ਪੂਰਵਾਂਗ : ਰਾਗ ਦੀ ਸੁਰ ਸਪਤਕ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ ਜੋ ਪੂਰਵਾਂਗ ਅਤੇ ਉਤਰਾਂਗ ਕਹਾਉਂਦੇ ਹਨ। ਸਪਤਕ ਵਿਚ ਪਹਿਲੇ ਭਾਗ ਨੂੰ ਪੂਰਵਾਂਗ ਕਿਹਾ ਜਾਂਦਾ ਹੈ ਜਿਸ ਵਿਚ ‘ਸ, ਰੇ, ਗ, ਮ’ ਸੁਰ ਆਉਂਦੇ ਹਨ ਅਤੇ ਇਸ ਭਾਗ ਨੂੰ ਹੀ ਪੂਰਵਾਂਗ ਕਿਹਾ ਜਾਂਦਾ ਹੈ। ਰਾਗ ਦਾ ਸਮਾਂ ਨਿਰਧਾਰਣ ਲਈ ਪੂਰਵਾਂਗ ਅਤੇ ਉਤਰਾਂਗ ਬੇਹੱਦ ਸਹਾਈ ਹੁੰਦੇ ਹਨ। ਜਿਨ੍ਹਾਂ ਰਾਗਾਂ ਦਾ ਵਾਦੀ ਸੁਰ ਰਾਗ ਦੇ ਪੂਰਵ ਭਾਗ ਵਿਚ ਹੁੰਦਾ ਹੈ ਉਨ੍ਹਾਂ ਨੂੰ ‘ਪੂਰਵ ਰਾਗ’ ਕਿਹਾ ਜਾਂਦਾ ਹੈ ਅਤੇ ਜਿਨ੍ਹਾਂ ਰਾਗਾਂ ਦਾ ਵਾਦੀ ਸੁਰ ਰਾਗ ਦੇ ਉਤਰ ਭਾਗ ਵਿਚ ਹੁੰਦਾ ਹੈ ਉਨ੍ਹਾਂ ਨੂੰ ‘ਉਤਰ ਰਾਗ’ ਕਿਹਾ ਜਾਂਦਾ ਹੈ।
ਉਤਰਾਂਗ : ਸਪਤਕ ਵਿਚ ਦੂਜੇ ਭਾਗ ਨੂੰ ਉਤਰਾਂਗ ਕਿਹਾ ਜਾਂਦਾ ਹੈ ਜਿਸ ਵਿਚ ‘ਪ, ਧ, ਨੀ, ਸਂ’ ਸੁਰ ਆਉਂਦੇ ਹਨ। ਰਾਗ ਦਾ ਸਮਾਂ ਨਿਰਧਾਰਣ ਲਈ ਪੂਰਵਾਂਗ ਅਤੇ ਉਤਰਾਂਗ ਬੇਹੱਦ ਸਹਾਈ ਹੁੰਦੇ ਹਨ। ਇਨ੍ਹਾਂ ਰਾਗਾਂ ਦਾ ਵਾਦੀ ਸੁਰ ਰਾਗ ਦੇ ਉਤਰ ਭਾਗ ਵਿਚ ਹੁੰਦਾ ਹੈ ਇਸ ਲਈ ਇਨ੍ਹਾਂ ਨੂੰ ‘ਉਤਰ ਰਾਗ ’ ਕਿਹਾ ਜਾਂਦਾ ਹੈ।
ਆਸ਼ਰਯ ਰਾਗ : ਇਹ ਉਹ ਰਾਗ ਹੁੰਦੇ ਹਨ ਜਿਨ੍ਹਾਂ ਦੇ ਆਧਾਰ ਤੇ ਥਾਟ ਦਾ ਨਾਮਕਰਣ ਹੁੰਦਾ ਹੈ। ‘ਅਸ਼ਰਯ’ ਸ਼ਬਦ ਦੇ ਅਰਥਾਂ ਵੱਲ ਦੇਖੀਏ ਤਾਂ ਇਸ ਤੋਂ ਭਾਵ ਆਸ਼ਰਯ ਦੇਣ ਵਾਲਾ ਰਾਗ। ਹਰ ਥਾਟ ਦਾ ਨਾਮ ਉਸ ਤੋਂ ਉਤਪੰਨ ਹੋਣ ਵਾਲੇ ਕਿਸੀ ਖਾਸ ਜੰਨਯ ਰਾਗ (ਜਨਮ ਲੈਣ ਵਾਲਾ) ਦੇ ਨਾਮ ਤੇ ਹੁੰਦਾ ਹੈ, ਜਿਨ੍ਹਾਂ ਨੂੰ ਹੀ ਆਸ਼ਰਯ ਰਾਗ ਕਿਹਾ ਜਾਂਦਾ ਹੈ। ਇਸ 10 ਆਸ਼ਰਯ ਰਾਗ ਜਾਂ ਥਾਟ ਇਸ ਪ੍ਰਕਾਰ ਹਨ : 1. ਬਿਲਾਵਲ, 2. ਕਲਿਆਣ, 3. ਖਮਾਜ, 4. ਕਾਫੀ, 5. ਭੈਰਵ, 6. ਭੈਰਵੀ, 7. ਆਸਾਵਰੀ, 8. ਤੋੜੀ, 9. ਪੂਰਵੀ, 10. ਮਾਰਵਾ। ਇਨ੍ਹਾਂ ਦਸ ਆਸ਼ਰਯ ਰਾਗਾਂ ਤੋਂ ਇਲਾਵਾ ਬਾਕੀ ਸਾਰੇ ਰਾਗ ‘ਜੰਨਯ ਰਾਗ` ਕਹਾਉਂਦੇ ਹਨ।
ਜੰਨਯ ਰਾਗ : ਜੰਨਯ ਤੋਂ ਭਾਵ ਹੈ - ‘ਪੈਦਾ ਹੋਇਆ` ਜਾਂ ‘ਜੰਨਮਿਆ ਹੋਇਆ`। ਵਰਤਮਾਨ ਹਿੰਦੁਸਤਾਨੀ ਸੰਗੀਤ ਪੱਧਤੀ ਵਿਚ ‘ਜਨਕ-ਜੰਨਯ ਪੱਧਤੀ` ਪ੍ਰਚੱਲਿਤ ਹੈ। ਇਸ ਅਨੁਸਾਰ ਥਾਟ ਨੂੰ ‘ਜਨਕ` (ਜਨਮ ਦੇਣ ਵਾਲਾ) ਅਤੇ ਰਾਗ ਨੂੰ ‘ਜੰਨਯ` (ਜਨਮ ਲੈਣ ਵਾਲਾ) ਮੰਨਿਆ ਗਿਆ ਹੈ। ਇਹ ਜਨਕ ਥਾਟ 10 ਮੰਨੇ ਹਨ ਅਤੇ ਇਨ੍ਹਾਂ ਦਸ ਥਾਟਾਂ ਤੋਂ ਉਤਪੰਨ ਸਾਰੇ ਰਾਗਾਂ ਨੂੰ ‘ਜੰਨਯ ਰਾਗ` ਮੰਨਿਆ ਜਾਂਦਾ ਹੈ।
ਵਕਰ ਸੁਰ : ਵਕਰ ਸੁਰ ਉਹ ਸੁਰ ਹੁੰਦੇ ਹਨ ਜੋ ਆਰੋਹ ਜਾਂ ਅਵਰੋਹ ਵਿਚ ਸਿੱਧਾ ਚੱਲਣ ਜਾਂ ਕ੍ਰਮ ਵਿਚ ਚੱਲਣ ਦੀ ਬਜਾਏ ਟੇਡੀ ਚਾਲ ਵਿਚ ਚਲਦੇ ਹਨ ਜਿਵੇਂ ਮ ਗ ਮ ਰੇ ਸ। ਇਸ ਸੁਰ ਸੰਗਤੀ ਵਿਚ ਗ ਸੁਰ ਵਕਰ ਸੁਰ ਹੈ। ਗਾਇਕ/ਵਾਦਕ ਵਕਰ ਸੁਰ ਦਾ ਪ੍ਰਯੋਗ ਰਾਗ ਦੀ ਖੂਬਸੂਰਤੀ ਵਧਾਉਣ ਲਈ ਵੀ ਕਰਦੇ ਹਨ। ਵਕਰ ਸੁਰ ਦਾ ਪ੍ਰਯੋਗ ਤਾਨਾਂ ਵਿਚ ਵੀ ਵਿਸ਼ੇਸ਼ ਰੂਪ ਵਿਚ ਕੀਤਾ ਜਾਂਦਾ ਹੈ ਅਤੇ ਕਈ ਰਾਗਾਂ ਦੀ ਆਰੋਹ ਜਾਂ ਅਵਰੋਹ ਵਿਚ ਵੀ ਵਕਰ ਸੁਰ ਦਿਖਾਈ ਦਿੰਦੇ ਹਨ।
ਸਰਗਮ ਗੀਤ : ਸਰਗਮ ਗੀਤ ਤੋਂ ਭਾਵ ਕਿਸੇ ਰਾਗ ਦੇ ਸੁਰਾਂ ਦੀ ਤਾਲ ਬੱਧ ਰਚਨਾ। ਇਸ ਸਰਗਮ ਗੀਤ ਵਿਚ ਰਾਗ ਦਾ ਕੇਵਲ ਸੁਰ ਹੀ ਹੁੰਦੇ ਹਨ ਸ਼ਬਦ ਨਹੀਂ ਹੁੰਦੇ। ਸਰਗਮ ਗੀਤ ਨੂੰ ਖਿਆਲ ਦੀ ਤਰ੍ਹਾਂ ਹੀ ਸਥਾਈ ਅਤੇ ਅੰਤਰੇ ਦੋ ਭਾਗਾਂ ਵਿਚ ਵੰਡ ਕੇ ਗਾਇਆ ਜਾਂਦਾ ਹੈ। ਤਿੰਨਤਾਲ, ਇਕਤਾਲ ਅਤੇ ਝੱਪਤਾਲ ਆਦਿ ਨੂੰ ਸਰਗਮ ਗੀਤ ਲਈ ਢੁੱਕਵਾਂ ਮੰਨਿਆ ਜਾਂਦਾ ਹੈ। ਰਾਗ ਦੀ ਤਾਲੀਮ ਤੋਂ ਪਹਿਲਾਂ ਸਰਗਮ ਗੀਤ ਦਾ ਅਭਿਆਸ ਵਿਦਿਆਰਥੀ ਵਿਚ ਉਸ ਰਾਗ ਦੇ ਸਰੂਪ ਨੂੰ ਸਮਝਣ ਵਿਚ ਸਹਾਇ ਹੁੰਦਾ ਹੈ ਅਤੇ ਇਸ ਨਾਲ ਸੁਰ-ਗਿਆਨ ਵਿਚ ਵੀ ਵਾਧਾ ਹੁੰਦਾ ਹੈ।
ਧਰੁਪਦ ਅੰਗ ਦਾ ਸ਼ਬਦ : ਗੁਰਮਤਿ ਸੰਗੀਤ ਦੀ ਕੀਰਤਨ ਚਉਕੀ ਵਿਚ ਧਰੁਪਦ ਅੰਗ ਦੇ ਸ਼ਬਦ ਦਾ ਵਿਸ਼ੇਸ਼ ਮਹੱਤਵ ਹੈ। ਜਦੋਂ ‘ਪਦ’ ਗਾਇਨ ਸ਼ੈਲੀ ਨੂੰ ਧਰੁਪਦ ਅੰਗ ਤੋਂ ਗਾਇਆ ਜਾਂਦਾ ਹੈ ਤਾ ਉਸਨੂੰ ਧਰੁਪਦ ਅੰਗ ਦਾ ਸ਼ਬਦ ਵਜੋਂ ਪ੍ਰਭਾਸ਼ਿਤ ਕੀਤਾ ਜਾਂਦਾ ਹੈ। ਧਰੁਪਦ ਅੰਗ ਦਾ ਸ਼ਬਦ ਗੁਰਮਤਿ ਸੰਗੀਤ ਦੀ ਵਿਲੱਖਣ ਗਾਇਨ ਸ਼ੈਲੀ ਹੈ ਜਿਸ ਵਿਚ ਸ਼ਬਦ ਨੂੰ ਖੁੱਲੇ ਬੋਲਾਂ ਦੀ ਤਾਲ ਜਿਵੇਂ ਚਾਰਤਾਲ ਆਦਿ ਵਿਚ ਨਿਬੱਧ ਕਰਕੇ ਗਾਇਆ ਜਾਂਦਾ ਹੈ।
ਦੱਖਣੀ ਰਾਗ : ਇਹ ਉਹ ਰਾਗ ਹਨ ਜਿਨ੍ਹਾਂ ਦਾ ਪ੍ਰਯੋਗ ਗੁਰੂ ਗ੍ਰੰਥ ਸਾਹਿਬ ਵਿਚ ਵਿਸ਼ੇਸ਼ ਰੂਪ ਵਿਚ ਹੋਇਆ ਹੈ। ਇਨ੍ਹਾਂ ਨੂੰ ਹੀ ਦੱਖਣੀ ਰਾਗ ਵਜੋਂ ਜਾਣਿਆ ਜਾਂਦਾ ਹੈ ਜਿਵੇਂ ਬਿਲਾਵਲ ਦੱਖਣੀ, ਵਡਹੰਸ ਦੱਖਣੀ, ਰਾਮਕਲੀ ਦੱਖਣੀ, ਮਾਰੂ ਦੱਖਣੀ ਅਤੇ ਗਉੜੀ ਦੱਖਣੀ ਆਦਿ।
ਕੀਰਤਨੀਆਂ : ਗੁਰਮਤਿ ਸੰਗੀਤ ਵਿਚ ਕੀਰਤਨੀਆਂ ਉਸ ਨੂੰ ਕਿਹਾ ਜਾਂਦਾ ਹੈ ਜੋ ਗੁਰਮਤਿ ਸੰਗੀਤ ਵਿਧੀ-ਵਿਧਾਨ ਅਨੁਸਾਰ ਉਸ ਵਾਹਿਗੁਰੂ/ਅਕਾਲ ਪੁਰਖ ਦੀ ਉਪਮਾ ਦਾ ਗਾਇਨ ਕਰਦਾ ਹੈ। ਗੁਰਮਤਿ ਸੰਗੀਤ ਵਿਚ ਸ਼ਬਦ ਕੀਰਤਨ ਦਾ ਆਰੰਭ ਗੁਰੂ ਨਾਨਕ ਦੇਵ ਜੀ ਤੋਂ ਹੁੰਦਾ ਹੈ। ਇਸ ਲਈ ਗੁਰੂ ਨਾਨਕ ਦੇਵ ਜੀ ਆਪ ਗੁਰਮਤਿ ਦੇ ਪਹਿਲੇ ਕੀਰਤਨੀਏ ਸਨ। ਉਨ੍ਹਾਂ ਤੋਂ ਬਾਅਦ ਅਗਲੇਰੇ ਗੁਰੂ ਸਾਹਿਬਾਨ ਨੇ ਇਸ ਪਰੰਪਰਾ ਨੂੰ ਨਿਰੰਤਰ ਜਾਰੀ ਰੱਖਿਆ। ਇਕ ਆਦਰਸ਼ ਕੀਰਤਨੀਏ ਵਿਚ ਰਾਗ, ਤਾਲ ਦਾ ਗੂੜ੍ਹ ਗਿਆਨ, ਸੁਰੀਲਾ ਗਲਾ ਅਤੇ ਸ਼ੁੱਧ ਬਾਣੀ ਉਚਾਰਣ ਆਦਿ ਗੁਣ ਹੋਣੇ ਵੀ ਲਾਜ਼ਮੀ ਹਨ।
ਟੁਕੜਾ : ਟੁਕੜੇ ਦਾ ਪ੍ਰਯੋਗ ਤਬਲਾ ਵਾਦਨ ਸ਼ੈਲੀ ਵਿਚ ਵਿਸ਼ੇਸ਼ ਰੂਪ ਵਿਚ ਕੀਤਾ ਜਾਂਦਾ ਹੈ। ਟੁਕੜੇ ਤੋਂ ਭਾਵ ਇਕ ਆਵਰਤਨ ਜਾਂ ਇਸ ਤੋਂ ਘੱਟ ਮਾਤਰਾਵਾਂ ਲਈ ਪ੍ਰਯੋਗ ਕੀਤੇ ਜਾਣ ਵਾਲੀ ਪਰਨ ਸ਼ੈਲੀ ਦੀ ਰਚਨਾ ਨੂੰ ਕਿਹਾ ਜਾਂਦਾ ਹੈ। ਇਸ ਦੇ ਮੁਕਾਅ ਵਿਚ ਤਿਹਾਈ ਪ੍ਰਯੋਗ ਕੀਤੀ ਜਾਂਦਾ ਹੈ।
ਤਿਹਾਈ : ਤਿਹਾਈ ਤੋਂ ਭਾਵ ਕਿਸੇ ਸੰਪੂਰਨ ਇਕਾਈ ਜਾਂ ਰਚਨਾ ਦੇ ਤੀਜੇ ਹਿੱਸੇ ਤੋਂ ਹੈ। ਤਾਲ ਵਾਦਨ ਵਿਚ ਅਜਿਹੇ ਬੋਲ ਜਿਨ੍ਹਾਂ ਦੇ ਤਿੰਨ ਵਾਰ ਲਗਾਤਾਰ ਵਾਦਨ ਨਾਲ ਸਮ ਦੀ ਪ੍ਰਾਪਤੀ ਹੋਵੇ ਉਸ ਨੂੰ ਤਿਹਾਈ ਆਖਦੇ ਹਨ। ਤਿਹਾਈ ਦਾ ਗਾਇਨ ਤੇ ਵਾਦਨ ਦੋਹਾਂ ਵਿਚ ਵਿਸ਼ੇਸ਼ ਮਹੱਤਵ ਹੈ। ਵਾਦਨ ਵਿਚ ਜਿਥੇ ਤਾਲ ਬੋਲਾਂ ਦੀ ਤਿਹਾਈ ਬਣਾਈ ਜਾਂਦੀ ਹੈ ਉਥੇ ਗਾਇਨ ਦੀ ਸਮਾਪਤੀ ਵੀ ਤਿਹਾਈ ਨਾਲ ਹੁੰਦੀ ਹੈ।
|