Home | Feedback | Contact Us | Sign Out
 
Introduction of Sikhism >>ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਮੁੱਖ ਬਾਣੀਆਂ
ਵਿਸ਼ਾ ਵਿਸ਼ੇਸ਼ਗ :   ਡਾ. ਅੰਮ੍ਰਿਤਪਾਲ ਕੌਰ
ਪ੍ਰੋਫੈਸਰ
ਪੰਜਾਬੀ ਸਾਹਿਤ ਅਧਿਐਨ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ
   
 

         ਸਿੱਖ ਧਰਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ 'ਸ਼ਬਦ ਗੁਰੂ' ਵਜੋਂ ਮਾਨਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਨੂੰ ਮੁੱਖ 31 ਰਾਗਾਂ ਅਨੁਸਾਰ ਇਕ ਵਿਸ਼ੇਸ਼ ਰਾਗਾਤਮਕ ਤਰਤੀਬ ਅਤੇ ਬਾਣੀ ਵਿਧਾਨ ਵਿਚ ਅੰਕਿਤ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਗੁਰੂ ਸਾਹਿਬਾਨ ਦੀ ਬਾਣੀ ਉਪਰੰਤ ਸੰਤਾਂ, ਭਗਤਾਂ ਤੇ ਹੋਰ ਮਹਾਪੁਰਖਾਂ ਦੀ ਬਾਣੀ ਦਰਜ ਹੈ। ਇਸ ਤਰਤੀਬ ਵਿਚ ਪਹਿਲਾਂ ਸਨਾਤਨੀ ਬਾਣੀ ਰੂਪ ਅਤੇ ਫੇਰ ਲੋਕ ਬਾਣੀ ਰੂਪਾਂ ਦਾ ਪ੍ਰਯੋਗ ਕੀਤਾ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਪ੍ਰਯੋਗ ਕੀਤੇ ਗਏ ਵੱਖ-ਵੱਖ ਪ੍ਰਮੁੱਖ ਬਾਣੀ ਰੂਪ ਇਸ ਪ੍ਰਕਾਰ ਹਨ:

ਬਾਰਹ ਮਾਹਾ
'ਬਾਰਹ ਮਾਹਾ' ਬਾਣੀ ਰਾਗ ਤੁਖਾਰੀ ਅਤੇ ਮਾਝ ਦੇ ਅੰਤਰਗਤ ਦਰਜ ਹੈ। ਬਾਰਹ ਮਾਹਾ ਤੁਖਾਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਗ 1107 'ਤੇ ਅੰਕਿਤ ਹੈ। ਬਾਰਹ ਮਾਹਾ ਮਾਝ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ ਜੋ ਕਿ ਅੰਗ 133 'ਤੇ ਸੁਭਾਇਮਾਨ ਹੈ। ਬਾਰਹ ਮਾਹਾ ਦਾ ਸ਼ਾਬਦਿਕ ਅਰਥ ਬਾਰਾਂ ਮਹੀਨਿਆਂ ਤੋਂ ਹੈ। ਬਾਰਹ ਮਾਹਾ ਉਹ ਕਾਵਿ ਰਚਨਾ ਹੈ ਜਿਸ ਦੇ ਅੰਤਰਗਤ 12 ਮਹੀਨਿਆਂ ਦਾ ਵਰਣਨ ਹੋਵੇ। ਗੁਰੂ ਗ੍ਰੰਥ ਸਾਹਿਬ ਵਿਚ ਦਰਜ 'ਬਾਰਹ ਮਾਹਾ' ਵਿਚ ਸਾਲ ਦੇ ਵੱਖ-ਵੱਖ ਮਹੀਨਿਆਂ ਦੀ ਪ੍ਰਕ੍ਰਿਤੀ ਅਨੁਸਾਰ ਬਾਣੀ ਰਚੀ ਗਈ ਹੈ ਜਿਸ ਵਿਚ ਜੀਵ ਆਤਮਾ ਨੂੰ ਪਰਮਾਤਮਾ ਵਿਚ ਇੱਕ ਮਿਕ ਹੋਣ ਦਾ ਰਾਹ ਦਰਸਾਇਆ ਗਿਆ ਹੈ। ਰੁੱਤਾਂ ਦਾ ਪ੍ਰਭਾਵ ਮਨਮੁਖਾਂ ਤੇ ਹੀ ਪੈਦਾ ਹੈ, ਗੁਰਮੁਖਾਂ ਨੂੰ ਹਰ ਰੁੱਤ ਸੁਖਦਾਈ ਹੀ ਪ੍ਰਤੀਤ ਹੁੰਦੀ ਹੈ।

ਬਾਵਨ ਅਖਰੀ
ਸ੍ਰੀ ਗੁਰੂ ਅਰਜਨ ਦੇਵ ਅਤੇ ਭਗਤ ਕਬੀਰ ਜੀ ਨੇ 'ਬਾਵਨ ਅਖਰੀ' ਸਿਰਲੇਖ ਅਧੀਨ ਗਉੜੀ ਰਾਗ ਦੇ ਅੰਤਰਗਤ ਬਾਣੀ ਰਚਨਾ ਕੀਤੀ। ਬਾਵਨ ਅਖਰੀ ਤੋਂ ਭਾਵ 52 ਅੱਖਰਾਂ ਦਾ ਵਿਆਖਿਆ ਰੂਪ ਉਪਦੇਸ਼ ਹੈ। ਗੁਰੂ ਅਰਜਨ ਦੇਵ ਜੀ ਦੀ 55 ਪਉੜੀਆਂ ਦੀ ਸਲੋਕਾਂ ਸਹਿਤ ਬਾਣੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 200-262 ਤਕ ਦਰਜ ਹੈ। ਇਸ ਵਿਚ ਜਗਿਆਸੂ ਦੀ ਪ੍ਰਭੂ ਕਿਰਪਾ ਲਈ ਬੇਨਤੀ ਹੈ। ਭਗਤ ਕਬੀਰ ਜੀ ਦੀ ਰਚਨਾ 45 ਬੰਦਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 340 ਤੋਂ 343 ਤੱਕ ਦਰਜ ਹੈ।

ਥਿਤੀ
'ਥਿਤੀ' ਸਿਰਲੇਖ ਹੇਠ ਗੁਰੂ ਨਾਨਕ ਦੇਵ ਜੀ ਦੀ ਬਿਲਾਵਲ ਰਾਗ, ਗੁਰੂ ਅਰਜਨ ਦੇਵ ਜੀ ਅਤੇ ਭਗਤ ਕਬੀਰ ਜੀ ਦੀ ਗਉੜੀ ਰਾਗ ਵਿਚ ਲਿਖੀ ਰਚਨਾ ਹੈ। ਦੇਸੀ ਤਿਥੀਆਂ ਦੇ ਅਧਾਰ ਤੇ ਲਿਖੀ ਕਾਵਿ-ਰਚਨਾ 'ਥਿਤੀ' ਕਹਾਉਂਦੀ ਹੈ। ਗੁਰੂ ਨਾਨਕ ਦੇਵ ਜੀ ਦੀ ਥਿਤੀ ਬਾਣੀ ਰਚਨਾ 20 ਬੰਦਾਂ ਦੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 838-840 ਤੱਕ ਦਰਜ ਹੈ। ਰਹਾਉ ਦੀ ਤੁਕ ਵਿਚ ਗੁਰੂ ਜੀ ਨੇ ਸ਼ਬਦ ਗੁਰੂ ਵਿਚ ਜੁੜਨ ਦਾ ਉਪਦੇਸ਼ ਦਿਤਾ ਹੈ। ਗੁਰੂ ਅਰਜਨ ਦੇਵ ਜੀ ਦੀ ਥਿਤੀ ਬਾਣੀ 17 ਪਉੜੀਆਂ ਵਿਚ ਸਲੋਕਾਂ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 296-300 ਤੱਕ ਦਰਜ ਹੈ। ਇਸ ਬਾਣੀ ਰਚਨਾ ਦਾ ਕੇਂਦਰੀ ਭਾਵ ਸਾਧਸੰਗਤਿ ਵਿਚ ਮਿਲਕੇ ਹਰ ਪਲ ਪਰਮਾਤਮਾ ਦਾ ਜਸ ਹਰ ਰੋਜ਼ ਗਾਇਨ ਕਰਨ ਦੀ ਤਾਕੀਦ ਕੀਤੀ ਹੈ। ਭਗਤ ਕਬੀਰ ਜੀ ਦੀ 16 ਬੰਦਾਂ ਦੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 343 ਉਤੇ ਦਰਜ ਹੈ। ਭਗਤ ਜੀ ਦਸਦੇ ਹਨ ਕਿ ਹਰੀ ਦੀ ਕਿਰਪਾ ਨਾਲ ਹਰੀ ਕੀਰਤਨ ਵਿਚ ਹਰ ਰੋਜ਼ ਜੁੜਨ ਨਾਲ ਮਨ ਨਿਰਮਲ ਹੁੰਦਾ ਹੈ। ਇਨ੍ਹਾਂ ਬਾਣੀ ਰਚਨਾਵਾਂ ਵਿਚ ਏਕਮ, ਦੂਜ ਆਦਿ 15 ਤਿਥਾਂ ਦੇ ਅਧਾਰ ਤੇ ਬਣੇ ਵਹਿਮਾਂ-ਭਰਮਾਂ ਨੂੰ ਤਿਆਗ ਕੇ ਇਕ ਪਰਮਾਤਮਾ ਦਾ ਸਿਮਰਨ ਤੇ ਜਸ ਗਾਇਨ ਕਰਨ ਦਾ ਉਪਦੇਸ਼ ਦਿੱਤਾ ਹੈ।

ਸੁਖਮਨੀ
ਗੁਰੂ ਅਰਜਨ ਦੇਵ ਜੀ ਦੁਆਰਾ ਗਉੜੀ ਰਾਗ ਵਿਚ ਉਚਾਰਣ ਕੀਤੀ 'ਸੁਖਮਨੀ' ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 262 ਤੋਂ 296 ਉਪਰ ਦਰਜ ਹੈ। ਸੁਖਮਨੀ ਸ਼ਬਦ 'ਸੁਖ' ਅਤੇ 'ਮਨੀ' (ਮਣੀ) ਦੇ ਸੁਮੇਲ ਤੋਂ ਬਣਿਆ ਹੋਇਆ ਹੈ। ਜਿਸ ਤੋਂ ਭਾਵ ਹੈ ਸੁੱਖਾਂ ਦੀ ਮਣੀ। ਇਸ ਬਾਣੀ ਵਿਚ ਰਹਾਉ ਦੀ ਤੁਕ “ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ|| ਭਗਤ ਜਨਾ ਕੈ ਮਨਿ ਬਿਸ੍ਰਾਮ|| ਰਹਾਉ||“ ਹੀ ਇਸ ਬਾਣੀ ਦੇ ਸਿਰਲੇਖ ਨੂੰ ਭਲੀ ਭਾਂਤ ਸਪਸ਼ਟ ਕਰਦੀ ਹੈ। ਇਸ ਪੂਰੀ ਬਾਣੀ ਰਚਨਾ ਵਿਚ ਰਹਾਉ ਕੇਵਲ ਇਕ ਵਾਰ ਆਉਂਦਾ ਹੈ। ਇਹ ਬਾਣੀ ਅਸ਼ਟਪਦੀਆਂ ਦੀ ਬਾਣੀ ਹੈ ਜਿਸ ਵਿਚ ਕੁੱਲ 24 ਅਸ਼ਟਪਦੀਆਂ ਅਤੇ 24 ਸਲੋਕ ਹਨ। ਹਰ ਅਸ਼ਟਪਦੀ ਦੀ ਅਰੰਭਤਾ ਸਲੋਕ ਨਾਲ ਹੁੰਦੀ ਹੈ। ਹਰ ਅਸ਼ਟਪਦੀ ਸ਼ੁਰੂ ਵਿਚ ਆਏ ਸਲੋਕ ਦੇ ਆਂਤਰਿਕ ਭਾਵ ਅਰਥਾਂ ਨੂੰ ਦ੍ਰਿੜਾਂਉਂਦੀ ਹੋਈ ਉਸ ਦੀ ਵਿਆਖਿਆ ਕਰਦੀ ਹੈ।

 
     
     
 

ਆਸਾ ਕੀ ਵਾਰ
ਆਸਾ ਰਾਗ ਦੇ ਅੰਤਰਗਤ ਗੁਰੂ ਗ੍ਰੰਥ ਸਾਹਿਬ ਦੇ ਪੰਨਾ 462 'ਤੇ ਦਰਜ ਬਾਣੀ ਜਿਸ ਨੂੰ 'ਟੁੰਡੇ ਅਸ ਰਾਜੈ ਕੀ ਧੁਨੀ' ਅਨੁਸਾਰ ਗਾਉਣ ਦੀ ਤਾਕੀਦ ਹੈ। ਇਸ ਦੇ ਸ਼ਬਦੀ ਅਰਥ ਹਨ ਆਸਾ ਰਾਗ ਵਿਚ ਰਚਿਤ ਇਕ ਵਾਰ। ਇਹ ਬਾਣੀ ਗੁਰੂ ਨਾਨਕ ਦੇਵ ਜੀ ਦੁਆਰਾ ਰਚੀ ਗਈ ਹੈ ਪਰੰਤੂ ਵਿਹਾਰਕ ਪ੍ਰਚਲਨ ਅਧੀਨ ਕੀਰਤਨ ਹਿਤ ਗਾਈ ਜਾਣ ਵਾਲੀ ਆਸਾ ਦੀ ਵਾਰ ਵਿਚ ਗੁਰੂ ਰਾਮਦਾਸ ਜੀ ਦੇ ਛੰਤ ਅਤੇ ਗੁਰੂ ਅੰਗਦ ਦੇਵ ਜੀ ਦੇ ਸਲੋਕ ਵੀ ਸ਼ਾਮਲ ਕੀਤੇ ਗਏ ਹਨ। ਵਰਤਮਾਨ ਸਮੇਂ ਆਸਾ ਦੀ ਵਾਰ ਦੇ ਸਰੂਪ ਵਿਚ ਗੁਰੂ ਨਾਨਕ ਦੇਵ ਜੀ ਦੀਆਂ 24 ਪਉੜੀਆਂ ਤੇ 44 ਸਲੋਕ ਤੇ ਗੁਰੂ ਅੰਗਦ ਦੇਵ ਜੀ ਦੇ 15 ਸਲੋਕ ਅਤੇ ਗੁਰੂ ਰਾਮਦਾਸ ਜੀ ਦੇ 6 ਛੰਤ ਸ਼ਾਮਿਲ ਹਨ।

ਘੋੜੀਆ
ਗੁਰੂ ਰਾਮਦਾਸ ਜੀ ਦੁਆਰਾ 'ਘੋੜੀਆ' ਸਿਰਲੇਖ ਹੇਠ ਵਡਹੰਸ ਰਾਗ ਵਿਚ ਉਚਾਰੀ ਗਈ ਬਾਣੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 575 ਅਤੇ 576 ਤੇ ਅੰਕਿਤ ਹੈ। ਇਹ ਬਾਣੀ ਚਉਪਦਿਆਂ ਦੇ ਰੂਪ ਵਿਚ ਰਚੀ ਗਈ ਹੈ। 'ਘੋੜੀਆ' ਸ਼ਬਦ ਘੋੜੀ ਦਾ ਬਹੁਵਚਨ ਹੈ। ਇਹ ਪੰਜਾਬੀ ਲੋਕ ਸੰਗੀਤ ਪਰੰਪਰਾ ਵਿਚ ਵਿਆਹ ਦੇ ਸਮੇਂ ਗਾਇਆ ਜਾਣ ਵਾਲਾ ਖਾਸ ਲੋਕ ਗੀਤ ਹੈ। ਇਸ ਬਾਣੀ ਰਚਨਾ ਵਿਚ ਵਿਆਹ ਨਾਲ ਸੰਬੰਧਿਤ ਰਹੁ-ਰੀਤਾਂ ਨੂੰ ਦਰਸਾਉਂਦੇ ਵੱਖ-ਵੱਖ ਸੰਕੇਤਾਂ ਦੁਆਰਾ ਦੇਹ ਰੂਪੀ ਘੋੜੀ ਉੱਤੇ ਚੜ੍ਹ ਕੇ, ਸਾਧ-ਸੰਗਤ ਦੀ ਜੰਞ ਲੈ ਕੇ, ਸੰਸਾਰ ਦਾ ਬਿਖੜਾ ਰਸਤਾ ਕੱਟਣ ਅਤੇ ਅੰਤ ਪ੍ਰਭੂ ਨਾਲ ਮਿਲਾਪ ਆਦਿ ਬਾਰੇ ਬੜੀ ਸੁੰਦਰਤਾ ਪੂਰਵਕ ਵਰਣਨ ਕੀਤਾ ਹੈ। ਮਨ ਨੂੰ ਕਾਬੂ ਕਰਨ ਲਈ ਲਗਾਮ ਅਤੇ ਚਾਬਕ ਆਦਿ ਸਾਧਨ ਦਸਦਿਆਂ ਐਸੀ ਸਵਾਰੀ ਨੂੰ ਧੰਨ ਕਿਹਾ ਗਿਆ ਹੈ ਜਿਸ ਦਾ ਅੰਤ ਪ੍ਰਭੂ ਪ੍ਰੀਤਮ ਨਾਲ ਮਿਲਾਪ ਹੋਵੇ।

ਅਲਾਹੁਣੀਆ
ਗੁਰੂ ਗ੍ਰੰਥ ਸਾਹਿਬ ਦੇ ਅੰਗ 578 ਤੋਂ 585 ਤੱਕ ਅੰਕਿਤ 'ਅਲਾਹੁਣੀਆ' ਬਾਣੀ ਗੁਰੂ ਨਾਨਕ ਦੇਵ ਅਤੇ ਗੁਰੂ ਅਮਰਦਾਸ ਜੀ ਦੁਆਰਾ ਰਚੀ ਗਈ ਹੈ। ਅਲਾਹੁਣੀ ਸ਼ਬਦ ਤੋਂ ਭਾਵ ਗਾਉਣਾ ਜਾਂ ਉਸਤਤਿ ਕਰਨਾ ਹੈ। ਇਹ ਪੰਜਾਬੀ ਦਾ ਸੋਗਮਈ ਅਤੇ ਕਰੁਣਾਮਈ ਲੋਕ ਗੀਤ ਹੈ ਜੋ ਮੌਤ ਤੋਂ ਬਾਅਦ ਵਿਛੜੇ ਸਨੇਹੀ ਦੀ ਯਾਦ ਵਿਚ ਇਸਤਰੀਆਂ ਵਲੋਂ ਮਿਲ ਕੇ ਗਾਇਆ ਜਾਂਦਾ ਹੈ। ਅਲਾਹੁਣੀ ਬਾਣੀ ਵਿਚ ਗੁਰੂ ਸਾਹਿਬਾਨ ਨੇ ਵਿਛੜੇ ਜੀਵ ਦੇ ਸੋਗ ਵਿਚ ਵਿਰਲਾਪ ਕਰਨ ਦੀ ਥਾਂ ਉਸ ਪ੍ਰਭੂ ਪ੍ਰਮਾਤਮਾ ਦੀ ਯਾਦ ਨੂੰ ਮਨ ਵਿਚ ਵਸਾਉਣ 'ਤੇ ਜ਼ੋਰ ਦਿਤਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਕੁੱਲ ਨੌ ਅਲਾਹੁਣੀਆਂ ਦਰਜ ਹਨ ਜਿਨ੍ਹਾਂ ਵਿਚੋਂ ਅੱਠ ਵਡਹੰਸੁ ਰਾਗ ਅਧੀਨ ਅਤੇ ਇਕ ਵਡਹੰਸ ਦੱਖਣੀ ਅਧੀਨ ਅੰਕਿਤ ਹਨ।

ਆਰਤੀ

ਧਨਾਸਰੀ ਰਾਗ ਅਧੀਨ ਗੁਰੂ ਨਾਨਕ ਦੇਵ ਜੀ ਦਾ ਦਰਜ ਸ਼ਬਦ 'ਗਗਨ ਮੈਂ ਥਾਲ ਰਵਿ ਚੰਦੁ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ' ਨਾਲ ਸੰਬੰਧਤ ਹੈ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਅੰਗ 663 'ਤੇ ਦਰਜ ਹੈ। ਆਰਤੀ ਸੰਸਕ੍ਰਿਤ ਦੇ 'ਆਰਾਤ੍ਰਿਕ' ਤੋਂ ਬਣਿਆ ਸ਼ਬਦ ਹੈ ਜਿਸ ਦਾ ਅਰਥ ਰੋਸ਼ਨੀ ਅਥਵਾ ਉਹ ਪਾਤਰ ਜਿਸ ਵਿਚ ਰੋਸ਼ਨੀ ਰੱਖੀ ਹੋਵੇ ਅਤੇ ਜਿਸ ਨੂੰ ਮੂਰਤੀ ਅਗੇ ਗੋਲਕਾਰ ਰੂਪ ਵਿਚ ਘੁਮਾਂਦਿਆਂ ਮੰਤਰਾਂ ਦਾ ਉਚਾਰਨ ਕੀਤਾ ਜਾਂਦਾ ਹੈ ਪਰ ਇਹ ਸਭ ਗੁਰਮਤਿ ਵਿਚ ਪ੍ਰਵਾਨ ਨਹੀਂ ਹੈ। ਗੁਰਮਤਿ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਸ਼ਬਦ ਕੀਰਤਨ ਰੂਪ ਆਰਤੀ ਸ਼ਬਦਾਂ (ਉਹ ਸ਼ਬਦ ਜੋ ਸਮੇਂ ਦੇ ਨਾਲ ਇਸ ਸ਼ਬਦ ਕੀਰਤਨ ਚਉਕੀ ਦਾ ਹਿੱਸਾ ਬਣ ਗਏ ਹਨ) ਦਾ ਗਾਇਨ ਕੀਤਾ ਜਾਂਦਾ ਹੈ। ਵਰਤਮਾਨ ਸਮੇਂ ਆਰਤੀ ਦੇ ਸ਼ਬਦਾਂ ਵਿਚ ਗੁਰੂ ਨਾਨਕ ਦੇਵ, ਭਗਤ ਰਵਿਦਾਸ, ਭਗਤ ਸੈਣ, ਭਗਤ ਧੰਨਾ ਦੀ ਬਾਣੀ ਅਤੇ ਦਸਮ ਗ੍ਰੰਥ ਵਿਚੋਂ ਕੁਝ ਸ਼ਬਦ ਸ਼ਾਮਿਲ ਹਨ।

ਲਾਵ
ਗੁਰੂ ਰਾਮਦਾਸ ਜੀ ਦੁਆਰਾ ਸੂਹੀ ਰਾਗ ਅਧੀਨ ਚਾਰ ਲਾਵਾਂ ਵਜੋਂ ਅੰਕਤ ਚਾਰ ਛੰਤਾਂ ਨੂੰ 'ਲਾਵ' ਬਾਣੀ ਕਰਕੇ ਜਾਣਿਆ ਜਾਂਦਾ ਹੈ ਪਰੰਤੂ ਗੁਰੂ ਗ੍ਰੰਥ ਸਾਹਿਬ ਅਧੀਨ ਇਸ ਬਾਣੀ ਦਾ ਕੋਈ ਵਖਰਾ ਸਿਰਲੇਖ ਦਰਜ ਨਹੀਂ ਹੈ। ਇਸ ਬਾਣੀ ਦੇ ਹਰ ਪਦੇ ਵਿਚ ਪਹਿਲੀ ਲਾਵ, ਦੂਜੀ ਲਾਵ, ਤੀਜੜੀ ਲਾਵ, ਚਉਥੜੀ ਲਾਵ ਦਾ ਪ੍ਰਯੋਗ ਹੋਣ ਕਰਕੇ ਇਹ ਬਾਣੀ 'ਲਾਵ' ਨਾਮ ਨਾਲ ਪ੍ਰਸਿਧ ਹੈ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 773 ਉਤੇ ਅੰਕਿਤ ਹੈ। ਇਸ ਵਿਚ ਆਤਮਾ ਦੇ ਪ੍ਰਮਾਤਮਾ ਨਾਲ ਪ੍ਰੇਮ ਸੰਬੰਧ ਨੂੰ ਸੰਯੋਗ ਅਵਸਥਾ ਦੀ ਸਿਖਰ ਉਤੇ ਪਹੁੰਚਾਉਣ ਲਈ ਕੀਤੀ ਗਈ ਤਿਆਰੀ ਨੂੰ ਲਾਵਾਂ ਦੇ ਲੋਕ ਮਾਧਿਅਮ ਦੁਆਰਾ ਪ੍ਰਗਟਾਇਆ ਗਿਆ ਹੈ। ਲਾਵਾਂ ਦਾ ਸਿੱਖੀ ਜੀਵਨ ਨਾਲ ਅਨਿਖੜ ਸੰਬੰਧ ਹੈ। ਹਰ ਸਿੱਖ ਦੇ ਗ੍ਰਹਿਸਥੀ ਜੀਵਨ ਦਾ ਆਰੰਭ ਇਸ ਬਾਣੀ ਦੇ ਅਧਿਆਤਮਕ ਉਪਦੇਸ਼ ਰਾਹੀਂ ਹੁੰਦਾ ਹੈ।

ਅਨੰਦੁ
'ਅਨੰਦੁ' ਸਿਰਲੇਖ ਹੇਠ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 917 ਉਤੇ ਅੰਕਿਤ ਹੈ। ਇਹ ਬਾਣੀ ਸ੍ਰੀ ਗੁਰੂ ਅਮਰਦਾਸ ਜੀ ਦੀ ਰਚਨਾ ਹੈ ਜੋ ਰਾਮਕਲੀ ਰਾਗ ਅਧੀਨ ਉਚਾਰੀ ਗਈ ਹੈ। ਅਨੰਦ ਦੇ ਅਰਥ ਹਨ ਖੁਸ਼ੀ, ਪ੍ਰਸੰਨਤਾ, ਖੇੜਾ ਆਦਿ। ਇਹ ਬਾਣੀ 40 ਪਉੜੀਆਂ ਦੇ ਅੰਤਰਗਤ ਦਰਜ ਹੈ। ਇਸ ਦੀਆਂ ਪਹਿਲੀਆਂ ਪੰਜ ਅਤੇ ਅੰਤਲੀ ਪਉੜੀ ਦਾ ਸਿੱਖ ਜੀਵਨ ਦੇ ਹਰ ਖੁਸ਼ੀ ਗਮੀ ਮੌਕੇ 'ਤੇ ਕੀਰਤਨ ਜਾਂ ਪਾਠ ਕੀਤਾ ਜਾਂਦਾ ਹੈ।

ਓਅੰਕਾਰੁ
'ਓਅੰਕਾਰੁ' ਬਾਣੀ ਗੁਰੂ ਨਾਨਕ ਦੇਵ ਜੀ ਦੁਆਰਾ ਰਾਮਕਲੀ ਦੱਖਣੀ ਰਾਗ ਵਿਚ ਰਚਿਤ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 929-938 ਤੱਕ ਦਰਜ ਹੈ। ਬਾਣੀ ਦਾ ਸਿਰਲੇਖ 'ਰਾਮਕਲੀ ਮਹਲਾ 1 ਦਖਣੀ ਓਅੰਕਾਰੁ' ਹੈ। ਇਹ 54 ਬੰਦਾਂ ਦੀ ਰਚਨਾ ਹੈ। ਇਸ ਰਚਨਾ ਦੇ ਸ਼ੁਰੂ ਵਿਚ ਹੀ ਓਅੰਕਾਰੁ ਤੋਂ ਬ੍ਰਹਮਾ ਦੀ ਉਤਪਤੀ ਹੋਈ ਦਸੀ ਗਈ ਹੈ। ਓਅੰਕਾਰੁ ਤੋਂ ਹੀ ਪਰਬਤ, ਯੁਗ, ਵੇਦ ਆਦਿ ਹੋਂਦ ਵਿਚ ਆਏ ਹਨ। ਇਸ ਰਚਨਾ ਦਾ ਉਦੇਸ਼ ਰਹਾਓ ਦੀਆਂ ਤੁਕਾਂ ਵਿਚ ਦਿਤਾ ਹੈ : “ਹੇ ਪਾਂਡੇ ਜੇ ਕੁਝ ਲਿਖਣਾ ਹੀ ਹੈ ਤਾਂ ਸੰਸਾਰਿਕ ਜੰਜਾਲਾਂ ਨੂੰ ਛੱਡ ਕੇ ਰਾਮ ਨਾਮ ਲਿਖ“। ਇਸ ਰਾਮ ਨਾਮ ਦੀ ਵਿਆਖਿਆ ਸਾਰੀ ਬਾਣੀ ਵਿਚ ਹੋਈ ਹੈ।

ਰੁਤੀ
ਗੁਰੂ ਅਰਜਨ ਦੇਵ ਜੀ ਦੁਆਰਾ ਰਾਮਕਲੀ ਰਾਗ ਅਧੀਨ ਰਚਿਤ ਬਾਣੀ 'ਰੁਤੀ' ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 927 'ਤੇ ਦਰਜ ਹੈ। 'ਰੁਤੀ' ਹਿੰਦੀ ਦੇ 'ਰਿਤੁ' ਸ਼ਬਦ ਦਾ ਬਹੁ ਵਚਨੀ ਸ਼ਬਦ ਹੈ। ਗੁਰੂ ਸਾਹਿਬ ਨੇ ਇਸ ਬਾਣੀ ਰੂਪ ਵਿਚ ਛੇ ਰੁੱਤਾਂ ਦਾ ਵਰਣਨ ਕੀਤਾ ਹੈ ਜਿਸ ਵਿਚ ਗੁਰੂ ਸਾਹਿਬ ਨੇ ਉਪਦੇਸ਼ ਦਿਤਾ ਹੈ ਕਿ ਪਰਮਾਤਮਾ ਦੀ ਅਰਾਧਨਾ ਕਰਨ ਲਈ ਕੋਈ ਖਾਸ ਰੁੱਤ ਨਹੀਂ ਹੁੰਦੀ। ਗੁਰੂ ਗ੍ਰੰਥ ਸਾਹਿਬ ਵਿਚ ਦਰਜ ਇਹ ਬਾਣੀ ਸਲੋਕਾਂ ਸਮੇਤ 8 ਛੰਤਾਂ ਅਧੀਨ ਅੰਕਿਤ ਹੈ।

ਸਿਧ ਗੋਸਟਿ
ਸ੍ਰੀ ਗੁਰੂ ਨਾਨਕ ਦੇਵ ਜੀ ਨੇ 'ਸਿਧ ਗੋਸਟਿ' ਸਿਰਲੇਖ ਦੇ ਅੰਤਰਗਤ ਰਾਗ ਰਾਮਕਲੀ ਵਿਚ ਬਾਣੀ ਉਚਾਰੀ ਜੋ ਗੁਰੂ ਗ੍ਰੰਥ ਸਾਹਿਬ ਦੇ ਪੰਨਾ 938 ਤੋਂ 946 ਉਪਰ ਦਰਜ ਹੈ। ਉਪਰੋਕਤ ਬਾਣੀ ਸਿਰਲੇਖ ਵਿਚ 'ਸਿਧ' ਸ਼ਬਦ ਦੇ ਸਧਾਰਣ ਅਰਥ ਜਾਣਾ, ਆਗਿਆ ਕਰਨਾ, ਉਪਦੇਸ਼ ਦੇਣਾ, ਮੰਗਲ ਕਰਮ ਕਰਨਾ, ਪ੍ਰਸਿੱਧ ਹੋਣਾ, ਪੂਰਣ ਹੋਣਾ, ਸ਼ੁੱਧ ਹੋਣਾ ਆਦਿ ਹਨ। ਸਿੱਧਿ ਨੂੰ ਪ੍ਰਾਪਤ ਹੋਇਆ ਸਿੱਧੀ ਵਾਲਾ 'ਗੋਸਟਿ' ਤੋਂ ਭਾਵ ਮਜਲਿਸ, ਸਭਾ ਅਤੇ ਸਭਾ ਵਿਚ ਵਾਰਤਾਲਾਪ ਆਦਿ ਹਨ। ਇਸ ਪ੍ਰਕਾਰ 'ਸਿਧ ਗੋਸਟਿ' ਬਾਣੀ ਸਿਰਲੇਖ ਤੋਂ ਭਾਵ ਅਜਿਹੀ ਬਾਣੀ ਰਚਨਾ ਤੋਂ ਹੈ ਜਿਸ ਵਿਚ ਹਠਯੋਗ ਅਤੇ ਅਲੌਕਿਕ ਸ਼ਕਤੀਆਂ ਰੱਖਣ ਵਾਲੇ ਸਿਧਾਂ ਜਾਂ ਰਹੱਸਵਾਦੀਆਂ ਨਾਲ ਸੰਵਾਦ ਰੂਪ ਵਿਚ ਗੁਰੂ ਨਾਨਕ ਦੇਵ ਜੀ ਦਾ ਵਿਚਾਰ ਵਟਾਂਦਰਾ ਹੈ। ਇਸ ਬਾਣੀ ਵਿਚ ਸਿੱਧਾਂ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪੁੱਛੇ ਗਏ ਪ੍ਰਸ਼ਨ ਅਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਦਿੱਤੇ ਉਤਰਾਂ ਦਾ ਸੰਕਲਨ ਹੈ ਜਿਸ ਦੁਆਰਾ ਗੁਰੂ ਸਾਹਿਬ ਦੇ ਸਿੱਧਾਂ/ਯੋਗੀਆਂ ਨੂੰ ਪਰਮਾਰਥ ਦਾ ਉਪਦੇਸ਼ ਦਿਤਾ। ਇਹ ਬਾਣੀ ਵੱਖ-ਵੱਖ 73 ਪਦਿਆਂ ਦੇ ਰੂਪ ਵਿਚ ਉਚਾਰੀ ਗਈ ਹੈ।

ਬਸੰਤ ਕੀ ਵਾਰ

ਬਸੰਤ ਕੀ ਵਾਰ ਸਿਰਲੇਖ ਹੇਠ ਦਰਜ ਬਾਣੀ ਰਚਨਾ ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰੀ ਗਈ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵਾਰਾਂ ਵਿਚ ਇਹ ਸਭ ਤੋਂ ਛੋਟੀ ਕੇਵਲ 3 ਪਉੜੀਆਂ ਦੀ ਵਾਰ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1193 ਉਪਰ ਅੰਕਿਤ ਹੈ। ਇਸ ਵਿਚ ਗੁਰੂ ਸਾਹਿਬ ਨੇ ਮਨੁੱਖੀ ਮਨ ਵਿਚ ਆਉਣ ਵਾਲੇ ਖੇੜੇ ਅਤੇ ਸਦੀਵੀ ਹਰਿਆਵਲ ਬਾਰੇ ਫੁਰਮਾਨ ਕੀਤਾ ਹੈ। ਗੁਰੂ ਸਾਹਿਬ ਅਨੁਸਾਰ ਜਿਥੇ ਕਿਤੇ ਹਰੀ ਦੇ ਨਾਮ ਦਾ ਵਾਸਾ ਹੈ, ਉਥੇ ਬਸੰਤ ਖਿੜੀ ਹੈ। ਮਾਘ ਦੀ ਸੰਗਰਾਂਦ ਤੋਂ ਹੋਲੇ ਮਹੱਲੇ ਤੱਕ ਦੇ ਸਮੇਂ ਅੰਦਰ ਬਸੰਤ ਰਾਗ ਵਿਚ ਕੀਰਤਨ ਕਰਨ ਉਪਰੰਤ ਇਸ ਵਾਰ ਦੀਆਂ ਪਉੜੀਆਂ ਦਾ ਗਾਇਨ ਕਰਨ ਦੀ ਪਰੰਪਰਾ ਹੈ।

ਉਪਰੋਕਤ ਦਿਤੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਮੁੱਖ ਬਾਣੀਆਂ ਵਿਚ ਨਿਤਨੇਮ ਦੀਆਂ ਬਾਣੀਆਂ ਜਪੁ, ਜਾਪ, ਸਵੈਯੇ, ਸੋ ਦਰੁ ਰਹਿਰਾਸ ਅਤੇ ਸੋਹਿਲਾ ਵੀ ਸ਼ਾਮਿਲ ਹਨ ਜਿਨ੍ਹਾਂ ਬਾਰੇ ਵਿਸਥਾਰ ਸਹਿਤ ਉਲੇਖ ਸਬੰਧਤ ਕੋਰਸ ਦੇ ਦੂਸਰੇ ਪਾਠ ਵਿਚ ਕੀਤਾ ਗਿਆ ਹੈ।

 
ਪ੍ਰਸ਼ਨ
     
 

1. ਅਨੰਦੁ ਬਾਣੀ ਕਿਸ ਗੁਰੂ ਦੀ ਰਚਨਾ ਹੈ?
      1. ਗੁਰੂ ਅਮਰਦਾਸ       2. ਗੁਰੂ ਰਾਮਦਾਸ
      3. ਗੁਰੂ ਅਰਜਨ ਦੇਵ       4. ਗੁਰੂ ਤੇਗ ਬਹਾਦਰ

2. ਅਨੰਦੁ ਬਾਣੀ ਦੀ ਰਚਨਾ ਕਿਸ ਰਾਗ ਵਿਚ ਕੀਤੀ ਗਈ ਹੈ?
      1. ਤੁਖਾਰੀ       2. ਸਿਰੀ       3. ਰਾਮਕਲੀ       4. ਮਾਝ

3. ਗੁਰੂ ਗ੍ਰੰਥ ਸਾਹਿਬ ਵਿਚ ਕਿੰਨੀਆਂ ਅਲਾਹੁਣੀਆਂ ਹਨ?
      1. ਪੰਜ       2. ਅੱਠ       3. ਨੌ       4. ਦਸ

4. ਘੋੜੀਆ ਬਾਣੀ ਕਿਸ ਗੁਰੂ ਦੀ ਰਚਨਾ ਹੈ?
      1. ਗੁਰੂ ਅਮਰਦਾਸ       2. ਗੁਰੂ ਰਾਮਦਾਸ
      3. ਗੁਰੂ ਤੇਗ ਬਹਾਦਰ       4. ਗੁਰੂ ਗੋਬਿੰਦ ਸਿੰਘ

5. ਘੋੜੀਆ ਬਾਣੀ ਦੀ ਰਚਨਾ ਕਿਸ ਰਾਗ ਵਿਚ ਕੀਤੀ ਗਈ ਹੈ?
      1. ਰਾਮਕਲੀ       2. ਬਿਲਾਵਲ       3. ਵਡਹੰਸ       4. ਤੁਖਾਰੀ

6. ਆਸਾ ਕੀ ਵਾਰ ਵਿਚ ਕਿੰਨੀਆਂ ਪਉੜੀਆਂ ਹੁੰਦੀਆਂ ਹਨ?
      1. 20       2. 22       3. 24       4. 30

7. ਆਰਤੀ ਬਾਣੀ ਦਾ ਗਾਇਨ ਕਿਸ ਰਾਗ ਵਿਚ ਕੀਤਾ ਜਾਂਦਾ ਹੈ?
      1. ਰਾਮਕਲੀ       2. ਧਨਾਸਰੀ       3. ਸਿਰੀ       4. ਜੈਤਸਰੀ

8. ਸਿਧ ਗੋਸਟਿ ਬਾਣੀ ਕਿਸ ਗੁਰੂ ਦੀ ਰਚਨਾ ਹੈ?
      1. ਗੁਰੂ ਨਾਨਕ ਦੇਵ ਜੀ          2. ਗੁਰੂ ਅੰਗਦ ਦੇਵ ਜੀ

      3. ਗੁਰੂ ਅਮਰਦਾਸ ਜੀ          4. ਗੁਰੂ ਰਾਮਦਾਸ ਜੀ

9. ਸੁਖਮਨੀ ਸਾਹਿਬ ਵਿਚ ਕਿੰਨੀਆਂ ਅਸ਼ਟਪਦੀਆਂ ਹਨ?
      1. 28       2. 38       3. 40       4. 24

10. ਬਸੰਤ ਕੀ ਵਾਰ ਵਿਚ ਕਿੰਨੀਆਂ ਪਉੜੀਆਂ ਹਨ?
      1. 5       2. 3       3. 4       4. 6

11. ਬਾਰਹ ਮਾਹਾ ਤੁਖਾਰੀ ਬਾਣੀ ਕਿਸ ਗੁਰੂ ਦੀ ਰਚਨਾ ਹੈ?
      1. ਗੁਰੂ ਨਾਨਕ ਦੇਵ ਜੀ       2. ਗੁਰੂ ਰਾਮਦਾਸ ਜੀ
      3. ਗੁਰੂ ਅਰਜਨ ਦੇਵ ਜੀ       4. ਗੁਰੂ ਤੇਗ ਬਹਾਦਰ ਜੀ

12. ਬਾਰਹ ਮਾਹਾ ਬਾਣੀ ਦੀ ਰਚਨਾ ਗੁਰੂ ਅਰਜਨ ਦੇਵ ਜੀ ਨੇ ਕਿਸ ਰਾਗ ਵਿਚ ਕੀਤੀ?
      1. ਤੁਖਾਰੀ       2. ਸਿਰੀ       3. ਮਾਝ       4. ਵਡਹੰਸ

13. ਬਾਵਨ ਅਖਰੀ ਬਾਣੀ ਦੀ ਰਚਨਾ ਕਿਸ ਰਾਗ ਵਿਚ ਕੀਤੀ ਗਈ ਹੈ?
      1. ਸਿਰੀ       2. ਮਾਝ       3. ਆਸਾ       4. ਗਉੜੀ

14. ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਲਾਵਾਂ ਬਾਣੀ ਕਿਸ ਗੁਰੂ ਦੀ ਰਚਨਾ ਹਨ?
      1. ਗੁਰੂ ਨਾਨਕ ਦੇਵ ਜੀ       2. ਗੁਰੂ ਅੰਗਦ ਦੇਵ ਜੀ
      3. ਗੁਰੂ ਰਾਮਦਾਸ ਜੀ       4. ਗੁਰੂ ਅਮਰਦਾਸ ਜੀ

15. ਓਅੰਕਾਰੁ ਬਾਣੀ ਕਿੰਨੇ ਬੰਦਾਂ ਦੀ ਰਚਨਾ ਹੈ?
      1. 24       2. 54       3. 40       4. 42

 
     
   
     
   
     
ਪੁਸਤਕ ਸੂਚੀ
     
 

1. ਮਹਾਨ ਕੋਸ਼, ਭਾਈ ਕਾਨ੍ਹ ਸਿੰਘ ਨਾਭਾ, ਭਾਸ਼ਾ ਵਿਭਾਗ ਪੰਜਾਬ, 2006
2. ਗੁਰੂ ਗ੍ਰੰਥ ਵਿਸ਼ਵ ਕੋਸ਼, ਡਾ. ਰਤਨ ਸਿੰਘ ਜੱਗੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, 2002
3. ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਭਾਗ 1-4), ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, 2004
4. ਸ੍ਰੀ ਗੁਰੂ ਗ੍ਰੰਥ ਸਾਹਿਬ (ਅੰਗਰੇਜੀ ਅਤੇ ਪੰਜਾਬੀ ਅਨੁਵਾਦ) (ਭਾਗ 1-8), ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, 2006
5. ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼, ਭਾਈ ਵੀਰ ਸਿੰਘ, ਸਿੰਘ ਬ੍ਰਦਰਜ਼, ਅੰਮ੍ਰਿਤਸਰ, 2003

 
     
Home | Feedback | Contact Us