Home | Feedback | Contact Us | Sign Out

ਗੁਰਮਤਿ ਸੰਗੀਤ ਪਰੰਪਰਾ ਵਿਚ ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਯੋਗਦਾਨ

ਵਿਸ਼ਾ :  

ਗੁਰਮਤਿ ਸੰਗੀਤ ਪਰੰਪਰਾ ਵਿਚ ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਯੋਗਦਾਨ

ਵਿਸ਼ਾ ਮਾਹਿਰ :  

ਡਾ. ਗੁਰਨਾਮ ਸਿੰਘ
ਪ੍ਰੋਫ਼ੈਸਰ ਤੇ ਮੁਖੀ
ਗੁਰਮਤਿ ਸੰਗੀਤ ਵਿਭਾਗ-ਗੁਰਮਤਿ ਸੰਗੀਤ ਚੇਅਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ।


  ਸ੍ਰੀ ਗੁਰੂ ਰਾਮਦਾਸ ਜੀ ਦਾ ਯੋਗਦਾਨ  
 

ਪਾਠ ਦਾ ਉਦੇਸ਼
            ਇਸ ਪਾਠ ਦਾ ਉਦੇਸ਼ ਚੌਥੇ ਗੁਰੂ ਰਾਮਦਾਸ ਜੀ ਦਾ ਗੁਰਮਿਤ ਸੰਗੀਤ ਵਿਚ ਯੋਗਦਾਨ ਸਬੰਧੀ ਜਾਣਕਾਰੀ ਪ੍ਰਦਾਨ ਕਰਨਾ ਹੈ।
ਪਾਠ ਦਾ ਸਾਰ
            ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਸਨ, ਜਿਨ੍ਹਾਂ ਦਾ ਗੁਰਮਤਿ ਸੰਗੀਤ ਦੇ ਵਿਕਾਸ ਵਿਚ ਵਿਸ਼ੇਸ਼ ਯੋਗਦਾਨ ਰਿਹਾ ਹੈ। ਜਿਥੇ ਗੁਰੂ ਰਾਮਦਾਸ ਜੀ ਨੇ ਆਪਣੇ ਪੂਰਬਲੇ ਗੁਰੂ ਸਾਹਿਬਾਨ ਦੁਆਰਾ ਚਲਾਏ ਗਏ ਸ਼ਬਦ ਕੀਰਤਨ ਦੇ ਪਰਵਾਹ ਨੂੰ ਅਗਾਂਹ ਤੋਰਿਆ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪਦੇ, ਪਹਿਰੇ, ਪੜਤਾਲ, ਛੰਤ, ਵਾਰ ਅਤੇ ਘੋੜੀਆਂ ਆਦਿ ਸ਼ੈਲੀਆਂ ਵਿਚ ਬਾਣੀ ਦੀ ਰਚਨਾ ਕੀਤੀ। ਗੁਰੂ ਰਾਮਦਾਸ ਜੀ ਨੇ 30 ਮੁੱਖ ਅਤੇ 12 ਰਾਗ ਪ੍ਰਕਾਰਾਂ ਵਿਚ ਬਾਣੀ ਦੀ ਰਚਨਾ ਕੀਤੀ ਹੈ।  ਗੁਰੂ ਰਾਮਦਾਸ ਜੀ ਦਾ ਪੜਤਾਲ ਗਾਇਨ ਸ਼ੈਲੀ ਦੇ ਸੰਦਰਭ ਵਿਚ ਵਿਸ਼ੇਸ਼ ਯੋਗਦਾਨ ਰਿਹਾ ਹੈ। ਆਪ ਨੇ 5 ਮੁੱਖ ਰਾਗਾਂ ਅਤੇ 2 ਰਾਗ ਪ੍ਰਕਾਰਾਂ ਵਿਚ ਪੜਤਾਲਾਂ ਦੀ ਰਚਨਾ ਕੀਤੀ ਹੈ। ਇਸੇ ਤਰ੍ਹਾਂ ਹੀ ਆਸਾ ਦੀ ਵਾਰ, ਰਾਗ ਸੂਹੀ ਵਿਚ ਲਾਵਾਂ ਅਤੇ ਰਾਗ ਵਡਹੰਸ ਵਿਚ ਘੋੜੀਆਂ ਦੀ ਵਿਸ਼ੇਸ਼ ਰਚਨਾ ਬਾਣੀ ਰੂਪ ਵਿਚ ਕੀਤੀ ਹੈ। ਗੁਰੂ ਰਾਮਦਾਸ ਜੀ ਨੇ ਸ਼ਾਸਤਰੀ ਅਤੇ ਲੋਕ ਸੰਗੀਤਕ ਪਰੰਪਰਾਵਾਂ ਦਾ ਖੂਬਸੂਰਤ ਸੁਮੇਲ ਕਰਕੇ ਸ਼ਬਦ ਕੀਰਤਨ ਸ਼ੈਲੀ ਨੂੰ ਨਵੀਨਤਾ ਤੇ ਮੌਲਿਕਤਾ ਪ੍ਰਦਾਨ ਕੀਤੀ ਹੈ।
ਮੂਲ ਪਾਠ
            ਗੁਰਮਤਿ ਸੰਗੀਤ ਦੀ ਸਥਾਪਤੀ ਵਿਚ ਚੌਥੇ ਗੁਰੂ ਰਾਮਦਾਸ ਜੀ ਦਾ ਵਿਸ਼ੇਸ਼ ਯੋਗਦਾਨ ਹੈ। ਆਪ ਨੇ ਅੰਮ੍ਰਿਤਸਰ ਦਾ ਮੁੱਢ ਬੰਨ੍ਹਿਆ ਜਿਸ ਦਾ ਨਾਮ ਰਾਮਦਾਸਪੁਰਾ ਸੀ। ਇਸੇ ਸਥਾਨ `ਤੇ ਅੰਮ੍ਰਿਤ ਸਰੋਵਰ ਦਾ ਨਿਰਮਾਣ ਹੋਇਆ ਅਤੇ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ। ਗੁਰੂ ਰਾਮਦਾਸ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਕਈ ਮਹੱਤਵਪੂਰਨ ਉਪਰਾਲੇ ਕੀਤੇ। ਆਪ ਨੇ ਮੌਲਿਕ ਬਾਣੀ ਦੀ ਰਚਨਾ ਕਰਕੇ ਪੂਰਵਲੇ ਗੁਰੂ ਸਾਹਿਬਾਨ ਦੁਆਰਾ ਪ੍ਰਚਲਿਤ ਸ਼ਬਦ ਕੀਰਤਨ ਦੀ ਗੁਰਮਤਿ ਸੰਗੀਤ ਪਰੰਪਰਾ ਨੂੰ ਅਗਾਂਹ ਤੋਰਦਿਆਂ ਆਪਣੀ ਬਾਣੀ, ਗਾਇਨ ਸ਼ੈਲੀਆਂ, ਰਾਗਾਂ ਅਤੇ ਸ਼ਬਦ ਕੀਰਤਨ ਚੌਕੀਆਂ ਦੇ ਵਿਕਾਸ ਦੁਆਰਾ ਵਿਸ਼ੇਸ਼ ਯੋਗਦਾਨ ਵੀ ਪਾਇਆ ਜਿਸ ਨੂੰ ਅਸੀਂ ਹੇਠ ਲਿਖੇ ਅਨੁਸਾਰ ਪਛਾਣ ਸਕਦੇ ਹਾਂ।
1. ਬਾਣੀ ਦੀ ਰਚਨਾ : ਗੁਰੂ ਰਾਮਦਾਸ ਜੀ ਨੇ 30 ਮੁੱਖ ਰਾਗਾਂ ਅਤੇ 12 ਰਾਗ ਪ੍ਰਕਾਰਾਂ ਵਿਚ ਬਾਣੀ ਦੀ ਰਚਨਾ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਰਚਨਾਵਾਂ ਦਾ ਵੇਰਵਾ ਨਿਮਨਲਿਖਤ ਅਨੁਸਾਰ ਹੈ : ਪਦੇ, ਪਹਿਰੇ, ਛੰਤ, ਵਣਜਾਰਾ, ਵਾਰ, ਅਸ਼ਟਪਦੀ, ਸਲੋਕ, ਕਰਹਲੇ, ਸੋ ਪੁਰਖੁ, ਘੋੜੀਆਂ, ਪੜਤਾਲ, ਸੋਹਲੇ।
2. ਬਾਣੀ ਅਧੀਨ ਕੀਰਤਨ ਵਾਸਤੇ ਗਾਇਨ ਸ਼ੈਲੀਆਂ ਦਾ ਪ੍ਰਯੋਗ : ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਸਤਰੀ ਅਤੇ ਲੋਕ ਗਾਇਨ ਸ਼ੈਲੀਆਂ ਦਾ ਪ੍ਰਸੰਗ ਹੋਇਆ ਹੈ। ਗੁਰੂ ਰਾਮਦਾਸ ਜੀ ਨੇ ਵੀ ਆਪਣੀ ਬਾਣੀ ਦੇ ਅੰਤਰਗਤ ਵਿਭਿੰਨ ਗਾਇਨ ਸ਼ੈਲੀਆਂ ਦਾ ਪ੍ਰਯੋਗ ਕੀਤਾ ਜੋ ਹੇਠ ਲਿਖੇ ਅਨੁਸਾਰ ਹੈ :
            1. ਸ਼ਾਸਤਰੀ ਗਾਇਨ ਸ਼ੈਲੀਆਂ      :           ਅਸ਼ਟਪਦੀ ਅਤੇ ਪੜਤਾਲ।
            2. ਲੋਕ ਗਾਇਨ ਸ਼ੈਲੀਆਂ               :           ਛੰਤ, ਵਾਰ ਅਤੇ ਘੋੜੀਆਂ।
3. ਪੜਤਲ ਗਾਇਨ ਸ਼ੈਲੀ ਦਾ ਵਿਸ਼ੇਸ਼ ਆਰੰਭ : ਗੁਰੂ ਰਾਮਦਾਸ ਜੀ ਨੇ 5 ਰਾਗਾਂ ਅਤੇ 2 ਰਾਗ ਪ੍ਰਕਾਰਾਂ ਵਿਚ ਪੜਤਾਲਾਂ ਦੀ ਗਾਇਨ ਸ਼ੈਲੀ ਦੀ ਰਚਨਾ ਕੀਤੀ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ।

 
     
 
 
     
 

5. ਸ਼ਬਦ ਕੀਰਤਨ ਚਉਕੀ ਪਰੰਪਰਾ ਦੇ ਵਿਕਾਸ ਵਿਚ ਯੋਗਦਾਨ : ਗੁਰੂ ਰਾਮਦਾਸ ਜੀ ਸਮੇਂ ਆਸਾ ਦੀ ਵਾਰ ਬਿਲਾਵਲ ਅਤੇ ਸੋਦਰੁ ਦੀਆਂ ਸ਼ਬਦ ਕੀਰਤਨ ਦੀ ਚਉਕੀਆਂ ਵਿਚ ਪ੍ਰਚਲਿਤ ਰਹੀਆਂ। ਬਾਅਦ ਵਿਚ ਇਹ ਕੀਰਤਨ ਚਉਕੀਆਂ ਦੀ ਇਕ ਵਿਸਤਰਿਤ ਪਰੰਪਰਾ ਪ੍ਰਗਟ ਹੋਈ ।
6. ਆਸਾ ਦੀ ਵਾਰ ਦੇ ਰਵਾਇਤੀ ਰੂਪ ਵਿਚ ਯੋਗਦਾਨ : ਇਸ ਸੰਦਰਭ ਵਿਚ ਆਸਾ ਦੀ ਵਾਰ ਦੇ ਨਾਲ ਵਰਤਮਾਨ ਸਮੇਂ ਗਾਇਨ ਕੀਤੇ ਜਾਣ ਵਾਲੇ ਛੰਤ ਗਾਇਨ ਸ਼ੈਲੀ ਗੁਰੂ ਰਾਮਦਾਸ ਜੀ ਦੀ ਵਿਸ਼ੇਸ਼ ਰਚਨਾ ਹੈ ਜਿਵੇਂ

                                     
ਆਸਾ ਮਹਲਾ ੪ ਛੰਤ ਘਰੁ ੪
ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੇਮਿ ਰੰਤਨਾ ਰਾਮ ਰਾਜੇ...
ਜਨੁ ਨਾਨਕ ਮੁਸਕਿ ਝਕੋਲਿਆ ਸਭ ਜਨਮੁ ਧਨੁ ਧੰਨਾ॥
                                                                                                (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੪੪੮)
          ਗੁਰੂ ਰਾਮਦਾਸ ਜੀ ਨੇ ਆਸਾ ਦੀ ਵਾਰ ਵਿਚ ਕੁੱਲ 24 ਛੰਤਾਂ ਦਾ ਗਾਇਨ ਕਰਨ ਦੀ ਪਰੰਪਰਾ ਆਰੰਭ ਕੀਤੀ।
7. ਸੂਹੀ ਰਾਗ ਵਿਚ ਲਾਵਾਂ ਦਾ ਵਿਸ਼ੇਸ਼ ਯੋਗਦਾਨ : ਸਿੱਖੀ ਜੀਵਨ ਵਿਚ ਵਿਆਹ ਦੇ ਸਮੇਂ ‘ਅਨੰਦ ਕਾਰਜ` ਦੀ ਕੀਰਤਨ ਚਉਕੀ ਲਗਾਈ ਜਾਂਦੀ ਹੈ। ਇਸ ਕੀਰਤਨ ਚਉਕੀ ਸਮੇਂ ਸੂਹੀ ਰਾਗ ਵਿਚ ਚਾਰ ਲਾਵਾਂ ਦਾ ਗਾਇਨ ਕੀਤਾ ਜਾਂਦਾ ਹੈ। ਇਹ ਗੁਰੂ ਰਾਮਦਾਸ ਜੀ ਦੀ ਵਿਸ਼ੇਸ਼ ਰਚਨਾ ਹੈ :
                             ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿਰਾਮ ਜੀਉ॥
                                      - - - - - - - - - - - - - - - - - - -
                             ਜਨੁ ਨਾਨਕੁ ਬੋਲੇ ਚਉਥੀ ਲਾਵੈ ਹਰਿ ਪਾਇਆ ਪ੍ਰਭੁ ਅਵਿਨਾਸੀ॥
                                                                                                                  (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੭੭੩)
8. ਵਡਹੰਸ ਰਾਗ ਵਿਚ ਘੋੜੀਆਂ ਦਾ ਵਿਸ਼ੇਸ਼ ਯੋਗਦਾਨ : ‘ਘੋੜੀਆਂ` ਗੁਰੂ ਰਾਮਦਾਸ ਜੀ ਦੀ ਲੋਕ ਬਾਣੀ ਰੂਪ ਵਜੋਂ ਵਿਸ਼ੇਸ਼ ਰਚਨਾ ਹੈ। ਗੁਰਮਤਿ ਸੰਗੀਤ ਦੇ ਪ੍ਰਸੰਗ ਵਿਚ ਵੇਖੀਏ ਤਾਂ ‘ਆਨੰਦ ਕਾਰਜ` ਦੀ ਕੀਰਤਨ ਚਉਕੀ ਸਮੇਂ ਵਡਹੰਸ ਰਾਗ ਵਿਚ ਲੋਕ ਗਾਇਨ ਸ਼ੈਲੀ ‘ਘੋੜੀਆਂ` ਦੇ ਗਾਇਨ ਦੀ ਪਰੰਪਰਾ ਵੀ ਹੈ। ਗੁਰੂ ਰਾਮਦਾਸ ਜੀ ਦੀ ਬਾਣੀ ਰਚਨਾ ਇਸ ਪ੍ਰਕਾਰ ਹੈ :
ਦੇਹ ਤੇਜਣਿ ਜੀ ਰਾਮਿ ਉਪਾਈਆ ਰਾਮ॥
ਜਨ ਨਾਨਕ ਹਰਿ ਵਰੁ ਪਾਇਆ ਮੰਗਲੁ ਮਿਲਿ ਸੰਤ ਜਨਾ ਵਾਧਾਈ॥੪॥
                                                                                                                  (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੫੭੫)
          ਗੁਰੂ ਰਾਮਦਾਸ ਜੀ ਦੀ ਬਾਣੀ ਅਤੇ ਸੰਗੀਤ ਦੇ ਅਨਿੱਖੜ ਸਬੰਧ ਵਿਸ਼ਲੇਸ਼ਣ ਤੇ ਵਿਆਖਿਆ ਪੱਖੋਂ ਅਨੇਕ ਸੰਭਾਵਨਾਵਾਂ ਰੱਖਦੇ ਹਨ। ਸਮੁੱਚੇ ਤੌਰ ਤੇ ਗੁਰਮਤਿ ਸੰਗੀਤ ਦੇ ਖੇਤਰ ਵਿਚ ਗੁਰੂ ਰਾਮਦਾਸ ਜੀ ਨੇ ਸ਼ਾਸਤਰੀ ਅਤੇ ਲੋਕ ਸੰਗੀਤਕ ਪਰੰਪਰਾਵਾਂ ਦਾ ਖੂਬਸੂਰਤ ਸੁਮੇਲ ਕਰਕੇ ਸ਼ਬਦ ਕੀਰਤਨ ਸ਼ੈਲੀ ਨੂੰ ਨਵੀਨਤਾ ਤੇ ਮੌਲਿਕਤਾ ਪ੍ਰਦਾਨ ਕੀਤੀ ਹੈ।

 
     
 

Assignments
1.         ਗੁਰੂ ਰਾਮਦਾਸ ਜੀ ਦੀ ਪੜਤਾਲ ਗਾਇਨ ਸ਼ੈਲੀ ਪ੍ਰਤੀ ਯੋਗਦਾਨ ਬਾਰੇ ਲਿਖੋ।
2.       ਗੁਰੂ ਰਾਮਦਾਸ ਜੀ ਦਾ ਸ਼ਬਦ ਕੀਰਤਨ ਚਉਕੀ ਦੇ ਵਿਕਾਸ ਵਿਚ ਯੋਗਦਾਨ ਬਾਰੇ ਲਿਖੋ।

Bibliography

1.       ਗੁਰਨਾਮ ਸਿੰਘ (ਡਾ.), ਗੁਰਮਤਿ ਸੰਗੀਤ ਪਰਬੰਧ ਤੇ ਪਾਸਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2000
2.       ਗੁਰਨਾਮ ਸਿੰਘ (ਡਾ.), ਗੁਰਮਤਿ ਸੰਗੀਤ ਤਕਨੀਕੀ ਸ਼ਬਦਾਵਲੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2012

 
     
     
     
 
 
     
 

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਯੋਗਦਾਨ

 
 

          ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾਤਮਕ ਸੰਗੀਤਕ ਸੰਕਲਨ ਦੁਆਰਾ ਗੁਰਮਤਿ ਸੰਗੀਤ ਨੂੰ ਬੁਨਿਆਦੀ ਸਿਧਾਂਤਕ ਅਧਾਰ ਪ੍ਰਦਾਨ ਕੀਤਾ, ਉੱਥੇ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਦੁਆਰਾ ਇਸ ਮੌਲਿਕ ਸੰਗੀਤ ਪਰੰਪਰਾ ਨੂੰ ਨਿਰੰਤਰਤਾ ਬਖਸ਼ੀ। ਇਹੀ ਕਾਰਨ ਹੈ ਕਿ ਗੁਰਮਤਿ ਸੰਗੀਤ ਦੇ ਵਿਕਾਸ ਵਿਚ ਗੁਰੂ ਅਰਜਨ ਦੇਵ ਜੀ ਦਾ ਯੋਗਦਾਨ ਵਿਸ਼ੇਸ਼ ਮਹੱਤਵ ਰੱਖਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਿੱਖੀ ਦੇ ਪੂਰਵਲੇ ਗੁਰੂ ਸਾਹਿਬਾਨ ਦੁਆਰਾ ਸਿਰਜਤ ਤੇ ਵਿਕਸਤ ਅਖੁੱਟ ਖਜ਼ਾਨੇ ਵਿਚੋਂ ਗੁਰਮਤਿ ਸੰਗੀਤ ਦੀ ਅਗੰਮੀ ਮਰਿਆਦਤ ਦਾਤ, ਸ਼ਬਦ ਕੀਰਤਨ ਪਰੰਪਰਾ ਦੇ ਰੂਪ ਵਿਚ ਪ੍ਰਾਪਤ ਹੋਈ। ਇਸ ਪਰੰਪਰਾ ਦੇ ਵਿਭਿੰਨ ਸਿਧਾਂਤਕ ਤੇ ਵਿਵਹਾਰਕ ਅਧਾਰ ਸਥਾਪਿਤ ਕਰਨ ਵਿਚ ਆਪ ਜੀ ਦਾ ਮਹੱਤਵਪੂਰਨ ਯੋਗਦਾਨ ਹੈ ।
          ਗੁਰੂ ਅਰਜਨ ਦੇਵ ਜੀ ਦਾ ਜਨਮ 2 ਮਈ, 1563 ਈਸਵੀ ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ। 1604 ਈਸਵੀ ਵਿਚ ਗੁਰੂ ਅਰਜਨ ਦੇਵ ਜੀ ਨੇ ਆਪਣੇ ਤੋਂ ਪੂਰਵਲੇ ਗੁਰੂ ਸਾਹਿਬਾਨ ਤੋਂ ਇਲਾਵਾ ਗੁਰੂ ਸਾਹਿਬਾਨ ਦੇ ਸਮਕਾਲੀਨ ਤੇ ਪੂਰਵ ਕਾਲੀਨ ਸੰਤਾਂ ਭਗਤਾਂ ਦੀ ਬਾਣੀ ਸਹਿਤ ਰਬਾਬੀਆਂ, ਭੱਟਾਂ, ਗੁਰੂ ਸੰਬੰਧੀਆਂ ਦੀ ਬਾਣੀ ਨੂੰ ਸੰਕਲਿਤ ਕੀਤਾ। ਇਸ ਸੰਕਲਨ ਜੁਗਤ ਦੀ ਵਿਵਹਾਰਕਤਾ ਇਸ ਦੇ ਸੰਗੀਤਕ ਰੂਪ ਵਿਚੋਂ ਉਜਾਗਰ ਹੁੰਦੀ ਹੈ ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਵੱਖ-ਵੱਖ ਕੀਰਤਨ ਗਾਇਨ ਸ਼ੈਲੀਆਂ ਵਜੋਂ ਬਾਣੀ ਰੂਪ, ਵਿਭਿੰਨ ਸੰਗੀਤਕ ਸਿਰਲੇਖ, ਸੰਕੇਤ ਅਤੇ ਬਾਣੀ ਦੇ ਫੁਰਮਾਨ ਇਸ ਸੰਗੀਤ ਪਰੰਪਰਾ ਦੀ ਵਿਵਹਾਰਕਤਾ ਉਜਾਗਰ ਕਰ ਰਹੇ ਹਨ।
          ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਅਰਜਨ ਬਾਣੀ ਦਾ ਸਰੂਪ ਅਤੇ ਸੌਂਦਰਯ ਪ੍ਰਮੁੱਖ ਰੂਪ ਵਿਚ ਉਜਾਗਰ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਗੀਤ ਵਿਗਿਆਨ ਦੇ ਸੰਦਰਭ ਵਿਚ ਅਧਿਐਨ ਕਰੀਏ ਤਾਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿਚ ਇਸ ਸੰਗੀਤ ਵਿਗਿਆਨ ਦੇ ਤੱਥਾਂ ਦਾ ਵਿਸਥਾਰ ਇਉਂ ਦ੍ਰਿਸ਼ਟੀਗੋਚਰ ਹੁੰਦਾ ਹੈ, ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਹਿਤ ਰਾਗ ਵਿਸ਼ੇਸ਼ ਪ੍ਰਯੋਗ ਕਰਦਿਆਂ ਇਨ੍ਹਾਂ ਰਾਗਾਂ ਦੇ ਮਹੱਤਵ ਨੂੰ ਗੁਰਮਤਿ ਦ੍ਰਿਸ਼ਟੀਕੋਣ ਤੋਂ ਪ੍ਰਕਾਸ਼ਮਾਨ ਕੀਤਾ ਹੈ।
ਰਾਗਾਂ ਦਾ ਪ੍ਰਯੋਗ
          ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੁੱਲ 44 ਰਾਗਾਂ ਵਿਚ ਬਾਣੀ ਉਚਾਰੀ ਜਿਨ੍ਹਾਂ ਦੀ ਗਿਣਤੀ ਇਸ ਪ੍ਰਕਾਰ ਹੈ : ਸਿਰੀ, ਮਾਝ, ਗਉੜੀ, ਗਉੜੀ ਗੁਆਰੇਰੀ, ਗਉੜੀ ਚੇਤੀ, ਗਉੜੀ ਬੈਰਾਗਣਿ, ਗਉੜੀ ਪੂਰਬੀ, ਗਉੜੀ ਮਾਝ, ਗਉੜੀ ਮਾਲਵਾ, ਗਉੜੀ ਮਾਲਾ, ਆਸਾ, ਆਸਾ ਕਾਫੀ, ਆਸਾਵਰੀ, ਆਸਾਵਰੀ ਸੁਧੰਗ, ਗੂਜਰੀ, ਦੇਵਗੰਧਾਰੀ, ਦੇਵਗੰਧਾਰ, ਬਿਹਾਗੜਾ, ਸੋਰਠਿ, ਵਡਹੰਸ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੋਂਡ, ਰਾਮਕਲੀ, ਨਟ ਨਾਰਾਇਣ, ਨਟ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰੰਗ, ਮਲ੍ਹਾਰ, ਕਾਨੜਾ, ਕਲਿਆਣ, ਪ੍ਰਭਾਤੀ, ਪ੍ਰਭਾਤੀ ਬਿਭਾਸ, ਬਿਭਾਸ ਪ੍ਰਭਾਤੀ। ਗੁਰੂ ਅਰਜਨ ਦੇਵ ਜੀ ਦੇ ਰਾਗਾਂ ਵਿਚੋਂ 30 ਮੁੱਖ ਰਾਗ, 14 ਰਾਗ ਪ੍ਰਕਾਰ ਅਤੇ ਕਈ ਦੇਸੀ ਤੇ ਸਨਾਤਨੀ ਰਾਗ ਵੀ ਪ੍ਰਯੋਗ ਕੀਤੇ। ਇਹ ਪ੍ਰਯੋਗ ਵਿਸ਼ੇਸ਼ ਮੌਲਿਕਤਾ ਦਾ ਧਾਰਣੀ ਹੈ।

ਗਾਇਨ ਸ਼ੈਲੀਆਂ ਦਾ ਪ੍ਰਯੋਗ
          ਰਾਗ ਦੇ ਅਮੂਰਤ ਸਰੂਪ ਨੂੰ ਗੁਰਮਤਿ ਅਨੁਸਾਰ ‘ਧਿਆਨ’ ਰੂਪ ਵਿਚ ਵਰਣਿਤ ਕਰਕੇ ਗੁਰੂ ਅਰਜਨ ਦੇਵ ਜੀ ਨੇ ਭਾਰਤੀ ਸੰਗੀਤ ਦੀ ਰਾਗ ਧਿਆਨ ਪਰੰਪਰਾ ਨੂੰ ਨਵੀਨ ਦਿਸ਼ਾ ਦਿੱਤੀ। ਗੁਰੂ ਅਰਜਨ ਬਾਣੀ ਵਿਚ ਵੱਖ-ਵੱਖ ਬਾਣੀ ਰੂਪਾਂ ਦਾ ਪ੍ਰਯੋਗ ਕੀਤਾ ਗਿਆ ਹੈ ਜਿਨ੍ਹਾਂ ਨੂੰ ਸਨਾਤਨੀ ਅਤੇ ਦੇਸੀ ਕਾਵਿ ਵਿਵਿਧਤਾ ਅਨੁਸਾਰ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ। ਇਹ ਸਨਾਤਨੀ ਅਤੇ ਦੇਸੀ ਕਾਵਿ ਸ਼ਬਦ ਕੀਰਤਨ ਗਾਇਨ ਵਜੋਂ ਗੁਰਮਤਿ ਸੰਗੀਤ ਦੀਆਂ ਸ਼ਾਸਤਰੀ ਲੋਕ ਅੰਗ ਦੀਆਂ ਗਾਇਨ ਸ਼ੈਲੀਆਂ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਵਾਸਤੇ ਅਸ਼ਟਪਦੀ, ਪਦੇ, ਪੜਤਾਲ ਆਦਿ ਸਨਾਤਨੀ ਬਾਣੀ ਰੂਪ/ਗਾਇਨ ਰੂਪ ਅਤੇ ਵਾਰਾਂ, ਛੰਤ, ਘੋੜੀਆਂ, ਅਲਾਹੁਣੀਆਂ ਆਦਿ ਲੋਕ ਬਾਣੀ ਰੂਪ/ਗਾਇਨ ਰੂਪ ਪ੍ਰਯੋਗ ਕੀਤੇ ਹਨ। ਗੁਰੂ ਅਰਜਨ ਦੇਵ ਜੀ ਨੇ ਪੜਤਾਲ ਗਾਇਨ ਸ਼ੈਲੀ ਨੂੰ ਅਗਾਂਹ ਤੋਰਦਿਆਂ 36 ਪੜਤਾਲਾਂ ਦੀ ਰਚਨਾ ਕੀਤੀ।
ਕੀਰਤਨ ਚਉਕੀ ਪਰੰਪਰਾ ਦਾ ਵਿਕਾਸ
          ਉਕਤ ਬਾਣੀ ਰੂਪਾਂ ਵਿਚੋਂ ਪੜਤਾਲ ਸ਼ਾਸਤਰੀ ਅੰਗ ਦੀ ਨਿਵੇਕਲੀ ਗਾਇਨ ਸ਼ੈਲੀ ਹੈ ਜੋ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੀ ਪ੍ਰਗਟ ਹੁੰਦੀ ਹੈ। ਗੁਰੂ ਅਰਜਨ ਕਾਲ ਵਿਚ ਆਸਾ ਦੀ ਵਾਰ ਦੀ ਚੌਕੀ, ਚਰਨ ਕਮਲ ਦੀ ਚੌਕੀ, ਸੋਦਰ ਦੀ ਚੌਕੀ, ਆਰਤੀ ਦੀ ਚੌਕੀ, ਕਾਨੜੇ ਜਾਂ ਕਲਿਆਣ ਦੀ ਚੌਕੀ ਪ੍ਰਚਲਿਤ ਸੀ ਭਾਵ ਗੁਰੂ ਅਰਜਨ ਦੇਵ ਜੀ ਨੇ ਰਾਗਾਤਮਕ ਕੀਰਤਨ ਚੌਕੀਆਂ ਨੂੰ ਸੰਸਥਾਗਤ ਰੂਪ ਵਿਚ ਸਥਾਪਤ ਤੇ ਵਿਕਸਤ ਕੀਤਾ। ਇਹ ਪਰੰਪਰਾ ਵਰਤਮਾਨ ਕਾਲ ਤੱਕ ਗੁਰਮਤਿ ਸੰਗੀਤ ਦੀ ਨਿਰੰਤਰ ਸਜੀਵ ਪਰੰਪਰਾ ਹੈ। ਗੁਰੂ ਅਰਜਨ ਦੇਵ ਤੱਕ ਸਮੂਹ ਸਿੱਖ ਗੁਰੂ ਸਾਹਿਬਾਨ ਨੇ ਆਪਣੇ ਗੁਰ ਦਰਬਾਰ ਵਿਚ ਰਬਾਬੀ ਕੀਰਤਨਕਾਰਾਂ ਨੂੰ ਵਿਸ਼ੇਸ਼ ਸਰਪ੍ਰਸਤੀ ਦਿੱਤੀ ਜਿਸ ਦੁਆਰਾ ਕੀਰਤਨਕਾਰਾਂ ਦੀ ਇਕ ਵਿਸ਼ੇਸ਼ ਸ਼ੇ੍ਰਣੀ ਹੋਂਦ ਵਿਚ ਆਈ। ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿਚ ਰਬਾਬੀ ਭਾਈ ਸੱਤਾ ਬਲਵੰਡ ਦੇ ਰੁੱਸ ਜਾਣ ਦੀ ਘਟਨਾ ਨੇ ਗੁਰਮਤਿ ਸੰਗੀਤ ਦੇ ਪ੍ਰਚਾਰ, ਪ੍ਰਸਾਰ ਨੂੰ ਨਵਾਂ ਮੋੜ ਦਿੱਤਾ ਜਿਸ ਦੁਆਰਾ ਗੁਰੂ ਅਰਜਨ ਦੇਵ ਜੀ ਨੇ ਸਾਧਾਰਨ ਸਿੱਖ ਸੰਗਤਾਂ ਨੂੰ ਕੀਰਤਨ ਕਰਨ ਹਿੱਤ ਉਤਸ਼ਾਹਿਤ ਕੀਤਾ। ਇਸ ਸੁਚੇਤ ਯਤਨ ਅਧੀਨ ਸਿੱਖ ਸੰਗਤਾਂ ਵਿਚ ਕੀਰਤਨ ਗਾਇਨ, ਸਾਜ਼ਾਂ ਦੀ ਸਿਖਲਾਈ ਅਤੇ ਕੀਰਤਨ ਗਾਇਨ ਦੇ ਲੋਕ ਸੰਗੀਤਕ ਪ੍ਰਵਾਹ ਦਾ ਪ੍ਰਾਰੰਭ ਹੋਇਆ। ਇਨ੍ਹਾਂ ਨਿਸ਼ਕਾਮ ਕੀਰਤਨੀਆਂ ਵਿਚੋਂ ਭਾਈ ਦੀਪਾ, ਭਾਈ ਰੁਲਾ, ਭਾਈ ਨਰਾਇਣ ਦਾਸ, ਭਾਈ ਉਗਰਸੈਨ, ਭਾਈ ਝਾਜੂ, ਭਾਈ ਮੁਕੰਦ, ਭਾਈ ਕੇਦਾਰਾ ਆਦਿ ਇਸ ਸਮੇਂ ਦੇ ਕੀਰਤਨੀਏ ਹਨ।
ਤੰਤੀ ਸਾਜ਼ਾਂ ਦਾ ਵਿਕਾਸ
          ਗੁਰੂ ਸਾਹਿਬ ਨੇ ਗੁਰਮਤਿ ਸੰਗੀਤ ਦੀ ਕੀਰਤਨ ਪਰੰਪਰਾ ਲਈ ਵਿਸ਼ੇਸ਼ ਤੰਤੀ ਸਾਜ਼ਾਂ ਦਾ ਪ੍ਰਚਲਨ ਕੀਤਾ। ਪੂਰਵਲੇ ਗੁਰੂ ਸਾਹਿਬਾਨ ਦੇ ਸਮੇਂ ਤੇ ਰਬਾਬ, ਸਾਰੰਦਾ ਦਾ ਵਾਦਨ ਗੁਰੂ ਘਰ ਦੀ ਕੀਰਤਨ ਪਰੰਪਰਾ ਵਿਚ ਚਲਿਆ ਆ ਰਿਹਾ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਇਹ ਉੱਤਮ ਸਵਰ ਦੇਣ ਵਾਲਾ ਤਾਰਦਾਰ ਸਾਜ਼ ਹੈ ਜਿਸ ਨੂੰ ਗਜ਼ ਨਾਲ ਵਜਾਇਆ ਜਾਂਦਾ ਹੈ ਜਿਸ ਨੂੰ ਗੁਰੂ ਅਰਜਨ ਦੇਵ ਜੀ ਨੇ ਆਪਣੀ ਤਜਵੀਜ਼ ਨਾਲ ਬਣਾ ਕੇ ਸਿੱਖ ਰਾਗੀਆਂ ਨੂੰ ਬਖਸ਼ਿਆ ਅਤੇ ਵਜਾਉਣਾ ਸਿਖਾਇਆ। ਪੁਰਾਤਨ ਕੁਝ ਸਾਖੀਆਂ ਵਿਚ ਵੀ ਪ੍ਰਚੱਲਿਤ ਹੈ ਕਿ ਭਾਈ ਮੋਹਨ ਕੋਲੋਂ ਗੋਇੰਦਵਾਲ ਵਿਖੇ ਪੋਥੀਆਂ ਲੈਣ ਲਈ ਜਦੋਂ ਗੁਰੂ ਅਰਜਨ ਦੇਵ ਜੀ ਗਏ ਤਾਂ ਆਪ ਨੇ ਉਨ੍ਹਾਂ ਦੇ ਗ੍ਰਹਿ ਦੇ ਬਾਹਰ ਸਰੰਦੇ ਨਾਲ ਹੀ ਕੀਰਤਨ ਕੀਤਾ ਸੀ।

                             
ਸੰਖੇਪ ਰੂਪ ਵਿਚ ਚਰਚਾ ਤੋਂ ਸਪੱਸ਼ਟ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਗੁਰਮਤਿ ਸੰਗੀਤ ਵਿਗਿਆਨ ਲਈ ਅਧਾਰ ਵਜੋਂ ਗੁਰੂ ਗ੍ਰੰਥ ਸਾਹਿਬ ਦਾ ਸੰਗੀਤਕ ਰਾਗਾਤਮਕ ਸੰਕਲਨ ਅਤੇ ਫਿਰ ਇਸ ਸਮੁੱਚੇ ਸੰਗੀਤ

ਵਿਧਾਨ ਭਾਵ ਗੁਰੂ ਘਰ ਦੀ ਇਸ ਵਿਸ਼ਿਸ਼ਟ ਸੰਗੀਤ ਵਿਗਿਆਨਕਤਾ ਦੇ ਅਨੁਸਾਰੀ ਸੰਗੀਤ ਪਰੰਪਰਾ ਨੂੰ ਵਿਵਹਾਰਕਤਾ ਪ੍ਰਦਾਨ ਕਰਨਾ ਗੁਰੂ ਅਰਜਨ ਸਾਹਿਬ ਦਾ ਵਿਸ਼ੇਸ਼ ਯੋਗਦਾਨ ਸੀ। ਗੁਰਮਤਿ ਸੰਗੀਤ ਦੀ ਸਿਧਾਂਤਕਤਾ ਤੇ ਵਿਵਹਾਰਕਤਾ ਦੇ ਅਧਿਐਨ ਲਈ ਅਧਾਰ ਵਜੋਂ ਗੁਰੂ ਅਰਜਨ ਬਾਣੀ ਵਿਸ਼ੇਸ਼ ਰੂਪ ਵਿਚ ਸਹਾਈ ਹੁੰਦੀ ਹੈ ਜਿਸ ਵਿਚ ਰਾਗਾਂ, ਵਿਭਿੰਨ ਬਾਣੀ ਗਾਇਨ ਰੂਪਾਂ, ਸੰਗੀਤ ਵਿਧਾਨ ਅਤੇ ਕੀਰਤਨ ਸਬੰਧੀ ਫੁਰਮਾਨ ਸਾਡਾ ਮਾਰਗ ਦਰਸ਼ਨ ਕਰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਜਿੱਥੇ ਗੁਰਮਤਿ ਸੰਗੀਤ ਦਾ ਪ੍ਰਾਰੰਭ ਕੀਤਾ ਉੱਥੇ ਗੁਰੂ ਅਰਜਨ ਦੇਵ ਜੀ ਨੇ ਇਸ ਪਰੰਪਰਾ ਨੂੰ ਪੂਰਨ ਰੂਪ ਵਿਚ ਵਿਕਸਤ ਕਰਕੇ ਸੰਪੂਰਨਤਾ ਪ੍ਰਦਾਨ ਕੀਤੀ। ਇਸ ਸੰਦਰਭ ਵਿਚ ਗੁਰੂ ਅਰਜਨ ਦੇਵ ਜੀ ਦਾ ਯੋਗਦਾਨ ਗੁਰਮਤਿ ਸੰਗੀਤ ਦੇ ਸਮੁੱਚੇ ਵਿਕਾਸ ਅਤੇ ਅਧਿਐਨ, ਅਧਿਆਪਨ ਦੀ ਦ੍ਰਿਸ਼ਟੀ ਤੋਂ ਸਦੈਵ ਬੁਨਿਆਦੀ ਤੇ ਕੇਂਦਰੀਕਾਰੀ ਰਹੇਗਾ।

         

 

 
 
 

Assignment

 
     
 

1. ਗੁਰੂ ਅਰਜਨ ਦੇਵ ਦੇ ਗੁਰਮਿਤ ਸੰਗੀਤ ਦੇ ਵਿਕਾਸ ਵਿਚ ਯੋਗਦਾਨ ਬਾਰੇ ਲਿਖੋ।

 
     

MCQs

 
     
 

1.      ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ ?
          1. 1562      2. 1563      3. 1564      4. 1565
2.      ਗੁਰੂ ਅਰਜਨ ਦੇਵ ਜੀ ਨੇ ਬਾਣੀ ਦਾ ਸੰਕਲਨ ਕਦੋਂ ਕੀਤਾ ?
          1. 1604      2. 1605      3. 1606      4. 1607
3.         ਗੁਰੂ ਅਰਜਨ ਦੇਵ ਜੀ ਨੇ ਕਿੰਨੇ ਮੁੱਖ ਰਾਗਾਂ ਵਿਚ ਬਾਣੀ ਰਚੀ ?
            1. 20               2. 30               3. 40               4. 50
4.         ਗੁਰੂ ਅਰਜਨ ਦੇਵ ਜੀ ਨੇ ਕਿੰਨੀਆਂ ਪੜਤਾਲਾਂ ਦੀ ਰਚਨਾ ਕੀਤੀ ?
            1. 19               2. 31               3. 36               4. 62
5.      ਗੁਰੂ ਅਰਜਨ ਦੇਵ ਜੀ ਨੇ ਕਿੰਨੇ ਰਾਗ ਪ੍ਰਕਾਰਾਂ ਵਿਚ ਬਾਣੀ ਰਚੀ ?
            1. 10               2. 12               3. 14               4. 16

 

 
     
   
 

1. 2,                             2. 1,                             3. 30,                          4. 3                  5. 3

 
     

Bibliography

 
     
 

1.    ਗੁਰੂ ਅਰਜਨ ਦੇਵ ਜੀ ਦਾ ਗੁਰਮਤਿ ਸੰਗੀਤ ਵਿਚ ਯੋਗਦਾਨ, ਡਾ. ਗੁਰਨਾਮ ਸਿੰਘ, ਰੋਜ਼ਾਨਾ ਅਜੀਤ, 11 ਅਪ੍ਰੈਲ, 2011
2.    ਗੁਰਮਤਿ ਸੰਗੀਤ ਤਕਨੀਕੀ ਸ਼ਬਦਾਵਲੀ, ਗੁਰਨਾਮ ਸਿੰਘ (ਡਾ.) ਮੁੱਖ ਸੰਪਾ., ਪੰਜਾਬੀ ਯੂਨੀਵਰਸਿਟੀ, ਪਟਿਆਲਾ, 2012
3.    ਗੁਰਮਤਿ ਸੰਗੀਤ ਪਰਬੰਧ ਤੇ ਪਾਸਾਰ, ਗੁਰਨਾਮ ਸਿੰਘ (ਡਾ.), ਪੰਜਾਬੀ ਯੂਨੀਵਰਸਿਟੀ, ਪਟਿਆਲਾ, 2000.

 

 
Home | Feedback | Contact Us