Home | Feedback | Contact Us | Sign Out

ਆਸਾ ਦੀ ਵਾਰ ਅਤੇ ਸੋਦਰੁ ਕੀ ਚਉਕੀ ਬਾਰੇ ਜਾਣ ਪਛਾਣ

ਵਿਸ਼ਾ    :  

ਆਸਾ ਦੀ ਵਾਰ ਅਤੇ ਸੋਦਰੁ ਕੀ ਚਉਕੀ ਬਾਰੇ ਜਾਣ ਪਛਾਣ

ਵਿਸ਼ਾ ਮਾਹਿਰ :  

ਡਾ. ਹਰਜਸ ਕੌਰ
ਅਸਿਸਟੈਂਟ ਪ੍ਰੋਫੈਸਰ
ਸੰਗੀਤ ਵਿਭਾਗ
ਸਰਕਾਰੀ ਕਾਲਜ, ਰੋਪੜ।


     
 

 

 
 

ਸਿੱਖੀ ਕੇਂਦਰ ਗੁਰਦੁਆਰਾ ਸਾਹਿਬਾਨ ਵਿਚ ਕੀਰਤਨ ਨਿਤਾਪ੍ਰਤੀ ਪਰੰਪਰਾ ਰੂਪ ਵਿਚ ਵਿਦਮਾਨ ਹੈ। ਜਿਸ ਵਿਚ ਰਾਗ ਆਸਾ ਅਧੀਨ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੀ ਚਉਕੀ ਅਤੇ ਸ਼ਾਮ ਸਮੇਂ ਸੋਦਰੁ ਕੀ ਚਉਕੀ ਦੇ ਗਾਇਨ ਦਾ ਆਦੇਸ਼ ਹੈ।

ਆਸਾ ਦੀ ਵਾਰ ਦੀ ਚਉਕੀ :

            ਸਿੱਖ ਧਰਮ ਵਿਚ ਆਸਾ ਦੀ ਵਾਰ ਦੀ ਚਉਕੀ ਦਾ ਬਹੁਤ ਮਹੱਤਵ ਹੈ। ਆਸਾ ਦੀ ਵਾਰ ਦੀ ਚਉਕੀ ਸਮੇਂ ਆਸਾ ਦੀ ਵਾਰ ਦਾ ਗਾਇਨ ਕੀਤਾ ਜਾਂਦਾ ਹੈ। ‘ਆਸਾ ਦੀ ਵਾਰ’ ਵਿਚ ਸਮਾਜਿਕ, ਧਾਰਮਿਕ, ਸਦਾਚਾਰਕ, ਰਾਜਨੀਤਿਕ, ਅਧੌਗਤੀ ਕੁਰੀਤੀਆਂ ਆਦਿ ਉਪਰ ਕਰੜੀ ਅਲੋਚਲਾ ਕੀਤੀ ਹੈ। ਇਹ ਬਾਣੀ ਸੁਧਾਰਕ ਤੇ ਇਨਕਲਾਬੀ ਦੇ ਨਾਲ-ਨਾਲ ਗੁਰੂ ਮਹਿਮਾ ਅਤੇ ਗੁਰੂ ਵਿਸ਼ਵਾਸ ਦਾ ਚਾਨਣ ਮੁਨਾਰਾ ਹੈ।
            ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਆਸਾ ਦੀ ਵਾਰ’ ਦਾ ਮੰਗਲਾਚਰਨ ‘ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੱ ਗੁਰ ਪ੍ਰਸਾਦਿ ਆਸਾ ਮਹਲਾ 1 ਵਾਰ ਸਲੋਕਾ ਨਾਲ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੈ ਕੀ ਧੁਨੀ’ ਸਿਰਲੇਖ ਵਜੋਂ ਅੰਕਿਤ ਹੈ ਪਰ ਕ੍ਰਿਆਤਮਕ ਪੱਖ ਤੋਂ ਆਸਾ ਦੀ ਵਾਰ ਦਾ ਆਰੰਭ ਆਸਾ ਮਹਲਾ 4 ਛੰਤ ਘਰੁ 4 ‘ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੇਮਿ ਰਤੰਨਾ ਰਾਮ ਰਾਜੇ’ ਛੰਤ ਤੋ ਸ਼ੁਰੂ ਹੁੰਦਾ ਹੈ।
            ਆਸਾ ਦੀ ਵਾਰ ਦਾ ਆਰੰਭ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹਜੂਰੀ ਵਿਚ ਕੀਤਾ। ਆਸਾ ਦੀ ਵਾਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਆਪਣੀ ਵਿਕਸਿਤ ਅਤੇ ਮੌਲਿਕ ਸ਼ੈਲੀ ਵਜੋਂ ਹੋਂਦ ਵਿਚ ਆਈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕ੍ਰਿਆਤਮਕ ਤੌਰ ’ਤੇ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਰਚਿਤ 24 ਛੰਤਾਂ ਦੇ ਨਾਲ-ਨਾਲ ਮਹਲਾ 2 ਭਾਵ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਲੋਕਾਂ ਨੂੰ ਮਿਲਾ ਕੇ ਆਸਾ ਦੀ ਵਾਰ ਨੂੰ ਸੰਪੂਰਨ ਕੀਤਾ ਜਿਸਦਾ ਗਾਇਨ ਅੱਜ ਵੀ ਉਸੇ ਤਰ੍ਹਾਂ ਵਿਦਮਾਨ ਹੈ।
            ਆਸਾ ਦੀ ਵਾਰ  ਦੀ ਚਉਕੀ ਦੇ ਨਾਮ ਤੋ ਹੀ ਸਪਸ਼ਟ ਹੈ ਕਿ ਇਹ ਰਾਗ ਆਸਾ ’ਤੇ ਆਧਾਰਿਤ ਹੈ। ਇਸ ਤਰ੍ਹਾਂ ਦੇ ਗਾਇਨ ਸਬੰਧੀ ਧੁਨ ਦੇ ਸੰਕੇਤ ਤੋਂ ਵਾਰ ਦੀ ਪੁਰਾਤਨਤਾ ਤੇ ਲੋਕ ਪ੍ਰਿਯਤਾ ਬਾਰੇ ਪਤਾ ਲਗਦਾ ਹੈ। ਵਾਰ ਉਪਰ ਲੋਕ ਧੁਨ ਦੇ ਨਾਲ ਰਾਗ, ਘਰੁ ਆਦਿ ਸੰਕੇਤ ਸਿਰਲੇਖ ਰੂਪ ਵਿਚ ਵਿਦਮਾਨ ਹਨ। ਇਨ੍ਹਾਂ ਦਾ ਗਾਇਨ ਕਰਨ ਕੋਈ ਸਹਿਜ ਕਾਰਜ ਨਹੀਂ। ਆਸਾ ਦੀ ਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਟੁੰਡੇ ਅਸਰਾਜੈ ਦੀ ਵਾਰ ਦੀ ਧੁਨੀ ਦੇ ਸੰਕੇਤ ਅਨੁਸਾਰ ਅਤੇ ਆਸਾ ਰਾਗ ਵਿਚ ਹੀ ਗਾਇਆ ਜਾਂਦਾ ਹੈ।
            ਗੁਰਮਤਿ ਸੰਗੀਤ ਪੱਧਤੀ ਵਿਚ ਰਾਗ ਆਸਾ ਮਹੱਤਵਪੂਰਨ ਰਾਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਪੁਜੀ ਸਾਹਿਬ ਤੋਂ ਬਾਅਦ ਰਾਗ ਬੱਧ ਬਾਣੀ ਦਾ ਆਰੰਭ ਰਾਗ ਆਸਾ ਤੋਂ ਕੀਤਾ ਗਿਆ ਹੈ। ਰਾਗ ਆਸਾ ਦਾ ਵਿਕਾਸ ਲੋਕ ਸੰਗੀਤ ਚੋਂ ਹੋਇਆ। ਆਸਾ ਦੀ ਵਾਰ ਨੂੰ ਟੁੰਡੇ ਅਸਰਾਜੈ ਦੀ ਧੁਨੀ ਉਤੇ ਗਾਉਣ ਦਾ ਸੰਕੇਤ ਰਾਗ ਆਸਾ ਦਾ ਲੋਕ ਸੰਗੀਤ ਉਤੇ ਆਧਾਰਿਤ ਹੋਣ ਬਾਰੇ ਪਤਾ ਲਗਦਾ ਹੈ। ਆਧੁਨਿਕ ਸਮੇਂ ‘ਆਸਾ ਦੀ ਵਾਰ’ ਆਸਾ ਰਾਗ ਤੋਂ ਬਿਨਾਂ ਸਵੇਰ ਦੇ ਰਾਗਾਂ, ਗਉੜੀ ਬੈਰਾਗਣਿ, ਰਾਮਕਲੀ, ਮਾਰੂ ਦਖਣੀ, ਭੈਰਉ, ਪ੍ਰਭਾਤੀ ਆਦਿ ਇਨ੍ਹਾਂ ਰਾਗਾਂ ਵਿਚ ਗਾਇਨ ਕਰਨ ਦੇ ਨਾਲ-ਨਾਲ ਰਾਗੀ ਸਾਹਿਬਾਨ ਸਵੇਰ ਦੇ ਹੋਰ ਰਾਗਾਂ ਦਾ ਵੀ ਪ੍ਰਯੋਗ ਕਰਦੇ ਹਨ।

            ਆਸਾ ਦੀ ਵਾਰ ਵਿਚ ਪਹਿਲਾਂ ਛੰਤ ਦਾ ਰਾਗ ਆਸਾ ਅੰਤਰਗਤ ਟਕਸਾਲੀ ਢੰਗ ਜੋ ਪਰੰਪਰਾਗਤ ਰੂਪ ਵਿਚ ਪ੍ਰਚੱਲਿਤ ਹੈ, ਇਹ ਇਕ ਤਾਲ ਜਾਂ ਯੱਕਾ ਤਾਲ ਵਿਚ ਨਿਬੱਧ ਹੈ, ਗਾਇਨ ਕੀਤਾ ਜਾਂਦਾ ਹੈ। ਅੱਜਕੱਲ ਆਸਾ ਰਾਗ ਤੋਂ ਬਿਨਾਂ ਹੋਰ ਰਾਗਾਂ ਵਿਚ ਪ੍ਰਚੱਲਿਤ ਤਾਲਾਂ ਅਧੀਨ ਵੀ ਛੰਤ ਦਾ ਗਾਇਨ ਸੁਣਨ ਵਿਚ ਮਿਲਦਾ ਹੈ। ਛੰਤ ਦੇ ਗਾਇਨ ਕਰਨ ਤੋਂ ਬਾਅਦ ਸਲੋਕ ਦਾ ਗਾਇਨ ਸਹਾਇਕ ਵਾਜੇ ਵਾਲਾ ਰਾਗੀ ਆਸਾ ਰਾਗ ਅਧੀਨ ਤਾਲ ਤੋਂ ਸੁਤੰਤਰ ਹੋ ਕੇ ਗਾਇਨ ਕਰਦਾ ਹੈ। ਸਲੋਕ ਦੇ ਗਾਇਨ ਤੇ ਰਾਗੀ ਜਿੱਧੇ ਸਰੋਤੇ ਨੂੰ ਗੁਰਬਾਣੀ ਦਾ ਗਿਆਨ ਕਰਵਾਉਂਦਾ ਹ ਉਥੇ ਸਬੰਧਿਤ ਰਾਗ ਦਾ ਸਰੂਪ ਵੀ ਸਪਸ਼ਟ ਕਰੀ ਜਾਂਦਾ ਹੈ। ਇਹ ਸਲੋਕ ਫਿਰ ਵਾਰੋ ਵਾਰੀ ਦੋਵੇਂ ਰਾਗੀ ਪੜਦੇ ਹਨ ਅਤੇ ਤਬਲੇ ਵਾਲਾ ਲੈਅ ਦੀ ਨਿਰੰਤਰਤਾ ਨੂੰ ਜਾਰੀ ਰੱਖਣ ਲਈ ਵਿਲੰਬਿਤ ਲੈਅ ਵਿਚ ਪਉੜੀ ਤਾਲ (ਗੇ ਤਿਟ ਤਾ ਗੇਤਾ) ਦੇ ਬੋਲਾਂ ਦੀ ਥਾਪ ਨਾਲ ਸਾਥ ਦਿੰਦਾ ਹੈ। ਰਾਗੀ ਸਿੰਘਾ ਵਲੋਂ ਸਲੋਕ ਦੀ ਅਖੀਰਲੀ ਤੁਕ ਦੀ ਉਠਾਨ ਪਉੜੀ ਦੀ ਬਹਿਰ ਵਿਚ ਕਰਨ ਉਪਰੰਤ ਪਉੜੀ ਦਾ ਤਿੰਨੇ ਰਾਗੀ ਸਿੰਘ ਮਿਲ ਕੇ ਮੱਧ ਲੈਅ ਵਿਚ ਤਾਰ ਸਪਤਕ ਵਿਚ ਗਾਇਨ ਕਰਦੇ ਹਨ। ਪਉੜੀ ਲਈ ਖਾਸ ਤਾਲ ਜੋ ਪਉੜੀ ਲਈ ਵਿਸ਼ੇਸ਼ ਹੈ। ਇਸ ਠੇਕੇ ਦੇ ਬੋਲ ਹਨ - ਗੇ ਤਿਟ ਤਾ ਗੇਤਾ। ਇਸ ਵਿਚ ਪਹਿਲੇ ‘ਗੇ’ ਤੇ ਸਮ ਹੈ। ਪਉੜੀ ਦੀ ਆਖਰੀ ਤੁਕ ਨੂੰ ਵਿਸ਼ੇਸ਼ ਰੂਪ ਵਿਚ ਤੋੜਾ ਮਾਰ ਕੇ ਮੁਕਾਇਆ ਜਾਂਦਾ ਹੈ ਅਤੇ ਤੀਸਰੀ ਵਾਰ ਇਕ ਮਾਤ੍ਰਾ ਵਧਾ ਕੇ ਸਮਾਪਤੀ ਕੀਤੀ ਜਾਂਦੀ ਹੈ। ਆਸਾ ਦੀ ਵਾਰ ਦੇ ਗਾਇਨ ਦੇ ਅੰਤਿਮ ਚਰਣ ਵਿਚ ਤਬਲਾ/ਜੋੜੀ ਵਾਲਾ ਸਿੰਘ ਪਉੜੀ ਦਾ ਪਾਠ ਕਰਦਾ ਹੈ। ਇਸ ਪਾਠ ਕਰਨ ਦੀ ਪ੍ਰਕ੍ਰਿਆ ਨੂੰ ਪਉੜੀ ਸੋਧਵਾਂ ਜਾਂ ਪਉੜੀ ਉਚਾਰਨ ਦਾ ਨਾਮ ਦਿੱਤਾ ਜਾਂਦਾ ਹੈ। ਆਸਾ ਦੀ ਵਾਰ ਦੇ ਗਾਇਨ ਦੌਰਾਨ ਹੀ ਸਮੇਂ ਅਨੁਸਾਰ ਸਵੇਰ ਦੇ ਰਾਗਾਂ ਵਿਚ ਹੋਰ ਸ਼ਬਦ ਵੀ ਗਾਇਨ ਕੀਤੇ ਜਾਂਦੇ ਹਨ। ਆਸਾ ਦੀ ਵਾਰ ਗਾਇਨ ਉਪਰੰਤ ‘ਅਨੰਦ ਸਾਹਿਬ’ ਦਾ ਗਾਇਨ ਕਰਕੇ ਆਸਾ ਦੀ ਵਾਰ ਦੀ ਚਉਕੀ ਸਮਾਪਤ ਕੀਤੀ ਜਾਂਦੀ ਹੈ।

ਸੋ ਦਰੁ ਦੀ ਚਉਕੀ :

            ਸੋ ਦਰੁ ਦੀ ਚਉਕੀ ਵਿਚ ਚੌਥੇ ਪਹਿਰ ਵਿਚ ਸ਼ਾਮ ਦੇ ਰਾਗਾਂ ਵਿਚ ਬੰਦਨਾ ਕਰਨ ਤੋਂ ਬਾਅਦ ਸਮੇਂ  ਨਾਲ ਸਬੰਧਿਤ ਤੁਖਾਰੀ, ਬੈਰਾੜੀ, ਜੈਤਸਰੀ, ਰਾਮਕਲੀ ਦਖਣੀ, ਆਸਾ, ਆਸਾ ਕਾਫੀ, ਮਾਲੀ ਗਉੜਾ, ਗਉੜੀ ਆਦਿ ਵਿਚ ਸ਼ਬਦ ਗਾਇਨ ਕਰਨ ਉਪਰੰਤ ਰਾਗ ਆਸਾ ਵਿਚ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਰਚਿਤ ‘ਹਰਿ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ’ ਛੰਤ ਦਾ ਟਕਸਾਲੀ ਢੰਗ ਨਾਲ ਇਕ ਤਾਲ ਵਿਚ ਗਾਇਨ ਕੀਤਾ ਜਾਂਦਾ ਹੈ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਲੋਕ ‘ਦੁਖ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ’ ਦਾ ਸਹਾਇਕ ਵਾਜੇ ਵਾਲਾ ਰਾਗੀ ਅਨਿਬੱਧ ਤੌਰ ’ਤੇ ਭਾਵ ਤਾਲ ਤੋਂ ਸੁਤੰਤਰ ਹੋ ਕੇ ਗਾਇਨ ਕਰਦਾ ਹੈ ਅਤੇ ਇਸਦੇ ਨਾਲ ਤਬਲੇ ਵਾਲਾ ਸਾਥੀ ਵਿਲੰਬਿਤ ਲੈਅ ਵਿਚ ਪਉੜੀ ਤਾਲ (ਗੇ ਤਿਟ ਤਾ ਗੇਤਾ) ਵਿਚ ਗਾਇਨ ਕਰਨ ਦੀ ਪਰੰਪਰਾ ਹੈ। ਸਿੱਖ ਧਰਮ ਵਿਚ ਰੋਜ਼ਾਨਾ ਨਿਤਨੇਮ ਦੀਆਂ ਬਾਣੀਆਂ ਵਿਚੋਂ ਸ਼ਾਮ ਸਮੇਂ ਦੇ ਰਹਿਰਾਸ ਸਾਹਿਬ ਪਾਠ ਦੀ ਸ਼ੁਰੂਆਤ ਵੀ ਸੋ ਦਰੁ ਦੇ ਗਾਇਨ ਕਰਨ ਤੋਂ ਹੁੰਦੀ ਹੈ। ਸੋ ਦਰੁ ਦੇ ਗਾਇਨ ਕਰਨ ਤੋਂ ਬਾਅਦ ਰਹਿਰਾਸ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ। ਫਿਰ ਅਰਦਾਸ ਕਰਨ ਤੇ ਇਸ ਚਉਕੀ ਦੀ ਸਮਾਪਤੀ ਹੁੰਦੀ ਹੈ।

 

 
 
 

Assignment

 
     
 

1.         ਆਸਾ ਦੀ ਵਾਰ ਤੇ ਸੋਦਰੁ ਦੀ ਚਉਕੀ ਬਾਰੇ ਵਿਸਥਾਰ ਸਹਿਤ ਚਰਚਾ ਕਰੋ ?

 
     

MCQs

 
     
 

1.         ਆਸਾ ਦੀ ਵਾਰ ਦਾ ਗਾਇਨ ਕਿਸ ਸਮੇਂ ਹੁੰਦਾ ਹੈ ?
            I) ਸਵੇਰ         II) ਸ਼ਾਮ           III) ਦੁਪਿਹਰ             IV) ਸਵੇਰ ਅਤੇ ਸ਼ਾਮ ਦੋਨੋ ਵੇਲੇ
2.         ਆਸਾ ਦੀ ਵਾਰ ਦਾ ਗਾਇਨ ਕਿਸ ਤਾਲ ਵਿਚ ਕੀਤਾ ਜਾਂਦਾ ਹੈ ?
            I) ਤਿੰਨਤਾਲ            II) ਚਾਰਤਾਲ  III) ਇਕਤਾਲ                IV) ਇਨ੍ਹਾਂ ਵਿਚੋਂ ਕੋਈ ਨਹੀਂ

 

 
     
   
 

1. IV)                           2. III)

 
     
     

Bibliography

 
     
 

1.      ਗੁਰਮਤਿ ਸੰਗੀਤ ਤਕਨੀਕੀ ਸ਼ਬਦਾਵਲੀ, ਗੁਰਨਾਮ ਸਿੰਘ (ਡਾ.) ਮੁੱਖ ਸੰਪਾ., ਪੰਜਾਬੀ ਯੂਨੀਵਰਸਿਟੀ,   ਪਟਿਆਲਾ, 2012.
2.         ਗੁਰਮਤਿ ਸੰਗੀਤ ਪਰਬੰਧ ਤੇ ਪਾਸਾਰ, ਗੁਰਨਾਮ ਸਿੰਘ (ਡਾ.), ਪੰਜਾਬੀ ਯੂਨੀਵਰਸਿਟੀ, ਪਟਿਆਲਾ,    2000.

 

 

 
Home | Feedback | Contact Us