Home | Feedback | Contact Us | Sign Out
 
Learning of Gurmat Sangeet >> ਗੁਰਮਤਿ ਸੰਗੀਤ ਤਕਨੀਕੀ ਸ਼ਬਦਾਵਲੀ
ਵਿਸ਼ਾ ਮਾਹਿਰ :  

ਡਾ. ਕੰਵਲਜੀਤ ਸਿੰਘ,
ਅਸਿਸਟੈਂਟ ਪ੍ਰੋਫੈਸਰ, ਗੁਰਮਤਿ ਸੰਗੀਤ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ

ਡਾ. ਵਰਿੰਦਰ ਕੌਰ
ਅਸਿਸਟੈਂਟ ਪ੍ਰੋਫੈਸਰ, ਗੁਰਮਤਿ ਸੰਗੀਤ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ

     
 
ਸੰਗੀਤ
1. ਸੁਰ ਲੈਅ ਵਿੱਚ ਸੁਹਜਮਈ ਗਾਇਨ ਵਾਦਨ 
2. ਭਾਰਤੀ ਪਰੰਪਰਾ ਵਿੱਚ ਗਾਇਨ, ਵਾਦਨ ਤੇ ਨ੍ਰਿਤਦੇ ਸਮੂਹ ਨੂੰ ਸੰਗੀਤ ਵਜੋਂ ਪ੍ਰਵਾਨਿਆ ਜਾਂਦਾ ਹੈ
 

ਵਿਆਖਿਆ:
ਭਾਰਤੀ ਸੰਗੀਤ ਪਰੰਪਰਾ ਦੇ ਅੰਤਰਗਤ ਸੁਰ ਅਤੇ ਲੈਅ ਵਿਚ ਸੁਹਜਮਈ ਗਾਇਨ, ਵਾਦਨ ਅਤੇ ਨ੍ਰਿਤ ਦੇ ਸੁਮੇਲ ਨੂੰ ਸੰਗੀਤ ਕਿਹਾ ਜਾਂਦਾ ਹੈ।

 
     
 
ਸ਼ਾਸਤਰੀ ਸੰਗੀਤ
ਸ਼ਾਸਤਰਾਂ ਉੱਤੇ ਅਧਾਰਿਤ ਸੰਗੀਤ।
 

ਵਿਆਖਿਆ :
ਉਹ ਸੰਗੀਤ ਜਿਹੜਾ ਭਾਰਤੀ ਸ਼ਾਸਤਰੀ ਲਿਖਤਾਂ ਦੇ ਸੰਗੀਤ ਸ਼ਾਸਤਰ ਦੇ ਨਿਯਮਾਂ ਉੱਤੇ ਅਧਾਰਿਤ ਹੋਵੇ ਉਸਨੂੰ ਸ਼ਾਸਤਰੀ ਸੰਗੀਤ ਕਿਹਾ ਜਾਂਦਾ ਹੈ।

 
     
 
ਭਾਰਤੀ ਸੰਗੀਤ
ਭਾਰਤ ਦੇਸ਼ ਵਿਚ ਪ੍ਰਚਲਿਤ ਸਮੁੱਚੀ ਸੰਗੀਤ ਪਰੰਪਰਾ।
 
ਵਿਆਖਿਆ :
ਭਾਰਤੀ ਸੰਗੀਤ ਦੇ ਅੰਤਰਗਤ ਸ਼ਾਸਤਰੀ ਸੰਗੀਤ ਆਉਂਦਾ ਹੈ, ਜਿਹੜਾ ਕਿ ਭਾਰਤੀ ਸੰਗੀਤ ਦੇ ਗ੍ਰੰਥਕਾਰਾਂ ਦੁਆਰਾ ਵਿਕਸਿਤ ਸੰਗੀਤ ਸ਼ਾਸਤਰ ਉੱਤੇ ਅਧਾਰਿਤ ਹੈ। ਖੇਤਰੀ ਲੋਕ ਸੰਗੀਤ ਅਤੇ ਸੰਗੀਤ ਦੀਆਂ ਸਾਰੀਆਂ ਧਾਰਾਵਾਂ ਇਸ ਪਰੰਪਰਾ ਦਾ ਅਟੁੱਟ ਅੰਗ ਹਨ।
 
     
 
ਹਿੰਦੁਸਤਾਨੀ ਸੰਗੀਤ
ਮਦਰਾਸ, ਕਰਨਾਟਕ, ਮੈਸੂਰ ਅਤੇ ਆਂਧਰਾ ਪ੍ਰਦੇਸ਼ ਪ੍ਰਾਂਤਾਂ ਨੂੰ ਛੱਡ ਕੇ ਬਾਕੀ ਭਾਰਤ ਦੇ ਹਿੱਸਿਆਂ ਵਿਚ ਗਾਇਆ/ਵਜਾਇਆ ਜਾਣ ਵਾਲਾ ਸੰਗੀਤ।
 

ਵਿਆਖਿਆ :
ਭਾਰਤ ਦੇਸ਼ ਦੇ ਮਦਰਾਸ, ਕਰਨਾਟਕ, ਮੈਸੂਰ ਅਤੇ ਆਂਧਰਾ ਪ੍ਰਦੇਸ਼ ਪ੍ਰਾਂਤਾਂ ਨੂੰ ਛੱਡ ਕੇ ਸਮੁਚੇ ਭਾਰਤ ਵਿਚ ਗਾਏ/ਵਜਾਏ ਜਾਣ ਵਾਲੇ ਸੰਗੀਤ ਨੂੰ ਹਿੰਦੁਸਤਾਨੀ ਸੰਗੀਤ ਕਿਹਾ ਜਾਂਦਾ ਹੈ। ਗੁਰਮਤਿ ਸੰਗੀਤ, ਸੂਫ਼ੀ ਸੰਗੀਤ ਅਤੇ ਫ਼ਿਲਮ ਸੰਗੀਤ ਆਦਿ ਪਰੰਪਰਾਵਾਂ ਵੀ ਹਿੰਦੁਸਤਾਨੀ ਸੰਗੀਤ ਦਾ ਹਿੱਸਾ ਹਨ।

 
     
 
ਕਰਨਾਟਕੀ ਸੰਗੀਤ
ਭਾਰਤ ਦੇਸ਼ ਦੇ ਮਦਰਾਸ, ਕਰਨਾਟਕ, ਮੈਸੂਰ ਅਤੇ ਆਂਧਰਾ ਪ੍ਰਦੇਸ਼ ਪ੍ਰਾਂਤਾਂ ਵਿੱਚ ਗਾਇਆ/ਵਜਾਇਆ ਜਾਣ ਵਾਲਾ ਸੰਗੀਤ।
 

ਵਿਆਖਿਆ :
ਭਾਰਤ ਦੇਸ਼ ਦੇ ਦੱਖਣ ਵਿਚ ਸਥਿਤ ਮਦਰਾਸ, ਮੈਸੂਰ ਅਤੇ ਆਂਧਰਾ ਪ੍ਰਦੇਸ਼ ਪ੍ਰਾਂਤਾਂ ਵਿਚ ਜੋ ਸੰਗੀਤ ਗਾਇਆ ਵਜਾਇਆ ਜਾਂਦਾ ਹੈ ਉਸ ਸੰਗੀਤ ਨੂੰ ਕਰਨਾਟਕੀ ਸੰਗੀਤ ਕਿਹਾ ਜਾਂਦਾ ਹੈ।

 
     
 
ਲੋਕ ਸੰਗੀਤ
ਪੀੜ੍ਹੀ-ਦਰ-ਪੀੜ੍ਹੀ ਚਲੀ ਆ ਰਹੀ ਮੌਖਿਕ ਸੰਗੀਤ ਪਰੰਪਰਾ।
 

ਵਿਆਖਿਆ :
ਜੋ ਸੰਗੀਤ ਆਮ ਲੋਕਾਂ ਦੀ ਰੁਚੀ ਉੱਤੇ ਅਧਾਰਿਤ ਹੋਵੇ ਉਸ ਨੂੰ ਲੋਕ ਸੰਗੀਤ ਕਿਹਾ ਜਾਂਦਾ ਹੈ। ਲੋਕਾਂ ਦੁਆਰਾ ਅਤੇ ਲੋਕਾਂ ਦੀ ਦਿਲਚਸਪੀ ਉੱਤੇ ਅਧਾਰਿਤ ਇਹ ਸੰਗੀਤ ਬੰਧੇਜਾਂ ਤੋਂ ਮੁਕਤ ਹੁੰਦਾ ਹੈ।

 
     
 
ਗੁਰਮਤਿ ਸੰਗੀਤ
ਸਿੱਖ ਗੁਰੂ ਸਾਹਿਬਾਨ ਦੁਆਰਾ ਮਰਿਆਦਤ ਸ਼ਬਦ ਕੀਰਤਨ ਪਰੰਪਰਾ ਜੋ ਗੁਰੂ ਗੰ੍ਰਥ ਸਾਹਿਬ ਦੇ ਸੰਗੀਤ ਸਿਧਾਂਤ ਦੀ ਅਨੁਸਾਰੀ ਹੈ।
 

ਵਿਆਖਿਆ :
ਗੁਰਮਤਿ ਸੰਗੀਤ ਸਿੱਖ ਧਰਮ ਦੀ ਪਾਵਨ ਸੰਗੀਤ ਪਰੰਪਰਾ ਹੈ ਜੋ ਗੁਰਮਤਿ ਅਤੇ ਸੰਗੀਤ ਦੋ ਸ਼ਬਦਾਂ ਦਾ ਸੁਮੇਲ ਹੈ। ਗੁਰਮਤਿ ਤੋਂ ਭਾਵ ਗੁਰੂ ਦੁਆਰਾ ਪ੍ਰਦਾਨ ਕੀਤੀ ਹੋਈ ਮੱਤ ਜਾਂ ਸਿਧਾਂਤ। ਇਸ ਪਰੰਪਰਾ ਦੇ ਵਿਕਾਸ ਵਿਚ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਮੂਹ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪੈਰੋਕਾਰਾਂ ਨੇ ਯੋਗਦਾਨ ਪਾਇਆ ਹੈ।

 
     
 
ਸੂਫ਼ੀ ਸੰਗੀਤ
ਇਸਲਾਮ ਧਰਮ ਦੇ ਫਕੀਰਾਂ ਦੀਆਂ ਰਚਨਾਵਾਂ ਵਿਚ ਪ੍ਰਚਲਿਤ ਸੰਗੀਤ।
 

ਵਿਆਖਿਆ :
ਇਸਲਾਮ ਧਰਮ ਦੇ ਫ਼ਕੀਰਾਂ ਬਾਬਾ ਫ਼ਰੀਦ, ਬੁੱਲੇ ਸ਼ਾਹ, ਆਦਿ ਦੀਆਂ ਉਸ ਪ੍ਰਮਾਤਮਾ ਦੀ ਉਸਤਤ ਦੀਆਂ ਰਚਨਾਵਾਂ ਲਈ ਪ੍ਰਯੋਗ ਹੋਣ ਵਾਲੇ ਸੰਗੀਤ ਨੂੰ ਸੂਫ਼ੀ ਸੰਗੀਤ ਕਿਹਾ ਜਾਂਦਾ ਹੈ।

 
     
 
ਨਾਦ
ਸੰਗੀਤ ਉਪਯੋਗੀ ਧੁਨੀ
 

ਵਿਆਖਿਆ :
ਸਾਨੂੰ ਆਲੇ ਦੁਆਲੇ ਤੋਂ ਅਨੇਕਾਂ ਅਵਾਜ਼ਾਂ ਸੁਣਨ ਨੂੰ ਮਿਲਦੀਆਂ ਹਨ। ਅਨਿਯਮਤ ਅਵਾਜ਼ਾਂ ਸ਼ੋਰ ਦਾ ਰੂਪ ਧਾਰਣ ਕਰ ਲੈਂਦੀਆਂ ਹਨ। ਪਰ ਅਜਿਹੀਆਂ ਅਵਾਜ਼ਾਂ ਜਿਹੜੀਆਂ ਸੁਣਨ ਨੂੰ ਮਧੁਰ ਹੋਣ, ਸਥਿਰ ਹੋਣ, ਮੌਲਿਕ ਸਰੂਪ ਸਹਿਤ ਸੰਗੀਤ ਉਪਯੋਗੀ ਹੋਣ, ਉਨਾਂ ਨੂੰ ਨਾਦ ਕਿਹਾ ਜਾਂਦਾ ਹੈ।

 
     
 
ਸੁਰ
ਸੰਗੀਤ ਉਪਯੋਗੀ ਪਛਾਣਯੋਗ ਰੰਜਕ ਧੁਨੀ
 

ਵਿਆਖਿਆ :
ਅਜਿਹੀ ਨਿਯਮਿਤ, ਰੰਜਕ, ਸਥਿਰ ਧੁਨੀ, ਜੋ ਵਿਸ਼ੇਸ਼ ਰੂਪ ਵਿਚ ਆਪਣੀ ਪਛਾਣ ਰਖਦੀ ਹੋਵੇ ਉਸ ਨੂੰ ਸੁਰ ਕਿਹਾ ਜਾਂਦਾ ਹੈ। ਭਾਰਤੀ ਸੰਗੀਤ ਵਿਚ ਸੱਤ ਸ਼ੁਧ ਸੁਰਾਂ ਸ, ਰੇ, ਗ, ਮ, ਪ, ਧ, ਨੀ ਹਨ ।

 

#

     ਹਿੰਦੁਸਤਾਨੀ ਸੰਗੀਤ ਵਿਚ ਸੁਰਾਂ ਦੇ ਨਾਮ

 
1.

       ਸ (ਸ਼ੜਜ)   

2. 

       ਰੇ (ਰਿਸ਼ਭ)

3. 

       ਗ (ਗੰਧਾਰ)

4. 

       ਮ (ਮਧਿਅਮ)  

5. 

       ਪ (ਪੰਚਮ)  

6. 

       ਧ (ਧੈਵਤ)

7. 

       ਨੀ (ਨਿਸ਼ਾਦ)

 
     
 
ਸ਼ੁੱਧ ਸੁਰ
ਸੁਰ ਸਪਤਕ ਵਿੱਚ ਆਪਣੇ ਨਿਸ਼ਚਿਤ ਸਥਾਨ ਦੇ ਧਾਰਣੀ ਮੂਲ ਸੁਰ
 

ਵਿਆਖਿਆ :
ਜਦੋਂ ਸੁਰ ਆਪਣੇ ਮੌਲਿਕ ਅਤੇ ਨਿਸ਼ਚਿਤ ਸਥਾਨ ਉੱਤੇ ਰਹਿੰਦਾ ਹੈ ਤਾਂ ਉਸ ਨੂੰ ਸ਼ੁੱਧ ਸੁਰ ਕਿਹਾ ਜਾਂਦਾ ਹੈ।
ਸੁਰਾਂ ਦੀ ਗਿਣਤੀ ਸੱਤ ਹੈ।

 
     
 
ਕੋਮਲ ਸੁਰ
ਅਚੱਲ ਤੇ ਸਥਿਰ ਸੁਰਾਂ ਤੋਂ ਬਿਨਾਂ ਆਪਣੇ ਮੂਲ ਸਥਾਨ ਤੋਂ ਨੀਵਂੇ/ਉਤਰੇ ਸੁਰ ਜਿਵੇਂ
 

ਵਿਆਖਿਆ :
ਕੋਮਲ ਸੁਰ ਉਹ ਸੁਰ ਹੁੰਦੇ ਹਨ ਜੋ ਆਪਣੇ ਨਿਸਚਿਤ ਸਥਾਨ ਤੋਂ ਨੀਵੇਂ ਸਥਾਨ ਉੱਤੇ ਆ ਜਾਂਦੇ ਹਨ। ਸ, ਰੇ, ਗ, ਮ, ਪ, ਧ, ਨੀ ਵਿਚੋਂ ਸ ਅਤੇ ਪ ਅੱਚਲ ਅਤੇ ਸਥਿਰ ਸੁਰ (ਜੋ ਸਦਾ ਆਪਣੇ ਸਥਾਨ ਤੇ ਰਹਿਣ) ਹਨ ਪਰੰਤੂ ਰੁ, ਗੁ, ਧੁ, ਨੀ ਆਪਣੇ ਮੂਲ ਸਥਾਨ ਤੋਂ ਨੀਵੇਂ ਵੀ ਹੋ ਜਾਂਦੇ ਹਨ ਜਿਸ ਕਰਕੇ ਇਹਨਾਂ ਨੂੰ ਕੋਮਲ ਸੁਰ ਕਿਹਾ ਜਾਂਦਾ ਹੈ।

 
     
 
ਤੀਵਰ ਸੁਰ
ਆਪਣੇ ਮੂਲ ਸਥਾਨ ਤੋਂ ਉਚਾ ਸਥਾਨ ਗ੍ਰਹਿਣ ਕਰਨ ਵਾਲਾ ਸੁਰ ਜਿਵੇਂ ਕਿ
 

ਵਿਆਖਿਆ :
ਜਦੋ ਸੁਰ ਆਪਣੇ ਨਿਸ਼ਚਿਤ ਸਥਾਨ ਤੋਂ ਉੱਚੇ ਸਥਾਨ ਤੇ ਆਉਂਦਾ ਹੈ ਤਾਂ ਉਸ ਸੁਰ ਨੂੰ ਤੀਵਰ ਸੁਰ ਕਿਹਾ ਜਾਂਦਾ ਹੈ। ਹਿੰਦੁਸਤਾਨੀ ਸੰਗੀਤ ਦੀ ਸੁਰ-ਸਪਤਕ ਵਿਚ ਕੇਵਲ ਮਧਿਅਮ ਸੁਰ ਹੀ ਅਜਿਹਾ ਸੁਰ ਹੈ ਜੋ ਆਪਣੇ ਨਿਸ਼ਚਿਤ ਸਥਾਨ ਤੋਂ ਉੱਚਾ ਹੋ ਕੇ ਤੀਵਰ ਮਧਿਅਮ ਕਹਾਉਂਦਾ ਹੈ।

 
     
 
ਸਪਤਕ
ਭਾਰਤੀ ਸੰਗੀਤ ਵਿੱਚ ਬੁਨਿਆਦੀ ਸਤ ਸੁਰਾਂ ਦਾ ਸਮੂਹ ਜਿਵੇਂ
 

ਵਿਆਖਿਆ :
ਭਾਰਤੀ ਸੰਗੀਤ ਪਰੰਪਰਾ ਵਿੱਚ ਸੱਤ ਸ਼ੁੱਧ ਸੁਰਾਂ ਦੇ ਸਮੂਹ ਨੂੰ ਸਪਤਕ ਕਿਹਾ ਜਾਂਦਾ ਹੈ। ਇਨਾਂ ਸੁਰਾਂ ਨੂੰ ਕ੍ਰਮ: ਸ਼ੜਜ, ਰਿਸ਼ਭ, ਗੰਧਾਰ, ਮਧਿਅਮ, ਪੰਚਮ, ਧੈਵਤ, ਨਿਸ਼ਾਦ ਦੇ ਰੂਪ ਵਿੱਚ ਜਾਣਿਅਾ
ਜਾਂਦਾ ਹੈ।

 
     
 
ਮੰਦਰ ਸਪਤਕ
ਨਿਰਧਾਰਤ ਮੱਧ ਸਪਤਕ ਤੋਂ ਨੀਵਾਂ ਸੁਰ ਸਪਤਕ
 

ਵਿਆਖਿਆ :
ਮੱਧ-ਸਪਤਕ ਤੋਂ ਨੀਵੇਂ ਸੁਰ ਸਪਤਕ ਨੂੰ ਮੰਦਰ ਸਪਤਕ ਕਿਹਾ ਜਾਂਦਾ ਹੈ। ਲਿਖਣ ਲਈ ਮੰਦਰ ਸਪਤਕ ਦੇ ਸੁਰਾਂ ਦੇ ਹੇਠ ਬਿੰਦੀ (.) ਲਗਾਈਆਂ ਜਾਂਦੀਆਂ ਹਨ ਜਿਵੇਂ ਨੀ, ਧ, ਪ ਆਦਿ।

 
     
 
ਮੱਧ ਸਪਤਕ
ਸਧਾਰਣ ਆਵਾਜ਼ ਵਿੱਚ ਗਾਇਆ ਜਾਣ ਵਾਲਾ ਇੱਕ ਸਪਤਕ
 

ਵਿਆਖਿਆ:
ਸਧਾਰਣ ਅਵਾਜ਼ ਵਿਚ ਗਾਇਆ ਜਾਂ ਵਜਾਇਆ ਜਾਂਦਾ ਹੈ ਤਾਂ ਉਸ ਨੂੰ ਮੱਧ ਸਪਤਕ ਕਿਹਾ ਜਾਂਦਾ ਹੈ।

 
     
 
ਤਾਰ ਸਪਤਕ
ਨਿਰਧਾਰਿਤ ਮੱਧ ਸਪਤਕ ਤੋਂ ਉੱਚਾ ਸੁਰ ਸਪਤਕ
 

ਵਿਆਖਿਆ :
ਮੱਧ-ਸਪਤਕ ਤੋਂ ਉੱਚੇ ਸੁਰ-ਸਪਤਕ ਨੂੰ ਤਾਰ ਸਪਤਕ ਕਿਹਾ ਜਾਂਦਾ ਹੈ। ਲਿਖਣ ਲਈ ਮੰਦਰ ਸਪਤਕ ਦੇ ਸੁਰਾਂ ਦੇ ਉਪਰ ਬਿੰਦੀ ( ਂ ) ਲਗਾਈਆਂ ਜਾਂਦੀਆਂ ਹਨ ਜਿਵੇਂ ਸਂ, ਰੇਂ, ਗਂ ਆਦਿ।

 
     
 
ਥਾਟ
ਰਾਗ ਉਤਪੰਨ ਕਰਨ ਦੀ ਸਮਰਥਾ ਰੱਖਣ ਵਾਲਾ ਸਤ ਸੁਰਾਂ ਦਾ ਸਮੂਹ
 

ਵਿਆਖਿਆ :
ਸੁਰਾਂ ਦਾ ਅਜਿਹਾ ਸਮੂਹ ਜਿਸ ਨਾਲ ਸਮਾਨਤਾ ਰਖਣ ਵਾਲੇ ਹੋਰ ਰਾਗਾਂ ਨੂੰ ਉਸ ਦੇ ਵਰਗ ਵਿਚ ਰਖਿਆ ਜਾਂਦਾ ਹੈ, ਥਾਟ ਕਿਹਾ ਜਾਂਦਾ ਹੈ। ਵਿਸ਼ਣੂਨਾਰਾਇਣ ਭਾਤਖੰਡੇ ਦੁਆਰਾ, ਥਾਟਾਂ ਦਾ ਨਾਮਕਰਣ ਸਮੂਹ ਦੇ ਸਭ ਤੋਂ ਪ੍ਰਚਲਿਤ ਰਾਗ ਦੇ ਨਾਮ 'ਤੇ ਰਖਿਆ ਗਿਆ।

 
# ਥਾਟ ਸੁਰ
1.     ਬਿਲਾਵਲ ਸ, ਰੇ, ਗ, ਮ, ਪ, ਧ, ਨੀ
2.     ਕਲਿਆਣ ਸ, ਰੇ, ਗ, , ਪ, ਧ, ਨੀ
3.     ਖਮਾਜ ਸ, ਰੇ, ਗ, ਮ, ਪ, ਧ,
4.     ਭੈਰਵ ਸ, , ਗ, ਮ, ਪ, ਧੁ, ਨੀ
5.     ਪੂਰਵੀ ਸ, , ਗ, , ਪ, ਧੁ, ਨੀ
6.     ਮਾਰਵਾ ਸ, , ਗ, , ਪ, ਧ, ਨੀ
7.      ਕਾਫੀ ਸ, ਰੇ, ਗੁ, ਮ, ਪ, ਧ,
8.     ਅਸਾਵਰੀ ਸ, ਰੇ, ਗੁ, ਮ, ਪ, ਧੁ,
9.     ਤੋੜੀ ਸ, , ਗੁ, , ਪ, ਧੁ, ਨੀ
10.     ਭੈਰਵੀ ਸ, , ਗੁ, ਮ, ਪ, ਧੁ,
 
     
 
ਰਾਗ
ਸੁਰਾਂ ਦੇ ਵਰਣਾਂ ਨਾਲ ਸੁਸੱਜਿਤ ਜਨਚਿਤ ਰੰਜਕ ਧੁਨੀ
 

ਵਿਆਖਿਆ :
ਸੁਰਾਂ ਅਤੇ ਵਰਣਾਂ ਨਾਲ ਸੁਸਜਿਤ ਜਨਚਿਤ ਰੰਜਕ ਧੁਨੀ ਨੂੰ ਰਾਗ ਕਿਹਾ ਜਾਂਦਾ ਹੈ। ਰਾਗ ਵਿਚ ਰੰਜਕਤਾ ਤੱਤ ਦਾ ਵਿਦਮਾਨ ਹੋਣਾ ਲਾਜ਼ਮੀ ਮੰਨਿਆ ਜਾਂਦਾ ਹੈ। ਭਾਰਤੀ ਸ਼ਾਸਤਰੀ ਸੰਗੀਤ ਪੂਰਣ ਤੌਰ ਤੇ ਰਾਗਾਂ ਤੇ ਅਧਾਰਿਤ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ 31 ਮੁੱਖ ਰਾਗ ਅਤੇ 31 ਰਾਗ ਪ੍ਰਕਾਰ ਦਰਜ ਹਨ।

 
     
 
ਆਰੋਹ
ਸੁਰਾਂ ਦਾ ਚੜਦਾ ਕ੍ਰਮ
 

ਵਿਆਖਿਆ :
ਜਦੋਂ ਸਪਤਕ ਦੇ ਸੁਰ ਚੜ੍ਹਦੇ ਕ੍ਰਮ ਵਿਚ ਹੋਣ ਤਾਂ ਉਸ ਨੂੰ ਆਰੋਹ ਕਿਹਾ ਜਾਂਦ ਹੈ। ਜਿਵੇਂ ਸ, ਰੇ, ਗ, ਮ, ਪ, ਧ, ਨੀ ਸਂ।

 
     
 
ਅਵਰੋਹ
ਸੁਰਾਂ ਦਾ ਉਤਰਦਾ ਕ੍ਰਮ
 

ਵਿਆਖਿਆ :
ਜਦੋਂ ਸਪਤਕ ਦੇ ਸੁਰ ਉਤਰਦੇ ਕ੍ਰਮ ਵਿਚ ਹੋਣ ਤਾਂ Àਸ ਨੂੰ ਅਵਰੋਹ ਕਿਹਾ ਜਾਂਦਾ ਹੈ। ਜਿਵੇਂ ਸਂ, ਨੀ, ਧ, ਪ, ਮ, ਗ, ਰੇ, ਸ ।

 
     
 
ਸ਼ਾਨ
ਗੁਰਮਤਿ ਸੰਗੀਤ ਦੀ ਕੀਰਤਨ ਚਉਕੀ ਦਾ ਪ੍ਰਥਮ ਸੰਗੀਤਕ ਚਰਨ
 

ਵਿਆਖਿਆ :
ਸ਼ਾਨ ਵਿਚ ਸ਼ਬਦ ਗਾਇਨ ਆਰੰਭ ਕਰਨ ਤੋਂ ਪਹਿਲਾਂ ਗਾਏ ਜਾਣ ਵਾਲੇ ਰਾਗ ਵਿਚ ਸਾਜ਼ਾਂ ਉੱਤੇ ਸੰਗੀਤ ਰਚਨਾ ਦਾ ਵਾਦਨ ਕੀਤਾ ਜਾਂਦਾ ਹੈ। ਸ਼ਬਦ ਕੀਰਤਨ ਸ਼ੁਰੂ ਹੋਣ ਤੋਂ ਪਹਿਲਾਂ ਸ਼ਾਨ ਵਿਚ ਕੀਰਤਨੀ ਜੱਥੇ ਵੱਲੋਂ ਸਾਜ਼ਾਂ ਉੱਤੇ ਕਸਬੀ ਮੁਹਾਰਤ ਨੂੰ ਪੇਸ਼ ਕੀਤਾ ਜਾਂਦਾ ਹੈ।

 
     
 
ਮੰਗਲਾਚਰਣ
ਗੁਰਮਤਿ ਸੰਗੀਤ ਦੀ ਕੀਰਤਨ ਚਉਕੀ ਪਰੰਪਰਾ ਦਾ ਦੂਜਾ ਚਰਣ, ਜਿਸ ਵਿੱਚ ਵਿਲੰਬਿਤ ਲੈਅ ਅਧੀਨ ਗਾਇਨ ਕੀਤਾ ਜਾਂਦਾ ਹੈ
 

ਵਿਆਖਿਆ :
ਮੰਗਲਾਚਰਣ, ਗੁਰਮਤਿ ਸੰਗੀਤ ਦੀ ਕੀਰਤਨ ਚਉਕੀ ਵਿਚ ਦੂਸਰਾ ਚਰਨ ਹੈ, ਜਿਸ ਵਿਚ ਪਰਮਾਤਮਾ ਅਤੇ ਗੁਰੂ ਸਾਹਿਬਾਨ ਦੀ ਉਸਤਤ ਵਿਚ ਬੇਨਤੀ ਸਰੂਪ ਵਿਚ ਬਾਣੀ ਦਾ ਗਾਇਨ ਕੀਤਾ ਜਾਂਦਾ ਹੈ। ਇਸ ਦਾ ਗਾਇਨ ਵਿਲੰਬਿਤ ਲੈਅ ਵਿਚ ਇਕਤਾਲ, ਚਾਰਤਾਲ, ਆੜਾ ਚੌਤਾਲ ਵਿਚ ਕੀਤਾ ਜਾਂਦਾ ਹੈ।

 
     
 
ਸ਼ਬਦ
1. ਇਲਾਹੀ ਬਾਣੀ ਰਚਨਾ।
2. ਕੀਰਤਨ ਵਿਚ ਗਾਇਨ ਹਿਤ ਬਾਣੀ ਦੀ ਇਕ ਰਚਨਾ
 

ਵਿਆਖਿਆ :
ਸਿੱਖ ਧਰਮ ਵਿਚ ਸ੍ਰੀ ਗੁਰੂ ਗੰ੍ਰਥ ਸਹਿਬ ਵਿਚ ਦਰਜ ਬਾਣੀ ਨੂੰ ਸ਼ਬਦ ਵਜੋਂ ਜਾਣਿਆ ਜਾਂਦਾ ਹੈ। ਗੁਰਮਤਿ ਸੰਗੀਤ ਪਰੰਪਰਾ ਵਿਚ ਗਾਈ ਜਾਣ ਵਾਲੀ ਬਾਣੀ ਰਚਨਾ ਨੂੰ ਸ਼ਬਦ ਆਖਿਆ ਜਾਂਦਾ ਹੈ।

 
     
 
ਮਹਲਾ
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਗੁਰੂਆਂ ਦਾ ਸੰਕੇਤ
 

ਵਿਆਖਿਆ :
ਸਿੱਖ ਧਰਮ ਦਾ ਉਦਗਮ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਹੋਇਆ। ਉਹਨਾਂ ਦੇ ਸਮੂਹ ਉਤਰ-ਅਧਿਕਾਰੀ ਗੁਰੂ ਸਹਿਬਾਨ ਨੇ ਮੂਲ ਸੰਦੇਸ਼ ਨੂੰ ਪ੍ਰਚਾਰਿਤ ਅਤੇ ਪ੍ਰਸਾਰਿਤ ਕਰਨ ਵਿਚ ਆਪੋ-ਆਪਣਾ ਯੋਗਦਾਨ ਪਾਇਆ। ਗੁਰੂ ਨਾਨਕ ਦੇਵ ਜੀ ਨੂੰ ਮਹਲਾ 1 ਅਤੇ ਇਸ ਲੜੀ ਅਧੀਨ ਉਤਰਾਧਿਕਾਰੀ ਗੁਰੂ ਸਹਿਬਾਨ ਨੂੰ ਮਹਲਾ 2, 3, 4, 5 ਸ੍ਰੀ ਗੁਰੂ ਗ੍ਰੰਥ ਸਹਿਬ ਜੀ ਵਿਚ ਅੰਕਿਤ ਕੀਤਾ ਗਿਆ ਹੈ।

 
     
 
ਅੰਕ
ਸ਼ਬਦ ਕੀਰਤਨ ਰਚਨਾਵਾਂ ਵਿੱਚ ਪਦਿਆਂ ਦੀ ਗਿਣਤੀ ਦਾ ਸੂਚਕ ਜਿਵੇਂ 1, 2, 3, ਆਦਿ
 

ਵਿਆਖਿਆ :
ਸ੍ਰੀ ਗੁਰੂ ਗ੍ਰੰਥ ਸਹਿਬ ਵਿਚ ਦਰਜ ਬਾਣੀ ਦੇ ਕਾਵਿ ਬੰਦਾਂ ਦੇ ਅੰਤ ਵਿਚ ਦਰਜ ਅੰਕ ਆਦਿ ਅੰਕ ਵਜੋਂ ਜਾਣੇ ਜਾਂਦੇ ਹਨ। ਇਹਨਾਂ ਦੇ ਅਧਾਰ ਤੇ ਸ਼ਬਦ ਗਾਇਨ ਹਿਤ ਸਥਾਈ ਅਤੇ ਅੰਤਰਿਆਂ ਦੀ ਵੰਡ ਕੀਤੀ ਜਾਂਦੀ ਹੈ।

ਆਸਾ ਮਹਲਾ 1

ਆਖਾ ਜੀਵਾ ਵਿਸਰੈ ਮਰਿ ਜਾਉ || ਆਖਣਿ ਅਉਖਾ ਸਾਚਾ ਨਾਉ ||

ਸਾਚੇ ਨਾਮ ਕੀ ਲਾਗੈ ਭੂਖ || ਉਤੁ ਭੂਖੈ ਖਾਇ ਚਲੀਅਹਿ ਦੂਖ ||1||

ਸੋ ਕਿਉ ਵਿਸਰੈ ਮੇਰੀ ਮਾਇ || ਸਾਚਾ ਸਾਹਿਬੁ ਸਾਚੈ ਨਾਇ ||1|| ਰਹਾਉ ||

ਸਾਚੇ ਨਾਮ ਕੀ ਤਿਲੁ ਵਡਿਆਈ || ਆਖਿ ਥਕੇ ਕੀਮਤਿ ਨਹੀ ਪਾਈ ||

ਜੇ ਸਭਿ ਮਿਲਿ ਕੈ ਆਖਣ ਪਾਹਿ || ਵਡਾ ਨ ਹੋਵੈ ਘਾਟਿ ਨ ਜਾਇ ||2||

ਨਾ ਓਹੁ ਮਰੈ ਨ ਹੋਵੈ ਸੋਗੁ || ਦੇਦਾ ਰਹੈ ਨ ਚੂਕੈ ਭੋਗੁ ||

ਗੁਣੁ ਏਹੋ ਹੋਰੁ ਨਾਹੀ ਕੋਇ || ਨਾ ਕੋ ਹੋਆ ਨਾ ਕੋ ਹੋਇ ||3||

ਜੇਵਡੁ ਆਪਿ ਤੇਵਡ ਤੇਰੀ ਦਾਤਿ || ਜਿਨਿ ਦਿਨੁ ਕਰਿ ਕੈ ਕੀਤੀ ਰਾਤਿ ||

ਖਸਮੁ ਵਿਸਾਰਹਿ ਤੇ ਕਮਜਾਤਿ || ਨਾਨਕ ਨਾਵੈ ਬਾਝੁ ਸਨਾਤਿ ||4||3||

 
     
 
ਰਹਾਉ
ਗੁਰੂ ਗ੍ਰੰਥ ਸਾਹਿਬ ਦੀਆਂ ਸ਼ਬਦ ਰਚਨਾਵਾਂ ਵਿੱਚ ਕੇਂਦਰੀ ਭਾਵ ਪ੍ਰਗਟਾਉਣ ਵਾਲੀਆਂ ਤੁਕਾਂ (ਬੰਦ) ਜੋ ਗਾਇਨ ਵਿੱਚ ਸਥਾਈ ਦਾ ਸੂਚਕ ਹੈ
 

ਵਿਆਖਿਆ :
ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਰਚਨਾਵਾਂ ਵਿਚੋਂ ਕੁਝ ਕਾਵਿ ਬੰਧਾਂ ਦੇ ਅੰਤ ਵਿਚ ਰਹਾਉ ਦਾ ਸੰਕੇਤ ਦਰਜ ਹੈ ਜਿਸ ਤੋਂ ਭਾਵ ਹੈ ਕਿ ਇਸ ਸ਼ਬਦ ਰਚਨਾ ਦਾ ਮੂਲਭਾਵ ਇਹਨਾਂ ਪੰਗਤੀਆਂ ਵਿਚ ਦਰਜ ਹੈ ਅਤੇ ਬਾਕੀ ਬੰਧ ਇਕ ਮੂਲਭਾਵ ਦੀ ਪ੍ਰੋੜਤਾ ਹਿਤ ਰਚੇ ਗਏ ਹਨ।

ਆਸਾ ਮਹਲਾ 1

ਆਖਾ ਜੀਵਾ ਵਿਸਰੈ ਮਰਿ ਜਾਉ || ਆਖਣਿ ਅਉਖਾ ਸਾਚਾ ਨਾਉ ||

ਸਾਚੇ ਨਾਮ ਕੀ ਲਾਗੈ ਭੂਖ || ਉਤੁ ਭੂਖੈ ਖਾਇ ਚਲੀਅਹਿ ਦੂਖ ||1||

ਸੋ ਕਿਉ ਵਿਸਰੈ ਮੇਰੀ ਮਾਇ || ਸਾਚਾ ਸਾਹਿਬੁ ਸਾਚੈ ਨਾਇ ||1|| ਰਹਾਉ ||

ਸਾਚੇ ਨਾਮ ਕੀ ਤਿਲੁ ਵਡਿਆਈ || ਆਖਿ ਥਕੇ ਕੀਮਤਿ ਨਹੀ ਪਾਈ ||

ਜੇ ਸਭਿ ਮਿਲਿ ਕੈ ਆਖਣ ਪਾਹਿ || ਵਡਾ ਨ ਹੋਵੈ ਘਾਟਿ ਨ ਜਾਇ ||2||

ਨਾ ਓਹੁ ਮਰੈ ਨ ਹੋਵੈ ਸੋਗੁ || ਦੇਦਾ ਰਹੈ ਨ ਚੂਕੈ ਭੋਗੁ ||

ਗੁਣੁ ਏਹੋ ਹੋਰੁ ਨਾਹੀ ਕੋਇ || ਨਾ ਕੋ ਹੋਆ ਨਾ ਕੋ ਹੋਇ ||3||

ਜੇਵਡੁ ਆਪਿ ਤੇਵਡ ਤੇਰੀ ਦਾਤਿ || ਜਿਨਿ ਦਿਨੁ ਕਰਿ ਕੈ ਕੀਤੀ ਰਾਤਿ ||

ਖਸਮੁ ਵਿਸਾਰਹਿ ਤੇ ਕਮਜਾਤਿ || ਨਾਨਕ ਨਾਵੈ ਬਾਝੁ ਸਨਾਤਿ ||4||3||

 
     
 
ਲੈਅ
ਗਤੀ ਜਾਂ ਤਾਲ ਦੀ ਗਤੀ
 

ਵਿਆਖਿਆ :
ਤਾਲ ਦਾ ਨਿਰਮਾਣ ਇਸ ਵਿਚ ਪ੍ਰਯੋਗ ਹੋ ਰਹੀਆਂ ਮਾਤਰਾਵਾਂ ਦੇ ਆਧਾਰ 'ਤੇ ਹੁੰਦਾ ਹੈ। ਤਾਲ ਵਿੱਚ ਪ੍ਰਯੋਗ ਹੋ ਰਹੀਆਂ ਮਾਤਰਾਵਾਂ ਵਿਚਾਲੇ ਇਕ ਸਮਾਨ ਅੰਤਰਾਲ ਕਾਇਮ ਰਖਦੇ ਹੋਏ ਕੀਤਾ ਗਿਆ ਵਾਦਨ ਇਕ ਸਥਿਰ ਗਤੀ ਦਾ ਨਿਰਮਾਣ ਕਰਦਾ ਹੈ। ਮਾਤਰਾਵਾਂ ਵਿਚਲੇ ਇਕਸਮਾਨ ਅੰਤਰਾਲਾਂ ਦੇ ਆਧਾਰ 'ਤੇ ਪ੍ਰਾਪਤ ਹੋਈ ਗਤਿ ਨੂੰ ਲੈਅ ਆਖਦੇ ਹਨ।

 
     
 
ਤਾਲ
ਸੰਗੀਤ ਪੇਸ਼ਕਾਰੀ ਲਈ ਪ੍ਰਯੋਗ ਹੋ ਰਹੇ ਸਮੇਂ ਦੀ ਮਾਪ ਇਕਾਈ
 

ਵਿਆਖਿਆ :
ਨਿਸ਼ਚਿਤ ਮਾਤਰਾਵਾਂ ਲਈ ਨਿਰਧਾਰਤ ਬੋਲਾਂ ਦਾ ਸਮੂਹ ਜਿਸ ਨੂੰ ਸੰਗੀਤ ਵਿਚ ਪ੍ਰਯੋਗ ਹੋ ਰਹੇ ਸਮੇਂ ਨੂੰ ਮਾਪਣ ਦੀ ਇਕਾਈ ਦੇ ਰੂਪ ਵਿਚ ਪ੍ਰਯੋਗ ਕੀਤਾ ਜਾਂਦਾ ਹੈ, ਤਾਲ ਦੇ ਰੂਪ ਵਿਚ ਜਾਣਿਆ ਜਾਂਦਾ ਹੈ।

 
     
 
ਠੇਕਾ
ਤਾਲ ਦੀਆਂ ਮਾਤਰਾਵਾਂ ਅਤੇ ਵਿਭਾਗੀ ਵੰਡ ਨੂੰ ਪ੍ਰਦਰਸ਼ਤ ਕਰਨ ਲਈ ਨਿਰਧਾਰਤ ਕੀਤੇ ਗਏ, ਮੌਲਿਕ ਤਾਲ-ਬੋਲ।
 

ਵਿਆਖਿਆ :
ਤਾਲ ਦੇ ਇਕ ਚੱਕਰ ਦੇ ਵਾਦਨ ਲਈ ਨਿਸ਼ਚਿਤ ਕੀਤੇ ਗਏ ਬੋਲਾਂ ਦੇ ਇਕ ਅਵਰਤਨ ਜਾਂ ਚੱਕਰ ਨੂੰ ਠੇਕਾ ਕਿਹਾ ਜਾਂਦਾ ਹੈ।

 
     
 
ਮਾਤਰਾ
ਸੰਗੀਤਕ ਪੇਸ਼ਕਾਰੀ ਵਿਚ ਲਗਣ ਵਾਲੇ ਸਮੇਂ ਨੂੰ ਮਾਪਣ ਲਈ ਤਾਲ ਦੀ ਨਿਊਨਤਮ ਇਕਾਈ।
 

ਵਿਆਖਿਆ :
ਸੰਗੀਤ ਵਿਚ ਪ੍ਰਯੋਗ ਹੋ ਰਹੇ ਸਮੇਂ ਨੂੰ ਮਾਪਣ ਲਈ ਤਾਲ ਦਾ ਪ੍ਰਯੋਗ ਕੀਤਾ ਜਾਂਦਾ ਹੈ। ਤਾਲ ਦਾ ਨਿਰਮਾਣ ਲਈ ਸਮੇਂ ਦੇ ਮਾਪ ਦੀ ਸਭ ਤੋਂ ਛੋਟੀ ਇਕਾਈ ਦੇ ਰੂਪ ਵਿਚ ਨਿਸ਼ਚਿਤ ਮਾਤ੍ਰਾਵਾਂ ਦੇ ਸਮੂਹ ਦਾ ਨਿਰਧਾਰਣ ਕੀਤਾ ਜਾਂਦਾ ਹੈ।

ਤਿੰਨਤਾਲ ਦੀਆਂ 16 ਮਾਤਰਾਵਾਂ

X
1      2      3     4

2
5       6       7      8

0
9     10     11   12

3
13    14     15   16

 
     
 
ਵਿਭਾਗ
ਤਾਲ ਦੀਆਂ ਨਿਸ਼ਚਿਤ ਮਾਤਰਾਵਾਂ ਦੀ ਮੌਲਿਕ ਪਛਾਣ ਸਥਾਪਤ ਕਰਨ ਹਿੱਤ ਨਿਰਮਿਤ ਮਾਤਰਾ ਸਮੂਹ।
 

ਵਿਆਖਿਆ :
ਤਾਲ ਵਿਚ ਨਿਸ਼ਚਿਤ ਮਾਤਰਾਵਾਂ ਲਈ ਨਿਰਧਾਰਤ ਬੋਲ ਸਮੂਹਾਂ ਦੀ ਜਦੋਂ ਵੰਡ ਕੀਤੀ ਜਾਂਦੀ ਹੈ ਤਾਂ ਉਸ ਨੂੰ ਵਿਭਾਗ ਕਿਹਾ ਜਾਂਦਾ ਹੈ।

ਤਿੰਨਤਾਲ ਦੀ ਵਿਭਾਗੀ ਵੰਡ
ਪਹਿਲਾ ਵਿਭਾਗ

X
1         2        3         4
ਧਾ       ਧਿੰ       ਧਿੰ       ਧਾ

 
ਦੂਸਰਾ ਵਿਭਾਗ

2
5       6         7          8
ਧਾ       ਧਿੰ       ਧਿੰ       ਧਾ

 
ਤੀਸਰਾ ਵਿਭਾਗ

0
9       10      11        12
ਧਾ       ਤਿੰ       ਤਿੰ       ਤਾ

 
ਚੌਥਾ ਵਿਭਾਗ

3
13    14        15       16
ਤਾ       ਧਿੰ       ਧਿੰ       ਧਾ

 
ਤਿੰਨਤਾਲ ਦਾ ਠੇਕਾ ਅਤੇ ਇਸਦੇ ਵਿਭਾਗ

X
1         2        3         4
ਧਾ       ਧਿੰ       ਧਿੰ       ਧਾ

2
5       6         7          8
ਧਾ       ਧਿੰ       ਧਿੰ       ਧਾ

0
9       10      11        12
ਧਾ       ਤਿੰ       ਤਿੰ       ਤਾ

3
13    14        15       16
ਤਾ       ਧਿੰ       ਧਿੰ       ਧਾ

 
     
 
ਸਮ
ਹਿੰਦੁਸਤਾਨੀ ਸੰਗੀਤ ਵਿੱਚ ਪ੍ਰਯੋਗ ਹੋਣ ਵਾਲੇ ਤਾਲਾਂ ਦੀ ਪਹਿਲੀ ਮਾਤਰਾ
 

ਵਿਆਖਿਆ :
ਭਾਰਤੀ ਸੰਗੀਤ ਵਿਚ ਪ੍ਰਯੋਗ ਹੋਣ ਵਾਲੀਆਂ ਸਾਰੀਆਂ ਤਾਲਾਂ ਦੀ ਪਹਿਲੀ ਮਾਤਰਾ ਨੂੰ ਸਮ ਕਿਹਾ ਜਾਂਦਾ ਹੈ। ਤਿੰਨਤਾਲ ਵਿਚ ਸਮ

X
1
         2         3        4
ਧਾ       ਧਿੰ       ਧਿੰ       ਧਾ

 
     
 
ਤਾਲੀ
ਤਾਲੀ ਦੁਆਰਾ ਤਾਲ ਦਾ ਆਰੰਭ ਅਤੇ ਵਿਭਾਗਾਂ ਦੀ ਵੰਡ ਦਰਸਾਉਣ ਦੀ ਕ੍ਰਿਆ
 

ਵਿਆਖਿਆ :
ਤਾਲ ਦੇ ਸਰੂਪ ਨੂੰ ਹਸਤ ਵਿਧੀ (ਹੱਥਾਂ ਦੀਆਂ ਵਿਭਿੰਨ ਮੁੰਦਰਾਵਾਂ) ਅਨੁਸਾਰ ਵਿਅਕਤ ਕਰਦਿਆ ਤਾਲੀ ਮਾਰਨ ਦੀ ਕਿਰਿਆ ਰਾਹੀ ਤਾਲ ਦੇ ਕਿਸੇ ਵਿਭਾਗ ਜਾ ਅੰਗ ਨੂੰ ਪ੍ਰਦਰਸ਼ਿਤ ਕਰਨ ਦੀ ਕ੍ਰਿਆ ਤਾਲੀ ਅਖਵਾਉਂਦੀ ਹੈ। ਤਿੰਨਤਾਲ ਵਿਚ ਤਾਲੀ

X
1         2        3         4
ਧਾ       ਧਿੰ       ਧਿੰ       ਧਾ

2
5       6         7          8
ਧਾ       ਧਿੰ       ਧਿੰ       ਧਾ

0
9       10      11        12
ਧਾ       ਤਿੰ       ਤਿੰ       ਤਾ

3
13    14        15       16
ਤਾ       ਧਿੰ       ਧਿੰ       ਧਾ

 
     
 
ਖਾਲੀ
ਕਿਸੇ ਤਾਲ ਵਿਚ ਤਾਲੀ ਤੋਂ ਬਿਨਾਂ ਤਾਲ ਦੀ ਖਾਲੀ ਮਾਤਰਾ
 

ਵਿਆਖਿਆ :
ਤਾਲ ਦੇ ਸਰੂਪ ਨੂੰ ਹਸਤ ਵਿਧੀ (ਹੱਥਾਂ ਦੀਆਂ ਵਿਭਿੰਨ ਮੁੰਦਰਾਵਾਂ) ਅਨੁਸਾਰ ਵਿਅਕਤ ਕਰਦਿਆ ਕੇਵਲ ਹੱਥ ਹਿਲਾ ਕੇ ਇਸ਼ਾਰੇ ਮਾਤਰ ਤਾਲ ਦੇ ਕਿਸੇ ਵਿਭਾਗ ਜਾ ਅੰਗ ਨੂੰ ਪ੍ਰਦਰਸ਼ਿਤ ਕਰਨ ਦੀ ਕ੍ਰਿਆ ਖਾਲੀ ਕਿਹਾ ਜਾਂਦਾ ਹੈ। ਤਿੰਨਤਾਲ ਵਿਚ ਖਾਲੀ

X
1         2        3         4
ਧਾ       ਧਿੰ       ਧਿੰ       ਧਾ

2
5       6         7          8
ਧਾ       ਧਿੰ       ਧਿੰ       ਧਾ

0
9       10      11        12
ਧਾ       ਤਿੰ       ਤਿੰ       ਤਾ

3
13    14        15       16
ਤਾ       ਧਿੰ       ਧਿੰ       ਧਾ

 
     
 
ਆਵਰਤਨ
ਤਾਲ ਦੇ ਠੇਕੇ ਦਾ ਇੱਕ ਸੰਪੂਰਨ ਚੱਕਰ
 

ਵਿਆਖਿਆ :
ਭਾਰਤੀ ਸੰਗੀਤ ਵਿਚ ਪ੍ਰਯੋਗ ਹੋਣ ਵਾਲੇ ਤਾਲਾਂ ਦੇ ਇਕ ਸੰਪੂਰਨ ਚੱਕਰ ਨੂੰ ਜੋ ਪਹਿਲੀ ਮਾਤਰਾ ਤੋਂ ਆਰੰਭ ਹੋ ਕੇ ਮੁੜ ਪਹਿਲੀ ਮਾਤਰਾ ਤੱਕ ਆਵੇ ਉਸਨੂੰ ਆਵਰਤਨ ਕਿਹਾ ਜਾਂਦਾ ਹੈ। ਤਿੰਨਤਾਲ ਦਾ ਇਕ ਆਵਰਤਨ

X
1         2        3         4
ਧਾ       ਧਿੰ       ਧਿੰ       ਧਾ

2
5       6         7          8
ਧਾ       ਧਿੰ       ਧਿੰ       ਧਾ

0
9       10      11        12
ਧਾ       ਤਿੰ       ਤਿੰ       ਤਾ

3
13    14        15       16
ਤਾ       ਧਿੰ       ਧਿੰ       ਧਾ

X
1
      2       3      4
ਧਾ    -       -       -

 
     
 
ਤਿਹਾਈ
ਤਾਲ ਦੀ ਇੱਕ ਵਾਦਨ ਸ਼ੈਲੀ, ਜਿਸ ਵਿੱਚ ਸਮਅਕਾਰੀ ਤਾਲ ਬੋਲ ਰਚਨਾ ਦਾ ਤਿੰਨ ਵਾਰ ਵਾਦਨ ਕਰਦੇ ਹੋਏ, ਸਮ ਤੇ ਪਹੁੰਚਣ ਦੀ ਕਿਰਿਆ
 

ਵਿਆਖਿਆ :
ਭਾਰਤੀ ਸੰਗੀਤ ਪਰੰਪਰਾ ਅਧੀਨ ਤਾਲ ਸਮੱਗਰੀ ਦਾ ਵਾਦਨ ਸਮੇਂ ਅਜਿਹੇ ਬੋਲ ਸਮੂਹ ਜਿਨ੍ਹਾਂ ਵਿਚ ਬਿਨਾਂ ਕੋਈ ਬਦਲਾਅ ਕੀਤੀਆਂ ਤਿੰਨ ਵਾਰ ਲਗਾਤਾਰ ਵਾਦਨ ਕਰਨ ਤੇ ਸਮ ਦੀ ਪ੍ਰਾਪਤੀ ਹੋਵੇ ਉਸ ਨੂੰ ਤਿਹਾਈ ਕਿਹਾ ਜਾਂਦਾ ਹੈ।

 
     
     
ਪ੍ਰਸ਼ਨ
     
 

1. ਹਿੰਦੁਸਤਾਨੀ ਸੰਗੀਤ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ?
I. ਦੱਖਣੀ ਸੰਗੀਤ   II.  ਲੋਕ ਸੰਗੀਤ
III. ਉੱਤਰੀ ਸੰਗੀਤ   IV. ਫ਼ਿਲਮ ਸੰਗੀਤ

2. ਕਰਨਾਟਕੀ ਸੰਗੀਤ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ?
I. ਲੋਕ ਸੰਗੀਤ   II.  ਉੱਤਰੀ ਸੰਗੀਤ  
III. ਦੱਖਣੀ ਸੰਗੀਤ  IV. ਫ਼ਿਲਮ ਸੰਗੀਤ

3. ਸੂਫ਼ੀ ਸੰਗੀਤ ਦਾ ਸੰਬੰਧ ਕਿਸ ਨਾਲ ਮੰਨਿਆ ਜਾਂਦਾ ਹੈ?
I. ਰਾਜਨੀਤੀ   II.  ਧਰਮ
III. ਸੱਭਿਆਚਾਰ  IV. ਵਾਤਾਵਰਣ

4. ਨਾਦ ਕਿੰਨੇ ਕਿਸਮ ਦਾ ਹੁੰਦਾ ਹੈ?
I. ਦੱਸ    II.  ਦੋ
III. ਪੰਜ   IV. ਪੰਦਰਾਂ

5. ਹਿੰਦੁਸਤਾਨੀ ਸੰਗੀਤ ਵਿਚ ਕਿੰਨੇ ਸੁਰ ਮੰਨੇ ਜਾਂਦੇ ਹਨ?
I. ਦੱਸ    II.  ਵੀਹ
III. ਸਤਾਰਾਂ   IV. ਬਾਰਾਂ

6. ਹਿੰਦੁਸਤਾਨੀ ਸੰਗੀਤ ਵਿਚ ਕਿਹੜਾ ਸੁਰ ਤੀਵਰ ਹੈ?
I. ਪੰਚਮ    II.  ਰਿਸ਼ਬ
III. ਮਧਿਅਮ    IV. ਧੈਵਤ

7. ਹਿੰਦੁਸਤਾਨੀ ਸੁਰ-ਸਪਤਕ ਵਿਚ ਕਿੰਨਾਂ ਸੁਰਾਂ ਨੂੰ ਅਚੱਲ-ਸੁਰ ਮੰਨਿਆਂ ਜਾਂਦਾ ਹੈ?
I. ਗੰਧਾਰ ਅਤੇ ਨਿਸ਼ਾਦ  II.  ਮਧਿਅਮ ਅਤੇ ਗੰਧਾਰ
III. ਸ਼ੜਜ ਅਤੇ ਪੰਚਮ  IV. ਸਾਰੇ ਸੁਰ

8.  ਹਿੰਦੁਸਤਾਨੀ ਸੰਗੀਤ ਪੱਧਤੀ ਵਿਚ ਕਿੰਨੇ ਥਾਟ ਮੰਨੇ ਜਾਂਦੇ ਹਨ?
I. ਚੋਦਾਂ    II.  ਦੱਸ
III. ਪੰਦਰਾਂ   IV. ਪੰਜ

9. ਹਿੰਦੁਸਤਾਨੀ ਸੰਗੀਤ ਪੱਧਤੀ ਵਿਚ ਕਿਸ ਥਾਟ ਨੂੰ ਸ਼ੁੱਧ ਥਾਟ ਮੰਨਿਆਂ ਜਾਂਦਾ ਹੈ?
I.  ਤੋੜੀ    II.  ਭੈਰਵ
III. ਖਮਾਜ    IV. ਬਿਲਾਵਲ

10. ਮਧਿਅਮ ਸੁਰ ਤੀਵਰ ਵਾਲਾ ਥਾਟ ਕਿਹੜਾ ਹੈ?
I. ਬਿਲਾਵਲ    II.  ਭੈਰਵ
III. ਭੈਰਵੀ    IV. ਕਲਿਆਣ

11. ਸੁਰਾਂ ਦੇ ਉੱਤਰਦੇ ਕ੍ਰਮ ਨੂੰ ਕੀ ਕਿਹਾ ਜਾਂਦਾ ਹੈ ?
I.   ਥਾਟ II.  ਅਵਰੋਹ
III.  ਸਪਤਕ     IV. ਰਾਗ

12. ਠੇਕਾ ਕਿਸ ਨੂੰ ਕਿਹਾ ਜਾਂਦਾ ਹੈ?
I. ਸਰਗਮ    II.  ਤਾਲ ਬੋਲ
III. ਅਲਾਪ    IV. ਇਹਨਾਂ ਵਿਚੋਂ ਕੋਈ ਨਹੀਂ

13. ਮਾਤਰਾ ਕਿਸ ਨੂੰ ਕਿਹਾ ਜਾਂਦਾ ਹੈ?
I. ਤਾਲ ਦੀ ਨਿਊਨਤਕ ਇਕਾਈ
II. ਰਾਗ ਦਾ ਇਕ ਸੁਰ
III. ਰਾਗ ਪ੍ਰਕਾਰ
IV. ਸੁਰ

14. ਸਮ ਕਿਸ ਨੂੰ ਕਿਹਾ ਜਾਂਦਾ ਹੈ?
I. ਤਾਲ ਕੀ ਪਹਿਲੀ ਮਾਤਰਾ  
II.  ਰਾਗ ਦਾ ਵਰਜਿਤ ਸੁਰ
III. ਵਿਭਾਗ ਦੀ ਪਹਿਲੀ ਮਾਤਰਾ
IV. ਇਹਨਾਂ ਵਿਚੋਂ ਕੋਈ ਨਹੀਂ

15. ਅਵਰਤਨ ਕਿਸ ਨੂੰ ਕਿਹਾ ਜਾਂਦਾ ਹੈ?
I. ਤਾਲ ਦਾ ਇਕ ਚੱਕਰ
II.  ਅਲਾਪ
III. ਸਾਜ਼
IV. ਇਹਨਾਂ ਵਿਚੋਂ ਕੋਈ ਨਹੀਂ

 
 

 

 
   
 

1. III    2. III    3. II     4. II    5. IV    6. III    7. III    8. II     9. IV     10. IV

11. II     12. II    13. I    14. I    15. I 

 
     
     
Bibliography
     
  1. The Oxford Encyclopaedia of the Music of India, Chief Editor : Late Pandit Nikhil Ghosh published by OXFORD Press.

2. ਗੁਰਮਤਿ ਸੰਗੀਤ ਤਕਨੀਕੀ ਸ਼ਬਦਾਵਲੀ, ਗੁਰਨਾਮ ਸਿੰਘ (ਡਾ.) ਮੁੱਖ ਸੰਪਾ., ਪੰਜਾਬੀ ਯੂਨੀਵਰਸਿਟੀ ਪਟਿਆਲਾ, 2012.

3. ਗੁਰਮਤਿ ਸੰਗੀਤ ਪਰਬੰਧ ਤੇ ਪਾਸਾਰ, ਗੁਰਨਾਮ ਸਿੰਘ (ਡਾ.), ਪੰਜਾਬੀ ਯੂਨੀਵਰਸਿਟੀ, ਪਟਿਆਲਾ, 2000.

4. ਸੰਗੀਤ ਸ਼ਾਸਤਰ-ਭਾਗ 1, ਮਹੇਸ਼ ਨਰਾਇਣ ਸਕਸੇਨਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1988.

5. ਸੰਗੀਤ ਵਿਸ਼ਾਰਦ, ਵਸੰਤ, ਸੰਗੀਤ ਕਾਰਆਲਯ, ਹਾਥਰਸ, 2002.

 
     
Home | Feedback | Contact Us