|
ਵਿਸ਼ਾ |
: |
|
ਗੁਰਮਤਿ ਸੰਗੀਤ : ਰਾਗ ਪਰਬੰਧ |
ਵਿਸ਼ਾ ਮਾਹਿਰ |
: |
|
ਡਾ. ਗੁਰਨਾਮ ਸਿੰਘ
ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ-ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ। |
|
|
|
|
|
|
|
|
|
ਰਾਗ ਗੁਰਮਤਿ ਸੰਗੀਤ ਦੀ ਪ੍ਰਮੁੱਖ ਇਕਾਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਪਰ ਵੱਖ-ਵੱਖ ਰਾਗਾਂ ਅਤੇ ਰਾਗ ਪ੍ਰਕਾਰਾਂ ਦਾ ਉਲੇਖ ਅਤੇ ਬਾਣੀ ਦੇ ਰਾਗਾਤਮਕ ਵਰਗੀਕਰਣ ਤੋਂ ਇਸ ਪਰੰਪਰਾ ਵਿਚ ਰਾਗ ਦਾ ਮਹੱਤਵ ਪਰਤੱਖ ਹੈ। ਗੁਰਮਤਿ ਸੰਗੀਤ ਵਿਚ ਰਾਗ ਦਾ ਇਹ ਪਸਾਰਾ ਕੇਵਲ ਉਲੇਖ ਮਾਤਰ ਹੀ ਨਹੀਂ ਸਗੋਂ ਗੁਰੂ ਸਾਹਿਬਾਨ ਬਾਣੀ ਵਿਚ ਅਨੇਕ ਫੁਰਮਾਨਾਂ ਅਤੇ ਅੰਤਰੀਵੀ ਹਵਾਲਿਆਂ ਦੁਆਰਾ ਰਾਗ ਦੇ ਅਧਿਆਤਮਕ, ਨਾਦਾਤਮਕ ਮਹੱਤਵ ਤੇ ਨਿਰਧਾਰਤ ਵਿਧੀ ਵਿਧਾਨ ਨੂੰ ਸਪੱਸ਼ਟ ਕਰ ਰਹੇ ਹਨ। ਮਰਿਆਦਤ ਸਿੱਖੀ ਸਿਧਾਤਾਂ ਵਿਚ ਵੀ ਸ਼ਬਦ ਕੀਰਤਨ ਲਈ ਰਾਗ ਦੀ ਹੋਂਦ ਨੂੰ ਪਰਮੁੱਖ ਦਰਜਾ ਦਿੰਦਿਆਂ ਸ਼ਬਦ ਕੀਰਤਨ ਲਈ ਬੁਨਿਆਦੀ ਦਰਜਾ ਦਿੱਤਾ ਗਿਆ ਹੈ। ਸ਼ਬਦ ਕੀਰਤਨ ਦੀ ਇਸ ਨਿਰਧਾਰਤ ਮਰਿਆਦਾ ਵਿਚ ਰਾਗ ਦਾ ਪ੍ਰਯੋਗ ਦੂਸਰੀਆਂ ਹੋਰ ਭਾਰਤੀ ਤੇ ਸੰਗੀਤ ਪਰੰਪਰਾਵਾਂ ਤੋਂ ਭਿੰਨ ਹੈ ਕਿਉਂਜੋ ਸ਼ਬਦ ਕੀਰਤਨ ਵਿਚ ਇਹ ਪ੍ਰਯੋਗ ਰਾਗ ਦੇ ਦਾਰਸ਼ਨਿਕ ਨਾਦਾਤਮਕ ਅਤੇ ਸਮਕਾਲੀਨ ਸੰਗੀਤਕ ਸਰੂਪਾਂ ਦਾ ਵਿਲੱਖਣ, ਮੌਲਿਕ ਤੇ ਵਿਗਿਆਨਿਕ ਪਸਾਰਾ ਹੈ। ਗੁਰਮਤਿ ਸੰਗੀਤ ਦੀ ਸਮੁੱਚੀ ਰਾਗ ਪਰੰਪਰਾ ਤੋਂ ਵਿਕਸਿਤ ਹੋਣ ਵਾਲੇ ਰਾਗ ਪ੍ਰਬੰਧ ਦੀਆਂ ਪਰਤਾਂ ਖੋਲ੍ਹਣ ਤੋਂ ਪਹਿਲਾਂ ਭਾਰਤੀ ਸੰਗੀਤ ਵਿਚ ਨਿਹਿਤ ਰਾਗ ਦੇ ਗੁਣਾਂ, ਲੱਛਣਾ ਅਤੇ ਇਸ ਦੇ ਮੂਲ ਸਿਧਾਂਤਾਂ ਸੰਬੰਧੀ ਜਾਣ ਲੈਣਾ ਜ਼ਰੂਰੀ ਹੈ।
ਰਾਗ - ਭਾਰਤੀ ਸੰਗੀਤ ਪਰਿਪੇਖ : ਭਾਰਤੀ ਸੰਗੀਤ ਹੀ ਨਹੀਂ ਬਲਕਿ ਸਮੁੱਚੇ ਏਸ਼ੀਆਈ ਸੰਗੀਤ ਵਿਚ ਰਾਗ ਆਪਣੇ ਵਿਸਿ਼ਸ਼ਟ ਸੁਰਾਤਮਕ ਤੇ ਸੌਦਰਾਤਾਮਕ ਸਰੂਪ ਸਦਕਾ ਮੂਲ ਆਧਾਰਾਤਮਕ ਤੱਤ ਵਜੋਂ ਵਿਦਮਾਨ ਹੈ। ਸਦੀਆਂ ਪੁਰਾਤਨ ਰਾਗ ਸੀਨਾ-ਬ-ਸੀਨਾ ਸੁਰ ਤੇ ਤਾਲ ਦੇ ਮਾਧਿਅਮ ਦੁਆਰਾ ਵੱਖ ਵੱਖ ਸੰਸਕ੍ਰਿਤੀਆਂ ਦਾ ਵਾਹਨ ਹਨ। ਇਹ ਰਾਗ ਕੇਵਲ ਗਣਿਤ ਮਈ ਵਿਆਕਰਣਕ ਸੁਰਾਤਮਕ ਬੰਧੇਜ ਨਾ ਹੋ ਕੇ ਨਾਦ ਦੇ ਬਹੁਮੁਖੀ ਆਂਤਰਿਕ ਤੇ ਬਾਹਰੀ ਪਸਾਰਾਂ ਦਾ ਸਜੀਵ ਰੂਪ ਹੈ ਜਿਸ ਨੂੰ ਮਾਨਵ ਨੇ ਸਦੀਆਂ ਦੇ ਵਿਕਾਸ ਦੁਆਰਾ ਗਤੀਮਾਨ ਰੱਖਿਆ ਹੈ। ਸੰਗੀਤ ਨੂੰ ਬਾਕੀ ਕਲਾਵਾਂ ਨਾਲੋਂ ਵਿਭਿੰਨਤਾ ਦਿਵਾਉਣਾ ਵਾਲਾ ਵਿਸ਼ੇਸ਼ ਕੇਂਦਰਕਾਰੀ ਤੱਤ ਵੀ ਰਾਗ ਹੀ ਹੈ। ਰਾਗ ਦੁਆਰਾ ਹੀ ਸੰਗੀਤ ਦਾ ਅਮੂਰਤ ਨਾਦਾਤਮਕ ਸਰੂਪ ਦ੍ਰਿਸ਼ਮਾਨ ਹੁੰਦਾ ਹੈ। ਰਾਗ ਦੀ ਵਿਸਿ਼ਸ਼ਟ ਰੰਜਕ ਸ਼ਕਤੀ ਤੇ ਅਦੁੱਤੀ ਪ੍ਰਕਾਸ਼ ਦੀ ਅਨੁਭਵਤਾ ਨੂੰ ਸ਼ਬਦਾਂ ਦੁਆਰਾ ਦਰਸਾਉਣਾ ਕਾਫੀ ਕਠਿਨ ਪ੍ਰਤੀਤ ਹੁੰਦਾ ਹੈ। ਆਨੰਦ ਪ੍ਰਾਪਤੀ ਦੇ ਇਸ ਮਾਧਿਅਮ ਦੀ ਸਹੀ ਪਹਿਚਾਣ ਤਾਂ ਇਸ ਦੇ ਪਰੰਪਰਾਗਤ ਸਰੂਪ ਦੇ ਸਰਬਪੱਖੀ ਅਧਿਐਨ ਦੁਆਰਾ ਹੀ ਸੰਭਵ ਹੈ। ਸੰਗੀਤ ਦੇ ਖੇਤਰ ਵਿਚ ਰਾਗ ਸ਼ਬਦ ਨੂੰ ਜਨ ਚਿਤ ਰੰਜਨ ਧੁਨੀ ਮੰਨਿਆ ਜਾਂਦਾ ਹੈ। ਰਾਗ ਸ਼ਬਦ ਰਜ ਧਾਤੂ ਤੋਂ ਉਤਪੰਨ ਹੋਇਆ ਹੈ। ਸੰਗਿਆ ਸ਼ਬਦ ਵਜੋਂ ਰਾਗ ਦੇ ਅਰਥ ਹਨ ਰੰਗ। ਜਨ ਚਿਤ ਰੰਜਨ ਜਾਂ ਪ੍ਰਾਣੀ ਮਾਤਰ ਨੂੰ ਵਿਸ਼ੇਸ਼ ਰੰਗ ਵਿਚ ਰੰਗਣਾ, ਰਾਗ ਦੀ ਕਿਰਿਆ ਹੈ। ਵਿਸ਼ਿਸ਼ਟ ਸਰੂਪ ਅਤੇ ਵਿਸ਼ਿਸ਼ਟ ਅਨੁਪਾਤ ਤੋਂ ਪ੍ਰਯੋਗ ਕੀਤੇ ਜਾਣ ਵਾਲੇ ਸੁਰਾਂ ਦਾ ਵਿਸਿ਼ਸ਼ਟ ਸਰੂਪ ਰਾਗ ਹੈ, ਜਿਸ ਵਿਚ ਖਾਸ ਖਾਸ ਸੁਰਾਂ ਉੱਤੇ ਠਹਿਰਾਵ ਹੋਵੇ। ਰਾਗ ਦੀ ਸਥਾਪਨਾ ਕ੍ਰਮਵਾਰ ਹੌਲੀ ਹੌਲੀ ਹੁੰਦੀ ਹੈ, ਜਿਸਨੂੰ ਬੜ੍ਹਤ ਕਹਿੰਦੇ ਹਨ। ਇਹ ਬੜ੍ਹਤ ਸਰੋਤਿਆਂ ਦੇ ਮਨ ਨੂੰ ਇਕ ਵਿਸ਼ਿਸ਼ਟ ਭਾਵਨਾ ਵਿਚ ਰੰਗਦੀ ਹੈ ਅਤੇ ਇਹ ਰੰਗ ਹੌਲੀ ਹੌਲੀ ਗਾੜਾ ਹੁੰਦਾ ਹੈ। |
|
|
|
|
|
ਸੰਗੀਤ ਅਤੇ ਕਾਵਿ ’ਚ ਰਾਗ ਦੇ ਅਰਥ ਭਿੰਨ ਹਨ। ਇਸ ਕਰਕੇ ਪ੍ਰਾਚੀਨ ਗ੍ਰੰਥਾਂ ਵਿਚ ਵਿਭਿੰਨ ਸੰਦਰਭਾਂ ਅਧੀਨ ਰਾਗ ਸ਼ਬਦ ਦਾ ਉਲੇਖ ਮਿਲਦਾ ਹੈ। ਕਾਵਿ ਵਿਚ ਰਾਗ ਨੂੰ ਪ੍ਰੀਤ ਤੇ ਅਨੁਰਾਗ ਦੇ ਅਰਥ ਦਿੱਤੇ ਜਾਂਦੇ ਹਨ ਅਤੇ ਦਰਸ਼ਨ ਵਿਚ ਰਾਗ ਵਿਰਾਗ ਜਾਂ ਰਾਗ ਦਵੇਸ਼ ਦਾ ਦਵੰਦ ਕਿਹਾ ਗਿਆ ਹੈ। ਇਹ ਪੰਚ ਕਲੇਸ਼ਾਂ ਵਿਚੋਂ ਇਕ ਮੰਨਿਆ ਗਿਆ ਹੈ। ਇਸਦਾ ਅਰਥ ਕਸ਼ਟ, ਕਲੇਸ਼, ਈਰਖਾ, ਦਵੇਸ਼ ਲਏ ਗਏ ਹਨ। ਸੋ ਅਧਿਆਤਮ, ਦਰਸ਼ਨ ਅਤੇ ਸਾਹਿਤ ਦੇ ਖੇਤਰ ਵਿਚ ਰਾਗ ਸ਼ਬਦ ਦਾ ਪ੍ਰਯੋਗ ਸੰਬੰਧਿਤ ਖੇਤਰ ਅਨੁਸਾਰ ਨਿੱਜੀ ਮਹੱਤਵ ਰੱਖਦੀ ਹੈ ਨਾਟਯ ਸ਼ਾਸ਼ਤਰ ਵਿਚ ਇਹ ਸਦਾ ਸਾਹਿਤਕ ਜਾਂ ਕਾਵਿਕ ਸੰਦਰਭ ਵਿਚ ਹੀ ਪ੍ਰਯੋਗ ਕੀਤਾ ਗਿਆ ਹੈ।
ਭਾਰਤੀ ਸੰਗੀਤ ਦੇ ਇਤਿਹਾਸਕ ਅਧਿਐਨ ਤੋਂ ਇਸ ਤੱਥ ਦਾ ਬੋਧ ਹੁੰਦਾ ਹੈ ਕਿ ਪ੍ਰਾਚੀਨ ਸਮੇਂ ਸਾਮ ਗਾਨ ਅਤੇ ਜਾਤੀ ਗਾਇਨ ਦਾ ਭਰਪੂਰ ਪ੍ਰਚਾਰ ਰਿਹਾ। ਜਾਤੀਆਂ ਦੇ ਅੰਗਾਂ ਪ੍ਰਤਿਅੰਗਾਂ ਤੋਂ ਸੱਤਵੀਂ ਸਦੀ ਤੱਕ ਰਾਗ ਗਾਇਨ ਹੋਂਦ ਵਿਚ ਆਇਆ ਰਾਗ ਦੀ ਉਤਪਤੀ ਜਾਤੀਆਂ ਤੋਂ ਹੋਈ ਜਿਸ ਦੇ ਧੁਨਾਤਮਿਕ ਆਦਿ ਸਰੂਪ ਦੇ ਦਰਸ਼ਨ ਪ੍ਰਾਚੀਨ ਗਾਇਨ ਵਿਧਾਵਾਂ ਚੋਂ ਕੀਤੇ ਜਾ ਸਕਦੇ ਹਨ। ਸਾਮਵੇਦ ਦੀਆਂ ਰਚਨਾਵਾਂ ਦੇ ਪਰੰਪਰਾਗਤ ਅਲਾਪ ਯੁਕਤ ਗਾਇਨ ਦੀਆਂ ਧੁਨਾਂ ਤੋਂ ਕਈ ਰਾਗਾਂਵਾਂ ਦੀ ਝਲਕ ਪ੍ਰਤੀਤ ਹੁੰਦੀ ਹੈ। ਸੰਗੀਤ ਦੇ ਸੰਦਰਭ ਵਿਚ ਰਾਗ ਦਾ ਪ੍ਰਥਮ ਸੁਸਪਸ਼ਟ ਉਲੇਖ ਮਤੰਗ ਮੁਨੀ ਨੇ ਆਪਣੇ ਗ੍ਰੰਥ ਬ੍ਰਹਦਦੇਸ਼ੀ ਵਿਚ ਕੀਤਾ। ਗ੍ਰੰਥਕਾਰ ਵਸਿ਼ਸ਼ਟ ਧੁਨੀ ਜੋ ਜਨ ਚਿਤ ਨੂੰ ਰੰਜਕਤਾ ਪ੍ਰਦਾਨ ਕਰਦੀ ਹੈ, ਉਸ ਨੂੰ ਰਾਗ ਆਖਦੇ ਹਨ। ਸੰਗੀਤ ਜਗਤ ਵਿਚ ਕੁਝ ਰਾਗਾਂ ਤੇ ਰਾਗਣੀਆਂ ਦੀ ਉਤਪਤੀ ਦੇਵੀ ਦੇਵਤਿਆਂ ਤੋਂ ਸਵੀਕਾਰੀ ਜਾਂਦੀ ਹੈ। ਸ੍ਰੀ, ਬਸੰਤ, ਭੈਰਵ, ਪੰਚਮ, ਮੇਘ ਦੀ ਉਤਪਤੀ ਸਿ਼ਵਜੀ ਤੋਂ ਅਤੇ ਪਾਰਵਤੀ ਦੇ ਮੁਖ ਤੋਂ ਨਟਨਰਾਇਣ ਦੀ ਉਤਪਤੀ ਮੰਨੀ ਜਾਂਦੀ ਹੈ। ਅਜਿਹੇ ਵਿਚਾਰ ਸ਼ਰਧਾ ਭਾਵ ਅਧੀਨ ਹੀ ਪ੍ਰਗਟ ਕੀਤੇ ਜਾਂਦੇ ਹਨ ਜਿਨ੍ਹਾਂ ਦੇ ਕੋਈ ਪ੍ਰਮਾਣਿਕ ਆਧਾਰ ਉਪਲੱਧ ਨਹੀਂ ਹਨ।
ਰਾਗ ਲੱਛਣ : ਰਾਗ ਕਿਉਂ ਜੋ ਜਾਤੀਆਂ ਤੋਂ ਉਤਪੰਨ ਹੋਏ ਹਨ ਇਸ ਕਰਕੇ ਜਾਤੀ ਦੇ ਵਿਭਿੰਨ ਲੱਛਣਾਂ ਵਜੋਂ ਪ੍ਰਚਾਰ ਵਿਚ ਆਏ। ਮਤੰਗ ਨੇ ਸਾਮਾਨਯ ਅਤੇ ਵਿਸ਼ੇਸ਼ ਨਾਮਕ ਰਾਗ ਦੇ ਦੋ ਲੱਛਣ ਮੰਨੇ ਹਨ। ਰਾਗ ਸੰਬੰਧੀ ਅਸੀਂ ਪੂਰਵ ਚਰਚਾ ਵਿਚ ਇਸ ਨੂੰ ਵਰਣਾਂ ਨਾਲ ਵਿਭੂਸਿ਼ਤ ਰਚਨਾ ਸਵੀਕਾਰਿਆ ਹੈ ਜੋ ਚਿਤ ਰੰਜਨ ਕਰਦੀ ਹੈ। ਇਸ ਪਹਿਚਾਣ ਅਧੀਨ ਯੋਰਪੀਨ ਹਾਰਮਨੀ ਵੀ ਆਉਂਦੀ ਹੈ ਪਰੰਤੂ ਨਿਯਮਬਧ, ਕ੍ਰਮ ਪ੍ਰਧਾਨ, ਸਵਰ ਵਿਨਿਆਸ ਜੋ ਜਨ ਚਿਤ ਰੰਜਨ ਕਰਦਾ ਹੈ ਉਸਨੂੰ ਰਾਗ ਕਹਿੰਦੇ ਹਨ।ਕ੍ਰਮ ਪ੍ਰਧਾਨ, ਸਵਰ ਵਿਨਿਆਸ, ਸਮਧੁਨੀ ਹਾਰਮਨੀ ਨਾਲੋਂ ਵੱਖਰੇ ਹਨ। ਰਾਗ ਗਿਸਿ਼ਸ਼ਨ, ਵਿਭਿੰਨ ਸੁਰਾਂ ਅਤੇ ਵਰਣਾਂ ਨਾਲ ਸੁਸਜਿਤ ਰਖਨਾ ਹੈ। ਵਰਣ ਅਧੀਨ ਸਵਰਾਂ ਦੀ ਪੁਨਰਾਵ੍ਰਿਤੀਨ ਆਰੋਹ, ਅਵਰੋਹ, ਸਮੂਹ ਅਲੰਕਾਰ, ਕਣ, ਖਟਕਾ ਅਤੇ ਕਾਕੂ ਭੇਦ ਵਰਗੀਆਂ ਵਿਵਿਧ ਦਿਸ਼ਾਈ ਗਾਇਨ ਕਿਰਿਆਵਾਂ ਆ ਜਾਂਦੀਆਂ ਹਨ। ਇਨ੍ਹਾਂ ਤੋਂ ਬਿਨਾਂ ਰਾਗ ਦੇ ਹੇਠ ਲਿਖੇ ਮੁੱਖ ਲੱਛਣ ਹਨ ਜਿਨ੍ਹਾਂ ਦੇ ਆਧਾਰ ਤੇ ਰਾਗ, ਵਿਸਿ਼ਸ਼ਟ ਤੇ ਪਹਿਚਾਣਯੋਗ ਸਰੂਪ ਗ੍ਰਹਿਣ ਕਰਦਾ ਹੈ :
ਥਾਟ (2) ਸੁਰ (3) ਆਰੋਹ ਅਵਰੋਹ (4) ਜਾਤੀ (5) ਵਾਦੀ ਸੰਵਾਦੀ ਅਨੁਵਾਦੀ ਵਿਦਾਦੀ (6) ਮੁਖ ਅੰਗ (7) ਨਿਆਸ ਸੁਰ (8) ਪੂਰਵਾਂਗ-ਉਤਾਰਾਂਗ (9) ਸਮਾਂ (10) ਸਮ ਪ੍ਰਕ੍ਰਿਤਕ ਰਾਗ ਆਦਿ।
ਰਾਗ ਵਰਗੀਕਰਣ : ਭਾਰਤੀ ਸੰਗੀਤ ਰਾਗਾਂ ਦੇ ਵਿਭਿੰਨ ਸਰੂਪਾਂ ਅਨੁਸਾਰ ਉਨ੍ਹਾਂ ਨੂੰ ਵਰਗੀਕ੍ਰਿਤ ਕਰਨ ਦੀ ਪ੍ਰਥਾ ਪੁਰਾਤਨ ਹੈ। ਰਾਗਾਂ ਦੇ ਪ੍ਰਕਾਸ਼ਨ ਵਿਚ ਸਥਾਨ ਤੇ ਸ਼ੈਲੀਆਂ ਦਾ ਮਹੱਤਵਪੂਰਣ ਸਥਾਨ ਰਿਹਾ ਹੈ। ਰਾਗ ਸਥਾਨਕ ਧੁਨਾਂ ਦੇ ਪ੍ਰਭਾਵਾਂ ਤੋਂ ਅਛੋਹ ਨਹੀਂ ਰਹਿ ਸਕੇ। ਇਸ ਕਰਕੇ ਵਿਭਿੰਨ ਪ੍ਰਦੇਸ਼ਾਂ ਦੇ ਭਾਸ਼ਾਈ ਭੇਦਾਂ ਅਨੁਸਾਰ ਰਾਗਾਂ ਦਾ ਪ੍ਰਚਾਰ ਹੋਇਆ। ਮਤੰਗ ਮੁਨੀ ਨੇ ਰਾਗ ਭਾਸ਼ਾ, ਵਿਭਾਸ਼ਾ ਅਧੀਨ ਵਿਭਿੰਨ ਰਾਗਾਂ ਦਾ ਵਰਣਨ ਕੀਤਾ ਹੈ।
|
|
|
|
|
|
ਪੰਡਤ ਸ਼ਾਰੰਗ ਦੇਵ ਨੇ ਆਪਣੇ ਸਮੇਂ ਦੇ ਰਾਗਾਂ ਨੂੰ ਹੇਠ ਲਿਖੇ ਅਲੁਸਾਰ ਵਿਭਾਜਿਤ ਕੀਤਾ ਹੈ:
1. ਗ੍ਰਾਮ ਰਾਗ : ਜਿਨ੍ਹਾਂ ਦੀ ਉਤਪਤੀ ਗ੍ਰਾਮਾਂ ਨਾਲ ਸਬੰਧਿਤ ਰੀਤੀਆਂ ਤੋਂ ਹੋਈ।
2. ਉਪਰਾਗ : ਗ੍ਰਾਮ ਰਾਗਾਂ ਤੋਂ ਬਿਨਾਂ ਰਾਗ ਦੇ ਦਸ ਲਕਸ਼ਣਾਂ ਅਨੁਸਾਰ ਪ੍ਰਚੱਲਿਤ ਰਾਗ।
3. ਰਾਗ : ਪ੍ਰਾਚੀਨ ਗ੍ਰਾਮ ਰਾਗ ਤੇ ਰੀਤੀਆਂ ਤੋਂ ਬਿਨਾਂ ਜਾਤੀਆਂ ਤੋਂ ਉਤਪੰਨ ਰਾਗ।
4. ਭਾਸ਼ਾ : ਪ੍ਰਦੇਸਿ਼ਕ ਸ਼ੈਲੀਆਂ ਅਨੁਸਾਰ ਰਾਗ।
5. ਵਿਭਾਸ਼ਾ : ਪ੍ਰਦੇਸਿ਼ਕ ਸੈ਼ਲੀਆਂ ਅਨੁਸਾਰ ਰਾਗ।
6. ਅੰਤਰ ਭਾਸ਼ਾ : ਪ੍ਰਦੇਸਿਕ ਸ਼ੈਲੀਆਂ ਦੇ ਸਥਾਨਕ ਭਾਸ਼ਾਈ ਭੇਦਾਂ ਅਨੁਸਾਰ ਪ੍ਰਚਲਿਤ ਰਾਗ।
7. ਰਾਗਾਂਗ : ਜਿਨ੍ਹਾਂ ਰਾਗਾਂ ਉੱਤੇ ਗ੍ਰਾਮ ਰਾਗਾਂ ਦੀ ਛਾਇਆ ਹੋਵੇ।
8. ਭਾਸ਼ਾਗ : ਭਾਸ਼ਾ ਜਾਂ ਪ੍ਰਦੇਸਿ਼ਕ ਸ਼ੈਲੀਆਂ ਦੇ ਪ੍ਰਭਾਵ ਅਧੀਨ ਰਾਗ।
9. ਕ੍ਰਿਆਂਗ : ਭਾਵ ਪ੍ਰਧਾਨ ਤੇ ਕਿਰਿਆ ਪ੍ਰਧਾਨ (ਅਭਿਨੈ ਪ੍ਰਧਾਨ) ਰਾਗ।
10. ਉਪਾਂਗ : ਰਾਗਾਂਗ, ਭਾਸ਼ਾਗ, ਕ੍ਰਿਆਂਗ ਦੇ ਮਿਸ਼ਰਣ ਤੋਂ ਉਤਪੰਨ ਰਾਗ।
|
|
|
|
|
|
ਮੱਧ ਕਾਲ ਵਿਚ ਰਾਗ ਵਰਗੀਕਰਣ ਦੀ ਇਕ ਹੋਰ ਪ੍ਰਥਾ ਪ੍ਰਚਾਰ ਵਿਚ ਰਹੀ ਜਿਸ ਨੂੰ ਰਾਗ ਰਾਗਣੀ ਵਰਗੀਕਰਣ ਕਿਹਾ ਜਾਂਦਾ ਸੀ : ਇਸ ਅਧੀਨ ਰਾਗਾਂ ਨੂੰ ਪਿਤਾ, ਇਸਤ੍ਰੀ, ਪੁੱਤਰ ਤੇ ਧੀਆਂ ਵਰਗੇ ਸਮਾਜਿਕ ਰਿਸ਼ਤਿਆਂ ਦੁਆਰਾ ਵਰਗੀਕ੍ਰਿਤ ਕੀਤਾ ਜਾਂਦਾ ਸੀ। ਪੰਡਤ ਦਮੋਦਰ ਨੇ ਸਿ਼ਵ ਮੱਤ ਹਨੂੰ ਮੱਤ, ਰਾਗਰਾਵਣ ਮੱਤ ਦਾ ਵਰਣਨ ਕਰਦਿਆਂ ਇਨ੍ਹਾਂ ਅਧੀਨ ਰਾਗਾਂ ਦਾ ਵਿਭਾਜਨ ਕੀਤਾ ਹੈ। ਇਨ੍ਹਾਂ ਤੋਂ ਬਿਨਾਂ ਰਾਗ ਵਰਗੀਕਰਣ ਦੇ ਦੋ ਹੋਰ ਮੱਤ ਕ੍ਰਿਸਨ ਮੱਤ ਤੇ ਭਰਤ ਮੱਤ ਵੀ ਪ੍ਰਚਾਰ ਵਿਚ ਰਹੇ ਹਨ।
ਸਿਵ ਮੱਤ :
|
|
|
1 ਸ੍ਰੀ ਰਾਗ : ਮਾਲਸ਼੍ਰੀ, ਤ੍ਰਿਵੇਣੀ, ਗੌਰੀ, ਕੇਦਾਰੀ, ਮਧੁਮਾਵਤੀ, ਪਹਾੜਿਕਾ।
2 ਵਸੰਤ : ਦੇਸ਼ੀ, ਦੇਵਗਿਰੀ, ਵਾਰਾਟੀ, ਟੋਡਿਕਾ, ਲਲਿਤਾ, ਹਿੰਡੋਲੀ।
3 ਭੈਰਵ : ਭੈਰਵੀ, ਗੂਜਰੀ, ਰਾਮਕਰੀ, ਗੁਣਕਿਰੀ, ਬੰਗਲੀ, ਸੈਂਧਵੀ।
4 ਪੰਚਮ : ਵਿਭਾਸ਼ਾ, ਭੂਪਾਲ, ਕਰਣਾਟੀ, ਨੜਹੰਸਿਕਾ, ਮਾਲਵੀ, ਪਟਮੰਜਰੀ।
5 ਬ੍ਰਹਨਾਟ : ਕਾਮੋਦ, ਕਲਿਆਣੀ, ਅਭੀਰੀ, ਨਾਟਿਕਾ, ਸਾਰਵੀ, ਨਟਹੰਬੀਰਾ।
6 ਮੇਘ : ਮਲਾਰੀ, ਨੋਰਠੀ, ਸਾਵੇਰੀ, ਕੈਸਿ਼ਕੀ, ਗੰਧਾਰੀ, ਹਰਸਿ਼ਗਾਰ।
ਹਨੂੰ ਮੱਤ :
1 ਭੈਰਵ : ਮਧਯਮਾਦ, ਭੇਰਵੀ, ਬੰਗਾਲੀ, ਵਰਾਟੀ ਅਤੇ ਸੈਂਧਵੀ।
2 ਕੋਸਿ਼ਕ : ਤੋੜੀ, ਖੰਬਾਵਤੀ, ਗੌਰੀ, ਗੁਣਕਾਰੀ ਤੇ ਕੁਕਭਾ।
3 ਹਿੰਡੋਲ : ਵੇਲਾਵਲੀ, ਰਾਮਕਿਰੀ, ਦੇਸ਼ਖਯ, ਪਟਮੰਜਰੀ ਤੇ ਲਲਿਤਾ।
4 ਦੀਪਕ : ਕਦਾਰੀ ਕਾਨੜਾ, ਦੇਸੀ, ਕਾਮੋਦੀ, ਨਾਟਿਕਾ।
5 ਸੀ : ਵਾਸੰਤੀ, ਦੇਸਕਾਰੀ, ਭੂਪਾਲੀ, ਗੂਜਰੀ, ਟੰਕਾ।
6 ਮੇਘ : ਮਲਾਰੀ, ਦੇਸਕਾਰੀ, ਭੂਪਾਲੀ, ਗੂਜਰੀ, ਟੰਕਾ।
ਰਾਗਾਰਾਣਵ ਮੱਤ :
1 ਭੈਰਵੀ : ਬੰਗਾਲੀ, ਗੁਣਕਾਰੀ, ਮਧਯਮਾਦਿ, ਬਸੰਤ, ਧਨਾਸਰੀ।
2 ਪੰਚਮ : ਲਲਿਤ, ਗੂਜਰੀ, ਦੇਸੀ, ਵਰਾੜੀ, ਰਾਮਸ਼੍ਰੀ।
3 ਨਟ : ਨਾਰਾਇਣ, ਗੰਧਾਰੀ, ਸਾਲਗ, ਕੇਦਾਰੀ, ਕਰਣਾਟ।
4 ਮਲਾਰ : ਮੇਘਮਲਾਰਿਕਾ, ਮਾਲਕੋਸਿ਼ਕ, ਪਟ ਸੰਜਰੀ, ਆਸਾਵਰੀ, ਮੇਘ।
5 ਗੌੜਮਾਲਵ : ਹਿੰਡੋਲ, ਤ੍ਰਿਵਣ, ਗੰਧਾਰੀ, ਗੌਰੀ, ਪਟਹੰਸਿਕਾ।
6 ਦੇਸ਼ (ਦੇਸ਼ਖਸ) : ਭੂਪਾਲੀ, ਕੁੜਾਲੀ, ਕਾਮੋਦੀ, ਨਾਟਿਕਾ, ਵੇਲਾਵਲੀ।
ਕ੍ਰਿਸ਼ਣ ਮੱਤ :
1 ਸ੍ਰੀ ਰਾਗ : ਗੌਰੀ, ਕੋਲਹਾਲ, ਧਵਲ, ਵਹੀਰਾਜੀ, ਮਾਲਕੌਂਸ, ਦੇਵਗੰਧਾਰ।
2 ਬਸੰਤ : ਅੰਧਾਲੀ, ਗੁਣਕਲੀ, ਪਟਮੰਜਰੀ, ਗੌੜੀਕਿਰੀ, ਧਾਕੀ, ਦੇਵਸਾਗ।
3 ਭੈਰਵ : ਭੈਰਵੀ, ਗੁਰਜਰੀ, ਬਿਲਾਵਲੀ, ਬਿਹਾਗ, ਕਰਨਾਟ, ਕਾਨੜਾ।
4 ਪੰਚਮ : ਤ੍ਰਿਵੈਣੀ, ਹਸੰਤਰੇਨਹਾ, ਅਹੀਰੀ, ਕੋਕਭ, ਬੈਰਾਗੀ, ਆਸਾਵਾਰੀ।
5 ਨਟਨਾਰਾਇਣ : ਤ੍ਰਿਬੰਕੀ, ਤਿਲੰਗੀ, ਪੂਰਵੀ, ਗੰਧਾਰੀ, ਰਾਮਾ, ਸਿੰਧਮਲਾਰੀ।
6 ਮੇਘ : ਬੰਗਾਲੀ, ਮਧੁਰਾ, ਕਾਮੋਦ, ਧਨਾਸਰੀ, ਦੇਵਤੀਰਥ, ਦਿਵਾਲੀ।
ਭਰਤ ਮੱਤ :
1 ਭੈਰਵ : ਮਧਮਾਲਵੀ, ਲਲਿਤਾ, ਬਰਾਰੀ, ਭੈਰਵੀ, ਬਹੁਲੀ।
2 ਮਲਕੌਂਸ : ਗੌਰੀ, ਵਿਦਿਆਵਤੀ, ਤੋੜੀ, ਖੰਬਾਵਤੀ, ਕੂਕਭੀ।
3 ਹਿੰਡੋਲ : ਰਾਮਕਲੀ, ਮਾਲਵੀ, ਦੈਵਾਰੀ, ਆਸਾਵਰੀ, ਕੈਕੀ।
4 ਦੀਪਕ : ਕੇਦਾਰੀ, ਗੌਰੀ, ਰੁਦਰਵਤੀ, ਕਾਮੋਦ, ਗੁਰਜਰੀ।
5 ਸ੍ਰੀ : ਮੈਧਵੀ, ਕਾਫੀ, ਠੁਮਰੀ, ਵਿਚਿਤ੍ਰਾ, ਸੋਹਣੀ।
6 ਮੇਘ : ਮਲਾਰੀ, ਸਾਰੰਗ, ਦੇਸ਼ੀ, ਰਤਿਵੱਲਭਾ, ਕਾਨਰਹ।
|
|
|
|
|
|
ਮੇਲ ਵਰਗੀਕਰਣ : ਰਾਗ ਵਰਗੀਕਰਣ ਦੀ ਇਸ ਪੱਧਤੀ ਅਨੁਸਾਰ ਰਾਗਾਂ ਵਿੱਚ ਪ੍ਰਯੁਕਤ ਸ਼ੁੱਧ ਤੇ ਵਿਕਰਤ ਸੁਰਾਂ ਦੇ ਆਧਾਰ ਤੇ ਰਾਗ ਵਰਗ ਤਿਆਰ ਕੀਤੇ ਗਏ ਹਨ ਅਤੇ ਇਨ੍ਹਾਂ ਵਰਗਾਂ ਨੂੰ ਮੇਲ ਦਾ ਨਾਮ ਦਿੱਤਾ ਗਿਆ।ਸੰਗੀਤ ਦੇ ਪ੍ਰਸਿੱਧ ਗ੍ਰੰਥਕਾਰ ਚੋਂ ਰਾਮਮਾਤਯ, ਲੋਚਨ, ਪੁੰਡਰੀਕ ਵਿਠਲ, ਸੋਮਨਾਥ, ਵਿਅੰਕਟਮੁਖੀ ਆਦਿ ਨੇ ਇਸ ਪ੍ਰਥਾ ਦਾ ਪ੍ਰਚਾਰ ਕੀਤਾ। ਆਰੰਭ ਵਿਚ ਇਨ੍ਹਾਂ ਦੀ ਗਿਣਤੀ 15 ਮੰਨੀ ਗਈ ਪਰੰਤੂ ਬਾਅਦ ਵਿਚ 12 ਸਵਰ ਸਥਾਨਾਂ ਦੇ ਆਧਾਰ ਤੇ ਪੰਡਤ ਵਿਅੰਕਟ ਮੁਖੀ ਨੇ 72 ਮੇਲਾਂ ਦੀ ਰਚਨਾ ਕੀਤੀ ਜਿਸਦਾ ਦੱਖਣੀ ਭਾਰਤੀ ਸੰਗੀਤ (ਕਰਨਾਟਕੀ ਪੱਧਤੀ) ਵਿਚ ਪ੍ਰਚਾਰ ਹੈ। ਉੱਤਰੀ ਭਾਰਤੀ ਸੰਗੀਤ ਵਿਚ ਮੇਲ ਨੂੰ ਥਾਟ ਨਾਮ ਦਿੱਤਾ ਗਿਆ ਹੈ। 10 ਥਾਟਾਂ ਅਧੀਨ ਰਾਗਾਂ ਦਾ ਵਿਭਾਜਨ ਕੀਤਾ ਗਿਆ।
ਰਾਗ ਰਾਗਾਂਗ ਵਰਗੀਕਰਣ : ਇਸ ਵਰਗੀਕਰਣ ਅਨੁਸਾਰ ਰਾਗ ਨੂੰ ਉਸਦੇ ਵਿਭਿੰਨ ਰਾਗ ਅੰਗਾਂ ਅਨੁਸਾਰ ਵਿਸ਼ਲੇਸਿ਼ਤ ਕਰਨ ਉਪਰੰਤ ਵਰਗੀਕ੍ਰਿਤ ਕੀਤਾ ਜਾਂਦਾ ਹੈ। ਕਿਸੇ ਰਾਗ ਵਿਚ ਪ੍ਰਯੁਕਤ ਦੋ ਜਾਂ ਤਿੰਨ ਸ਼ਬਦਾਂ ਦੇ ਵਿਸ਼ਿਸ਼ਟ ਸੁਰਾਂ ਨੂੰ ਰਾਗ ਅੰਗ ਕਿਹਾ ਜਾਂਦਾ ਹੈ। ਸਮਾਨ ਅਤੇ ਵਿਭਿੰਨ ਰਾਗ ਅੰਗਾਂ ਅਨੁਸਾਰ ਰਾਗ ਦੀ ਵਰਗ ਵੰਡ ਕਰਨ ਦੀ ਪ੍ਰਥਾ ਹੀ ਰਾਗਾਂਗ ਵਰਗੀਕਰਣ ਹੈ।ਸ਼ਾਰੰਗਦੇਵ ਸਮੇਂ ਰਾਗ ਰਾਗਾਂਗ ਵਰਗੀਕਰਣ ਦਾ ਪ੍ਰਯੋਗ ਸੀ। ਸੰਗੀਤ ਰਤਨਾਕਰ ਵਿਚ ਪੂਰਵਲੇ ਅੱਠ ਪ੍ਰਕਾਰ ਅਤੇ ਸਮਕਾਲੀਨ 13 ਪ੍ਰਕਾਰ ਭਾਵ 21 ਪ੍ਰਕਾਰ ਦੇ ਰਾਗਾਂ ਦਾ ਉਲੇਖ ਹੈ। ਵਰਤਮਾਨ ਸਮੇਂ ਭਾਤਖੰਡੇ ਪੱਧਤੀ ਦੇ ਅਨੁਕੂਲ ਕੁਲ ਰਾਗਾਂ ਨੂੰ 12 ਪ੍ਰਕਾਰ ਦੇ ਰਾਗਾਂਗ ਵਿਚ ਵਿਭਾਜਿਤ ਕੀਤਾ ਜਾਂਦਾ ਹੈ ਜੋ ਇਸ ਪ੍ਰਕਾਰ ਹਨ :
1 ਕਲਿਆਣ ਅੰਗ 2 ਬਿਲਾਵਲ ਅੰਗ 3 ਖਮਾਜ ਅੰਗ 4 ਭੈਰਵ ਅੰਗ 5 ਪੂਰਵੀ ਅੰਗ 6 ਸ੍ਰ੍ਰੀ ਅੰਗ 7 ਲਲਿਤ ਅੰਗ 8 ਕਾਫੀ ਅੰਗ 9 ਧਨਾਸਰੀ ਅੰਗ 10 ਸਾਰੰਗ ਅੰਗ 11 ਕਾਨੜਾ ਅੰਗ 12 ਮਲਾਰ ਅੰਗ
ਰਾਗ ਅਤੇ ਰਸ : ਭਾਰਤੀ ਕਾਲਾਵਾਂ ਤੇ ਸਾਹਿਤ ਦੇ ਖੇਤਰ ਵਿਚ ਰਸ ਦਾ ਬੁਨਿਆਦੀ ਮਹੱਤਵ ਹੈ। ਵਿਭਿੰਨ ਵਿਧੀਆਂ ਦੁਆਰਾ ਭਾਵਾਂ ਦਾ ਪ੍ਰਗਟਾ ਮਾਨਵੀ ਸੁਭਾਵ ਹੈ। ਮਾਨਵ ਸੁਭਾਵ ਦੀਆਂ ਬੁਨਿਆਦੀ ਭਾਵ ਪ੍ਰਵਟਾ ਰੁਚੀਆਂ ਵਿਚੋਂ ਚੇਸ਼ਟਾ ਨੇ ਨਾਟਕ ਅਤੇ ਧੁਨੀ ਨੇ (ਸਾਹਿਤ) ਤੇ ਨਾਦ (ਸੰਗੀਤ) ਨੂੰ ਜਨਮ ਦਿੱਤਾ ਹੈ। ਸੰਗਤ ਕਲਾ ਤੇ ਅੰਤਰਗਤ ਸ਼ਬਦ, ਸਵਰ ਤੇ ਚਸ਼ਟਾ ਦਾ ਸੰਮਲਿਤ ਅਤੇ ਰੂਪ ਰਸ ਨਿਸ਼ਪਤੀ ਲਈ ਪ੍ਰਯੋਗ ਵਿਚ ਆਉਂਦਾ ਹੈ। ਇਥੇ ਸਾਡੀ ਚਰਚਾ ਅਧੀਨ ਸੰਗੀਤ ਦੀ ਪ੍ਰਮੁਖ ਇਕਾਈ ਰਾਗ ਹੈ। ਜਿਸ ਦਾ ਮੂਲ ਅਧਾਰ ਨਾਦ ਹੈ। ਸੰਗੀਤ ਨੂੰ ਭਾਵਾਂ ਦੀ ਸਰਬ ਸਮਰੱਥਾ ਭਾਸ਼ਾ ਮੰਨਿਆ ਜਾਂਦਾ ਹੈ।ਸੰਗੀਤ ਦੁਆਰਾ ਰਸ ਅਨੁਭੂਤੀ ਇਕ ਮਨੋਵਿਗਿਆਨਿਕ ਅਨੁਭਵ ਹੈ। ਭਾਰਤੀ ਪਰੰਪਰਾ ਦੇ ਵਿਦਵਾਨਾਂ ਨੇ ਰਸ ਅਨੁਭੂਤੀ ਦੀ ਨਿਸ਼ਪਤੀ ਨੂੰ ਕਲਾ ਦੇ ਧਰਮ ਉਦੇਸ਼ ਵਜੋਂ ਸਵੀਕਾਰਿਆ ਹੈ ਅਤੇ ਭਾਰਤੀ ਸੰਗੀਤ ਦੇ ਪ੍ਰਾਚੀਨ ਆਚਾਰੀਆ ਵੀ ਸੰਗੀਤ ਦਾ ਪ੍ਰਯੋਜਨ ਰਸਾਨੁਭਵ ਹੀ ਮੰਨਦੇ ਹਨ। ਰਸ ਅਨੁਭੂਤੀ ਦਾ ਸਿੱਧਾ ਸੰਬੰਧ ਮਨੁੱਖੀ ਮਨ ਵਿਚਲੇ ਸਥਾਈ ਭਾਵਾਂ ਨਾਲ ਹੈ ਜਿਹੜੇ ਮਨੁੱਖੀ ਮਨ ਵਿਚ ਸਦਾ ਵਿਦਮਾਨ ਰਹਿੰਦੇ ਹਨ। ਇਨ੍ਹਾਂ ਭਾਵਾਂ ਦੇ ਉਦੀਪਨ ਤੋਂ ਹੀ ਰਸ ਉਤਪੰਨ ਹੁੰਦਾ ਹੈ। ਇਸ ਰਸ ਤੋਂ ਕਲਾ ਦੇ ਸੌਦਰਯ ਦੀ ਅਭਿਵਿਅਕਤੀ ਹੁੰਦੀ ਹੈ। ਰਸਾਨਭੂਤੀ ਲਈ ਕਿਸੇ ਸਰੋਤਾ ਦਾ ਸੰਗੀਤ ਗਿਆਤਾ ਹੋਣਾ ਜ਼ਰੂਰੀ ਨਹੀਂ ਕਿਉਂਕਿ ਜੋ ਇਹ, ਸਮਝਣ ਨਾਲੋਂ ਅਨੁਭਵ ਕਰਨ ਦੀ ਵਸਤ ਹੈ। ਇਸੇ ਕਰਕੇ ਸੰਗੀਤ ਕਲਾ ਸਥਾਨ ਜਾਤੀ ਵਰਗੇ ਭੇਦਾਂ ਤੋਂ ਮੁਕਤ ਹੈ। ਸੰਗੀਤ ਦੇ ਆਚਾਰੀਆ ਨੇ ਵੀ ਨਾਦ ਸੌਂਦਰਯ ਤੋਂ ਉਤਪੰਨ ਰਸ ਤੱਤਾਂ ਦੇ ਪ੍ਰਭਾਵ ਨੂੰ ਦ੍ਰਿਸ਼ਟੀਗੋਚਰ ਰੱਖਦਿਆਂ ਨਿਯਮਾਂ ਦੀ ਸਥਾਪਨਾ ਕੀਤੀ।
|
|
|
|
|
|
ਰਾਗ ਦੇ ਸੰਦਰਭ ਵਿਚ ਰਸ ਉੱਤੇ ਵਿਗਿਆਨਕ ਪੱਧਰ ਤੇ ਵਿਚਾਰ ਕਰੀਏ ਤਾਂ ਭਾਰਤੀ ਸੰਗੀਤ ਵਿਚਲਾ ਸਵਰ ਸੰਵਾਦ ਸ਼ਡਜ ਮਾਧਿਅਮ, ਸ਼ੜਜ ਪੰਚਮ ਭਾਵ ਉਪਰ ਆਧਾਰਤ ਹੈ। ਇਹ ਸੰਵਾਦਿਤ ਸਿਧਾਂਤ ਹੀ ਰਾਗ ਦੀ ਰਸ ਨਿਸ਼ਪਤੀ ਦਾ ਮੂਲ ਹੈ। ਇਸ ਤੋਂ ਬਿਨਾਂ ਵਾਦੀ, ਸੰਵਾਦੀ, ਅਨੁਵਾਦੀ, ਵਿਵਾਦੀ ਅਤੇ ਇਨ੍ਹਾਂ ਦੇ ਨਿਆਸ ਦਾ ਉਲੇਖ ਜਿਹੜਾ ਕਿ ਸੰਵਾਦ ਤੇ ਵਿਵਾਦ ਉੱਤੇ ਆਧਾਰਿਤ ਹੈ, ਇਸ ਸੰਬੰਧ ਵਿਚ ਮਹੱਤਵਪੂਰਣ ਸੰਕੇਤ ਹੈ। ਪ੍ਰਾਚੀਨ ਸ਼ਾਸ਼ਤਰਕਾਰਾਂ ਨੇ ਜਿੱਥੇ ਮਾਨਵੀ ਸਥਾਈ ਭਾਵਾਂ ਅਨੁਸਾਰ ਰਸ ਦੀ ਵੰਡ ਕੀਤੀ ਹੈ ਉਸੇ ਤਰ੍ਹਾਂ ਵਿਭਿੰਨ ਰਸਾਂ ਦਾ ਉਤਪਾਦਕ ਮੰਨਿਆ ਹੈ। ਰਤੀ, ਹਾਸ, ਸ਼ੋਕ, ਕਰੋਧ, ਭਿਅੰਕਰ, ਵਭੀਤਸ ਅਤੇ ਅਦਭੁਤ ਰਸ ਦਾ ਸੰਚਾਰ ਕਰਦੇ ਹਨ। ਰਾਗ ਦੇ ਵਿਭਿੰਨ ਸੁਰਾਂ ਤੋਂ ਵਿਭਿੰਨ ਰਸਾਂ ਦੇ ਸੰਚਾਰ ਸਬੰਧ ਨਾਟਯ ਸ਼ਾਸ਼ਤਰ ਵਿਚ ਵੀ ਉਲੇਖ ਹੈ। ਸੰਗੀਤ ਰਤਨਕਾਰ ਵਿਚ ਸ਼ੜਜ, ਰਿਸ਼ਭ ਤੋਂ ਵੀਰ ਅਦਭੁਤ ਅਤੇ ਰੌਦਰੁ ਰਸ, ਧੈਵਤ ਤੋਂ ਵਭੀਤਸ, ਗੰਧਾਰ, ਨਿਸ਼ਾਦ ਤੋਂ ਕਰੁਣਾ ਅਤੇ ਮਧਿਅਮ, ਪੰਚਮ ਤੋਂ ਹਾਸ ਤੇ ਸਿੰਗਾਰ ਰਸ ਦੀ ਉਤਪਤੀ ਮੰਨੀ ਹੈ।ਇਸੇ ਤਰ੍ਹਾਂ ਆਹੋਬਲ ਨਾਰਦ ਆਦਿ ਨੇ ਵੀ ਵਿਭਿੰਨ ਸੁਰਾਂ ਦਾ ਨਿਰਧਾਰਣ ਕੀਤਾ ਹੈ। ਪੰਡਤ ਦਮੋਦਰ ਨੇ ਸ਼ੜਜ, ਰਿਸ਼ਭ ਦਾ ਅਦਭੁਤ ਰੌਦੁਰ ਤੇ ਵੀਰ ਰਸ, ਗੰਧਾਰ ਨਿਸ਼ਾਦ ਦਾ ਕਰੁਣਾ ਮਾਧਿਅਮ, ਪੰਚਾਮ ਦਾ ਹੀ ਤੇ ਸਿੰਗਾਰ ਅਤੇ ਧੈਵਤ ਦਾ ਵਭੀਤਸ ਰਸ ਸਵੀਕਾਰਿਆ ਹੈ। ਉਪਰੋਕਤ ਉਦਾਹਰਣ ਤੋਂ ਸਪੱਸ਼ਟ ਹੈ ਕਿ ਸੰਗੀਤ ਸ਼ਾਸ਼ਤਰਾਂ ਅਨੁਸਾਰ ਵਿਭਿੰਨ ਸੁਰ ਵਿਭਿੰਨ ਰਸਾਂ ਦੇ ਧਾਰਣੀ ਹਨ ਅਤੇ ਹਰੇਕ ਸੁਰਾਂ ਤੋਂ ਰਸ ਭਾਵ ਦੀ ਸਿਰਜਣਾ ਹੁੰਦੀ ਹੈ। ਸੁਤੰਤਰ ਤੌਰ ਤ ਹਰੇਕ ਸੁਰ ਦੀ ਰਸਾਤਮਕ ਵਿਸ਼ਿਸ਼ਟਤਾ ਸੁਰਾਂ ਦੇ ਆਪਸੀ ਮੇਲ ਸਦਕਾ ਹੋਰ ਤੀਬਰ ਹੋ ਜਾਂਦੀ ਹੈ। ਇਨ੍ਹਾਂ ਸੁਰਾਂ ਦੇ ਆਪਸੀ ਮਿਲਾਨ ਤੋਂ ਹੀ ਰਾਗ ਦੀ ਸਿਰਜਣਾ ਹੁੰਦੀ ਹੈ। ਰਾਗ ਉਤਪਤੀ ਦੇ ਸਮੂਹ ਲੱਛਣ ਅਤੇ ਰਾਗ ਗੁਣ ਸੰਗੀਤ ਵਿਚ ਪ੍ਰਯੋਗ ਹੋਣ ਵਾਲੇ ਵਿਭਿੰਨ ਤੱਤਾਂ ਉਪਰ ਆਧਾਰਿਤ ਹਨ :
1 ਸੁਰ ਪ੍ਰਕਾਰ 2 ਸੁਰ ਸੰਵਾਦ 3 ਸੁਰ ਜਾਤੀ 4 ਸਰੁਤੀ ਵਿਵਸਥਾ 5 ਅਲੰਕਾਰ ਯੋਜਨ 6 ਸੁਰ ਅੰਦੋਲਨ 7 ਸੁਰ ਲਗਾਵ 8 ਸੁਰ ਨਿਆਸ 9 ਵਾਦੀ, ਸੰਵਾਦੀ ਭੇਦ 10 ਸਪਤਕ ਸਥਾਨ 11 ਕਾਕੂ ਭੇਦ 12 ਲੈਅ ਭੇਦ।
|
|
|
|
|
|
ਉਪਰੋਕਤ ਵਿਭਿੰਨ ਤੱਤਾਂ ਤੇ ਵਿਧੀਪੂਰਵਕ ਨਿਰਧਾਰਤ, ਸੌਂਦਰਯ ਮੂਲ ਪ੍ਰਯੋਗ ਹੀ ਸੁਰਾਂ ਨੂੰ ਰਾਗ ਰਸ ਦੀ ਉਤਪਤੀ ਦੇ ਯੋਗ ਬਣਾਉਂਦਾ ਹੈ। ਸੁਰ ਪ੍ਰਕਾਰ, ਸੁਰ ਸੰਵਾਦ, ਸੁਰ ਜਾਤੀ, ਸ਼ਰੂਤੀ ਅਵਸਥਾ, ਸੁਰ ਅੰਦੋਲਨ, ਸੁਰ ਲਗਾਵ, ਸੁਰ ਨਿਆਸ, ਵਾਦੀ। ਸੰਵਾਦੀ ਸੁਰ ਆਦਿ ਜਿੱਥੇ ਇਕ ਨਿਸ਼ਚਿਤ ਰਾਗ ਸਰੂਪ ਲਈ ਮੂਲ ਤੱਤ ਹਨ ਉੱਥੇ ਅਲੰਕਾਰ ਅਧੀਨ ਸੁਰਾਂ ਦਾ ਵਿਵਿਧਾਤਮਿਕ ਪ੍ਰਯੋਗ ਸੁਰ ਸਪਤਕ ਦੇ (ਮੰਦਰ, ਮੱਧ, ਤਾਰ) ਵਿਸ਼ਿਸ਼ਟ ਖੇਤਰ ਵਿਚ ਰਸਾਤਮਕਿਤਾ ਨੂੰ ਤੀਖਣ ਕਰਦਾ ਹੈ। ਸੁਰ ਲਗਾਵ ਜਾਂ ਸੁਰ ਉਚਾਰਣ ਦੇ ਕਾਕੂ ਭੇਦ ਵਿਭਿੰਨ ਰਸਾਂ ਦੇ ਸੰਚਾਰ ਲਈ ਮਹੱਤਵਪੂਰਣ ਸਹਾਇਕ ਤੱਤ ਹੈ। ਅਵਾਜ਼ ਦੇ ਉੱਚੇ ਨੀਵੇਂ ਗੁਣਾਂ ਦਾ ਬਹੁਦਾਨੀ ਪ੍ਰਯੋਗ ਸੁਰਾਂ ਦੁਆਰਾ ਭਾਵਾਂ ਨੂੰ ਵਿਵਿਧ ਆਕਾਰੀ, ਬਹੁਰੰਗੀ ਤੇ ਬਹੁਭਾਵੀ ਸਰੂਪ ਪ੍ਰਦਾਨ ਕਰਦਾ ਹੈ। ਕਾਕੂ ਭੇਦ ਸਾਧਾਰਣ ਬੋਲੀ ਵਿਚ ਉਚਾਰਣ ਕੀਤੇ ਗਏ ਸੰਵਾਦਾਂ ਦੇ ਨਿਰਧਾਰਣ ਵਾਂਗੂੰ ਸੁਰ ਸੰਵਾਦ ਦੇ ਵਿਵਿਧ ਰੂਪ ਨਿਰਧਾਰਿਤ ਕਰਦਾ ਹੈ। ਇਨ੍ਹਾਂ ਤੱਤਾਂ ਤੋਂ ਬਿਨਾਂ ਗਾਇਕ ਕਲਾਕਾਰ ਦੀ ਨਿਜੀ ਪ੍ਰਤਿਭਾ, ਮੌਲਿਕਤਾ ਅਤੇ ਬੌਧਿਕਤਾ ਅਤੇ ਰਿਆਜ ਵੀ ਰਾਗ ਦਾ ਸਮੱਰਥ ਰਸਾਤਮਕ ਸਰੂਪ ਉਜਾਗਰ ਕਰਨ ਵਿਚ ਸਹਾਈ ਹੁੰਦਾ ਹੈ।
ਰਾਗ ਅਤੇ ਰਸ ਦੇ ਆਂਤਰਿਕ ਸਬੰਧ ਉੱਤੇ ਚਰਚਾ ਉਪਰੰਤ ਅਸੀਂ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਰਾਗ ਦਾ ਸੁਰਾਤਮਕ ਸਰੂਪ ਆਪਣੇ ਵਿਭਿੰਨ ਸੌਦਰਯਾਤਮਿਕ ਲੱਛਣ ਸਦਕਾ ਮਨੁੱਖੀ ਮਨ ਵਿਚਲੇ ਸਰਬ ਭਾਵਾਂ ਦੀ ਰਸਨਾਭੂਤੀ ਕਰਵਾਉਣ ਵਿਚ ਸਮਰੱਥ ਹੈ। ਇਹ ਸਮਰੱਥ ਸ਼ਕਤੀ ਕੇਵਲ ਸੁਰਾਂ ਦੇ ਵਿਸ਼ਿਸ਼ਟ ਪ੍ਰਬੰਧਾਂ ਉਪਰ ਆਧਾਰਤ ਹੈ।ਸੰਗੀਤ ਜੋ ਕਿ ਗਾਇਨ ਪ੍ਰਧਾਨ ਹੈ, ਵਿਚ ਗੀਤ ਦਾ ਪੂਰਨ ਮਹੱਤਵ ਹੈ। ਗੀਤ ਦੀ ਵਿਅੰਜਨ ਸ਼ਕਤੀ ਸਦਕਾ ਸ਼ਬਦ ਰਸ ਵਿਅੰਜਕ ਹੁੰਦੇ ਹਨ। ਸ਼ਬਦ ਦੇ ਸਾਰਥਕ ਤੇ ਗੇਯ ਦੋਵੇਂ ਰੂਪ ਹੀ ਸੰਗੀਤ ਲਈ ਮਹੱਤਵਪੂਰਣ ਹਨ। ਗੀਤ ਦੇ ਸ਼ਬਦ ਆਪਣੇ ਅਰਥ ਦੁਆਰਾ ਸਰੋਤੇ ਦੇ ਮਨ ਵਿਚਲੇ ਭਾਵਾਂ ਨੂੰ ਵਿਅੰਜਤ ਜ਼ਰੂਰ ਕਰਦੇ ਹਨ ਪਰੰਤੂ ਇਹ ਵਿਅੰਜਨਾ ਗੂੰਗੇ ਦੀ ਭਾਵ ਵਿਅੰਜਨ ਵਰਗੀ ਹੈ ਜੋ ਚੀਖ, ਕਰਾਰ, ਚਿਲਾਹਟ ਜਾਂ ਘਿਘਿਆ ਤਾਂ ਸਕਦਾ ਹੈ, ਸ਼ਬਦ ਅਤੇ ਵਾਕ ਦਾ ਉਚਾਰਣ ਕਰਨ ਦੇ ਸਮਰੱਥ ਨਹੀਂ ਹੋ ਸਕਦਾ। ਭਾਸ਼ਾ ਰਾਗ ਦੇ ਇਸ ਗੂੰਗੇਪਣ ਨੂੰ ਦੂਰ ਕਰਦੀ ਹੈ। ਇਸੇ ਲਈ ਭਾਸ਼ਾ ਨੂੰ ਗੀਤ ਦਾ ਦੂਸਰਾ ਅੰਗ ਕਿਹਾ ਹੈ। ਰਾਗ ਅਤੇ ਭਾਸ਼ਾ ਦੋਵੇਂ ਹੀ ਭਾਵਨਾ ਦੀ ਅਭਿਵਿਅਕਤੀ ਲਈ ਹਨ। ਨਿਰਸੰਦੇਹ ਰਾਗ ਸ਼ਬਦ ਜਾਂ ਭਾਸ਼ਾ ਰਹਿਤ ਹੈ ਪਰੰਤੂ ਇਸਦੇ ਨਾਦਾਤਮਕ,ਸੁਰਾਤਮਕ ਸੌਦਰਯ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਗਾਇਨ ਵਿਚ ਸ਼ਬਦ ਜਾਂ ਕਾਵਿ ਦੇ ਮਹੱਤਵਪੂਰਨ ਸੰਦਰਭ ਦੇ ਅਧਿਐਨ ਤੋਂ ਇਸ ਨਤੀਜੇ ਤੇ ਪਹੁੰਚਿਆ ਜਾ ਸਕਦਾ ਹੈ ਕਿ ਰਾਗ ਅਤੇ ਕਾਵਿ ਜਦੋਂ ਸੰਯੁਕਤ ਅਤੇ ਸੰਮਿਲਤ ਰੂਪ ਵਿਚ ਭਾਵ ਅਭਿਵਿਅਕਤੀ ਲਈ ਕਾਰਜਸ਼ੀਲ ਹੁੰਦੇ ਹਨ ਤਾਂ ਇਹ ਆਪਣੇ ਸੁਰਾਤਮਕ ਸੌਂਦਰਯ ਪ੍ਰਬੰਧ ਅਤ ਸ਼ਾਬਦਿਕ ਸੌਂਦਰਯ ਪ੍ਰਬੰਧਾਂ ਸਦਕਾ ਅਤਿ ਪ੍ਰਭਾਵਸ਼ਾਲੀ ਹੋ ਨਿਬੜਦੇ ਹਨ। ਭਾਵਾਤਮਕ ਆਧਾਰ ਉੱਤੇ ਇਨ੍ਹਾਂ ਦੋਵੇਂ ਰੂਪਾਂ ਦਾ ਸੰਪੂਰਨ ਸੁਮੇਲ ਗਾਇਨ ਪ੍ਰਸਤੁਤੀ ਆਪ ਆਪਣੇ ਸਿਖਰ ਦੀ ਪ੍ਰਾਪਤੀ ਹੈ।
|
|
|
|
|
|
ਰਾਗ : ਗੁਰਮਤਿ ਸੰਗੀਤਕ ਪਰਿਪੇਖ : ਰਾਗ ਦੇ ਉਪਰੋਕਤ ਵਿਸ਼ਿਸ਼ਟ ਸੌਂਦਰਯ ਮੂਲਕ ਭਾਗ ਪ੍ਰਕਾਸ਼ਨ ਤੇ ਭਾਵ ਬੋਧ ਦੀ ਅਪਾਰ ਸ਼ਕਤੀ ਸਕਦਾ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਾਗ ਨੂੰ ਆਪਣੀ ਬਾਣੀ ਦੇ ਗਾਇਨ ਲਈ ਪ੍ਰਯੋਗ ਕੀਤਾ ਅਤੇ ਇਸ ਪਰੰਪਰਾ ਵਿਚ ਨਿਰਧਾਰਤ ਰਾਗ ਦੁਆਰਾ ਗੁਰਬਾਣੀ ਗਾਇਨ ਦੀ ਪਰੰਪਰਾ ਦਾ ਸੰਸਥਾਗਤ ਪੱਧਰ ਉੱਤੇ ਪ੍ਰਚਲਨ ਕੀਤਾ। ਸਾਧਾਰਣ ਕਾਵਿ ਨਹੀਂ, ਇਸਨੂੰ ਕਾਵਿ ਦੇ ਮਾਪਦੰਡਾਂ ਅਨੁਸਾਰ ਪਰਖਣਾ ਅਸੰਭਵ ਹੈ। ਇਹ ਧੁਰ ਕੀ ਬਾਣੀ ਜਾਂ ਖਸਮ ਦੀ ਬਾਣੀ ਹੈ। ਇਹ ਬਾਣੀ ਕਿਉਂਕਿ ਕਾਵਿਕ ਜਾਮੇ ਵਿਚ ਹੈ ਇਸ ਲਈ ਕਾਵਿ ਦੇ ਨਾਦ ਛੰਦ ਲੈਅ ਅਲੰਕਾਰ ਵਰਗੇ ਸੌਂਦਰਯ ਮੂਲਕ ਉਪਕਰਣ ਵਿਦਮਾਨ ਹਨ ਪਰੰਤੂ ਬਾਣੀ ਦਾ ਵਿਸਿ਼ਸ਼ਟ ਪ੍ਰਯੋਜਨ ਇਸਨੂੰ ਸਾਧਾਰਣ ਕਾਵਿ ਦੀਆਂ ਸ਼ਾਸ਼ਤਰੀ ਕਸਵੱਟੀਆਂ ਤੋਂ ਪਰੇ ਲੈ ਜਾਂਦਾ ਹੈ। ਬਾਣੀ ਵਾਂਗੂ ਗੁਰੂ ਸਾਹਿਬਾਨ ਦੁਆਰਾ ਰਾਗ ਦਾ ਮਹੱਤਵ ਤੇ ਪ੍ਰਯੋਗ ਦੀ ਭਾਰਤੀ ਸੰਗੀਤ ਵਿਚਲੇ ਰਾਗ ਪ੍ਰਚਲਨ ਤੋਂ ਭਿੰਨ ਹੈ। ਇਸ ਸਬੰਧ ਵਿਚ, ਰਾਗ ਦੇ ਮਹੱਤਵ ਦੇ ਪ੍ਰਯੋਗ ਨੂੰ ਦਰਸਾਉਣ ਸਬੰਧੀ ਆਏ ਬਾਣੀ ਫੁਰਮਾਨਾਂ ਦੀ ਬੁਨਿਆਦੀ ਸਮਝ ਸਾਡਾ ਮਾਰਗ ਦਰਸ਼ਨ ਕਰਨ ਵਿਚ ਸਹਾਈ ਹੋ ਰਹੀ ਹੈ।
|
|
|
|
|
|
ਸਭਨਾ ਰਾਗਾਂ ਵਿਚਿ ਸੋ ਭਲਾ ਜਾਈਂ ਜਿਤੁ ਵਸਿਆ ਮਨਿ ਆਇ।।
ਰਾਗੁ ਨਾਦ ਸਭੁ ਸਚੁ ਹੈ ਕੀਮਤਿ ਕੀਨ ਜਾਇ।।
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੪੨੩)
ਧੰਨੁ ਸੁ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਇ।।
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੯੫੮)
ਗੁਣ ਗੋਵਿੰਦ ਗਾਵਹੁ ਸਭਿ ਹਰਿ ਜਨ ਰਾਗ ਰਤਨ ਰਸਨਾ ਆਲਾਪ।।
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੮੨੧)
|
|
|
|
|
|
ਬਾਣੀ ਦੇ ਉਕਤ ਫੁਰਮਾਨਾਂ ਤੋਂ ਰਾਗ ਦੇ ਮਹੱਤਵ ਅਤੇ ਸਹੀ ਪ੍ਰਯੋਗ ਸਬੰਧੀ ਸਪੱਸ਼ਟ ਸੰਕੇਤ ਪ੍ਰਾਪਤ ਹੋ ਰਹੇ ਹਨ। ਇਨ੍ਹਾਂ ਫੁਰਮਾਨਾਂ ਅਤੇ ਇਸ ਤੋਂ ਇਲਾਵਾ ਅੰਕਿਤ ਹੋਰ ਫੁਰਮਾਨਾਂ ਵਿਚ ਰਾਗ ਦੀ ਨਾਦਾਤਮਕ ਸ਼ਕਤੀ ਨੂੰ ਸੱਚ ਸਵੀਕਾਰਿਆ। ਇਨ੍ਹਾਂ ਨੂੰ ਉੱਤਮ, ਸੋਹਣੇ, ਸੁਲਖਣੇ, ਸੁਹਾਵਣੇ ਅਨੰਦ ਸਰੂਪ ਆਖਿਆ ਗਿਆ ਹੈ। ਬਾਣੀ ਵਿਚ ਪ੍ਰਯੁਕਤ ਰਾਗ ਬਾਣੀ ਪ੍ਰਬੰਧ ਨੂੰ ਵਿਸਿ਼ਸ਼ਟ ਸੌਂਦਰਯਾਤਮਿਕ ਰੂਪ ਪ੍ਰਦਾਨ ਕਰ ਰਿਹਾ ਹੈ। ਇਨ੍ਹਾਂ ਰਾਗਾਂ ਦਾ ਗੁਰਮਤਿ ਸੰਗੀਤ ਦੀ ਵਿਵਹਾਰਕ ਪਰੰਪਰਾ ਵਿਚ ਪ੍ਰਚਲਨ ਹੈ ਜਿਨ੍ਹਾਂ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੇ ਰਾਗਾਂ ਤੋਂ ਇਲਾਵਾ ਦਸਮ ਗ੍ਰੰਥ, ਸਰਬਲੋਹ ਗ੍ਰੰਥ ਅਤੇ ਭਾਰਤੀ ਸੰਗੀਤ ਵਿਚ ਪ੍ਰਚਲਿਤ ਹੋਰ ਰਾਗ ਸ਼ਾਮਲ ਹਨ। ਪਰੰਤੂ ਸਿਧਾਂਤਕ ਤੌਰ ਤੇ ਗੁਰਮਤਿ ਸੰਗੀਤ ਦਾ ਰਾਗ ਪ੍ਰਬੰਧ ਨੂੰ ਸਮਝਣ ਤੇ ਵਿਚਾਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਰਾਗਾਂ ਨੂੰ ਹੀ ਪ੍ਰਮੁੱਖ ਰੂਪ ਵਿਚ ਆਧਾਰ ਬਣਾਇਆ ਜਾ ਸਕਦਾ ਹੈ ਅਤੇ ਇਹ ਰਾਗ, ਰਾਗ ਸਰੂਪ ਰਾਗ, ਵਰਗੀਕਰਣ ਅਤੇ ਰਾਗ ਦਾ ਪ੍ਰਯੋਜਨ ਹੀ ਸਾਡੇ ਵਿਸ਼ੇ ਦੀ ਸਾਰਥਕਤਾ ਦਰਸਾਉਣ ਵਿਚ ਸਹਾਈ ਹੋ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੁੱਖ ਤੌਰ ਤੇ 31 ਅਤੇ ਇਨ੍ਹਾਂ ਤੋਂ ਬਿਨਾਂ ਇਨ੍ਹਾਂ ਹੀ ਮੁੱਖ ਰਾਗਾਂ ਦੇ 31 ਪ੍ਰਕਾਰਾਂ ਦਾ ਉਲੇਖ ਮਿਲਦਾ ਹੈ। ਇਹ ਰਾਗ ਭਾਰਤੀ ਸੰਗੀਤ ਸ਼ਾਸ਼ਤਰ ਅਨੁਸਾਰ ਆਪਣੀ ਨਿਵੇਕਲੀ ਸੁਤੰਤਰ ਤੇ ਪਛਾਣਯੋਗ ਹੋਂਦ ਰਖਦੇ ਹਨ।
|
|
|
|
|
|
|
|
|
ਰਾਗ |
ਰਾਗ ਪ੍ਰਕਾਰ |
ਬਾਣੀਕਾਰ |
1. ਸਿਰੀ |
- |
ਮਹਲਾ ੧, ੨, ੩, ੪, ੫, ਭਗਤ |
|
|
ਕਬੀਰ, ਤ੍ਰਿਲੋਚਨ, ਬੇਣੀ ਤੇ ਰਵਿਦਾਸ |
2. ਮਾਝ |
- |
ਮਹਲਾ ੨, ੩, ੪, ੫ ਅਤੇ ਭਗਤ ਕਬੀਰ, ਰਵਿਦਾਸ |
3. ਗਉੜੀ |
- |
|
- |
1. ਗਉੜੀ ਗੁਆਰੇਰੀ |
ਮਹਲਾ ੧, ੩, ੪, ੫ ਭਗਤ ਕਬੀਰ ਅਤੇ ਰਵਿਦਾਸ |
- |
2. ਗਉੜੀ ਦਖਣੀ |
ਮਹਲਾ ੧ |
- |
3. ਗਉੜੀ ਚੇਤੀ |
ਮਹਲਾ ੧, ੫ ਭਗਤ ਕਬੀਰ ਅਤੇ ਰਵਿਦਾਸ |
- |
4. ਗਉੜੀ ਬੈਰਾਗਣ |
ਮਹਲਾ ੧, ੩, ੪, ੫ ਭਗਤ ਕਬੀਰ ਅਤੇ ਰਵਿਦਾਸ |
- |
5. ਗਉੜੀ ਪੂਰਬੀ ਦੀਪਕੀ |
ਮਹਲਾ ੧ |
- |
6. ਗਉੜੀ ਪੂਰਬੀ |
ਮਹਲਾ ੧, ੩, ੪, ੫ ਕਬੀਰ, ਰਵਿਦਾਸ |
- |
7. ਗਉੜੀ ਦੀਪਕੀ |
ਮਹਲਾ ੧, ੪, ੫ |
- |
8. ਗਉੜੀ ਮਾਝ |
ਮਹਲਾ ੪, ੫ |
- |
9. ਗਉੜੀ ਮਾਲਵਾ |
ਮਹਲਾ ੫ |
- |
10. ਗਉੜੀ ਮਾਲਾ |
ਮਹਲਾ ੫ |
- |
11. ਗਉੜੀ ਸੋਰਠਿ |
ਭਗਤ ਕਬੀਰ |
4. ਆਸਾ |
- |
ਮਹਲਾ ੧, ੨, ੩, ੪, ੫, ੯ ਭਗਤ ਕਬੀਰ, ਨਾਮਦੇਵ,
ਰਵਿਦਾਸ, ਧੰਨਾ ਅਤੇ ਸ਼ੇਖ ਫਰੀਦ। |
- |
12. ਆਸਾਵਰੀ |
ਮਹਲਾ ੪, ੫ |
- |
13. ਆਸਾਵਰੀ ਸੁਧੰਗ |
ਮਹਲਾ ੪ |
- |
14. ਆਸਾ ਕਾਫੀ |
ਮਹਲਾ ੧, ੩, ੪, ੫ |
5. ਗੂਜਰੀ |
- |
ਮਹਲਾ ੧, ੩, ੪, ੫ ਭਗਤ ਕਬੀਰ, ਨਾਮਦੇਵ, ਰਵਿਦਾਸ, ਭਗਤ ਤ੍ਰਿਲੋਚਨ, ਜੈਦੇਵ |
|
|
|
6. ਦੇਵਗੰਧਾਰੀ |
- |
ਮਹਲਾ ੪, ੫, ੯ |
- |
15. ਦੇਵਗੰਧਾਰ |
ਮਹਲਾ ੫ |
7. ਬਿਹਾਗੜਾ |
- |
ਮਹਲਾ ੧, ੩, ੪, ੫, ੯ |
8. ਵਡਹੰਸ |
- |
ਮਹਲਾ ੧, ੩, ੪, ੫ |
- |
16. ਵਡਹੰਸ ਦਖਣੀ |
ਮਹਲਾ ੧ |
9. ਸੋਰਠਿ |
- |
ਮਹਲਾ ੧, ੨, ੩, ੪, ੫, ੯ ਭਗਤ ਕਬੀਰ, ਨਾਮਦੇਵ, ਰਵਿਦਾਸ, ਭਗਤ ਭੀਖਣ |
10. ਧਨਾਸਰੀ |
- |
ਮਹਲਾ ੧, ੩, ੪, ੫, ੯ ਭਗਤ ਕਬੀਰ, ਨਾਮਦੇਵ, ਰਵਿਦਾਸ,
ਤ੍ਰਿਲੋਚਨ, ਸੈਣ, ਪੀਪਾ ਅਤੇ ਭਗਤ ਧੰਨਾ |
11. ਜੈਤਸਰੀ |
- |
ਮਹਲਾ ੪, ੫, ੯ ਅਤੇ ਭਗਤ ਰਵਿਦਾਸ |
12. ਟੋਡੀ |
- |
ਮਹਲਾ ੪, ੫, ੯ ਅਤੇ ਭਗਤ ਨਾਮਦੇਵ |
13. ਬੈਰਾੜੀ |
- |
ਮਹਲਾ ੪, ੫ |
14. ਤਿਲੰਗ |
- |
ਮਹਲਾ ੧, ੪, ੫, ੯ ਭਗਤ ਕਬੀਰ ਅਤੇ ਭਗਤ ਰਵਿਦਾਸ |
- |
17. ਤਿਲੰਗ ਕਾਫੀ |
ਮਹਲਾ ੯ |
15. ਸੂਹੀ |
- |
ਮਹਲਾ ੧, ੨, ੩, ੫ ਭਗਤ ਕਬੀਰ, ਰਵਿਦਾਸ ਅਤੇ ਸ਼ੇਖ ਫਰੀਦ |
- |
18. ਸੂਹੀ ਕਾਫੀ |
ਮਹਲਾ ੧, ੫ |
- |
19. ਸੂਹੀ ਲਲਿਤ |
ਭਗਤ ਕਬੀਰ ਜੀ ਅਤੇ ਸ਼ੇਖ ਫਰੀਦ |
16. ਬਿਲਾਵਲ |
- |
ਮਹਲਾ ੧, ੩, ੪, ੫, ੯ ਭਗਤ ਕਬੀਰ, ਨਾਮਦੇਵ, ਰਵਿਦਾਸ ਅਤੇ ਭਗਤ ਸਧਨਾ |
- |
20. ਬਿਲਾਵਲ ਦਖਣੀ |
ਮਹਲਾ ੧ |
- |
21. ਬਿਲਾਵਲ ਮੰਗਲ |
ਮਹਲਾ ੪, ੫ |
17. ਗੋਂਡ |
- |
ਮਹਲਾ ੪, ੫ ਭਗਤ ਕਬੀਰ, ਨਾਮਦੇਵ ਅਤੇ ਰਵਿਦਾਸ |
- |
22. ਬਿਲਾਵਲ ਗੋਂਡ |
ਭਗਤ ਨਾਮਦੇਵ |
18. ਰਾਮਕਲੀ |
- |
ਮਹਲਾ ੧, ੨, ੩, ੪, ੫, ੯ ਭਗਤ ਕਬੀਰ, ਨਾਮਦੇਵ, ਰਵਿਦਾਸ, ਬੇਣੀ ਅਤੇ ਰਬਾਬੀ ਭਾਈ ਸੱਤਾ ਬਲਵੰਡ |
- |
23. ਰਾਮਕਲੀ ਦਖਣੀ |
ਮਹਲਾ ੧ |
19. ਨਟ ਨਾਰਾਇਣ |
- |
ਮਹਲਾ ੪, ੫ |
- |
24. ਨਟ |
ਮਹਲਾ ੪, ੫ |
20. ਮਾਲੀ ਗਉੜਾ |
- |
ਮਹਲਾ ੪, ੫ ਭਗਤ ਨਾਮਦੇਵ |
21. ਮਾਰੂ |
- |
ਮਹਲਾ ੧, ੨, ੩, ੪, ੫, ੯ ਭਗਤ ਕਬੀਰ, ਨਾਮਦੇਵ, ਜੈ ਦੇਵ, ਭਗਤ ਰਵਿਦਾਸ |
- |
25. ਮਾਰੂ ਕਾਫੀ |
ਮਹਲਾ ੧ |
- |
26. ਮਾਰੂ ਦਖਣੀ |
ਮਹਲਾ ੧ |
22. ਤੁਖਾਰੀ |
- |
ਮਹਲਾ ੧, ੪, ੫ |
23. ਕੇਦਾਰਾ |
- |
ਮਹਲਾ ੧, ੪, ੫ ਭਗਤ ਕਬੀਰ,ਭਗਤ ਰਵਿਦਾਸ |
24. ਭੈਰਉ |
- |
ਮਹਲਾ ੧, ੩, ੪, ੫ ਭਗਤ ਕਬੀਰ, ਨਾਮਦੇਵ, ਭਗਤ ਰਵਿਦਾਸ |
25. ਬਸੰਤ |
- |
ਮਹਲਾ ੧, ੩, ੪, ੫, ੯ ਭਗਤ ਕਬੀਰ, ਰਾਮਾਨੰਦ,ਨਾਮਦੇਵ, ਭਗਤ ਰਵਿਦਾਸ |
- |
27. ਬਸੰਤ ਹਿੰਡੋਲ |
ਮਹਲਾ ੧, ੩, ੪, ੫, ੯ ਭਗਤ ਕਬੀਰ |
26. ਸਾਰੰਗ |
- |
ਮਹਲਾ ੧, ੨, ੪, ੫, ੯ ਭਗਤ ਕਬੀਰ,ਨਾਮਦੇਵ, ਪਰਮਾਨੰਦ, ਭਗਤ ਸੂਰਦਾਸ |
27. ਮਲਾਰ |
- |
ਮਹਲਾ ੧, ੨, ੩, ੪, ੫ ਭਗਤ ਨਾਮਦੇਵ, ਰਵਿਦਾਸ |
28. ਕਾਨੜਾ |
- |
ਮਹਲਾ ੪, ੫ ਭਗਤ ਨਾਮਦੇਵ |
29. ਕਲਿਆਣ |
- |
ਮਹਲਾ ੪, ੫ |
- |
28. ਕਲਿਆਣ ਭੋਪਾਲੀ |
ਮਹਲਾ ੪ |
30. ਪ੍ਰਭਾਤੀ |
- |
ਮਹਲਾ ੧, ੩, ੪, ੫ ਭਗਤ ਕਬੀਰ, ਨਾਮਦੇਵ, ਬੇਣੀ |
- |
29. ਪ੍ਰਭਾਤੀ ਬਿਭਾਸ |
ਮਹਲਾ ੧, ੩, ੪, ੫ |
- |
30. ਬਿਭਾਸ ਪ੍ਰਭਾਤੀ |
ਮਹਲਾ ੫, ਭਗਤ ਕਬੀਰ, ਨਾਮਦੇਵ, ਬੇਣੀ |
- |
31. ਪ੍ਰਭਾਤੀ ਦਖਣੀ |
ਮਹਲਾ ੧ |
31. ਜੈਜਾਵੰਤੀ |
- |
ਮਹਲਾ ੯ |
|
|
|
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਯੁਕਤ ਸਮੂਹ ਰਾਗ ਕਿਉਂਕਿ ਵਿਸ਼ਿਸ਼ਟ ਸਿਧਾਂਤਕਤਾ ਦੇ ਧਾਰਨੀ ਹਨ ਇਸ ਲਈ ਇਨ੍ਹਾਂ ਨੂੰ ਸੰਗੀਤ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਹੀ ਅਧਿਐਨ ਦਾ ਵਿਸ਼ਾ ਬਣਾਇਆ ਜਾ ਸਕਦਾ ਹੈ। ਮੱਧਕਾਲ ਵਿਚ ਪ੍ਰਚਲਿਤ ਰਾਗ ਰਾਗਣੀ ਵਰਗੀਕਰਨ ਦੇ ਬਹੁਪਰਤੀ ਝਮੇਲਿਆਂ ਨੂੰ ਇਕ ਦਿਸ਼ਾ ਪ੍ਰਦਾਨ ਕਰਨ ਲਈ ਗੁਰੂ ਸਾਹਿਬ ਨੇ ਰਾਗਾਂ ਲਈ ਕੇਵਲ ਰਾਗੁ ਸ਼ਬਦ ਦਾ ਹੀ ਪ੍ਰਯੋਗ ਕੀਤਾ। ਅਜਿਹਾ ਪ੍ਰਯੋਗ ਸਾਧਾਰਣ ਅਰਥੀ ਨਹੀਂ ਕਿਹਾ ਜਾ ਸਕਦਾ ਕਿਉਂ ਜੋ ਸਮਕਾਲੀਨ ਅਰਥਾਂ ਵਿੱਚ ਰਾਗਾਂ ਤੇ ਰਾਗਣੀਆਂ ਦਾ ਪ੍ਰਯੋਗ ਖੁੱਲ੍ਹ ਕੇ ਕੀਤਾ ਗਿਆ ਹੈ ਅਤੇ ਇਹਨਾਂ ਨੂੰ ਇਸਤਰੀ ਪੁਰਖ ਸੁਭਾਵਾਂ ਦੁਆਰਾ ਚਿਤਰਿਤ ਵੀ ਕੀਤਾ ਗਿਆ। ਇਨ੍ਹਾਂ ਦੀ ਸੁਭਾਅਗਤ ਪਛਾਣ ਤੋਂ ਉਲਟ ਗੁਰੂ ਸਾਹਿਬ ਜਦੋਂ ਰਾਗ ਦਾ ਪ੍ਰਯੋਗ ਕਰ ਰਹੇ ਹਨ ਤਾਂ ਉਹ ਇਕ ਪਰੰਪਰਾਗਤ ਵਡੇਰੀ ਪਰੰਪਰਾ ਨੂੰ ਨਕਾਰ ਕੇ ਨਵੀਆਂ ਲੀਹਾਂ ਵੀ ਪਾ ਰਹੇ ਹਨ। ਸੰਗੀਤ ਇਤਿਹਾਸ ਗਵਾਹ ਹੈ ਕਿ ਬਾਅਦ ਵਿਚ ਇਹੀ ਪਰੰਪਰਾ ਆਪਣੇ ਵਿਵਾਦਾਂ ਦੇ ਭਾਰ ਥੱਲੇ ਪ੍ਰਯੋਗ ਵਿਹੂਣੀ ਹੋ ਗਈ ਅਤੇ ਇਨ੍ਹਾਂ ਦਾ ਸਥਾਨ ਰਾਗ ਵਰਗੀਕਰਣ ਦੇ ਹੋਰ ਵਿਗਿਆਨਕ ਰੂਪਾਂ ਨੇ ਲੈ ਲਿਆ।
ਗੁਰਮਤਿ ਸੰਗੀਤ ਦੇ ਆਧਾਰ ਤੇ ਗ੍ਰੰਥ ਸ੍ਰੀ ਗੁਰੂ ਸਾਹਿਬ ਕੇਵਲ ਸੰਗੀਤ ਗ੍ਰੰਥ ਹੀ ਨਹੀਂ ਇਸ ਕਰਕੇ ਇਸ ਵਿਚੋਂ ਕਿਸ ਸੰਗੀਤ ਮੁਖੀ ਲਕਸ਼ ਦੀ ਪ੍ਰਾਪਤੀ ਲਈ ਸਰਬ ਪ੍ਰਵਾਣਿਤ ਸੰਗੀਤ ਸਿਧਾਂਤਾਂ ਦੀ ਖੋਜ ਅਨਿਵਾਰਯ ਨਹੀਂ ਪਰੰਤੂ ਗੁਰਮਤਿ ਸੰਗੀਤ ਪ੍ਰਬੰਧ ਦੇ ਮੌਲਿਕ ਸੰਗੀਤ ਵਿਧਾਨ ਦੀ ਵਿਗਿਆਨਕਤਾ ਪ੍ਰਤੀ ਇਨ੍ਹਾਂ ਦਾ ਬੁਨਿਆਦੀ ਮਹੱਤਵ ਜ਼ਰੂਰ ਹੈ। ਇਸੇ ਦ੍ਰਿਸ਼ਟੀਕੋਣ ਤੋਂ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਖ ਰਾਗਾਂ ਤੇ ਉਨ੍ਹਾਂ ਦੇ ਅੰਤਰਗਤ ਆਏ ਵੱਖ ਵੱਖ ਰਾਗ ਪ੍ਰਕਾਰਾਂ ਨੂੰ ਨਿਮਨਲਿਖਤ ਅਨੁਸਾਰ ਵਿਭਾਜਤ ਕਰ ਸਕਦੇ ਹਾਂ।
ਪ੍ਰਾਚੀਨ ਸਮੇਂ ਵਿਚ ਪਰੀਚਿਤ ਰਾਗਾਂਗ ਪੱਧਤੀ ਦਾ ਉੱਦੇਸ਼ ਰਾਗਾਂ ਨੂੰ ਉਹਨਾਂ ਵਿਚਲੇ ਸਮਾਨ ਰਾਗ ਅੰਗਾਂ ਅਨੁਸਾਰ ਵਰਗੀਕ੍ਰਿਤ ਕਰਨਾ ਸੀ। ਇਸ ਪ੍ਰਥਾ ਦੇ ਕੁਝ ਅੰਸ਼ ਵੀ ਪ੍ਰਾਪਤ ਹੁੰਦੇ ਹਨ ਜਿਸ ਅਧੀਨ ਕਿਸੇ ਇਕ ਮੁੱਖ ਰਾਗ ਅਧੀਨ ਉਸਦੇ ਪ੍ਰਕਾਰਾਂ ਨੂੰ ਸਵੀਕਾਰਿਆ ਜਾਂਦਾ ਹੈ ਜਿਵੇਂ ਭੈਰਵ ਦੇ ਪ੍ਰਕਾਰ, ਕਾਨੜਾ ਦੇ ਪ੍ਰਕਾਰ, ਮਲਾਰ ਦੇ ਪ੍ਰਕਾਰ ਅਤੇ ਤੋੜੀ ਦੇ ਪ੍ਰਕਾਰ ਆਦਿ। ਗੁਰੂ ਸਾਹਿਬ ਨੇ ਕਿਸੇ ਪ੍ਰਥਾ ਨੂੰ ਮੱਧ ਕਾਲ ਵਿਚ ਹੀ ਪ੍ਰਮਾਣਿਕ ਤੇ ਪ੍ਰਵਾਣਿਤ ਦਰਜਾ ਦਿੰਦਿਆਂ ਕਿਸੇ ਇਕ ਮੁਖ ਰਾਗ ਅਧੀਨ ਉਸ ਦੇ ਪ੍ਰਕਾਰਾਂ ਦਾ ਉਲੇਖ ਕੀਤਾ ਅਤੇ ਉਸ ਭਾਵ ਦੀ ਬਾਣੀ ਨੂੰ ਸਬੰਧਿਤ ਰਾਗ ਪ੍ਰਕਾਰਾਂ ਵਿਚ ਗਾਉਣ ਦਾ ਨਿਰਦੇਸ਼ ਦਿੱਤਾ। ਗੁਰੂ ਗ੍ਰੰਥ ਸਾਹਿਬ ਵਿਚ ਪ੍ਰਯੁਕਤ ਰਾਗਾਂ ਦੇ ਸਾਨੂੰ ਹੇਠ ਲਿਖੇ ਪ੍ਰਮੁਖ ਵਰਗ ਮਿਲਦੇ ਹਨ :
(ੳ) ਸ਼ੁੱਧ ਰਾਗ : ਸ਼ੁੱਧ ਰਾਗ ਉਹ ਰਾਗ ਹਨ ਜਿਨ੍ਹਾਂ ਵਿਚ ਕਿਸੇ ਹੋਰ ਰਾਗ ਦੀ ਛਾਇਆ ਜਾਂ ਝਲਕ ਨਹੀਂ ਤੇ ਇਹ ਆਪਣਾ ਸੁਤੰਤਰ, ਸਪੱਸ਼ਟ ਤੇ ਪ੍ਰਧਾਨ ਸਰੂਪ ਰੱਖਦੇ ਹਨ। ਸਿਰੀ, ਮਾਝ, ਗਾਉੜੀ, ਆਸਾ, ਤੁਖਾਰੀ, ਭੈਰਓ, ਬਸੰਤ, ਸਾਰੰਗ, ਮਲਾਰ ਅਤੇ ਪ੍ਰਭਾਤੀ ਆਦਿ ਸ਼ੁੱਧ ਰਾਗ ਹਨ। ਬਾਣੀ ਵਿਚ ਇਨ੍ਹਾਂ ਨੂੰ ਮੁਖ ਸਿਰਲੇਖ ਵਜੋਂ ਅੰਕਿਤ ਕੀਤਾ ਗਿਆ ਹੈ ਅਤੇ ਇਨ੍ਹਾਂ ਦੇ ਪ੍ਰਕਾਰ ਇਨ੍ਹਾਂ ਮੁਖ ਰਾਗ ਸਿਰਲੇਖਾਂ ਅਧੀਨ ਅੰਕਿਤ ਕੀਤੇ ਗਏ ਹਨ।ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਵੀ ਇਹੋ ਕ੍ਰਮ ਹੈ ਅਤੇ ਪੂਰਵ ਦਰਜ ਤਤਕਰੇ ਵਿਚ ਵੀ ਮੁਖ ਰਾਗਾਂ ਦੇ ਨਾਮ ਦਿੱਤੇ ਗਏ ਹਨ।
(ਅ) ਛਾਇਆਲਾਗ ਰਾਗ : ਛਾਇਆਲਾਗ ਰਾਗ ਉਹ ਹਨ ਜਿਨ੍ਹਾਂ ਵਿਚ ਕਿਸੇ ਰਾਗ ਦੀ ਮੁੱਖ ਜਾਂ ਪ੍ਰਧਾਨ ਛਾਇਆ ਪ੍ਰਤੀਤ ਹੁੰਦੀ ਹੈ। ਅਜਿਹੇ ਰਾਗਾਂ ਵਿਚ ਜਿਸ ਪ੍ਰਧਾਨ ਰਾਗ ਦੀ ਛਾਇਆ ਦ੍ਰਿਸ਼ਟੀਗੋਚਰ ਹੁੰਦੀ ਹੈ ਉਹ ਸੰਬੰਧਿਤ ਰਾਗ ਦਾ ਮੁੱਖ ਰਾਗ ਹੈ ਅਤੇ ਇਹ ਰਾਗ ਉਸਦੇ ਪ੍ਰਕਾਰ ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਰਾਗਾਂ ਵਿਚ ਦੋ ਰਾਗਾਂ ਦੇ ਮਿਸ਼ਰਣ ਦ੍ਰਿਸ਼ਟੀਗੋਚਰ ਹੁੰਦਾ ਹੈ। ਬਾਣੀ ਵਿਚ ਉਪਰੋਕਤ ਵਰਣਿਤ ਸ਼ੁੱਧ ਰਾਗਾਂ ਅਧੀਨ ਉਨ੍ਹਾਂ ਦੇ ਪ੍ਰਕਾਰ ਵੀ ਉਪਲਬਧ ਹਨ ਜਿਹੜੇ ਉਨ੍ਹਾਂ ਦੇ ਛਾਇਆਲਾਗ ਰਾਗ ਹਨ : ਜਿਵੇਂ ਗਉੜੀ ਗੁਆਰੇਰੀ, ਗਉੜੀ ਚੇਤੀ, ਗਉੜੀ ਬੈਰਾਗਣਿ, ਗਉੜੀ ਪੂਰਬੀ। ਗਉੜੀ ਦੀਪਕੀ, ਆਸਾ ਕਾਫੀ, ਸੂਹੀ ਕਾਫੀ, ਮਾਰੂ ਕਾਫੀ, ਬਸੰਤ ਹਿੰਡੋਲ ਅਤੇ ਪ੍ਰਭਾਤੀ ਬਿਭਾਸ ਆਦਿ।
(ੲ) ਸੰਕੀਰਣ ਰਾਗ : ਸੰਕਰੀਣ ਰਾਗ ਅਧੀਨ ਕਿਸੇ ਮੁੱਖ ਜਾਂ ਪ੍ਰਧਾਨ ਰਾਗ ਅਧੀਨ ਦੋ ਜਾਂ ਦੋ ਤੋਂ ਵਧੀਕ ਰਾਗਾਂ ਦਾ ਮਿਸ਼ਰਣ ਹੁੰਦਾ ਹੈ। ਬਾਣੀ ਵਿਚ ਅਜਿਹਾ ਕੇਵਲ ਇਕੋ ਹੀ ਰਾਗ ਗਉੜੀ ਪੂਰਬੀ ਦੀਪਕੀ ਅੰਕਿਤ ਹੈ।
|
|
|
|
|
|
ਮੱਧ ਕਾਲ ਵਿਚ ਭਾਰਤੀ ਸੰਗੀਤ ਵਿਦੇਸ਼ੀ ਹਮਲਿਆਂ ਦੇ ਕਾਰਣ ਦੋ ਪੱਧਤੀਆਂ ਹਿੰਦੁਸਤਾਨੀ ਜਾਂ ਉੱਤਰੀ ਭਾਰਤੀ ਸੰਗੀਤ ਅਤੇ ਕਰਨਾਟਕੀ ਜਾਂ ਦੱਖਣੀ ਭਾਰਤ ਸੰਗੀਤ ਅਧੀਨ ਵਿਭਾਜਤ ਹੋ ਚੁੱਕਿਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧੁਰ ਕੀ ਬਾਣੀ ਆਈ ਨੂੰ ਲੋਕਾਂ ਤਕ ਪਹੁੰਚਾਉਣ ਲਈ ਸਾਰੇ ਵਿਭਿੰਨ ਸਥਾਨਾਂ ਦਾ ਰਟਨ ਕੀਤਾ ਜੋ ਚਾਰ ਉਦਾਸੀਆਂ ਦੇ ਨਾਲ ਨਾਲ ਜਾਣਿਆ ਜਾਂਦਾ ਹੈ।ਇਨ੍ਹਾਂ ਉਦਾਸੀਆਂ ਦੇ ਅੰਤਰਗਤ ਆਪ ਦੱਖਣੀ ਭਾਰਤ ਵੀ ਗਏ ਅਤੇ ਉੱਥੇ ਦੇ ਸਭਿਆਚਾਰ, ਭਾਸ਼ਾ ਅਤੇ ਸੰਗੀਤ ਦੇ ਅੰਤਰਗਤ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੱਖਣੀ ਭਾਰਤ ਦੇ ਰਾਗਾਂ ਨੂੰ ਆਪਣੀ ਬਾਣੀ ਦੇ ਗਾਇਨ ਲਈ ਪ੍ਰਯੋਗ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਦੱਖਣੀ ਸ਼ਬਦ ਦੱਖਣੀ ਸੰਗੀਤ ਪੱਧਤੀ ਦਾ ਰਾਗ ਸੂਚਕ ਹੈ ਪਰ ਇਨ੍ਹਾਂ ਰਾਗਾਂ ਦਾ ਦੱਖਣੀ ਪੱਧਤੀ ਦੇ ਰਾਗ ਹੋਣ ਸੰਬੰਧੀ ਵਿਦਵਾਨਾਂ ਵਿਚ ਮਤਭੇਦ ਪਾਏ ਜਾਂਦੇ ਹਨ। ਫਰੀਦਕੋਟ ਟੀਕੇ ਵਿਚ ਦੱਖਣੀ ਨੂੰ ਰਾਗ ਮੰਨਦੇ ਹੋਏ ਛੰਦ ਦੀ ਚਾਲ ਦਾ ਨਾਮ ਦਿੱਤਾ ਗਿਆ ਹੈ। ਡਾ ਦਵਿੰਦਰ ਸਿੰਘ ਵਿਦਿਆਰਥੀ ਅਨੁਸਾਰ, ਜੇਕਰ ਦੱਖਣੀ ਸ਼ਬਦ ਮਹਲਾ ੧ ਆਇਆ ਹੁੰਦਾ ਪਰੰਤੂ ਇਹ ਆਇਆ ਮਹਲਾ ੧ ਦੇ ਸੰਕੇਤ ਪਿਛੋਂ ਇਸ ਲਈ ਇਸ ਰਾਗ ਨੂੰ ਰਾਗ ਦਾ ਸੂਚਕ ਸਮਝਣਾ ਉਚਿਤ ਨਹੀਂ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਇਕ ਤੋਂ ਵਧੀਕ ਦੱਖਣੀ ਰੂਪਾਂ ਦਾ ਉਲੇਖ ਇਸ ਵਿਚਾਰ ਨੂੰ ਸਪਸ਼ਟ ਰੂਪ ਵਿਚ ਖੰਡਤ ਕਰਦਾ ਹੈ। ਇਸ ਲਈ ਇਨ੍ਹਾਂ ਰਾਗਾਂ ਨੂੰ ਦੱਖਣੀ ਪੱਧਤੀ ਦੇ ਰਾਗ ਮੰਨਣਾ ਹੀ ਵਧੇਰੇ ਉਚਿਤ ਹੈ। ਦੱਖਣੀ ਪੱਧਤੀ ਦੇ ਰਾਗਾਂ ਦਾ ਪ੍ਰਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੇਵਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਿਰਲੇਖ ਰੂਪ ਵਜੋਂ ਅੰਕਿਤ ਰਾਗ ਕਿਉਂ ਜੋ ਬਾਣੀ ਨੂੰ ਰਾਗਾਂ ਅਧੀਨ ਗਾਉਣ ਦਾ ਨਿਰਦੇਸ਼ ਹੈ। ਇਸ ਲਈ ਗੁਰਮਤਿ ਸੰਗੀਤ ਪਰੰਪਰਾ ਵਿਚ ਉੱਤਰੀ ਅਤੇ ਦੱਖਣੀ ਪੱਧਤੀ ਦੋਹਾਂ ਦੇ ਰਾਗਾਂ ਨੂੰ ਸਮਾਨ ਸਤਿਕਾਰ ਨਾਲ ਗਾਉਣ ਦਾ ਆਦੇਸ਼ ਹੈ। ਤੇਹਰਵੀਂ ਸਦੀ ਵਿਚ ਪੰਡਿਤ ਸ਼ਾਰੰਗਦੇਵ ਨੇ ਇਨ੍ਹਾਂ ਪੱਧਤੀਆਂ ਨੂੰ ਮੇਲਣ ਦਾ ਯਤਨ ਕੀਤਾ ਪਰ ਵਿਵਹਾਰਕ ਤੌਰ ਤੇ ਸੰਭਵ ਨਾ ਹੋ ਸਕਿਆ। ਗੁਰੂ ਸਾਹਿਬਾਨ ਦਾ ਦੱਖਣੀ ਪੱਧਤੀ ਦੇ ਰਾਗਾਂ ਨੂੰ ਆਪਣੀ ਬਾਣੀ ਦੇ ਗਾਇਨ ਹਿੱਤ ਪ੍ਰਯੋਗ ਕਰਕੇ ਦੋਵਾਂ ਸੰਗੀਤ ਪੱਧਤੀਆਂ ਵਿਚਲੀ ਦੂਰੀ ਖਤਮ ਕਰਨ ਵਿਚ ਗੁਰਮਤਿ ਸੰਗੀਤ ਪਰੰਪਰਾ ਦਾ ਨਿਵੇਕਲਾ ਯੋਗਦਾਨ ਹੈ।
ਸਨਾਤਨੀ ਰਾਗ : ਗੁਰੂ ਸਾਹਿਬਾਨ ਨੇ ਬਾਣੀ ਦੀ ਸਫ਼ਲ ਪ੍ਰਸਤੁਤੀ ਹਿਤ ਬਾਣੀ ਅਤੇ ਰਾਗ ਨੂੰ ਇਨ੍ਹਾਂ ਦੀ ਪ੍ਰਕ੍ਰਿਤੀ ਦੀ ਅੰਤਰੀਵੀ ਸਾਂਝ ਅਤੇ ਭਾਵਾਤਮਕ ਪੱਧਰ ਉਤੇ ਜੋੜਨ ਦੀ ਸਫਲ ਕੋਸਿ਼ਸ ਕੀਤੀ ਹੈ। ਆਪ ਨੇ ਬਾਣੀ ਦੇ ਗਾਇਨ ਲਈ ਪ੍ਰਯੋਗ ਕੀਤੇ ਗਏ ਸਨਾਤਨੀ ਕਾਵਿ ਰੂਪਾਂ ਲਈ ਸ਼ੁੱਧ ਰੂਪ ਵਿਚ ਮਾਰਗੀ ਜਾਂ ਸਥਾਪਿਤ ਰਾਗਾਂ ਦਾ ਪ੍ਰਯੋਗ ਕੀਤਾ ਹੈ। ਉਦਾਹਰਣ ਦੇ ਤੌਰ ਤੇ ਪ੍ਰਬੰਧ ਗਾਇਨ ਸ਼ੈਲੀ ਦੇ ਕਾਵਿ ਰੂਪ ਅਸ਼ਟਪਦੀ ਦਾ ਪ੍ਰਯੋਗ ਸਿਰੀ, ਮਾਝ, ਗਉੜੀ, ਗੂਜਰੀ, ਰਾਮਕਲੀ, ਪ੍ਰਭਾਤੀ ਰਾਗਾਂ ਅਧੀਨ ਕੀਤਾ ਗਿਆ ਹੈ।
ਦੇਸੀ ਰਾਗ : ਗੁਰੂ ਸਾਹਿਬਾਨ ਨੇ ਬਾਣੀ ਦੇ ਸੰਚਾਰ ਦੀ ਸੰਭਾਵਨਾ ਨੂੰ ਵਧਾਉਣ ਲਈ ਵਿਭਿੰਨ ਇਲਾਕਿਆਂ ਦੀ ਲੋਕ ਪਰੰਪਰਾ ਵਿਚੋਂ ਵਿਕਸਿਤ ਰਾਗਾਂ ਨੂੰ ਬਾਣੀ ਦੇ ਗਾਇਨ ਹਿੱਤ ਪ੍ਰਯੋਗ ਕੀਤਾ ਹੈ। ੳਦਾਹਰਣ ਦੇ ਦੌਰ ’ਤੇ ਮਾਝ, ਆਸਾ ਕਾਫੀ, ਬਿਹਾਗੜਾ, ਤਿਲੰਗ, ਸੂਹੀ, ਮਾਰੂ, ਤੁਖਾਰੀ ਦੇਸ਼ੀ ਰਾਗ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ।
ਮੌਸਮੀ ਰਾਗ : ਗੁਰਮਤਿ ਸੰਗੀਤ ਅੰਤਰਗਤ ਉਪਰੋਕਤ ਰਾਗਾਂ ਵਿਚ ਕੁਝ ਰਾਗ ਇਸ ਤਰ੍ਹਾਂ ਦੇ ਮਿਲਦੇ ਹਨ ਜੋ ਮੌਸਮ ਨਾਲ ਸਬੰਧਤ ਹਨ। ਇਨ੍ਹਾਂ ਰਾਗਾਂ ਦਾ ਗਾਇਨ ਵੀ ਸੰਬੰਧਿਤ ਮੌਸਮ ਵਿਚ ਹਰ ਸਮੇਂ ਕਰਨ ਦੀ ਪ੍ਰਥਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਮੌਸਮੀ ਰਾਗ ਬਸੰਤ ਅਤੇ ਮਲ੍ਹਾਰ ਰਾਗਾਂ ਵਿਚ ਮੌਸਮਾਂ ਦਾ ਵਰਨਣ ਇਸ ਪ੍ਰਕਾਰ ਹੈ :
ਰਾਗ ਬਸੰਤ :
|
|
|
ਪਹਿਲ ਬਸੰਤੈ ਆਗਮਨਿ ਪਹਿਲਾ ਮਉਲਿਓ ਸੋਇ।।
(ਸ੍ਰੀ ਗੁਰੂ ਗ੍ਰੰਥ ਸਾਹਿਬ , ਪੰਨਾ ੭੯੧)
ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ।।
(ਸ੍ਰੀ ਗੁਰੂ ਗ੍ਰੰਥ ਸਾਹਿਬ , ਪੰਨਾ ੧੧੬੮)
ਰੁਤਿ ਆਇਲੇ ਸਰਸ ਬਸੰਤ ਮਾਹਿ।।
(ਸ੍ਰੀ ਗੁਰੂ ਗ੍ਰੰਥ ਸਾਹਿਬ , ਪੰਨਾ ੧੧੬੮)
ਬਸੰਤੁ ਚੜਿਆ ਫੂਲੀ ਬਨਰਾਇ।।
(ਸ੍ਰੀ ਗੁਰੂ ਗ੍ਰੰਥ ਸਾਹਿਬ , ਪੰਨਾ ੧੧੭੬)
ਰਾਗ ਮਲਾਰ :
ਕਰਉ ਬਿਨਉ ਗੁਰ ਅਪਨੇ ਪ੍ਰੀਤਮ ਹਰਿ ਵਰੁ ਆਣਿ ਮਿਲਾਵੈ।।
ਸੁਣਿ ਘਨਘੋਰ ਸੀਤਲੁ ਮਨੁ ਮੋਰਾ ਲਾਲ ਰਤੀ ਗੁਣ ਗਾਵੈ।।
(ਸ੍ਰੀ ਗੁਰੂ ਗ੍ਰੰਥ ਸਾਹਿਬ , ਪੰਨਾ ੧੨੫੪)
ਚਾਤ੍ਰਿਕੁ ਜਲੁ ਬਿਨੁ ਪ੍ਰਿਉ ਪ੍ਰਿਉ ਟੇਰੈ ਬਿਲਪ ਕਰੈ ਬਿਲਲਾਈ।।
ਘਨਹਰ ਘੋਰ ਦਸੌ ਦਿਸਿ ਬਰਸੈ ਬਿਨੁ ਜਲੁ ਪਿਆਸ ਨ ਜਾਈ।।
(ਸ੍ਰੀ ਗੁਰੂ ਗ੍ਰੰਥ ਸਾਹਿਬ , ਪੰਨਾ ੧੨੭੩)
ਨਾਨਕ ਸਾਵਣਿ ਜੇ ਵਸੈ ਚਹੂ ਉਮਾਹਾ ਹੋਇ।।
(ਸ੍ਰੀ ਗੁਰੂ ਗ੍ਰੰਥ ਸਾਹਿਬ , ਪੰਨਾ ੧੨੭੯)
ਗੁਰਮੁਖਿ ਮਲਾਰ ਰਾਗੁ ਜੋ ਕਰਹਿ ਤਿਨ ਮਨੁ ਸੀਤਲੁ ਹੋਇ।।
(ਸ੍ਰੀ ਗੁਰੂ ਗ੍ਰੰਥ ਸਾਹਿਬ , ਪੰਨਾ ੧੨੮੫)
ਮਲਾਰੁ ਸੀਤਲ ਰਾਗੁ ਹੈ ਹਰਿ ਧਿਆਇਐ ਸਾਂਤਿ ਹੋਇ।।
(ਸ੍ਰੀ ਗੁਰੂ ਗ੍ਰੰਥ ਸਾਹਿਬ , ਪੰਨਾ ੧੨੮੩)
|
|
|
|
|
|
ਰਾਗ ਧਿਆਨ ਪਰੰਪਰਾ : ਭਾਰਤੀ ਸੰਗੀਤ ਵਿਚ ਰਾਗ ਦੇ ਭਾਵਾਤਮਕ ਤੇ ਤਕਨੀਕੀ ਦੋਵੇਂ ਰੂਪ ਸਵੀਕਾਰੇ ਜਾਂਦੇ ਹਨ। ਆਪਣੇ ਇਨ੍ਹਾਂ ਗੁਣਾਂ ਕਰਕੇ ਹੀ ਇਹ ਭਾਰਤੀ ਸੰਗੀਤ ਦੀ ਕੇਂਦਰੀਕਾਰੀ ਸ਼ਕਤੀ ਵਜੋਂ ਉਜਾਗਰ ਹੁੰਦਾ ਹੈ। ਇਸ ਦੇ ਨਾਲ ਹੀ ਇਹ ਵੀ ਸਰਬ ਪ੍ਰਮਾਣਿਕ ਹੈ ਕਿ ਰਾਗ ਐਬਸਟ੍ਰੈਕਟ ਇਸ ਨੂੰ ਸਜੀਵ ਰੂਪ ਵਿਚ ਮੂਰਤੀਮਾਨ ਕਰਨ ਲਈ ਇਸ ਨੂੰ ਕਾਵਿ ਅਤੇ ਧਿਆਨ (ਰਾਗ ਚਿੱਤਰ) ਨਾਲ ਜੋੜਿਆ ਜਾਂਦਾ ਹੈ। ਰਾਗ ਦਾ ਸਰੂਪ ਭਾਵੇਂ ਨਾਦਾਤਮਕ ਤੇ ਸੰਗੀਤਕ ਤੱਤਾਂ ਦੇ ਉਪਕਰਣਾਂ ਨਾਲ ਪ੍ਰਤੱਖ ਹੋਣਾ ਹੈ ਪਰ ਇਸ ਦੇ ਨਾਲ ਹੀ ਇਸ ਐਬਸਟ੍ਰੈਕਟ ਰੁਪ ਦਾ ਸੁਰਾਤਮਕ ਸਿਰਜਣ ਤੇ ਹੀ ਸਹੀ ਪ੍ਰਗਟਾ ਰਾਗ ਪ੍ਰਤੀ ਤਿਆਰ ਕੀਤੇ ਗਏ ਇਨ੍ਹਾਂ ਨਕਸ਼ਾ ਦੀ ਟੋਹ (ਕਾਵਿ ਤੇ ਧਿਆਨ) ਦੁਆਰਾ ਹੀ ਸੰਭਵ ਹੋ ਸਕਦਾ ਹੈ। ਭਾਰਤੀ ਸੰਗੀਤ ਅਤੇ ਗੁਰਮਤਿ ਸੰਗੀਤ ਵਿਚ ਰਾਗ ਦੇ ਪ੍ਰਯੋਗ ਦੀ ਮੂਲ ਭਿੰਨਤਾ ਇੱਥੋਂ ਪ੍ਰਗਟ ਹੋ ਜਾਂਦੀ ਹੈ ਕਿਉਂਕਿ ਬਾਣੀ ਰਾਗ ਨੂੰ ਉਸ ਪਰਮਾਤਮਾ ਦੇ ਨਾਮ ਸ਼ਬਦ ਆਧਾਰਿਤ ਕਰਦੀ ਹੈ। ਬਾਣੀ ਵਿਚ ਰਾਗ ਦੀ ਭਾਵਾਤਮਕ ਟੋਹ ਭਾਰਤੀ ਸੰਗੀਤ ਕਾਵਿ ਤੇ ਧਿਆਨ (ਚਿੱਤਰ) ਦੁਆਰਾ ਉਜਾਗਰ ਨਹੀਂ ਹੋਣੀ ਸਗੋਂ ਸ਼ਬਦ ਬਾਣੀ ਨੇ ਇਸ ਨੂੰ ਭਾਵਾਤਮਕ ਸੇਧ ਪ੍ਰਦਾਨ ਕਰਨੀ ਹੈ।
ਭਾਰਤੀ ਸੰਗੀਤ ਵਿਚ ਪ੍ਰਚਲਿਤ ਰਾਗ ਧਿਆਨ ਪਰੰਪਰਾ ਬਾਣੀ ਵਿਚ ਇਕ ਨਵੀਨ ਪਹੁੰਚ ਦੁਆਰਾ ਪ੍ਰਯੋਗ ਵਿਚ ਲਿਆਂਦਾ ਗਿਆ ਹੈ। ਜਿਵੇਂ ਕਿ ਅਸੀਂ ਪਹਿਲਾਂ ਚਰਚਾ ਕਰ ਆਏ ਹਾਂ, ਰਾਗ ਦਾ ਮੂਲ ਗੁਣ ਰੰਜਕ ਹੋਣਾ ਹੈ, ਰੰਜਕਤਾ ਦੇ ਅਭਾਵ ਤੋਂ ਰਾਗ ਦੀ ਉਤਪਤੀ ਸੰਭਵ ਨਹੀਂ ਭਾਵੇ ਰਾਗ ਵਿਚ ਪ੍ਰਯੋਗ ਹੋਣ ਵਾਲੇ ਸੁਰਾ ਦੀ ਗਿਣਤੀ ਅਨੁਸਾਰ ਕਈ ਸੁਰ ਸਮੂਹ ਰਾਗ ਬਣਨ ਦੀ ਸਮਰਥਾ ਰੱਖਦੇ ਹਨ ਪਰ ਰੰਜਕਤਾ ਦੇ ਅਭਾਵ ਸਦਕਾ ਨਾ ਤਾ ਉਹ ਕਿਸੇ ਰਾਗ ਰੂਪ ਵਿਚ ਪ੍ਰਗਟਾ ਸਕਦੇ ਹਨ ਅਤੇ ਨਾ ਹੀ ਆਪਣੇ ਰਾਗ ਸਰੂਪ ਦੁਆਰਾ ਪ੍ਰਭਾਵਸ਼ਾਲੀ ਹੋ ਸਕਦੇ ਹਨ। ਜਿਵੇਂ ਰਾਗ ਦਾ ਸਰੂਪ ਸੁਰਮਈ ਹੁੰਦਾ ਹੈ ਉਸੇ ਤਰ੍ਹਾਂ ਇਸਦੇ ਸਰੂਪ ਵਿਚ ਭਾਵਮਈ ਹੋਣ ਦਾ ਲੱਛਣ ਵੀ ਅੰਤਰੀਵ ਵਿਚ ਵਿਦਮਾਨ ਹੁੰਦਾ ਹੈ। ਸੁਰਮਈ ਸਰੂਪ ਦੁਆਰਾ ਭਾਵਮਈ ਲੱਛਣ ਨੂੰ ਉਜਾਗਰ ਕਰਨਾ ਹੀ ਰਾਗ ਪ੍ਰਸਤੁਤੀ ਦਾ ਮੂਲ ਮਾਪਦੰਡ ਅਤੇ ਉਦੇਸ਼ ਹੈ। ਰਾਗ ਦੇ ਪ੍ਰਯੋਗ ਸਮੇਂ ਪ੍ਰਸਤੁਤਕਾਰ ਨੇ ਨਾ ਕੇਵਲ ਰਾਗ ਦੇ ਸੁਰਾਤਮਕ ਸਰੂਪ ਨੂੰ ਜ਼ਿਹਨ ਵਿਚ ਰੱਖਣਾ ਹੈ, ਸਗੋਂ ਉਸਦੇ ਭਾਵਮਯ ਸਰੂਪ ਨੂੰ ਸੁਰਾਂ, ਸ਼ਬਦਾਂ, ਬਿੰਬਾਂ ਅਤੇ ਕਲਪਨਾਤਮਕ ਬਿੰਦੂਆਂ ਨੂੰ ਸਾਕਾਰ ਕਰਨਾ ਹੈ। ਆਚਾਰੀਆ ਬ੍ਰਹਸਪਤੀ ਅਨੁਸਾਰ, ਜੋ ਗਾਇਕ ਰਾਗ ਦਾ ਧਿਆਨ ਕੀਤੇ ਬਿਨਾਂ ਗਾਇਨ ਕਰਦਾ ਹੈ ਉਸ ਨੂੰ ਵਾਂਛਿਤ ਫਲ ਦੀ ਪ੍ਰਾਪਤੀ ਨਹੀਂ ਹੁੰਦੀ। ਸਪੱਸ਼ਟ ਹੈ ਕਿ ਜੋ ਗਾਇਕ ਰਾਗ ਦੇ ਭਾਵ ਸੰਬੰਧੀ ਉਸਦੇ ਵਿਸ਼ਿਸ਼ਟ ਸਰੂਪ ਤੋਂ ਪਰਿਚਤਿ ਨਹੀਂ ਹੋਵੇਗਾ, ਉਹ ਵਾਸਤਵਿਕ ਰੂਪ ਵਿਚ ਉਸ ਨੂੰ ਪ੍ਰਗਟ ਕਿਵੇਂ ਕਰ ਸਕੇਗਾ, ਅਜਿਹੀ ਅਵਸਥਾ ਵਿਚ ਸਰੋਤਿਆਂ ਨੂੰ ਆਨੰਦ ਕਿਵੇਂ ਆਵੇਗਾ।
ਰਾਗਾਂ ਦੀ ਭਾਵਮਯਤਾ ਨੂੰ ਦ੍ਰਿਸ਼ਟੀਗੋਚਰ ਰਖਦਿਆਂ ਸ਼ਾਸਤਰਕਾਰਾਂ ਨੇ ਰਾਗ ਨੂੰ ਸੁਰਾਤਮਕ ਤੌਰ ਤੇ ਨਿਯਮਬੰਦ ਕਰਨ ਦੇ ਨਾਲ ਨਾਲ ਭਾਵਾਤਮਕ ਜਿ਼ਹਨੀ ਸਰੂਪ ਪ੍ਰਦਾਨ ਲਈ ਮਾਨਵੀ ਸੁਭਾਵ ਅਤੇ ਚਰਿਤਰ ਅਨੁਸਾਰ ਹਰ ਰਾਗ ਦਾ ਇਕ ਚਿੱਤਰ ਨਿਰਧਾਰਤ ਕੀਤਾ ਹੈ ਜਿਸ ਨੂੰ ਧਿਆਨ ਕਿਹਾ ਜਾਂਦਾ ਹੈ। ਡਾ. ਪਰਾਂਜਪੇ ਅਨੁਸਾਰ 14ਈ. ਦੇ ਸੰਗੀਤ ਪਨਿਸਤਾਸਾਰੋ ਦੁਆਰਾ ਨਾਮਕ ਗ੍ਰੰਥ ਵਿਚ ਸੱਤ ਸੁਰਾਂ, ਛੇ ਰਾਗਾਂ ਅਤੇ ਉਨ੍ਹਾਂ ਦੀਆਂ ਛੱਤੀ ਇਸਤ੍ਰੀਆਂ (ਰਾਗਣੀਆਂ) ਦੇ ਧਿਆਨ ਪਹਿਲੀ ਵਾਰ ਅੰਕਿਤ ਹੋਏ ਹਨ। 21 ਰਾਗ ਧਿਆਨ ਦੀ ਇਸ ਪ੍ਰਣਾਲੀ ਨੂੰ ਸੰਗੀਤ ਦੇ ਪ੍ਰਮੁੱਖ ਗ੍ਰੰਥਕਾਰਾਂ ਨੇ ਅਗਾਂਹ ਤੋਰਿਆ। ਸੰਗੀਤ ਦਰਪਣ ਵਿਚੋਂ ਸ੍ਰੀ ਰਾਗ ਦਾ ਇਕ ਧਿਆਨ ਇਸ ਪ੍ਰਕਾਰ ਹੈ :
ਜਿਸ ਦੀ ਆਯੂ ਅਠਾਰਾਂ ਵਰ੍ਹਿਆਂ ਦੀ ਹੈ। ਕਾਮਦੇਵ ਦੇ ਵਾਂਗੂੰ ਜਿਸ ਦੀ ਸੁੰਦਰ ਮੂਰਤ ਹੈ। ਜੋ ਧੀਰ ਹੈ। ਜਿਸਨੇ ਆਪਣੇ ਕੰਨਾਂ ਵਿਚ ਕੋਮਲ ਪੱਤਿਆਂ ਦੇ ਗਹਿਣੇ ਪਹਿਨੇ ਹੋਏ ਹਨ। ਸ਼ਡਜ ਆਦਿਕ ਜਿਸ ਦੀ ਅਭਿਲਾਸ਼ਾ ਕਰਦੇ ਹਨ ਤੇ ਜਿਸਦੇ ਕੇਸਰੀ ਵਸਤਰ ਧਾਰਣ ਕੀਤੇ ਹੋਏ ਹਨ, ਅਜਿਹਾ ਪ੍ਰਿਥੀਪਾਲ ਮੂਰਤ ‘ਸ੍ਰੀ ਰਾਗ ਹੈ।’ (ਸੰਗੀਤ ਦਰਪਨ, ਸ਼ਲੋਕ 71) ਉਪਰੋਕਤ ‘ਧਿਆਨ’ ਸੰਸਕ੍ਰਿਤ ਵਿਚ ਸਲੋਕ ਸੈ਼ਲੀ ਵਿਚ ਰਚਿਆ ਗਿਆ ਹੈ।
ਬਾਣੀ ਵਿਚ ਰਾਗ ਨੂੰ ਅਧਿਆਤਮਕ ਪ੍ਰਯੋਜਕ ਅਧੀਨ ਨਵੀਨ ਅਰਥਾਂ ਅਤੇ ਵਿਲੱਖਣ ਸੰਭਾਵਨਾਵਾਂ ’ਚ ਪ੍ਰਯੋਗ ਕੀਤਾ ਗਿਆ ਹੈ। ਜਿਸ ਉੱਤੇ ਗੁਰੂ ਨਾਨਕ ਬਾਣੀ ਵਿਚੋਂ ਇਕ ਉਦਾਹਰਣ ਇਸ ਪ੍ਰਕਾਰ ਹੈ ਜਿਸ ਅਧੀਨ ਸੋਰਠਿ ਦੇ ਭਾਰਤੀ ਸੰਗੀਤ ਵਿਚ ‘ਧਿਆਨ’ ਦੇ ਸਮਾਨੰਤਰ ਰਾਗ ਸੋਰਠਿ ਨੂੰ ਅਧਿਆਤਮਕ ਪ੍ਰਯੋਜਨ ਅਧੀਨ ਨਵੀਨ ਅਰਥ ਪ੍ਰਦਾਨ ਕਰਦਾ ਹੈ। |
|
|
ਸੋਰਠਿ ਸਦਾ ਸੁਹਾਵਣੀ ਜੇ ਸਚਾ ਮਨਿ ਹੋਇ॥ ਦੰਦੀ ਮੈਲੁ ਨ ਕਤੁ ਮਨਿ ਜੀਭੈ ਸਚਾ ਸੋਇ॥
ਸਸੁਰੇ ਪੈਈਐ ਭੈ ਵਸੀ ਸਤਿਗੁਰੁ ਸੇਵਿ ਨਿਸੰਗ॥ ਪਰਹਰਿ ਕਪੜੁ ਜੇ ਪਿਰ ਮਿਲੈ ਖੁਸ਼ੀ ਰਾਵੈ ਪਿਰੁ ਸੰਗਿ॥
ਸਦਾ ਸੀਗਾਰੀ ਨਾਉ ਮਨਿ ਕਦੇ ਨ ਮੈਲੁ ਪਤੰਗੁ॥ ਦੇਵਰ ਜੇਠ ਮੁਏ ਦੁਖਿ ਸਸੂ ਦਾ ਡਰੁ ਕਿਸੁ॥
ਜੇ ਪਿਰ ਭਾਵੇ ਨਾਨਕਾ ਕਰਮ ਮਣੀ ਸਭੁ ਸਚੁ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੬੪੨)
|
|
|
ਉਪਰੋਕਤ ਸ਼ਬਦਾਂ ਵਿਚ ਸੋਰਠਿ ਨੂੰ ਇਕ ਇਸਤਰੀ ਦੇ ਰੂਪ ਵਿਚ ਚਿਤਰਿਆ ਗਿਆ ਹੈ ਜਿਸ ਨੇ ਪ੍ਰਤੀ ਪਰਮੇਸ਼ਰ ਨੂੰ ਰਿਝਾਉਣਾ, ਮਨ ਵਿਚ ਵਸਾਉਣਾ ਹੈ, ਸੇਵਾ ਕਰਨੀ ਹੈ, ਮਨ ਦੀਆਂ ਬੁਰਾਈਆਂ ਦਾ ਖ਼ਾਤਮਾ ਕਰਨਾ ਹੈ, ਨਾਮ ਸ਼ਿੰਗਾਰ ਕਰਨਾ ਹੈ, ਵਿਕਾਰਾਂ ਤੋਂ ਉੱਪਰ ਉਠਣਾ ਹੈ, ਅਜਿਹੀ ਇਸਤਰੀ ਨੂੰ ਹੀ ਪ੍ਰਭੂ ਪਰਮੇਸ਼ਰ ਦੇ ਪਿਆਰ ਦੀ ਬਖਸਿ਼ਸ ਹੁੰਦੀ ਹੈ ਅਤੇ ਉਸਦੇ ਮਸਤਕ ਉੱਤੇ ਭਾਗਾਂ ਦਾ ਟਿੱਕਾ ਲਗਦਾ ਹੈ ਭਾਵ ਭਾਗ ਜਾਗਦੇ ਹਨ।
ਸੰਗੀਤ ਦਰਪਣ ਵਿਚ ਅੰਕਿਤ ਸੋਰਠੀ (ਸੰਗੀਤ) ਦਾ ਧਿਆਨ ਇਸ ਪ੍ਰਕਾਰ ਹੈ ਜਿਸਨੇ ਉੱਚੇ ਅਤੇ ਪੁਸ਼ਟ ਸ਼ਰੀਰ ਉੱਤੇ ਸੁੰਦਰ ਹਾਰ (ਗਹਿਣੇ) ਪਹਿਨ ਰੱਖੇ ਹਨ। ਜਿਸ ਦਾ ਚਿਤ, ਕੰਨ ਵਿਚ ਪਹਿਨੇ ਹੋਏ ਕਮਲ ਕੇ ਆਸ ਪਾਸ ਮੰਡਰਾ ਰਹੇ ਭੰਵਰੇ ਦੀ ਗੂੰਜਾਰ ਕਰਨ ਕਰਕੇ ਉਚਾਟ ਹੋ ਗਿਆ ਹੈ। ਜਿਸ ਦੀ ਬਾਂਹ ਸਥਿਰ ਹੋ ਗਈ ਹੈ ਅਤੇ ਜੋ ਆਪਣੇ ਪਿਆਰੇ ਕੋਲ ਜਾ ਰਹੀ ਹੈ। (ਸੰਗੀਤ ਦਰਪਨ, ਸ਼ਲੋਕ 86)
ਇਸ ‘ਧਿਆਨ’ ਵਿਚ ਇਸਤਰੀ ਦੀ ਸੁੰਦਰਤਾ, ਸ਼ਿੰਗਾਰ, ਮਨ ਭੰਵਰੇ ਦੀ ਗੁੰਜ਼ਾਰ ਕਾਰਨ ਉਚਾਟ, ਪ੍ਰੀਤਮ ਨੂੰ ਮਿਲਣ ਲਈ ਜਾਣਾ ਆਦਿ ਵਰਗੇ ਵਰਣਨ ਅਤੇ ‘ਗੁਰੂ ਨਾਨਕ ਬਾਣੀ’ ਦੇ ਸੋਰਠਿ ਸੰਬੰਧੀ ਸ਼ਲੋਕ ਵਿਚ ਪ੍ਰਭੂ ਪ੍ਰੇਮ ਦੇ ਪ੍ਰਸੰਗ ਵਿਚ ਜੀਵ ਰੂਪੀ ਇਸਤਰੀ ਪਤੀ ਪਰਮੇਸ਼ਰ ਨੂੰ ਰਿਝਾਉਣ ਲਈ ‘ਉਪਦੇਸ਼’ ਦੇ ਵਰਣਨ ਤੋਂ ਸਾਨੂੰ ਸਪੱਸ਼ਟ ਹੁੰਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੇ ਗਏ ਪ੍ਰਯੋਗ ਜਿੱਥੇ ਸੁਰਾਤਮਕ ਤੇ ਰਸਾਤਮਕ ਬੋਧ ਦੇ ਧਾਰਣੀ ਹਨ ਉੱਥੇ ਇਸਦੇ ਭਾਵਾਤਮਿਕ ‘ਧਿਆਨ’ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਗਿਆ ਸਗੋਂ ਸੁਚੇਤ ਰੂਪ ਵਿਚ ਭਾਰਤੀ ਸੰਗੀਤ ਅਧੀਨ ਪ੍ਰਚਲਿਤ ਰਾਗ ‘ਧਿਆਨ’ ਰਾਗਾਂ ਦੇ ਧਿਆਨ ਸੰਬੰਧੀ ਅਜਿਹਾ ਪ੍ਰਯੋਗ ਗੁਰੂ ਨਾਨਕ ਬਾਣੀ ਦੀ ਵਿਲੱਖਣਤਾ ਹੈ ਜੋ ਇਸਦੇ ਰਾਗ ਪ੍ਰਬੰਧ ਦੀ ਵਿਗਿਆਨਕਤਾ ਦਾ ਇਕ ਅਨੂਪਮ ਨਮੂਨਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਯੁਕਤ ਸਮੂਹ ਰਾਗ ਕਿਉਂਕਿ ਇਕ ਵਿਸ਼ਿਸ਼ਟ ਸਿਧਾਂਤਕਤਾ ਦੇ ਧਾਰਨੀ ਹਨ ਇਸ ਲਈ ਇਹਨਾਂ ਨੂੰ ਸੰਗੀਤ ਵਿਗਿਆਨਕ ਦ੍ਰਿਸ਼ਟੀਕੋਟ ਤੋਂ ਹੀ ਅਧਿਐਨ ਦਾ ਵਿਸ਼ਾ ਬਣਾਇਆ ਜਾ ਸਕਦਾ ਹੈ। ਮੱਧਕਾਲ ਵਿਚ ਪ੍ਰਚਲਿਤ ਰਾਗ-ਰਾਗਣੀ ਵਰਗੀਕਰਣ ਦੇ ਬਹੁਪਰਤੀ ਝਮੇਲਿਆਂ ਨੂੰ ਇਕ ਦਿਸ਼ਾ ਪ੍ਰਦਾਨ ਕਰਨ ਲਈ ਗੁਰੂ ਸਾਹਿਬ ਨੇ ਸਮੂਹ ਰਾਗਾਂ ਲਈ ਕੇਵਲ ‘ਰਾਗੁ’ ਸ਼ਬਦ ਦਾ ਹੀ ਪ੍ਰਯੋਗ ਕੀਤਾ। ਅਜਿਹਾ ਪ੍ਰਯੋਗ ਸਾਧਾਰਣ ਅਰਥੀ ਨਹੀਂ ਕਿਹਾ ਜਾ ਸਕਦਾ ਕਿਉਂਜੋ ਸਮਕਾਲੀਨ ਅਰਥਾਂ ਵਿਚ ਰਾਗਾਂ ਤੇ ਰਾਗਣੀਆਂ ਦਾ ਪ੍ਰਯੋਗ ਖੁਲ ਕੇ ਕੀਤਾ ਗਿਆ ਹੈ ਅਤੇ ਇਹਨਾਂ ਨੂੰ ਇਸਤਰੀ ਪੁਰਖ ਸੁਭਾਵਾਂ ਦੁਆਰਾ ਚਿਤਰਤ ਵੀ ਕੀਤਾ ਗਿਆ ਹੈ। ਇਹਨਾਂ ਦੀ ਸੁਭਾਅਗਤ ਕਾਇਆ ਮਾਇਆ ਤੋਂ ਉਲਟ ਗੁਰੂ ਗ੍ਰੰਥ ਸਾਹਿਬ ਜਦੋਂ ਰਾਗ ਦਾ ਪ੍ਰਯੋਗ ਕਰ ਰਹੇ ਹਨ ਤਾਂ ਉਹ ਇਕ ਪਰੰਪਰਾਗਤ ਵਡੇਰੀ ਪਰੰਪਰਾ ਨੂੰ ਨਕਾਰ ਕੇ ਨਵੀਆਂ ਲੀਹਾਂ ਪਾਉਣ ਪ੍ਰਤੀ ਵੀ ਰੁਚਿਤ ਜਾਪ ਰਹੇ ਹਨ। ਸੰਗੀਤ ਇਤਿਹਾਸ ਗਵਾਹ ਹੈ ਕਿ ਬਾਅਦ ਵਿਚ ਇਹੀ ਪਰੰਪਰਾ ਆਪਣੇ ਵਿਵਾਦਾਂ ਦੇ ਭਾਰ ਥੱਲੇ ਪ੍ਰਯੋਗ ਵਿਹੂਣੀਆਂ ਹੋ ਗਈਆਂ ਅਤੇ ਇਹਨਾਂ ਦਾ ਸਥਾਨ ਰਾਗ ਵਰਗੀਕਰਣ ਦੇ ਹੋਰ ਵਿਗਿਆਨਕ ਰੂਪਾਂ ਨੇ ਲੈ ਲਿਆ ਹੈ।
|
|
|
|
|
|
|
|
|
|
|
1. ਗੁਰਮਤਿ ਸੰਗੀਤ ਰਾਗ ਪ੍ਰਬੰਧ ਦੇ ਅੰਤਰਗਤ ਰਾਗ ਵਰਗੀਕਰਣ ਦਾ ਵਰਨਣ ਕਰੋ।
2. ਸ਼ੁੱਧ, ਛਾਇਆਲਗ, ਸੰਕੀਰਣ ਰਾਗਾਂ ਬਾਰੇ ਤੁਸੀਂ ਕੀ ਜਾਣਦੇ ਹੋ? ਵਿਸਤਾਰ ਸਹਿਤ ਲਿਖੋ।
|
|
|
|
|
|
|
|
|
|
1. ਰਾਗ ਕਿਸ ਤੋਂ ਉਤਪੰਨ ਹੁੰਦੇ ਹਨ?
(I) ਜਾਤੀਆਂ ਤੋਂ (II) ਮੂਰਛਨਾ ਤੋਂ
(III) ਗ੍ਰਾਮਾਂ ਤੋਂ (IV) ਕੋਈ ਵੀ ਨਹੀਂ
2. ਪੰਡਿਤ ਵਿਅੰਕਟਮੁਖੀ ਨੇ ਕਿੰਨੇ ਮੇਲਾਂ ਦੀ ਰਚਨਾ ਕੀਤੀ?
(I) 15 (II) 19
(III) 72 (IV) 10
3. ਪੰਡਿਤ ਭਾਤਖੰਡੇ ਪੱਧਤੀ ਅਨੁਸਾਰ ਕੁੱਲ ਰਾਗਾਂ ਨੂੰ ਕਿੰਨੇ ਪ੍ਰਕਾਰ ਦੇ ਰਾਗਾਂਗ ਵਿਚ ਵਿਭਾਜਿਤ ਕੀਤਾ ਜਾਂਦਾ ਹੈ?
(I) 10 (II) 15
(III) 20 (IV) 12
4. ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਗ ਦੇ ਦੱਖਣੀ ਪ੍ਰਕਾਰਾਂ ਵਿਚ ਕਿਸ ਗੁਰੂ ਦੀ ਬਾਣੀ ਅੰਕਿਤ ਹੈ?
(I) ਗੁਰੂ ਨਾਨਕ ਦੇਵ ਜੀ (II) ਗੁਰੂ ਅੰਗਦ ਦੇਵ ਜੀ
(III) ਗੁਰੂ ਅਮਰਦਾਸ ਜੀ (IV) ਗੁਰੂ ਰਾਮਦਾਸ ਜੀ
5. ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿੰਨੇ ਰਾਗ ਪ੍ਰਕਾਰ ਹਨ?
(I) 28 (II) 32
(III) 31 (IV) 35
6. ਆਸਾਵਰੀ ਸੁਧੰਗ ਵਿਚ ਕਿਸ ਗੁਰੂ ਦੀ ਬਾਣੀ ਹੈ?
(I) ਗੁਰੂ ਨਾਨਕ ਦੇਵ ਜੀ (II) ਗੁਰੂ ਅੰਗਦ ਦੇਵ ਜੀ
(III) ਗੁਰੂ ਅਮਰਦਾਸ ਜੀ (IV) ਗੁਰੂ ਰਾਮਦਾਸ ਜੀ
7. ਰਾਗ ਜੈਜਾਵੰਤੀ ਵਿਚ ਕਿਸ ਗੁਰੂ ਦੀ ਬਾਣੀ ਅੰਕਿਤ ਹੈ?
(I) ਗੁਰੂ ਰਾਮਦਾਸ ਜੀ (II) ਗੁਰੂ ਅਰਜਨ ਦੇਵ ਜੀ
(III) ਗੁਰੂ ਤੇਗ ਬਹਾਦਰ ਜੀ (IV) ਗੁਰੂ ਗੋਬਿੰਦ ਸਿੰਘ ਜੀ
8. ਹੇਠ ਲਿਖਿਆਂ ਵਿਚੋਂ ਸ਼ੁੱਧ ਰਾਗ ਕਿਹੜਾ ਹੈ?
(I) ਆਸਾ (II) ਗਉੜੀ ਗੁਆਰੇਰੀ
(III) ਆਸਾ ਕਾਫੀ (IV) ਬਸੰਤ ਹਿੰਡੋਲ
9. ਸੰਕੀਰਨ ਰਾਗ ਕਿਹੜਾ ਹੈ?
(I) ਗਉੜੀ ਪੂਰਬੀ ਦੀਪਕੀ (II) ਗਉੜੀ ਦੀਪਕੀ
(III) ਮਾਰੂ ਕਾਫੀ (IV) ਬਿਲਾਵਲ
10. ਹੇਠ ਲਿਖੇ ਰਾਗਾਂ ਵਿਚੋਂ ਮੌਸਮੀ ਰਾਗ ਦੱਸੋ?
(I) ਬਿਲਾਵਲ (II) ਸੋਰਠਿ
(III) ਮਲਾਰ (IV) ਜੈਜਾਵੰਤੀ
|
|
|
|
|
|
|
|
|
1 (I) 2 (III) 3 (IV) 4 (I) 5 (III) 6 (IV) 7 (III) 8 (I) 9 (I) 10 (III) |
|
|
|
|
|
|
|
|
|
1. ਸਿੱਖ ਰਹਿਤ ਮਰਿਯਾਦਾ, ਧਰਮ ਪ੍ਰਚਾਰ ਕਮੇਟੀ, ਸ੍ਰੀ ਅੰਮ੍ਰਿਤਸਰ, 1998.
2. ਕਬਿੱਤ ਸਵੈਯੇ, ਗੁਰਦਾਸ ਜੀ ਭੱਲਾ (ਭਾਈ), ਸ਼ਰੋਮਣੀ ਗਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ, 1956.
3. ਸੰਗੀਤ ਦਰਪਣ, ਦਮੋਦਰ ਪੰਡਿਤ, ਅਨੁ. ਲਕਸ਼ਮੀ ਨਾਰਾਇਣ ਗਰਗ, ਸੰਗੀਤ ਕਾਰਯਾਲਿਆ ਹਾਥਰਸ (ਉੱਤਰ ਪ੍ਰਦੇਸ), 1950.
4. ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ, ਤਾਰਾ ਸਿੰਘ (ਪ੍ਰੋ.), ਪੰਜਾਬੀ ਯੂਨੀਵਰਸਿਟੀ, ਪਟਿਆਲਾ, 1991.
5. ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ (ਭਾਗ ਪਹਿਲਾ, ਦੂਜਾ), ਅਵਤਾਰ ਸਿੰਘ ਗੁਰਚਰਨ ਸਿੰਘ (ਭਾਈ), ਪੰਜਾਬੀ ਯੂਨੀਵਰਸਿਟੀ, ਪਟਿਆਲਾ, 1979.
6. ਗੁਰਸ਼ਬਦ ਰਤਨਾਕਰ ਮਹਾਨ ਕੋਸ਼, ਕਾਨ੍ਹ ਸਿੰਘ ਨਾਭਾ (ਭਾਈ), ਭਾਸ਼ਾ ਵਿਭਾਗ, ਪੰਜਾਬ, 2006.
|
|
|