਉਂਦੀਆਂ ਹਨ, ਘੋੜੀ ਲੋਕ ਕਾਵਿ-ਰੂਪ ਦੇ ਅੰਤਰਗਤ ਜਾਣਿਆ ਜਾਂਦਾ ਹੈ। ਘੋੜੀਆਂ ਵਿਚ ਤੁਕ ਦੇ ਅਖੀਰਲੇ ਸ਼ਬਦ ਨੂੰ ਵਿਸ਼ੇਸ਼ ਲਮਕਾ ਸਹਿਤ ਗਾਇਨ ਕੀਤਾ ਜਾਂਦਾ ਹੈ। ਗੁਰਬਾਣੀ ਅਧੀਨ ਘੋੜੀਆਂ ਬਾਣੀ ਵਿਚ ਪਰਮਾਤਮਾ ਦਾ ਨਾਮ ਸਿਮਰਨ ਕਰਕੇ ਪ੍ਰਭੂ ਦੇ ਮਿਲਾਪ ਦੇ ਸਾਧਨਾਂ ਦਾ ਵਰਣਨ ਹੈ ਅਤੇ ਇਹਨਾਂ ਵਿਚ ਗੁਰਮਤਿ ਸੰਗੀਤ ਪ੍ਰਬੰਧ ਨੂੰ ਧਿਆਨ ਵਿਚ ਰੱਖਦੇ ਹੋਏ ਸ਼ਾਸਤਰੀ ਸੰਗੀਤਕ ਸੰਕੇਤ ਰਾਗ, ਰਹਾਉ ਅਤੇ ਅੰਕਾਂ ਦਾ ਪ੍ਰਯੋਗ ਕੀਤਾ ਹੈ। ਇਹ ਘੋੜੀਆਂ ਸਥਾਈ, ਅੰਤਰੇ ਵਿਚ ਵਿਭਾਜਿਤ ਹੋਣ ਕਾਰਣ ਇਨ੍ਹਾਂ ਨੂੰ ਲੋਕ ਸੰਗੀਤ ਦੀ ਤਰ੍ਹਾਂ ਕ੍ਰਮਵਾਰ ਗਾਇਨ ਕਰਨ ਦੀ ਬਜਾਏ ਅੰਤਰਿਆਂ ਸਹਿਤ ਗਾਇਨ ਕਰਨ ਦੀ ਪਰੰਪਰਾ ਹੈ।
ਅੰਜਲੀ : ਪਾਣੀ ਦੀ ਚੂਲੀ ਦੇਵਤਿਆਂ ਤੇ ਪਿਤਰਾਂ ਨੂੰ ਅਰਪਣ ਕਰਨ ਦੀ ਰੀਤ ਨਾਲ ਸੰਬੰਧਿਤ ਕਾਵਿ-ਰੂਪ ਅੰਜੁਲੀ ਹੈ। ਲੋਕ ਵਿਸ਼ਵਾਸ਼ ਅਨੁਸਾਰ ਇਹ ਪਾਣੀ ਮਰੇ ਹੋਏ ਪ੍ਰਾਣੀ ਨੂੰ ਅਗਲੇ ਲੋਕ ਵਿਚ ਪ੍ਰਾਪਤ ਹੁੰਦਾ ਹੈ। ਗੁਰਬਾਣੀ ਅੰਤਰਗਤ ਰੂਪਕਾਰ ਦੀ ਦ੍ਰਿਸ਼ਟੀ ਤੋਂ ਅੰਜਲੀ ਵਿਚ ਅੱਠ-ਅੱਠ ਬੰਦ ਹਨ ਅਤੇ ਹਰ ਬੰਦ ਦੀਆਂ ਪਹਿਲੀਆਂ ਦੋ ਤੁਕਾਂ ਛੋਟੀਆਂ ਅਤੇ ਤੀਸਰੀ ਤੁਕ ਲੰਬੀ ਹੈ। ਇਨ੍ਹਾਂ ਵਿਚ ਰਹਾਉ ਦੀ ਤੁਕ ਦਾ ਪਾਲਣ ਨਹੀਂ ਕੀਤਾ ਗਿਆ ਹੈ। ਇਨ੍ਹਾਂ ਰਚਨਾਵਾਂ ਵਿਚ ਬਿਰਖ ਦੇ ਰੂਪ ਤੋਂ ਸੰਸਾਰ ਦੀ ਨਾਸ਼ਮਾਨਤਾ ਦਾ ਵਰਣਨ ਹੈ।
ਵਾਰ : ਵਾਰ ਪੰਜਾਬ ਦੇ ਲੋਕ ਸੰਗੀਤ ਦਾ ਇਕ ਅਟੂੱਟ ਅੰਗ ਹੈ, ਜਿਸ ਵਿਚ ਬਹਾਦਰ ਯੋਧਿਆਂ ਦੀ ਲੜਾਈ, ਸੂਰਬੀਰਤਾ ਨੂੰ ਸੰਗੀਤਮਈ ਪ੍ਰਸਤੁਤੀ ਦੁਆਰਾ ਪੇਸ਼ ਕੀਤਾ ਗਿਆ ਹੈ। ਇਸਦੇ ਗਾਇਕਾਂ ਨੂੰ ’ਢਾਢੀ’ ਕਿਹਾ ਜਾਂਦਾ ਹੈ, ਜਿਹੜੇ ਵਾਰਾਂ ਨੂੰ ਸੰਬੰਧਿਤ ਇਲਾਕਾਈ ਧੁਨਾਂ ਅਨੁਸਾਰ ਗਾਇਨ ਕਰਦੇ ਹਨ। ਵਾਰ ਬੀਰ ਰਸ ਨਾਲ ਭਰਪੂਰ ਹੋਣ ਕਾਰਣ ਇਸਦਾ ਗਾਇਨ ਬੁਲੰਦ ਆਵਾਜ਼ ਵਿਚ ਵਧੇਰੇ ਕਰਕੇ ਤਾਰ ਸਪਤਕ ਵਿਚ ਵੀ ਕੀਤਾ ਜਾਂਦਾ ਹੈ। ਵਾਰਾਂ ਦੇ ਗਾਇਨ ਲਈ ਸਾਰੰਗੀ ਅਤੇ ਢੱਡ ਦਾ ਪ੍ਰਯੋਗ ਕੀਤਾ ਜਾਂਦਾ ਹੈ। ਢੱਡ ਉਪਰ ਚਾਰ ਮਾਤਰਾ ਦੇ ਬੋਲ ਗੇ, ਤਿਟ, ਤਾ, ਗੇਤਾ ਵਜਾਏ ਜਾਂਦੇ ਹਨ।
|
|
|
ਗੁਰਬਾਣੀ ਅੰਤਰਗਤ ਵਾਰਾਂ ਵਿਚ ਅਧਿਆਤਮਕ ਮਾਰਗ ਤੇ ਚਲਣ ਵੇਲੇ ਉਤਪੰਨ ਦੁਨਿਆਵੀਂ ਮੋਹ ਮਾਇਆ, ਵਿਸ਼ੇ ਵਿਕਾਰਾਂ ਨਾਲ ਯੁੱਧ ਦਾ ਵਰਣਨ ਹੈ। ਇਨ੍ਹਾਂ ਵਾਰਾਂ ਵਿਚ ਸਮਾਜਿਕ ਸਦਾਚਾਰਕ ਕੀਮਤਾਂ ਦੁਆਰਾ ਅਧਿਆਤਮਕ ਅਨੁਭਵ ਦਾ ਬੋਧ ਕਰਵਾਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੁਝ ਵਾਰਾਂ ਨੂੰ ਗੁਰੂ ਸਾਹਿਬਾਨ ਦੇ ਸਮੇਂ ਪ੍ਰਚਲਿਤ ਨਿਸ਼ਚਿਤ ਧੁਨਾਂ ’ਤੇ ਗਾਇਨ ਕਰਨ ਦੇ ਸੰਕੇਤ ਹਨ। ਜਿਵੇਂ
ਵਾਰ ਮਾਝ ਕੀ ਤਥਾ ਸਲੋਕ ਮਹਲਾ ੧
ਮਲਕ ਮੁਰੀਦ ਤਥਾ ਚਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ॥
ਪਵੜੀ
ਜਾਤੀ ਦੈ ਕਿਆ ਹਥਿ ਸਚੁ ਪਰਖੀਐ॥ ਮਹੁਰਾ ਹੋਵੇ ਹਥਿ ਮਰੀਐ ਚਖੀਐ॥
ਸਚੇ ਕੀ ਸਿਰਕਾਰ ਜੁਗ ਜੁਗ ਜਾਣੀਐ॥ ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ॥
ਫੁਰਮਾਨੀ ਹੈ ਕਾਰ ਖਸਮਿ ਪਠਾਇਆ॥ ਤਬਲਬਾਜ ਬੀਚਾਰ ਸਬਦਿ ਸੁਣਾਇਆ॥
ਇਕਿ ਹੋਏ ਅਸਵਾਰ ਇਕਨਾ ਸਾਖਤੀ॥ ਇਕਨੀ ਬਧੇ ਭਾਰ ਇਕਨਾ ਤਾਖਤੀ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੪੨)
ਆਸਾ ਮਹਲਾ ੧ ਵਾਰ ਸਲੋਕਾ ਨਾਲਿ ਸਲੋਕ ਭੀ
ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੇ ਕੀ ਧੁਨੀ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 463)
ਉਕਤ ਸਿਰਲੇਖਾਂ ਵਾਂਗੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 22 ਵਾਰਾਂ ਵਿਚੋਂ 9 ਵਾਰਾਂ ਨੂੰ ਗਾਇਨ ਹਿਤ ਪਰੰਪਰਾਗਤ ਧੁਨੀਆਂ ਨਾਲ ਨਿਰਦੇਸ਼ਤ ਕੀਤਾ ਗਿਆ ਹੈ। ਇਨ੍ਹਾਂ ਵਾਰਾਂ ਤੇ ਗਾਇਨ ਦੇ ਸਬੰਧੀ ਧੁਨਾਂ ਦੇ ਸੰਕੇਤ ਤੋਂ ਵਾਰ ਦੀ ਪ੍ਰਾਚੀਨਤਾ ਤੇ ਲੋਕ ਪ੍ਰਿਯਤਾ ਬਾਰੇ ਪਤਾ ਲਗਦਾ ਹੈ। ਵਾਰਾਂ ਉਪਰ ਲੋਕ ਧੁਨਾਂ ਦੇ ਨਾਲ ਰਾਗ, ਘਰੁ ਆਦਿ ਸੰਕੇਤ ਸਿਰਲੇਖ ਰੂਪ ਵਿਚ ਵਿਦਮਾਨ ਹਨ। ਲੋਕ ਸੰਗੀਤ ਦੇ ਸੁਮੇਲ ਇਨ੍ਹਾਂ ਵਾਰਾਂ ਦਾ ਗਾਇਨ ਕਰਨਾ ਕੋਈ ਸਹਿਜ ਕਾਰਜ ਨਹੀਂ।
ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖ ਸੰਗੀਤ ਵਿਚ ਢਾਡੀ ਪ੍ਰਰੰਪਰਾ ਨੂੰ ਉਤਸ਼ਾਹਿਤ ਕੀਤਾ। ਨੱਥ ਤੇ ਅਬਦੁਲਾ ਆਪ ਦੇ ਪ੍ਰਸਿੱਧ ਦਰਬਾਰੀ ਢਾਡੀ ਸਨ ਜਿਨ੍ਹਾਂ ਨੇ ਜੋਸ਼ੀਲੇ ਵਾਰ ਗਾਇਨ ਦੁਆਰਾ ਲੋਕ ਮਨ ਨੂੰ ਲੋਕ ਮੰਚ ਨਾਲ ਜੋੜਿਆ। ਢਾਡੀ ਪ੍ਰਰੰਪਰਾ ਵਰਤਮਾਨ ਸਮੇ ਤੱਕ ਸਿੱਖ ਸੰਗੀਤ ਦੀ ਇਕ ਨਿਵੇਕਲੀ ਗਾਇਨ ਪ੍ਰਣਾਲੀ ਵਜੋਂ ਪ੍ਰਚਾਰ ਅਧੀਨ ਹੈ ਜਿਸ ਉੱਤੇ ਸੁਤੰਤਰ ਰੂਪ ਵਿਚ ਖੋਜ ਤੇ ਅਧਿਐਨ ਅਜੇ ਸੰਭਵ ਨਹੀਂ ਹੋ ਸਕਿਆ।
ਸੰਗੀਤਕ ਸੰਕੇਤ ਤੇ ਸਿਰਲੇਖ
|
|
|
ਗੁਰਬਾਣੀ ਵਿਚ ਥਾਂ ਪੁਰ ਥਾਂ ਸਿਰਲੇਖ, ਸੰਕੇਤ ਤੇ ਚਿੰਨ੍ਹ ਅੰਕਤ ਹਨ ਜਿਹੜੇ ਸ਼ਬਦ ਕੀਰਤਨ ਹਿਤ ਗੁਰਮਤਿ ਸੰਗੀਤ ਵਿਧਾਨ ਦੇ ਅੰਤਰਗਤ ਵਿਸ਼ੇਸ਼ ਸੰਗੀਤ ਸੂਚਕ ਸੰਕੇਤ ਹਨ। ਇਸ ਲਈ ਇਨ੍ਹਾਂ ਦੀ ਸੁਤੰਤਰ ਰੂਪ ਵਿਚ ਪਛਾਣ ਜ਼ਰੂਰੀ ਹੈ। ਰਾਗ ਅਤੇ ਬਾਣੀ ਰੂਪਾਂ ਦੇ ਸਿਰਲੇਖਾਂ ਸਬੰਧੀ ਅਸੀਂ ਪਹਿਲਾਂ ਵਿਚਾਰ ਕਰ ਆਏ ਹਾਂ। ਬਾਕੀ ਸਿਰਲੇਖਾਂ ਤੇ ਸੰਕੇਤਾਂ ਦੇ ਕੀਰਤਨ ਹਿਤ ਸੰਗੀਤਕ ਮਹੱਤਵ ਤੇ ਕਾਰਜ ਪ੍ਰਕਿਰਿਆ ਨੂੰ ਸਹੀ ਪਰਿਪੇਖ ਵਿਚ ਜਾਣਨਾ ਜ਼ਰੂਰੀ ਹੈ।
ਰਹਾਉ : ‘ਰਹਾਉ’ ਦੀ ਤੁਕ ਵਿਚ ਸ਼ਬਦ ਰਚਨਾ ਦਾ ਕੇਂਦਰੀ ਭਾਵ ਮੌਜੂਦ ਹੁੰਦਾ ਹੈ ਜਿਸਨੇ ਕੇਂਦਰਕਾਰੀ ਸੰਚਾਲਕ ਸ਼ਕਤੀ ਵਜੋਂ ਕਾਰਜਸ਼ੀਲ ਹੋਣਾ ਹੁੰਦਾ ਹੈ। ‘ਰਹਾਉ’ ਦੇ ਸ਼ਾਬਦਕ ਅਰਥ ਰਹਿਣ ਦੀ ਕਿਰਿਆ ਜਾਂ ਇਕ ਥਾਂ ਠਹਿਰ ਜਾਣ ਦਾ ਕੰਮ, ਵਿਸ਼ਰਾਮ ਅਥਵਾ ਸਥਿਤ ਹੀ ਹਨ। ਮੱਧਕਾਲ ਵਿਚ ਭਾਰਤੀ ਸੰਗੀਤ ਵਿਚ ਪ੍ਰਚੱਲਿਤ ਪ੍ਰਬੰਧ ਅਤੇ ਧਰੁਪਦ ਗਾਇਨ ਸ਼ੈਲੀ ਦਾ ਇਕ ਧਾਤੂ ‘ਧਰੁਵ’ ਹੈ। ਜਿਸਨੂੰ ‘ਅਚਲ’ ਜਾਂ ‘ਚਿਰਸਥਾਈ’ ਕਿਹਾ ਗਿਆ ਹੈ। ਬਾਣੀ ਦੇ ਸੰਦਰਭ ਵਿਚ ‘ਰਹਾਉ’ ਤੋਂ ਭਾਵ ਟੇਕ ਜਾਂ ਸਥਾਈ ਤੋਂ ਹੈ। ਜਿਸਦਾ ਸ਼ਬਦ ਰਚਨਾ ਦੇ ਗਾਇਨ ਅਧੀਨ ਪ੍ਰਯੋਗ ਕੀਤਾ ਗਿਆ ਹੈ।ਸ਼ਬਦ ਵਿਚ ਰਹਾਉ ਸੰਕੇਤ ਨਾਲ ਇਸ ਦੇ ਅੰਤਰਿਆਂ ਦੀ ਗਿਣਤੀ ਦਰਸਾਉਣ ਲਈ ਅੰਕ ੧, ੫, ੩, ੪ ਦਾ ਅੰਕਣ ਵੀ ਕੀਤਾ ਗਿਆ ਹੈ। ਜਿਸ ਤੋਂ ਭਾਵ ਇਹ ਹੈ ਕਿ ਸ਼ਬਦਾਂ ਵਿਚ ਖ਼ਿਆਲ ਦੀ ਉਸਾਰੀ ਜਦੋ ਇਕ ਸਿਰੇ ਤਕ ਪਹੁੰਚਣ ਤੋਂ ਉਪਰਾਂਤ ਧਾਰਣਾ ਬਦਲਣ ਦੀ ਜ਼ਰੂਰਤ ਪੈਂਦੀ ਹੈ। ਮੱਧਕਾਲੀਨ ਸੰਤਾਂ ਭਗਤਾਂ ਦੀ ਬਾਣੀ ਵਿਚ ਵੀ ’ਰਹਾਉ’ ਦਾ ਪ੍ਰਯੋਗ ਧਰੁਵ/ਟੇਕ ਸ਼ਬਦ ਦੁਆਰਾ ਕੀਤਾ ਮਿਲਦਾ ਹੈ। ਇਹਨਾਂ ਦੀਆਂ ਰਚਨਾਵਾਂ ਵਿਚ ਆਮ ਤੌਰ ਤੇ ਸ਼ਬਦ ਦਾ ਪਹਿਲਾਂ ਬੰਦ ‘ਰਹਾਉ’ ਦਾ ਹੁੰਦਾ ਹੈ ਜਦੋਂ ਕਿ ਗੁਰਬਾਣੀ ਵਿਚ ਜਿਆਦਾਤਰ ਸ਼ਬਦ ਦੇ ਪਹਿਲੇ ਬੰਦ ਤੋਂ ਬਾਅਦ ਹੀ ਰਹਾਉ ਦੀ ਤੁਕ ਆਉਂਦੀ ਹੈ। ਕਈ ਸ਼ਬਦ ਰਚਨਾਵਾਂ ਵਿਚ ਰਹਾਉ ੧, ਰਹਾਉ ੨, ਰਹਾਉ ੩ ਅਤੇ ਰਹਾਉ ੪ ਆਦਿ ਵੀ ਪ੍ਰਾਪਤ ਹੁੰਦੇ ਹਨ। ਗੁਰਮਤਿ ਸੰਗੀਤ ਵਿਧਾਨ ਅਨੁਸਾਰ ‘ਰਹਾਉ’ ਦੀ ਤੁਕ ਨੂੰ ਸਥਾਈ ਮੰਨ ਕੇ ਇਸ ਨੂੰ ਬਾਰ-ਬਾਰ ਗਾਇਨ ਕਰਨ ਦੀ ਪਰੰਪਰਾ ਹੈ। ਕਿਉਂ ਜੋ ‘ਰਹਾਉ’ ਦੀ ਤੁਕ ਜਿਥੇ ਸ਼ਬਦ ਵਿਚਲੇ ਕੇਂਦਰੀ ਭਾਵ ਨੂੰ ਦ੍ਰਿੜ ਕਰਾਉਣ ਵਿਚ ਸਹਾਈ ਹੁੰਦੀ ਹੈ। ਉਥੇ ਸ਼ਬਦ ਦੀਆਂ ਬਾਕੀ ਤੁਕਾਂ ਅੰਤਰਿਆਂ ਦੇ ਰੂਪ ਵਿਚ ਉਦਾਹਰਣਾਂ ਸਹਿਤ ਦਲੀਲ/ਪ੍ਰਮਾਣ ਦਿੰਦੀਆਂ ਸਮੱਸਿਆ ਦਾ ਸਮਾਧਾਨ ਕਰਦੀਆਂ ਹਨ। ਜਦੋਂ ਸਮੱਸਿਆ ਦਾ ਸਮਾਧਾਨ ਹੋ ਜਾਂਦਾ ਹੈ ਉਥੇ ਰਹਾਉ ਦੀ ਤੁਕ ਵੀ ਬਦਲ ਜਾਂਦੀ ਹੈ। ਜੇਕਰ ਸ਼ਬਦ ਵਿਚ ਇਕ ਤੋਂ ਵਧੇਰੇ ‘ਰਹਾਉ’ ਹੋਣ ਤਾਂ ਸ਼ਬਦ ਦੀ ਸਮੱਸਿਆ ਦਾ ਸਮਾਧਾਨ ਹੋਣ ਉਪਰਾਂਤ ਦੂਜੇ ‘ਰਹਾਉ’ ਦੀ ਤੁਕ ਸਥਾਈ ਦੀ ਭੂਮਿਕਾ ਨਿਭਾਉਂਦੀ ਹੈ। ਸ਼ਬਦ ਦੇ ਅੰਤਰਗਤ ‘ਰਹਾਉ’ (ਸਥਾਈ) ਦੀ ਕਾਰਜ ਪ੍ਰਕ੍ਰਿਆ ਨਿਮਨਲਿਖਤ ਅਨੁਸਾਰ ਵੇਖੀ ਜਾ ਸਕਦੀ ਹੈ :
|
|
|
|
|
|
ਰਹਾਉ॥੧॥ .............. ਰਹਾਉ॥੧॥ .............. ਰਹਾਉ॥੧॥
ਰਹਾਉ॥੧॥ .............. ਅੰਕ ॥੧॥ .............. ਰਹਾਉ॥੧॥
ਰਹਾਉ॥੧॥ .............. ਅੰਕ ॥੨॥ .............. ਰਹਾਉ॥੧॥
ਰਹਾਉ॥੧॥ .............. ਅੰਕ ॥੩॥ .............. ਰਹਾਉ॥੧॥
ਰਹਾਉ॥੧॥ .............. ਅੰਕ ॥੪॥ .............. ਰਹਾਉ॥੧॥
ਰਹਾਉ॥੨॥.............. ਰਹਾਉ॥੨॥ .............. ਰਹਾਉ॥ ੧॥ |
|
|
|
|
|
ਗੁਰਮਤਿ ਸੰਗੀਤ ਵਿਧਾਨ ਦੇ ਅੰਤਰਗਤ ਸ਼ਬਦ ਗਾਇਨ ਪ੍ਰਸਤੁਤੀ ਵਿਚ ‘ਰਹਾਉ’ ਦੀ ਤੁਕ ਦਾ ਸਥਾਈ ਰੂਪ ਵਿਚ ਬਾਰ-ਬਾਰ ਗਾਇਨ ਜਿਥੇ ਸ਼ਬਦ ਦੇ ਅੰਤਰਨਿਹਤ ਭਾਵਾਂ ਨੂੰ ਪ੍ਰਕਾਸ਼ਮਾਨ ਕਰਨ ਵਿਚ ਸਹਾਈ ਹੁੰਦਾ ਹੈ ਉਥੇ ਇਸ ਦੀ ਗਾਇਨ ਜੁਗਤ ਭਾਵਾਂ ਨੂੰ ਵਧੇਰੇ ਦ੍ਰਿੜਤਾ ਵੀ ਕਰਵਾਉਂਦੀ ਹੈ। ਇਸ ਪ੍ਰਕਾਰ ‘ਰਹਾਉ‘ ਸ਼ਬਦ ਵਿਚਲੀ ਅਜੇਹੀ ਸੰਚਾਲਕ ਸ਼ਕਤੀ ਹੈ ਜੋ ਸ਼ਬਦ ਦੀ ਆਂਤਰਿਕ ਸੰਰਚਨਾ ਵਿਚ ਆਪਣੀਆਂ ਪੂਰਨ ਸਮਰੱਥਾਵਾਂ ਸਹਿਤ ਕਾਰਜਸ਼ੀਲ ਰਹਿੰਦੀ ਹੈ।
ਅੰਕ : ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿਸੇ ਸ਼ਬਦ ਨੂੰ ਸਧਾਰਣ ਰੂਪ ਵਿਚ ਵੇਖਿਆਂ ਹੀ ਵਿਭਿੰਨ ਅੰਕ ਦ੍ਰਿਸ਼ਟੀਗੋਚਰ ਹੁੰਦੇ ਹਨ। ਅੰਕਾਂ ਦੀ ਬਾਣੀ ਵਿਚ ਵਿਸ਼ੇਸ਼ ਮਹੱਤਤਾ ਹੈ ਕਿਉਂਜੋ ਸ਼ਬਦ ਦੇ ਪਦਿਆਂ ਨੂੰ ਵਿਭਿੰਨ ਅੰਕਾਂ ਦੁਆਰਾ ਵਿਭਾਜਤ ਕੀਤਾ ਗਿਆ ਹੈ। ਇਹ ਅੰਕ ਕਿਸੇ ਵੀ ਸ਼ਬਦ ਇਕਾਈ ਨੂੰ ਕ੍ਰਮ ਪ੍ਰਦਾਨ ਕਰਦੇ ਹੋਏ ਇਸ ਵਿਚਲੇ ਭਾਵਾਂ ਨੂੰ ਕ੍ਰਮਵਾਰ ਪ੍ਰਸਤੁਤ ਕਰਨ ਵਿਚ ਸਹਾਈ ਹੁੰਦੇ ਹਨ। ਸ਼ਬਦ ਵਿਚ ‘ਰਹਾਉ’ ਦੀ ਤੁਕ ਤੋਂ ਬਿਨਾਂ ਬਾਕੀ ਤੁਕਾਂ ਦੀ ਸਮਾਪਤੀ ਤੇ ੧, ੨, ੩ ਆਦਿ ਅੰਕ ਪਾਏ ਜਾਂਦੇ ਹਨ। ਹਰੇਕ ਸ਼ਬਦ ਦਾ ਕਾਵਿ/ਗਾਇਨ ਰੂਪ ਇਹਨਾਂ ਤੁਕਾਂ ਦੁਆਰਾ ਅੰਕਣ ਕੀਤਾ ਗਿਆ ਮਿਲਦਾ ਹੈ ਜੋ ਅੰਤਰਿਆਂ ਦੇ ਸੂਚਕ ਹਨ ਤਾਂਕਿ ਗੁਰਮਤਿ ਸੰਗੀਤ ਵਿਧਾਨ ਅਨੁਸਾਰ ‘ਰਹਾਉ’ ਦੀ ਤੁਕ ਦਾ ਬਾਰ-ਬਾਰ ਗਾਇਨ ਹੋ ਸਕੇ। ਇਹਨਾਂ ਅੰਕਾਂ ਤੋਂ ਸ਼ਬਦ ਦੀ ਸਬੰਧਤ ਕਾਵਿ ਸ਼ੈਲੀ ਅਤੇ ਗਾਇਨ ਸ਼ੈਲੀ ਦਾ ਗਿਆਨ ਵੀ ਹੁੰਦਾ ਹੈ। ਜਿਵੇਂ ਦੁਪਦੇ, ਤਿਪਦੇ, ਚਉਪਦੇ, ਅਸ਼ਟਪਦੀ, ਸੋਲਹੇ ਆਦਿ ਵਿਚ ਅੰਕਾਂ ਦੀ ਗਿਣਤੀ ਕ੍ਰਮਵਾਰ ੧, ੩, ੪, ੮ ਅਤੇ ੧੬ ਹੈ। ਇਸ ਪ੍ਰਕਾਰ ਕਾਵਿ/ਗਾਇਨ ਰੂਪ ਸਬੰਧੀ ਵਾਕਫ਼ੀਅਤ ਹੋਰ ਵੀ ਆਸਾਨ ਹੋ ਜਾਂਦੀ ਹੈ ਕਿ ਇਸ ਸ਼ਬਦ ਦੇ ਕੁਲ ਕਿੰਨੇ ਪਦੇ/ਬੰਦ ਹਨ। ਇਹ ਅੰਕ ਜਾਂ ਅੰਤਰੇ ਦੀ ਤੁਕ ਦਾ ਸਬੰਧ ਰਹਾਉ ਦੀ ਤੁਕ ਨਾਲ ਹੈ। ‘ਰਹਾਉ’ ਵਾਲੀ ਤੁਕ ਵਿਚ ਸਬੰਧਤ ਸ਼ਬਦ ਦਾ ਕੇਂਦਰੀ ਭਾਵ ਮੌਜੂਦ ਹੁੰਦਾ ਹੈ। ਜਿਸ ਦਾ ਗਾਇਨ ਬਾਰ ਬਾਰ, ਸ਼ਬਦ ਦੇ ਆਰੰਭ ਵਿਚ ਤੇ ਹਰ ਅੰਤਰੇ ਦੇ ਪਿਛੋਂ ਕਰਨਾ ਹੈ। ਸ਼ਬਦ ਦੇ ਅੰਤਰਿਆਂ ਲਈ ੧, ੨, ੩, ੪ ਆਦਿ ਦੇ ਸੰਕੇਤ ਦਿੱਤੇ ਗਏ ਹਨ ਜਿਥੇ ਅੰਕ ਲਗਾ ਹੁੰਦਾ ਹੈ ਉਥੇ ਉਹ ਅੰਤਰੇ ਦੇ ਪੂਰਣ ਹੋਣ ਦਾ ਪ੍ਰਤੀਕ ਹੈ। ਜਿਥੇ ਅੰਤਰਾ ਇਕ ਤੁਕ, ਦੋ ਤੁਕਾਂ ਜਾਂ ਇਸ ਤੋਂ ਵੀ ਵਧੀਕ ਹੋਵੇ ਤਾਂ ਜਿਥੇ ਅੰਕ ਹੋਵੇਗਾ ਉਹੀ ਅੰਤਰੇ ਦੇ ਪੂਰਨ ਹੋਣ ਦਾ ਪ੍ਰਤੀਕ ਹੈ, ਜਿਸ ਦਾ ਇਸੇ ਤਰ੍ਹਾਂ ਗਾਇਨ ਕਰਨਾ ਹੈ। ਉਪਰਾਂਤ ਦਰਸਾਏ ਗਏ ‘ਰਹਾਉ’ ਦਾ ਗਾਇਨ ਕਰਨਾ ਹੈ। ਜਿਥੇ ‘ਰਹਾਉ’ ਦੀ ਤੁਕ ਦਾ ਗਾਇਨ ਸ਼ਬਦ ਦੇ ਕੇਂਦਰੀ ਭਾਵ ਨੂੰ ਦ੍ਰਿੜ ਕਰਾਉਣ ਵਿਚ ਸਹਾਈ ਹੁੰਦਾ ਹੈ। ਉਥੇ ਉਤਪੰਨ ਸਮੱਸਿਆ ਦੇ ਸਮਾਧਾਨ ਲਈ ਪ੍ਰਮਾਣ, ਉਕਤੀਆਂ, ਦਲੀਲਾਂ ਅੰਤਰਿਆਂ ਦੇ ਰੂਪ ਵਿਚ ਅੰਕਾਂ ਦੇ ਅੰਕਣ ਦੁਆਰਾ ਸਹਾਇਕ ਸਿੱਧ ਹੁੰਦੀਆਂ ਹਨ।
|
|
|
ਘਰੁ : ਗੁਰਬਾਣੀ ਅੰਤਰਨਿਹਤ ਰਾਗ ਤੋਂ ਬਾਅਦ ਅਗਲਾ ਮਹੱਤਵਪੂਰਨ ਸੰਕੇਤ ਘਰੁ ਦਾ ਹੈ। ਘਰੁ ਸੰਕੇਤ ਘਰੁ, ਘਰੁ ੧, ਘਰੁ ੨ ਆਦਿ ਰੂਪ ਵਿਚ ਲਿਖਿਆ ਮਿਲਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਘਰੁ’ ਦੀ ਕੁਲ ਗਿਣਤੀ 17 ਹੈ। ਘਰੁ ਦੇ ਸਬੰਧ ਵਿਚ ਵਿਦਵਾਨਾਂ ਦੇ ਵੱਖ ਵੱਖ ਵਿਚਾਰ ਹਨ। ਪ੍ਰਸਿੱਧ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਘਰੁ ਸਬੰਧੀ ਲਿਖਦੇ ਹਨ ਕਿ ਘਰੁ ਦੇ ਦੋ ਅਰਥ ਹਨ ਇਕ ਤਾਲ, ਦੂਜਾ ਸਵਰ ਅਤੇ ਮੂਰਛਨਾ ਦੇ ਭੇਦ ਕਰਕੇ ਇਕ ਹੀ ਰਾਗ ਦੇ ਸਰਗਮ ਪ੍ਰਸਤਾਰ ਅਨੁਸਾਰ ਗਾਇਨ ਦੇ ਪ੍ਰਕਾਰ ਹਨ। ਭਾਈ ਵੀਰ ਸਿੰਘ ਜੀ ਅਨੁਸਾਰ ਸਾਜ਼ਾਂ ਵਿਚ ਤਿੰਨ ਗ੍ਰਾਮ ਹੁੰਦੇ ਹਨ, ਗ੍ਰਾਮ ਘਰੁ ਤੋਂ ਬਣਦਾ ਹੈ, ਸੋ ਤਿੰਨ ਗ੍ਰਾਮ ਦੀਆਂ ਸੁਰਾਂ ਦੇ ਟਿਕਾਣੇ ਤੋਂ ਘਰੁ ਹਨ। ਘਰ ਤੋ ਭਾਵ ਗਾਏ ਜਾਣ ਵਾਲੇ ਰਾਗ ਦੀ ਪ੍ਰਧਾਨ ਸੁਰ ਦੀ ਸੰਖਯਾ ਦਾ ਸੰਕੇਤ ਹੈ। ਬਹੁਮਤ ਵਿਦਵਾਨਾਂ ਨੇ ਘਰੁ ਨੂੰ ਤਾਲ ਵਜੋਂ ਸਵੀਕਾਰਿਆ ਹੈ। ਵਿਦਵਾਨਾਂ ਦੀ ਇਹ ਪ੍ਰਥਾ ਈਰਾਨੀ ਤਾਲ ਪਧਤੀ ਤੋਂ ਪ੍ਰਭਾਵਿਤ ਜਾਪਦੀ ਹੈ। ਈਰਾਨੀ ਤਾਲ ਪੱਧਤੀ ਵਿਚ ਵਿਭਿੰਨ ਤਾਲ ਸਰੂਪਾਂ ਨੂੰ ਇਕ ਗਾਹ, ਦੋ ਗਾਹ, ਸਿਹਗਾਹ, ਚਹਾਰ ਗਾਹ ਆਦਿ ਆਖਿਆ ਜਾਂਦਾ ਹੈ। ਇਸ ਲਈ ਸੰਭਵ ਹੈ ਗੁਰੂ ਸਾਹਿਬਾਨ ਨੇ ਵੀ ਗਾਹ ਜਿਸਦਾ ਅਰਥ ਘਰੁ ਹੈ ਨੂੰ ਤਾਲ ਦਰਸਾਉਣ ਲਈ ਪ੍ਰਯੋਗ ਕੀਤਾ ਹੋਵੇ। ਫ਼ਾਰਸੀ ਬਹਿਰ ਦੀ ਬੁਨਿਆਦ ਤੇ ਵੀ ਇਹ ਮੱਤ ਪ੍ਰਚੱਲਿਤ ਹੈ ਕਿ ਮੀਰ ਖੁਸਰੋ ਨੇ 17 ਤਾਲ ਈਜਾਦ ਕੀਤੇ ਜਿਨ੍ਹਾਂ ਦੇ ਨਾਮ ਕ੍ਰਮਵਾਰ ਪਸ਼ਤੋ, ਜੋਬਹਾਰ, ਕੱਵਾਲੀ, ਸੂਲਫ਼ਾਖਤਾ, ਜਤ, ਜਲਦਤਿਤਾਲਾ, ਸਵਾਰੀ, ਆੜਾ, ਚੌਤਾਲ, ਝੂਮਰਾ, ਜ਼ਮ ਦੀ ਸਵਾਰੀ, ਦਾਸਤਾਨ, ਖਮਸ, ਦਰਦੋਸਤ, ਕੈਦ, ਪਹਲਵਾਨ, ਪਟ ਅਤੇ ਚਪਕ ਹਨ। ਇਹ ਤਾਲ ਲਗਭਗ ਹਿੰਦੁਸਤਾਨੀ ਤਾਲਾਂ ਦੇ ਸਮਾਨ ਰੂਪ ਹੀ ਹਨ ਜੋ ਫ਼ਾਰਸੀ ਨਾਮਾਂ ਨਾਲ ਪ੍ਰਚਾਰ ਵਿਚ ਆਏ। ਇਹ ਵੀ ਕਿਹਾ ਜਾਂਦਾ ਹੈ ਕਿ ਅਮੀਰ ਖੁਸਰੋ ਨੇ ਹਿੰਦੁਸਤਾਨੀ ਪੁਰਾਣੇ ਤਾਲਾਂ ਦਾ ਜਵਾਬ ਨਿਜੀ ਤਾਲਾਂ ਵਿਚ ਦਿੱਤਾ ਸੀ। ਕੁਝ ਵੀ ਹੋਵੇ ਬਹੁਮਤ ਵਿਦਵਾਨਾਂ ਦੁਆਰਾ ‘ਘਰੁ’ ਨੂੰ ਤਾਲ ਦੇ ਰੂਪ ਵਿਚ ਸਵੀਕਾਰਿਆ ਗਿਆ ਹੈ। ਭਾਵੇਂ ‘ਘਰੁ’ ਦਾ ਵਿਹਾਰਕ ਪ੍ਰਚੱਲਨ ਸਮੇਂ ਦੇ ਅੰਤਰਾਲ ਅਤੇ ਸਥਿਰ ਸਪਤਕ ਕਾਰਨ ਸਮਾਪਤ ਹੋ ਚੁੱਕਾ ਹੈ ਪਰੰਤੂ ਫਿਰ ਵੀ ਬਾਣੀ ਅੰਤਰਨਿਹਤ ਸੰਗੀਤ ਵਿਧਾਨ ਤਹਿਤ ਘਰੁ ਸੰਗੀਤਕ ਸੰਕੇਤ ਵਜੋਂ ਗਾਇਨ ਪ੍ਰਸਤੁਤੀ ਹਿਤ ਵਿਦਮਾਨ ਹੈ।
|
|
|
|
|
|
ਜਤਿ : ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਜਤਿ’ ਦੇ ਨਾਮ ਤੇ ਰਾਗ ਬਿਲਾਵਲ ਅਧੀਨ ਇਕ ਸਿਰਲੇਖ ਅੰਕਿਤ ਹੈ। ਬਿਲਾਵਲ ਮਹਲਾ ੧ ਥਿਤੀ ਘਰੁ ੧0 ਜਤਿ। ਜਤਿ ਜੋ ਭਾਰਤੀ ਸੰਗੀਤ ਵਿਚ ਯਤਿ ਦੇ ਨਾਮ ਤੋਂ ਪ੍ਰਚਲਿਤ ਹੈ ਤੋਂ ਇਹ ਭਾਵ ਹੈ ਕਿ ਨਿਰੰਤਰ ਚਾਲ ਵਿਚ ਠਹਿਰਾਵ ਦੀਆਂ ਅਵਸਥਾਵਾਂ। ਇਸ ਸਬੰਧ ਵਿਚ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ ‘‘ਸੰਗੀਤ ਦੀ ਧਾਰਣਾ ਦਾ ਨਾਉਂ ਜਤਿ ਹੈ।’’ ਡਾ. ਚਰਨ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਬਾਣੀ ਬਿਉਰੈ ਵਿਚ ਲਿਖਿਆ ਹੈ ‘‘ਜਤਿ, ਗਤਿ, ਸਪਥ, ਇਹ ਤਿੰਨੇ ਜੋੜੀ ਕਰਤਬ ਹਨ ਜਿਸ ਵੇਲੇ ਸੱਜਾ ਹੱਥ ਗਤਿ ਦਾ ਕੰਮ ਕਰੇ ਅਰਥਾਤ ਗਤ ਵਾਕਰ ਉਂਗਲੀਆਂ ਵਿਚ ਜੋੜੀ ਦੇ ਕਿਨਾਰੇ ਅਤੇ ਵਿਚਕਾਰ ਕੰਮ ਕਰੇ ਅਤੇ ਦੋਹਾਂ ਹੱਥਾਂ ਦੀਆਂ ਉਂਗਲੀਆਂ ਹਰਫ਼ ਕੱਢਣ ਅਤੇ ਖੱਬਾ ਹੱਥ ਵਾਕਰ ਖੁਲ੍ਹਾ ਵਜਾਏ ਤਾਂ ਉਸ ਨੂੰ ਜਤਿ ਕਹਿੰਦੇ ਹਨ। ... ਜਦੋਂ ਦੋਵੇਂ ਹੱਥ ਖੁਲ੍ਹੇ ਕੰਮ ਕਰਨ ਅਤੇ ਆਵਾਜ਼ ਵੀ ਖੁਲ੍ਹੀ ਨਿਕਲੇ ਜਿਸਨੂੰ ਕੜਕਟ ਕਹਿੰਦੇ ਹਨ ਤਾਂ ਉਸ ਦੀ ਸੰਗਯਾ ਸਾਥ ਹੁੰਦੀ ਹੈ। ਇਸੇ ਤਰ੍ਹਾਂ ਜਤਿ ਦਾ ਸਬੰਧ ਜੋੜੀ ਵਜਾਉਣ ਦੀ ਗਤ ਤੋਂ ਹੈ। ਉਕਤ ਵਿਚਾਰਾਂ ਤੋ ਸਪੱਸ਼ਟ ਹੈ ਕਿ ਮੱਧਕਾਲ ਵਿਚ ਜੋੜੀ ਦੇ ਬੰਦ ਬੋਲਾਂ ਦਾ ਪ੍ਰਚੱਲਨ ਹੋ ਚੁੱਕਾ ਸੀ। ਭਾਈ ਕਾਨ੍ਹ ਸਿੰਘ ਨਾਭਾ ਦਾ ਕਥਨ ਵੀ ਇਸ ਸਬੰਧ ਵਿਚ ਸਹੀ ਜਾਪਦਾ ਹੈ। ਵਰਤਮਾਨ ਸੰਗੀਤਚਾਰੀਆ ਜਤਿ ਨੂੰ ਪਰਿਭਾਸ਼ਤ ਕਰਦਿਆਂ ਦਸਦੇ ਹਨ ਕਿ ਜੋੜੀ ਉੱਤੇ ਸੱਜਾ ਹੱਥ ਖੁਲ੍ਹਾ ਬੋਲ ਵਜਾਏ ਅਤੇ ਖੱਬਾ ਹੱਥ ਬੰਦ ਬੋਲ ਵਜਾਏ ਤਾਂ ਅਜਿਹੀ ਤਾਲ ਪ੍ਰਕ੍ਰਿਆ ਨੂੰ ਜਤੀ ਦਾ ਨਾਮ ਦਿੱਤਾ ਜਾਂਦਾ ਹੈ। ਸਪਸ਼ਟ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਏ ਸਿਰਲੇਖ ਤੋਂ ਭਾਵ ਹੈ ਕਿ ਰਾਗ ਬਿਲਾਵਲ ਅਧੀਨ, ਥਿਤੀ ਦੇ ਵਿਸਿ਼ਸ਼ਟ ਵਿਸ਼ਰਾਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਦਸਵੇਂ ਘਰ ਦੀ ਲੋਅ ਵਿਚ ਜਤਿ ਅੰਗ ਤੋਂ ਇਸ ਸ਼ਬਦ ਦਾ ਗਾਇਨ ਕਰਨਾ ਹੈ।
ਧੁਨੀ : ਵੱਖ-ਵੱਖ ਵਾਰਾਂ ਉਤੇ ਦਿੱਤੇ ਗਏ ਧੁਨੀਆਂ ਦੇ ਸਿਰਲੇਖ ਪ੍ਰਚੱਲਿਤ ਵਾਰਾਂ ਦੀ ਕਾਵਿ ਸੰਰਚਨਾ ਤੋਂ ਇਲਾਵਾ ਇਨ੍ਹਾਂ ਦੇ ਗਾਇਨ ਵਿਧਾਨ ਅਤੇ ਨਿਰਧਾਰਤ ਰਾਗਾਂ ਨਾਲ ਇਨ੍ਹਾਂ ਦੀ ਸੁਰਾਤਮਕ ਸਾਂਝ ਦਾ ਪ੍ਰਤੀਕ ਹਨ। ਉੱਤਰੀ ਭਾਰਤੀ ਖਿੱਤੇ ਦੇ ਲੋਕ ਨਾਇਕਾਂ ਦੀ ਬਹਾਦਰੀ ਹਿਤਵਾਰ ਗਾਇਨ ਲਈ ਪ੍ਰਯੋਗ ਕੀਤੀ ਜਾਂਦੀ ਸੰਗੀਤਕ ਗਾਇਨ ਵਿਧਾ ’ਵਾਰ’ ਦੀ ਵਿਸਿ਼ਸ਼ਟ ਸੰਗੀਤ ਨਿਧੀ ਹੈ। ਗੁਰਬਾਣੀ ਵਿਚਲੇ ਇਹਨਾਂ ਦੇ ਮਹੱਤਵ ਤੋਂ ਬਿਨਾਂ ਹਿੰਦੁਸਤਾਨੀ ਸੰਗੀਤ ਲਈ ਇਸ ਦਾ ਵਿਸੇ਼ਸ਼ ਮਹੱਤਵ ਹੈ। ਭਾਰਤੀ ਸੰਗੀਤ ਦੀ ਹਿੰਦੁਸਤਾਨੀ ਤੇ ਕਰਨਾਟਕੀ ਸੰਗੀਤ ਪਧਤੀਆਂ ਦੇ ਸਰੂਪ ਵਿਚ ਵੰਡ ਦੇ ਸੰਦਰਭ ਨੂੰ ਇਹ ਸਿਰਲੇਖ ਇਕ ਨਵਾਂ ਸੂਤਰ ਵੀ ਪ੍ਰਦਾਨ ਕਰ ਰਹੇ ਹਨ। ਉੱਤਰੀ ਭਾਰਤੀ ਸੰਗੀਤ ਦੇ ਧਰਾਤਲ ਵਿਚ ਉੱਤਰੀ ਭਾਰਤੀ ਲੋਕ ਸੰਗੀਤ ਪਰੰਪਰਾ ਅਤੇ ਇਸਦੇ ਕੇਂਦਰਕਾਰੀ ਸਰੋਤ ਵਜੋਂ ਪੰਜਾਬ ਦੀ ਸੰਗੀਤ ਪਰੰਪਰਾ ਵਿਦਮਾਨ ਹੋਣ ਦਾ ਇਕ ਪਰਤੱਖ ਪਰਮਾਣ ਇਹ ਵਾਰਾਂ ਅਤੇ ਇਹਨਾਂ ਧੁਨੀਆਂ ਦਾ ਪ੍ਰਚੱਲਨ ਹੈ। ਗੁਰੂ ਸਾਹਿਬਾਨ ਨੇ ਆਪਣੀਆਂ ਵਾਰਾਂ ਦੀ ਸੰਗੀਤਕ ਸੰਰਚਨਾ ਲਈ ਗਾਉਣ ਹਿਤ ਇਹਨਾਂ ਵਾਰ-ਧੁਨੀਆਂ ਦੇ ਨਿਰਦੇਸ਼ ਦੇ ਕੇ ਸੰਗੀਤ ਜਗਤ ਵਿਚਲੇ ਇਹਨਾਂ ਦੇ ਅਮਰਤਵ ਸ਼ਾਸਤਰੀ (Classical) ਸਰੂਪ ਨੂੰ ਪਰਮਾਣਿਕਤਾ ਪ੍ਰਦਾਨ ਕੀਤੀ ਹੈ। ਗੁਰੂ ਕਾਲ ਤੋਂ ਸਦੀਆਂ ਪਹਿਲਾਂ ਤਕ ਇਹ ਵਾਰਾਂ ਉੱਤਰੀ ਭਾਰਤੀ ਸੰਗੀਤ ਅਤੇ ਵਿਸੇ਼ਸ਼ ਕਰਕੇ ਪੰਜਾਬ ਦੇ ਸੰਗੀਤ ਵਿਚ ਵਿਸ਼ੇ਼ਸ਼ ਪ੍ਰਚੱਲਨ ਅਤੇ ਲੋਕਪ੍ਰਿਯਤਾ ਰੱਖਦੀਆਂ ਹੋਣਗੀਆਂ ਜਿਹਨਾਂ ਨੂੰ ਵਾਰ ਗਾਇਨ, ਪੰਜਾਬ ਦੀ ਢਾਡੀ ਪਰੰਪਰਾ ਦੇ ਪ੍ਰਸੰਗ ਵਿਚ ਸੁਤੰਤਰ ਤੌਰ ਤੇ ਵਾਚ ਕੇ ਨਵੀਨ ਖੋਜ ਦੇ ਆਧਾਰ ਵਜੋਂ ਅਪਣਾਇਆ ਜਾ ਸਕਦਾ ਹੈ।
|
|
|
|
|
|
ਗੁਰਬਾਣੀ ਵਿਚਲੇ ਵੱਖ-ਵੱਖ ਵਾਰਾਂ ਉੱਤੇ ਦਿੱਤੇ ਗਏ ਇਹ ਸਿਰਲੇਖ ਸਨਾਤਨੀ ਅਤੇ ਦੇਸੀ ਕਿਸਮ ਦੇ ਰਾਗਾਂ ਦੀਆਂ ਵਾਰਾਂ ਉੱਪਰ ਦਿੱਤੇ ਗਏ ਹਨ। ਜਿਸ ਤੋਂ ਵਾਰਾਂ ਦੀਆਂ ਇਹਨਾਂ ਧੁਨਾਂ ਦੇ ਦਿੱਤੇ ਗਏ ਸਿਰਲੇਖਾਂ ਦੇ ਸੁਤੰਤਰ ਸਰੂਪ ਹੋਣ ਵੱਲ ਸਪੱਸ਼ਟ ਸੰਕੇਤ ਮਿਲਦਾ ਹੈ ਜਿਸਨੂੰ ਇਹਨਾਂ ਦੇ ਵਿਹਾਰਕ ਸਰੂਪ ਤੋਂ ਹੀ ਪਛਾਣਿਆ ਜਾ ਸਕਦਾ ਹੈ। ਉਕਤ ਪ੍ਰਕ੍ਰਿਆ ਵਿਚ ਵਾਰ, ਧੁਨਿ/ਧੁਨੀ ਅਤੇ ਰਾਗ ਜੋ ਸੰਗੀਤ ਦੀਆ ਵੱਖੋ ਵੱਖਰੀਆਂ ਇਕਾਈਆਂ ਹਨ, ਦਾ ਸੰਯੁਕਤ ਰੂਪ ਵਿਚ ਅੰਕਣ ਗੁਰੂ ਸਾਹਿਬਾਨ ਦੇ ਨਿਵੇਕਲੇ ਪ੍ਰਯੋਗ ਦਾ ਲਖਾਇਕ ਹੈ। ਗੁਰਮਤਿ ਸੰਗੀਤ ਵਿਚ ਸ਼ਾਸਤਰੀ ਅਤੇ ਲੋਕ ਅੰਗ ਦੇ ਗਾਇਨ ਰੂਪਾਂ ਦਾ ਇਸ ਮੌਲਿਕ ਸੰਗੀਤ ਪ੍ਰਬੰਧ ਅਧੀਨ ਪ੍ਰਯੋਗ ਦੀ ਇਹ ਸਪੱਸ਼ਟ ਉਦਾਹਰਣ ਹੈ ਜਿਸ ਅਧੀਨ ਵਾਰ ਵਰਗੇ ਲੋਕ ਕਾਵਿ-ਰੂਪ ਵਿਚ ਗੁਰੂ ਸਾਹਿਬਾਨ ਨੇ ਬਾਣੀ ਦੀ ਰਚਨਾ ਕੀਤੀ ਹੈ ਅਤੇ ਵਾਰ ਕਾਵਿ/ਗਾਇਨ ਰੂਪ ਦੇ ਸਭਿਆਚਾਰਕ ਆਧਾਰ ਸਰੋਤਾਂ ਦੇ ਪਰੰਪਰਾਗਤ ਸਰੂਪ ਨੂੰ ਵੀ ਵਿਹਾਰਕ ਪ੍ਰਮਾਣਿਕਤਾ ਦਿੱਤੀ ਗਈ ਨਾਲ ਹੈ, ਸਨਾਤਨੀ ਦੇਸੀ ਰਾਗਾਂ ਦੇ ਸੁਰਾਤਮਕ ਪੈਟਰਨ ਭਾਵ ਮਾਝ, ਗਊੜੀ, ਆਸਾ, ਗੂਜਰੀ, ਵਡਹੰਸ, ਰਾਮਕਲੀ, ਸਾਰੰਗ, ਮਲਾਰ, ਕਾਨੜਾ ਵਰਗੇ ਰਾਗਾਂ ਦਾ ਪ੍ਰਯੋਗ ਕਰਦਿਆਂ ਵਾਰ ਗਾਇਨ ਨੂੰ ਗੁਰਮਤਿ ਸੰਗੀਤ ਦੇ ਰਾਗ ਵਿਧਾਨ ਦਾ ਅਨੁਸਾਰੀ ਵੀ ਬਣਾਇਆ ਹੈ। ਸਧਾਰਣ ਤੌਰ ਤੇ ਵੱਖ-ਵੱਖ ਵਾਰਾਂ ਉਤੇ ਧੁਨੀਆਂ ਦੇ ਇਹ ਅੰਕਣ ਅਜੇ ਤਕ ਕਿਸੇ ਵਿਗਿਆਨਕ ਵਿਸ਼ਲੇਸ਼ਣ ਦੇ ਧਾਰਨੀ ਨਹੀਂ ਹੋ ਸਕੇ ਇਸ ਲਈ ਗੁਰਮਤਿ ਸੰਗੀਤ ਦੇ ਸਿਧਾਂਤਕ ਪਰਿਪੇਖ ਵਿਚ ਇਹਨਾ ਧੁਨਿ/ਧੁਨੀ ਸਿਰਲੇਖਾਂ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ।
|
|
|
|
|
|
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਗੀਤ ਵਿਧਾਨ ਉਤੇ ਕੀਤੀ ਗਈ ਇਸ ਸੰਖੇਪ ਵਿਚਾਰ ਚਰਚਾ ਤੋਂ ਇਸ ਸੰਗੀਤਕ ਪਰੰਪਰਾ ਦਾ ਮੌਲਿਕ ਤੇ ਪ੍ਰਮਾਣਿਕ ਸਰੂਪ ਪ੍ਰਤੱਖ ਹੈ ਜਿਸਦਾ ਵਿਹਾਰਕ ਗਾਇਨ ਰੂਪ, ਗੁਰੂ ਘਰ ਦੀ ਕੀਰਤਨ ਪਰੰਪਰਾ ਦੁਆਰਾ ਸਦੀਆਂ ਦਾ ਵਿਕਾਸਾਤਮਕ ਸਫ਼ਰ ਤੈਅ ਕਰ ਕੇ ਸਾਡੇ ਤੱਕ ਪਹੁੰਚਿਆ ਹੈ। ਇਸ ਸੰਦਰਭ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਭਿੰਨ ਦ੍ਰਿਸ਼ਟੀਆਂ ਤੋਂ ਅਧਿਐਨ, ਅਧਿਆਪਨ ਤੇ ਵਿਸ਼ਲੇਸ਼ਣ ਸਮੇਂ ਇਨ੍ਹਾਂ ’ਸੰਗੀਤਕ ਸੰਕਲਨਾਤਮਕ’ ਆਧਾਰਾਂ ਦਾ ਜਾਣੇ ਅਣਜਾਣੇ ਵਿਚ ਤਿਆਗ, ਸਮੁੱਚ ਵਿਚ ਇਸ ਮਹਾਨ ਗ੍ਰੰਥ ਦੇ ਸੰਦੇਸ਼ ਨੂੰ ਗ੍ਰਹਿਣ ਕਰਨ ਪ੍ਰਤਿ ਵੱਡੀ ਉਕਾਈ ਹੋਵੇਗੀ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਕਾਦਿਮਕ ਪੱਧਰ ਤੇ ਹੋ ਰਹੀ ਖੋਜ ਅਧਿਐਨ-ਅਧਿਆਪਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਰੰਪਰਾਗਤ, ਸੀਨਾ-ਬ-ਸੀਨਾ, ਮੌਖਿਕ, ਟਕਸਾਲੀ ਪਰੰਪਰਾਵਾਂ ਵਿਚ ਅਦਾਨ ਪ੍ਰਦਾਨ ਵੀ ਜ਼ਰੂਰੀ ਹੈ। ਇਸ ਦੁਵੱਲੀ ਸੂਝ ਦੁਆਰਾ ਹੀ ਅਸੀਂ ਬਾਣੀ ਅਧੀਨ ’ਕੁੰਜੀ’ ਰੂਪ ਵਿਚ ਅੰਕਿਤ ਸੰਗੀਤਕ ਸਿਰਲੇਖਾਂ, ਸੰਕੇਤਾਂ ਨੂੰ ਸਹੀ ਰੂਪ ਵਿਚ ਡੀ ਕੋਡ ਕਰ ਸਕਦੇ ਹਾਂ ਅਤੇ ਨਿਸ਼ਚਤ ’ਸੰਗੀਤ ਵਿਧਾਨ’ ਵਜੋਂ ਹੀ ਇਨ੍ਹਾਂ ਦੀ ਸਮੁੱਚੀ ਕਾਰਜ ਪ੍ਰਕ੍ਰਿਆ ਨੂੰ ਪਛਾਣਨ ਉਪਰੰਤ ਅਧਿਐਨ ਅਤੇ ਵਿਸ਼ਲੇਸ਼ਣ ਦੇ ਪ੍ਰਮਾਣਿਕ ਆਧਾਰ ਗ੍ਰਹਿਣ ਕੀਤੇ ਜਾ ਸਕਦੇ ਹਨ। ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ’ਸੰਗੀਤ ਵਿਧਾਨ’ ਦਾ ਪ੍ਰਮਾਣਿਕ ਗਿਆਨ, ਗੁਰਮਤਿ ਸੰਗੀਤ ਦੇ ਕੀਰਤਨਕਾਰਾਂ ਤੇ ਗੁਰਮਤਿ ਦੇ ਅਧਿਐਨਕਾਰਾਂ ਲਈ ਬੁਨਿਆਦੀ ਤੌਰ ’ਤੇ ਜ਼ਰੂਰੀ ਹੈ।
|
|
|
|
|
|
|
|
|
|
|
|
|
|
1. ਗੁਰਮਤਿ ਸੰਗੀਤ ਦੀਆਂ ਲੋਕ ਅੰਗ ਦੀਆਂ ਗਾਇਨ ਸ਼ੈਲੀਆਂ ਬਾਰੇ ਦੱਸੋ।
2. ਗੁਰਮਤਿ ਸੰਗੀਤ ਦੀਆਂ ਸ਼ਾਸਤਰੀ ਅੰਗ ਦੀਆਂ ਗਾਇਨ ਸ਼ੈਲੀਆਂ ਬਾਰੇ ਦੱਸੋ। |
|
|
|
|
|
|
|
|
|
1. ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਕਲਨ ਦਾ ਕਾਰਜ ਕਿਸ ਗੁਰੂ ਨੇ ਸੰਪੂਰਨ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਸ ਦਾ ਪ੍ਰਕਾਸ਼ ਕੀਤਾ?
(I) ਗੁਰੂ ਨਾਨਕ ਦੇਵ ਜੀ (II) ਗੁਰੂ ਅਮਰਦਾਸ ਜੀ
(III) ਗੁਰੂ ਰਾਮਦਾਸ ਜੀ (IV) ਗੁਰੂ ਅਰਜਨ ਦੇਵ ਜੀ
2. ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੋਥੀ ਸਾਹਿਬ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕਦੋਂ ਹੋਇਆ?
(I) 1604 (II) 1616
(III) 1602 (IV) 1601
3. ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿੰਨੇ ਮੁੱਖ ਰਾਗ ਅਤੇ ਕਿੰਨੇ ਰਾਗ ਪ੍ਰਕਾਰ ਹਨ?
(I) 31 ਮੁੱਖ ਰਾਗ 29 ਰਾਗ ਪ੍ਰਕਾਰ (II) 30 ਮੁੱਖ ਰਾਗ 30 ਰਾਗ ਪ੍ਰਕਾਰ
(III) 31 ਮੁੱਖ ਰਾਗ 31 ਰਾਗ ਪ੍ਰਕਾਰ (IV) 31 ਮੁੱਖ ਰਾਗ 28 ਰਾਗ ਪ੍ਰਕਾਰ
4. ਹੇਠ ਲਿਖੇ ਰਾਗਾਂ ਵਿਚੋਂ ਸ਼ੁੱਧ ਰਾਗ ਦੱਸੋ?
(I) ਗਉੜੀ ਚੇਤੀ (II) ਮਾਝ
(III) ਬਿਲਾਵਲ ਦੱਖਣੀ (IV) ਗਉੜੀ ਪੂਰਬੀ ਦੀਪਕੀ
5. ਹੇਠ ਲਿਖੇ ਰਾਗਾਂ ਵਿਚੋਂ ਸੰਕੀਰਣ ਸ਼ੇ੍ਰਣੀ ਵਿਚ ਕਿਹੜਾ ਰਾਗ ਆਉਂਦਾ ਹੈ?
(I) ਰਾਗ ਗਉੜੀ ਪੂਰਬੀ ਦੀਪਕੀ (II) ਗਉੜੀ ਬੈਰਾਗਣਿ
(III) ਵਡਹੰਸ ਦੱਖਣੀ (IV) ਕਲਿਆਣ ਭੋਪਾਲੀ
6. ਮੁੱਖ ਰਾਗ ਗਉੜੀ ਦੇ ਕਿੰਨੇ ਪ੍ਰਕਾਰ ਹਨ?
(I) 10 (II) 12
(III) 11 (IV) 14
7. ‘ਆਸਾਵਰੀ ਸੁਧੰਗ` ਕਿਸ ਮੁੱਖ ਰਾਗ ਦਾ ਰਾਗ ਪ੍ਰਕਾਰ ਹੈ?
(I) ਬਿਲਾਵਲ (II) ਆਸਾ
(III) ਗਉੜੀ (IV) ਵਡਹੰਸ
8. ਰਾਗਾਂ ਦੇ ਦੱਖਣੀ ਪ੍ਰਕਾਰਾਂ ਵਿਚ ਕਿਸ ਗੁਰੂ ਸਾਹਿਬਾਨ ਨੇ ਬਾਣੀ ਰਚੀ?
(I) ਗੁਰੂ ਅਮਰਦਾਸ ਜੀ (II) ਗੁਰੁ ਨਾਨਕ ਦੇਵ ਜੀ
(III) ਗੁਰੂ ਰਾਮਦਾਸ ਜੀ (IV) ਗੁਰੂ ਤੇਗ ਬਹਾਦਰ ਜੀ
9. ਹੇਠ ਲਿਖਿਆਂ ਵਿਚੋਂ ਕਿਹੜਾ ਰਾਗ ਮੌਸਮ ਰੁੱਤ ਨਾਲ ਸੰਬੰਧਿਤ ਹੈ?
(I) ਬਸੰਤ (II) ਸਿਰੀ
(III) ਰਾਮਕਲੀ (IV) ਸਾਰੰਗ
10. ਹੇਠ ਲਿਖਿਆਂ ਵਿਚੋਂ ਕਿਹੜਾ ਗਾਇਨ ਰੂਪ ਸ਼ਾਸਤਰੀ ਅੰਗ ਨਾਲ ਸੰਬੰਧਿਤ ਹੈ?
(I) ਘੋੜੀਆਂ (II) ਅਲਾਹੁਣੀਆਂ
(III) ਛੰਤ (IV) ਪਦੇ
11. ਹੇਠ ਲਿਖਿਆਂ ਵਿਚੋਂ ਕਿਹੜਾ ਗਾਇਨ ਰੂਪ ਲੋਕ ਅੰਗ ਨਾਲ ਸੰਬੰਧਿਤ ਹੈ?
(I) ਪੜਤਾਲ (II) ਅਸ਼ਟਪਦੀ
(III) ਵਾਰ (IV) ਹੋਲੀ
12. ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀ ਦੇ ਅੰਤਰਗਤ ਇਕ ਸ਼ਬਦ ਵਿਚ ਵੱਧ ਤੋਂ ਵੱਧ ਕਿੰਨੇ ਰਹਾਉ ਮਿਲਦੇ ਹਨ?
(I) ਇਕ ਰਹਾਉ (II) ਦੋ ਰਹਾਉ
(III) ਤਿੰਨ ਰਹਾਉ (IV) ਚਾਰ ਰਹਾਉ
13. ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਘਰੁ` ਦੀ ਕੁੱਲ ਗਿਣਤੀ ਕਿੰਨੀ ਹੈ?
(I) 18 (II) 17
(III) 11 (IV) 19
|
|
|
|
|
|
|
|
|
1 (IV) 2 (I) 3 (III) 4 (II) 5 (I) 6 (III) 7 (II) 8 (II) 9 (I) 10 (IV)
11 (III) 12 (IV) 13 (II)
|
|
|
|
|
|
|
|
|
|
1. ਸੰਗੀਤ ਭਾਸ਼ਯ, ਬੰਧੋਪਾਧਿਆਇ ਸ੍ਰੀਪਦ
2. ਗੁਰਮਤਿ ਸੰਗੀਤ ਪਰ ਹੁਣ ਤਕ ਮਿਲੀ ਖੋਜ (ਭਾਗ ਪਹਿਲਾ)
3. ਗੁਰ ਸ਼ਬਦ ਰਤਨਾਕਰ ਮਹਾਨ ਕੋਸ਼, ਕਾਨ੍ਹ ਸਿੰਘ ਨਾਭਾ (ਭਾਈ)
4. ਪੰਜਾਬੀ ਸਾਹਿਤ ਕੋਸ਼ (ਭਾਗ ਪਹਿਲਾ)
5. ਗੁਰੂ ਛੰਦ ਦਿਵਾਕਰ,
6. ਗੁਰੂ ਨਾਨਕ ਦੀ ਕਾਵਿ ਕਲਾ, ਹਰਬੰਸ ਸਿੰਘ
7. ਭਾਰਤੀਯ ਸੰਗੀਤ ਕੋਸ਼, ਵਿਮਲਕਾਂਤ ਰਾਇ ਚੌਧਰੀ
|
|
|