|
ਸਿੱਖ ਧਰਮ ਵਿਚ ਜੀਵਨ ਸੰਸਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਆਧਾਰਿਤ ਸ਼ਬਦ ਅਨੁਸਾਰ ਹੀ ਸੰਪੂਰਨ ਹੁੰਦੇ ਹਨ। ਇਸ ਲਈ ਇਸ ਦੀ ਸਥਾਪਤ ਅਤੇ ਨਿਰਧਾਰਿਤ ਪਰੰਪਰਾ ਹੈ ਜੋ ਸੀਨਾ-ਬ-ਸੀਨਾ ਚਲਕੇ ਵਰਤਮਾਨ ਸਮੇਂ ਵੀ ਪ੍ਰਚੱਲਿਤ ਹੈ। ਗੁਰਮਤਿ ਸੰਗੀਤ ਦੀ ਵਿਹਾਰਕ ਪਰੰਪਰਾ ਸਿੱਖ ਧਰਮ ਵਿੱਚ ਆਸਥਾ ਰੱਖਣ ਵਾਲੇ ਲੋਕਾਂ ਦੇ ਜੀਵਨ ਨਾਲ ਪੂਰਨ ਤੌਰ 'ਤੇ ਜੁੜੀ ਹੋਈ ਹੈ। ਸਿੱਖੀ ਜੀਵਨ ਦੇ ਆਰੰਭ(ਜੀਵਨ) ਤੋਂ ਲੈ ਕੇ ਅੰਤ (ਮੌਤ) ਤੱਕ ਵੱਖ-ਵੱਖ ਰਸਮਾਂ, ਰੀਤਾਂ ਸ਼ਬਦ ਕੀਰਤਨ ਨਾਲ ਸੁਸਜਿਤ ਹਨ। ਜੀਵਨ ਦੀ ਹਰ ਘੜੀ ਹਰ ਪਲ ਜਿੱਥੇ ਉਸ ਪ੍ਰਮਾਤਮਾ ਨੂੰ ਧਿਆਉਣ ਦਾ ਅਤੇ ਨਿਰਮੋਲ ਕੀਰਤਨ ਦੁਆਰਾ ਹਰੀ ਜਸ ਦਾ ਆਦੇਸ਼ ਸਿੱਖ ਜਗਤ ਨੂੰ ਹੈ ਉਥੇ ਜੀਵਨ ਦੇ ਹਰ ਅਵਸਰ ਉਤੇ ਬਾਣੀ ਦੁਆਰਾ ਜੀਵ ਨੂੰ ਉਪਦੇਸ਼ ਦਿੱਤਾ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਾਜਿਕ ਜੀਵਨ ਦੇ ਪ੍ਰਸੰਗ ਵਿਚ ਵਾਚੀਏ ਤਾਂ ਸਹਿਜੇ ਹੀ ਪਤਾ ਲਗ ਜਾਂਦਾ ਹੈ ਕਿ ਗੁਰੂ ਸਾਹਿਬਾਨ ਸਾਡੇ ਸਭਿਆਚਾਰਕ ਜੀਵਨ ਦਾ ਅਧਿਆਤਮਕ ਬਦਲ ਦੇ ਰਹੇ ਹਨ। ਇਸ ਤਰ੍ਹਾਂ ਹਰ ਇਕ ਜੀਵਨ ਘਟਨਾ ਅਤੇ ਕਾਰ, ਵਿਹਾਰ ਸਬੰਧੀ ਸਾਨੂੰ ਗੁਰਬਾਣੀ ਵਿਚੋਂ ਸ਼ਬਦ ਮਿਲ ਜਾਂਦੇ ਹਨ ਜਿਨ੍ਹਾਂ ਦਾ ਨਿਰਧਾਰਿਤ ਵਿਧੀ ਅਤੇ ਪਰੰਪਰਾ ਅਨੁਸਾਰ ਗਾਇਨ ਕੀਤਾ ਜਾਂਦਾ ਹੈ। ਗੁਰਮਤਿ ਸੰਗੀਤ ਦੀ ਇਹ ਪਰੰਪਰਾ ਹੈ ਕਿ ਖੁਸ਼ੀ ਅਤੇ ਗਮੀ ਦੀ ਰਸਮ ਨਿਰਧਾਰਿਤ ਸ਼ਬਦ ਕੀਰਤਨ ਦੁਆਰਾ ਸੰਪੰਨ ਕੀਤੀ ਜਾਵੇ। ਗੁਰਮਤਿ ਸੰਗੀਤ ਦੇ ਨਿਪੁੰਨ ਗਾਇਕ(ਕੀਰਤਨੀਏਂ) ਇਸ ਸਮੇਂ ਸ਼ਾਸਤਰੀ ਅਤੇ ਲੋਕ ਅੰਗ ਦੀਆਂ ਵਿਭਿੰਨ ਸ਼ੈਲੀਆਂ ਦਾ ਗਾਇਨ ਕਰਦੇ ਆ ਰਹੇ ਹਨ ਜਿਨ੍ਹਾਂ ਦੀ ਇਕ ਸਥਾਪਿਤ ਪਰੰਪਰਾ ਹੈ। ਸਿੱਖੀ ਜੀਵਨ ਦੇ ਵਿਭਿੰਨ ਮੌਕਿਆਂ ਤੇ ਸ਼ਬਦ ਕੀਰਤਨ ਪ੍ਰਥਾ ਦਾ ਅਧਿਐਨ ਇਸ ਤਰ੍ਹਾਂ ਹੈ।
ਜਨਮ ਸਮੇਂ ਦੀ ਕੀਰਤਨ ਪਰੰਪਰਾ :
ਸਿੱਖ ਧਰਮ ਵਿੱਚ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਪਰਮਾਤਮਾਂ ਵਲੋਂ ਦਿੱਤੀ ਗਈ ਦਾਤ ਦਾ ਭਰਪੂਰ ਸ਼ੁਕਰਾਨਾ ਕੀਤਾ ਜਾਂਦਾ ਹੈ ਅਤੇ ਇਸ ਅਵਸਰ ਤੇ ਸ਼ਬਦ ਕੀਰਤਨ ਦੁਆਰਾ ਉਸ ਪਰਮਾਤਮਾ ਦਾ ਕੋਟਾਨ ਕੋਟ ਧੰਨਵਾਦ ਕੀਤਾ ਜਾਂਦਾ ਹੈ। ਇਸ ਅਵਸਰ ਉੱਤੇ ਸ਼ੁਕਰਾਨੇ/ਬਖਸ਼ਿਸ਼ ਦੇ ਸ਼ਬਦਾਂ ਤੋਂ ਇਲਾਵਾ ਬੱਚੇ ਦੇ ਜਨਮ ਨਾਲ ਸਬੰਧਿਤ ਸ਼ਬਦਾਂ ਦਾ ਰਾਗ ਗੂਜਰੀ, ਟੋਡੀ, ਆਸਾ 'ਤੇ ਆਧਾਰਿਤ ਕਰਕੇ ਗਾਇਨ ਕੀਤਾ ਜਾਂਦਾ ਹੈ ਜਿਵੇਂ :
- ਪੂਤਾ ਮਾਤਾ ਕੀ ਆਸੀਸ
ਨਿਮਖ ਨ ਬਿਸਰਉ ਤੁਮ ਕਉ ਹਰਿ ਹਰਿ
ਸਦਾ ਭਜਹੁ ਜਗਦੀਸ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾਂ 498)
- ਕੈਹਾ ਕੰਚਨੁ ਤੁਟੈ ਸਾਰੁ॥
ਅਗਨੀ ਗੰਢੁ ਪਾਏ ਲੋਹਾਰ॥
ਗੋਰੀ ਸੇਤੀ ਤੁਟੈ ਭਤਾਰੁ॥
ਪੁਤੀਂ ਗੰਢ ਪਵੈ ਸੰਸਾਰਿ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾਂ143)
- ਗੁਝੀ ਛੰਨੀ ਨਾਹੀ ਬਾਤ॥
ਗੁਰੁ ਨਾਨਕ ਤੁਠਾ ਕੀਨੀ ਦਾਤਿ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾਂ 396)
ਸ਼ਬਦ ਕੀਰਤਨ ਦੀ ਇਹ ਪਰੰਪਰਾ ਹੁਣ ਸਥਾਪਿਤ ਹੋ ਚੁੱਕੀ ਐ ਅਤੇ ਇਸਦਾ ਗਾਇਨ ਜਰੂਰੀ ਸਮਝਿਆ ਜਾਂਦਾ ਹੈ। ਇਸ ਉਪਰੰਤ ਰਾਮਕਲੀ ਰਾਗ ਵਿਚ 'ਅਨੰਦ ਸਾਹਿਬ' ਦੀਆਂ 6 ਪਉੜੀਆਂ ਦਾ ਗਾਇਨ ਕਰਕੇ ਸਮਾਪਤੀ ਕੀਤੀ ਜਾਂਦੀ ਹੈ।
ਕੁੜਮਾਈ ਅਤ ਮਿਲਣੀ ਸਮੇਂ ਦੀ ਕੀਰਤਨ ਪਰੰਪਰਾ :
ਸਿੱਖੀ ਜੀਵਨ ਵਿਚ ਲੜਕੇ ਤੇ ਲੜਕੀ ਦੇ ਵਿਆਹ ਤੋਂ ਪਹਿਲਾਂ ਕੁੜਮਾਈ ਦੀ ਰਸਮ ਕੀਤੀ ਜਾਂਦੀ ਹੈ। ਕੁੜਮਾਈ ਦੀ ਰਸਮ ਸਮੇਂ ਰਾਗੀਂ ਸਿੰਘਾਂ ਵਲੋਂ ਹੋਰ ਸ਼ਬਦਾਂ ਤੋਂ ਇਲਾਵਾ ਰਾਗ ਸੂਹੀ ਵਿਚ :
- ਸਤ ਸੰਤੋਖੁ ਕਰਿ ਭਾਉ ਕੁੜਮੁ ਕੁੜਮਾਈ ਆਇਆ ਬਲਿ ਰਾਮ ਜੀਓੁ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾਂ 773)
ਸ਼ਬਦ ਦਾ ਗਾਇਨ ਕੀਤਾ ਜਾਂਦਾ ਹੈ। ਜਦੋਂ ਲੜਕੇ ਵਾਲੇ ਲੜਕੀ ਨੂੰ ਵਿਆਹੁਣ ਲਈ ਲੜਕੀ ਦੇ ਘਰ ਜਾਂਦੇ ਹਨ ਤਾਂ ਮਿਲਣੀ ਸਮੇਂ ਲੜਕੀ ਵਾਲਿਆਂ ਵਲੋਂ 'ਹਮ ਘਰਿ ਸਾਜਨ ਆਏ ਸਾਚੈ ਮੇਲਿ ਮਿਲਾਏ' ਸ਼ਬਦ ਦਾ ਬਿਨਾ ਸਾਜ਼ ਤੋਂ ਸਮੂਹਿਕ ਰੂਪ ਵਿਚ ਗਾਇਨ ਕਰਨ ਦੀ ਪਰੰਪਰਾ ਹੈ।
ਅਨੰਦ ਕਾਰਜ ਦੀ ਕੀਰਤਨ ਪਰੰਪਰਾ :
ਗੁਰਮਤਿ ਸੰਗੀਤ ਪਰੰਪਰਾ ਵਿਚ ਵਿਆਹ ਦੀ ਰਸਮ ਦਾ ਵੀ ਵਿਲੱਖਣ ਰੂਪ ਹੈ। ਵਿਆਹ ਦੀ ਸੰਪੂਰਣ ਰਸਮ ਨੂੰ 'ਅਨੰਦ ਕਾਰਜ' ਨਾਮ ਨਾਲ ਸੰਬੋਧਿਤ ਕੀਤਾ ਜਾਂਦਾ ਹੈ। ਪੁਰਾਤਨ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਰਚਿਤ ਰਾਗ ਵਡਹੰਸ 'ਤੇ ਆਧਾਰਿਤ ਘੋੜੀਆਂ ਗਾਉਣ ਦਾ ਪ੍ਰਚਲਨ ਵੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਜਿਹੇ ਛੰਤਾਂ ਦੀ ਰਚਨਾਂ ਵੀ ਮਿਲਦੀ ਹੈ, ਜਿਨ੍ਹਾਂ ਦੀ ਸਿੱਖ ਧਰਮ ਵਿਚ ਵਿਆਹ ਦੀ ਰਸਮ ਵੇਲੇ ਉਚਾਰਨ ਦੇ ਨਾਲ ਪਰਿਕਰਮਾਂ ਲੈ ਕੇ ਰਸਮ ਪੂਰਣ ਹੁੰਦੀ ਹੈ। ਸਿੱਖ ਜਗਤ ਵਿਚ ਇਨ੍ਹਾਂ ਛੱਤਾਂ ਨੂੰ 'ਲਾਂਵਾਂ' ਨਾਲ ਸੰਬੋਧਿਤ ਕੀਤਾ ਜਾਂਦਾ ਹੈ ਪਰ ਬਾਣੀ ਵਿਚ ਲਾਂਵ ਸਿਰਲੇਖ ਨਹੀਂ ਹੈ। ਇਨ੍ਹਾਂ ਛੰਤਾਂ ਦੀ ਲਾਂਵ ਆਰੰਭ ਅਤੇ ਸਮਾਪਤੀ ਕ੍ਰਮ ਨਾਲ ਹੁੰਦੀ ਹੈ। ਇਨ੍ਹਾਂ ਵਿਚ ਪਤੀ ਪਤਨੀ ਦੇ ਰੂਪਕ ਤੋਂ ਜੀਵਾਤਮਾਂ ਅਤੇ ਪਰਮਾਤਮਾਂ ਮਿਲਾਪ ਦੇ ਸੰਬੰਧਿਤ ਭਾਵਾਂ ਦਾ ਚਿਤ੍ਰਣ ਕੀਤਾ ਗਿਆ ਹੈ।
ਵਿਆਹ ਦੀ ਰਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸੰਗਤ ਦੇ ਸਾਹਮਣੇ ਕੀਤੀ ਜਾਂਦੀ ਹੈ। ਇਸ ਵਿਚ ਸਭ ਤੋਂ ਪਹਿਲਾਂ 'ਆਸਾ ਦੀ ਵਾਰ' ਦਾ ਕੀਰਤਨ ਹੁੰਦਾ ਹੈ ਪਰ ਅੱਜ ਕੱਲ 'ਆਸਾ ਦੀ ਵਾਰ' ਤੋਂ ਬਿਨਾਂ ਸ਼ਬਦਾਂ ਦਾ ਹੀ ਗਾਇਨ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਵਿਆਹ ਦੀ ਰਸਮ ਨੂੰ ਨੇਪਰੇ ਚਾੜ੍ਹਨ ਲਈ ਪਰਮਾਤਮਾਂ ਅੱਗੇ ਅਰਜੋਈ ਵਜੋਂ :
- ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ॥
ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾਂ 91)
ਸ਼ਬਦ ਦਾ ਗਾਇਨ ਕੀਤਾ ਜਾਂਦਾ ਹੈ। ਲੜਕੀ ਦਾ ਪਿਤਾ ਲੜਕੀ ਦੇ ਹੱਥ ਪੱਲਾ ਫੜਾਉਂਦਾ ਹੈ ਤਾ ਉਸ ਸਮੇਂ :
- ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਞਾਈ ਛੋੜਿਆ ਹਭੁ ਕਿਝੁ ਤਿਆਗੀ॥
ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੈ ਲਾਗੀ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾਂ 963)
ਸ਼ਬਦ ਗਾਇਨ ਕੀਤਾ ਜਾਂਦਾ ਹੈ। ਇਸ ਸ਼ਬਦ ਤੋਂ ਇਲਾਵਾ ਮੌਕੇ ਅਨੁਸਾਰ ਭਾਵ ਅਨੰਦ ਮੰਗਲ ਦੇ ਸ਼ਬਦ :
- ਗਾਉ ਗਾਉ ਰੀ ਦੁਲਹਨੀ ਮੰਗਲਚਾਰਾ॥
ਮੇਰੇ ਗ੍ਰਿਹ ਆਏ ਰਾਜਾ ਰਾਮ ਭਤਾਰਾ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾਂ 482)
- ਨਾ ਮੈ ਰੂਪ ਨ ਬੰਕੇ ਨੈਣਾ॥
ਨ ਕੁਲੁ ਢੰਗੁ ਨ ਮੀਠੇ ਬੈਣਾ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾਂ 500)
ਆਦਿ ਰਾਗ ਵਡਹੰਸ, ਸੂਹੀ, ਗੂਜਰੀ, ਟੋਡੀ, ਆਸਾਵਰੀ, ਰਾਮਕਲੀ 'ਤੇ ਆਧਾਰਿਤ ਦਾ ਗਾਇਨ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਲਾਵਾਂ ਦਾ ਪਾਠ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਭਾਈ ਸਾਹਿਬ ਪਹਿਲਾਂ ਇਕ ਲਾਂਵ ਪੜ੍ਹਦੇ ਹਨ। ਜੋ ਵਿਹਾਂਦੜ ਜੋੜੀ ਹਜੂਰੀ ਵਿੱਚ ਬੈਠ ਕੇ ਧਿਆਨ ਨਾਲ ਸੁਣਦੀ ਹੈ। ਫਿਰ ਰਾਗੀ ਸਿੰਘ ਉਸ ਲਾਂਵ ਨੂੰ ਗਾ ਕੇ ਪੜਦੇ ਹਨ ਅਤੇ ਇਸ ਦੌਰਾਨ ਵਿਹਾਂਦੜ ਜੋੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਹੀ ਪਰਿਕਰਮਾਂ ਲਈਆਂ ਜਾਂਦੀਆਂ ਹਨ। ਇਸ ਤੋਂ ਉਪਰੰਤ 'ਆਨੰਦ ਸਾਹਿਬ' ਦੀਆਂ ਛੇ ਪਉੜੀਆਂ ਦਾ ਗਾਇਨ ਕੀਤਾ ਜਾਂਦਾ ਹੈ। ਅਨੰਦ ਸਾਹਿਬ ਦੇ ਗਾਇਨ ਕਰਨ ਤੋਂ ਬਾਅਦ 'ਵੀਆਹੁ ਹੋਆ ਮੇਰੇ ਬਾਬੁਲਾ' ਅਤੇ 'ਪੂਰੀ ਆਸਾ ਜੀ ਮਨਸਾ ਮੇਰੇ ਰਾਮ' ਸ਼ਬਦ ਦਾ ਗਾਇਨ ਕਰਕੇ ਸਮਾਪਤੀ ਲਈ ਅਰਦਾਸ ਕੀਤੀ ਜਾਂਦੀ ਹੈ। ਇਸ ਤਰ੍ਹਾਂ ਇਹ 'ਆਨੰਦ ਕਾਰਜ' ਕੀ ਰਸਮ ਪੂਰੀ ਹੁੰਦੀ ਹੈ।
ਅਕਾਲ ਚਲਾਣੇ ਦੀ ਕੀਰਤਨ ਪਰੰਪਰਾ :
ਸਿੱਖੀ ਜੀਵਨ ਵਿਚ ਹਰ ਖੁਸ਼ੀ ਗਮੀ ਦੇ ਮੌਕੇ ਤੇ ਪਰਮਾਤਮਾ ਦੇ ਗੁਣ ਗਾਇਨ ਕਰਨ ਅਤੇ ਮਨ ਵਿਚ ਵਸਾਉਣ ਦੀ ਪਰੰਪਰਾ ਹੈ। ਇਸੇ ਤਰ੍ਹਾਂ ਪ੍ਰਾਣੀ ਦੇ ਅਕਾਲ ਚਲਾਣੇ ਤੇ ਜਦੋਂ ਤਕ ਦੇਹ ਹੈ, ਅੰਜੁਲੀਆਂ ਮਾਰੂ ਰਾਗ ਵਿਚ ਸ਼ਬਦ ਅਤੇ ਮਾਰੂ ਦੀ ਵਾਰ ਵਿਚੋਂ ਪਉੜੀ ਦਾ ਗਾਇਨ ਕੀਤਾ ਜਾਂਦਾ ਹੈ ਮਗਰੋਂ ਦੇਹ ਨੂੰ ਦਾਹ ਦੇਣ ਮਗਰੋਂ ਵਡਹੰਸ ਰਾਗ ਦੀਆਂ ਅਲਾਹੁਣੀਆਂ ਗਾਇਨ ਕਰਨ ਦਾ ਆਦੇਸ਼ ਹੈ। ਇਸ ਤੋਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਜਾਂਦਾ ਹੈ ਅਤੇ ਸਮੇਂ ਦੇ ਨਿਰਧਾਰਿਤ ਰਾਗ ਮਾਰੂ, ਵਡਹੰਸ, ਜੈਜਾਵੰਤੀ, ਤਿਲੰਗ, ਤਿਲੰਗ ਕਾਫੀ, ਮਾਰੂ ਕਾਫੀ ਆਦਿ ਵਿਚ ਮੌਕੇ ਅਨੁਸਾਰ ਸ਼ਬਦਾਂ ਦਾ ਗਾਇਨ ਕੀਤਾ ਜਾਂਦਾ ਹੈ। ਉਦਾਹਰਣ ਦੇ ਤੌਰ ਤੇ :
- ਰੇ ਮਨ ਵਤ੍ ਬੀਜਣ ਨਾਉ॥
ਬੋਇ ਖੇਤੀ ਲਾਇ ਮਨੂਆ ਭਲੋ ਸਮਾਉ ਸੁਆਉ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾਂ 1002)
- ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥
ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾਂ 1429)
ਆਦਿ ਸ਼ਬਦਾਂ ਦਾ ਸਮੇਂ ਨਾਲ ਸੰਬੰਧਿਤ ਰਾਗਾਂ ਵਿਚ ਗਾਇਨ ਕੀਤਾ ਜਾਂਦਾ ਹੈ। ਇਨ੍ਹਾਂ ਸ਼ਬਦਾਂ ਵਿਚ ਸੰਸਾਰ ਦੀ ਨਾਸ਼ਮਾਨਤਾ, ਅਮੁੱਲੇ, ਮਨੁੱਖੀ ਜੀਵਨ ਵਿਚ ਚੰਗੇ ਕਰਮ ਕਰਨ ਆਦਿ ਵਿਸ਼ਿਆਂ ਤੋਂ ਇਲਾਵਾ ਸੰਸਾਰਿਕ ਕਾਰ-ਵਿਹਾਰ ਕਰਦੇ ਹੋਏ ਮਾਇਆ ਵਲੋਂ ਉਪਰਾਮ ਹੋ ਕੇ ਪਰਮਾਤਮਾ ਨੂੰ ਯਾਦ ਕਰਨ ਦਾ ਸੰਦੇਸ਼ ਹੈ।
ਇਸ ਤਰ੍ਹਾਂ ਸਿੱਖੀ ਜੀਵਨ ਦੇ ਵਿਭਿੰਨ ਸੰਸਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਤ ਆਧਾਰਿਤ ਸ਼ਬਦ ਅਨੁਸਾਰ ਪੂਰਨ ਹੁੰਦੇ ਉਥੇ ਗੁਰਮਤਿ ਸੰਗੀਤ ਦੀ ਵੀ ਅਹਿਮ ਭੂਮਿਕਾ ਹੈ। ਇਸ ਲਈ ਇਸਦੀ ਸਥਾਪਿਤ ਅਤੇ ਨਿਰਧਾਰਿਤ ਪਰੰਪਰਾ ਜੋ ਸੀਨਾ-ਬ-ਸੀਨਾ ਚਲਕੇ ਵਰਤਮਾਨ ਸਮੇਂ ਵੀ ਪ੍ਰਚੱਲਿਤ ਹੈ।
|
|
|
1. ਗੁਰਮਤਿ ਸੰਗੀਤ ਤਕਨੀਕੀ ਸ਼ਬਦਾਵਲੀ, ਗੁਰਨਾਮ ਸਿੰਘ (ਡਾ.) ਮੁੱਖ ਸੰਪਾ., ਪੰਜਾਬੀ ਯੂਨੀਵਰਸਿਟੀ, ਪਟਿਆਲਾ, 2012.
2. ਗੁਰਮਤਿ ਸੰਗੀਤ ਪਰਬੰਧ ਤੇ ਪਾਸਾਰ, ਗੁਰਨਾਮ ਸਿੰਘ (ਡਾ.), ਪੰਜਾਬੀ ਯੂਨੀਵਰਸਿਟੀ, ਪਟਿਆਲਾ, 2000.
|
|