Home | Feedback | Contact Us | Sign Out
 
Introduction of Sikhism >>ਨਿਤਨੇਮ ਦੀਆਂ ਬਾਣੀਆਂ  
ਵਿਸ਼ਾ ਵਿਸ਼ੇਸ਼ਗ :   ਡਾ. ਜਾਗੀਰ ਸਿੰਘ
ਪ੍ਰੋਫੈਸਰ ਅਤੇ ਸਾਬਕਾ ਮੁਖੀ
ਗੁਰਮਤਿ ਸੰਗੀਤ ਵਿਭਾਗ
     
 
        ਸਿੱਖ ਧਰਮ ਵਿਚ ਹਰ ਸਿੱਖ ਦੇ ਨਿਤਾ ਪ੍ਰਤੀ ਦੇ ਧਾਰਮਿਕ ਵਿਹਾਰ ਵਜੋਂ ਵਿਅਕਤੀਗਤ ਅਤੇ ਸੰਗਤੀ ਰੂਪ ਵਿਚ ਨਿਤਨੇਮ ਦੀਆਂ ਨਿਰਧਾਰਿਤ ਪੰਜ ਬਾਣੀਆਂ ਦੇ ਪਾਠ ਕਰਨ ਦੀ ਮਰਿਆਦਾ ਹੈ। ਨਿਤਨੇਮ ਦੀਆਂ ਬਾਣੀਆਂ ਵਿਚ ਅੰਮ੍ਰਿਤ ਵੇਲੇ 'ਜਪੁ' (ਜਪੁ ਜੀ ਸਾਹਿਬ), 'ਜਾਪ' (ਜਾਪ ਸਾਹਿਬ), 'ਸਵੈਯੇ', ਸੰਧਿਆ ਉਪਰਾਂਤ 'ਸੋ ਦਰੁ ਰਹਿਰਾਸ' ਅਤੇ ਸੌਣ ਤੋਂ ਪਹਿਲਾਂ 'ਸੋਹਿਲਾ' ਆਦਿ ਬਾਣੀਆਂ ਦਾ ਪਾਠ ਕਰਨ ਦੀ ਮਰਿਆਦਾ ਹੈ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੇ ਪੈਰੋਕਾਰਾਂ ਲਈ ਅੰਮ੍ਰਿਤ ਵੇਲੇ ਉੱਠ ਕੇ ਉਸ ਪ੍ਰਭੂ ਦੀ ਸਿਫਤ ਸਲਾਹ ਕਰਨ ਦਾ ਸਿਧਾਂਤ ਦਿੱਤਾ ਹੈ। ਇਸੇ ਸਿਧਾਂਤ ਨੂੰ ਦ੍ਰਿੜਾਉਂਦਿਆਂ ਸ੍ਰੀ ਗੁਰੂ ਰਾਮਦਾਸ ਜੀ ਫਰਮਾ ਰਹੇ ਹਨ:
 
     
  ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ |

ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ |


 
  (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 305)  
     
 
        ਗੁਰੂ ਜੀ ਨੇ ਇਨ੍ਹਾਂ ਪੰਕਤੀਆਂ ਵਿਚ ਸਮਝਾਇਆ ਹੈ ਕਿ ਜੋ ਮਨੁੱਖ ਸਤਿਗੁਰ ਦਾ ਸੱਚਾ ਸਿੱਖ ਅਖਵਾਉਂਦਾ ਹੈ, ਉਹ ਹਰ ਰੋਜ਼ ਅੰਮ੍ਰਿਤ ਵੇਲੇ ਉਠ ਕੇ ਹਰਿ ਨਾਮ ਦਾ ਸਿਮਰਨ ਕਰਦਾ ਹੈ ਅਤੇ ਇਸ਼ਨਾਨ ਉਪਰੰਤ ਗੁਰੂ ਦੁਆਰਾ ਬਖਸ਼ਿਸ਼ ਬਾਣੀ ਪੜਨ ਨਾਲ ਪ੍ਰਭੂ ਦੇ ਚਰਨਾਂ ਵਿਚ ਧਿਆਨ ਲਗਾਉਂਦਾ ਹੈ।

ਗੁਰੂ ਅਰਜਨ ਦੇਵ ਜੀ ਦੇ ਕਾਲ ਤੋਂ ਪਹਿਲਾਂ ਸਿੱਖਾਂ ਵਿਚ ਸਵੇਰੇ, ਸ਼ਾਮ ਅਤੇ ਰਾਤ ਵੇਲੇ ਤਿੰਨ ਬਾਣੀਆਂ ਦੇ ਨਿਤਾਪ੍ਰਤੀ ਪਾਠ ਦਾ ਪ੍ਰਚਲਨ ਹੋ ਚੁੱਕਾ ਸੀ, ਇਸੇ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1604 ਈ. ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵਿਚ ਇਹਨਾਂ ਬਾਣੀਆਂ ਨੂੰ ਇਸੇ ਕ੍ਰਮ ਵਿਚ ਅੰਕਿਤ ਕੀਤਾ। ਭਾਈ ਗੁਰਦਾਸ ਜੀ ਨੇ ਵੀ ਨਿਤਨੇਮ ਦੀ ਮਰਿਆਦਾ ਸੰਬੰਧੀ ਕਰਤਾਰਪੁਰ ਵਿਖੇ ਰਹਿੰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹਵਾਲਾ ਦਿੰਦੇ ਹੋਏ 'ਸੋਦਰੁ' ਤੇ 'ਆਰਤੀ' ਆਦਿ ਦਾ ਕੀਰਤਨ ਅਤੇ ਅੰਮ੍ਰਿਤ ਵੇਲੇ 'ਜਪੁ' ਬਾਣੀ ਦੇ ਪਾਠ ਕਰਨ ਦੀ ਮਰਿਆਦਾ ਬਾਰੇ ਦੱਸਿਆ ਹੈ।
 
     
  ਸੋ ਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ
 
  (ਵਾਰਾਂ ਭਾਈ ਗੁਰਦਾਸ ਵਾਰ 1, ਪਉੜੀ 38)
 
     
  ਨਿਤਨੇਮ ਦੀਆਂ ਬਾਣੀਆਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਬਾਅਦ ਵਿਚ ਸ਼ਾਮਲ ਕੀਤੀ ਗਈ।  
     
The Five Banis of Nitnem
     
  ਸਿੱਖ ਰਹਿਤ ਮਰਿਆਦਾ ਅਨੁਸਾਰ ਸਿੱਖ ਲਈ ਸਵੇਰੇ, ਸ਼ਾਮ ਅਤੇ ਰਾਤ ਵੇਲੇ ਪੰਜ ਬਾਣੀਆਂ ਦੇ ਨਿਤਨੇਮ ਦੀ ਮਰਿਆਦਾ ਹੈ। ਇਸ ਮਰਿਆਦਾ ਦਾ ਉਲੇਖ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿਚ ਕਈ ਥਾਵਾਂ ਤੇ ਕੀਤਾ ਹੈ:  
     
  ਅੰਮ੍ਰਿਤ ਵੇਲੈ ਨਾਵਣਾ ਗੁਰਮੁਖਿ ਜਪੁ ਗੁਰਮੰਤੁ ਜਪਾਇਆ।

ਰਾਤਿ ਆਰਤੀ ਸੋਹਿਲਾ ਮਾਇਆ ਵਿਚਿ ਉਦਾਸੁ ਰਹਾਇਆ।
 
  (ਵਾਰਾਂ ਭਾਈ ਗੁਰਦਾਸ ਵਾਰ 26, ਪਉੜੀ 4)  
     
  ਅੰਮ੍ਰਿਤ ਵੇਲੇ ਉਠਿ ਕੈ ਜਾਇ ਅੰਦਰਿ ਦਰੀਆਉ ਨ੍ਹਵੰਦੇ।

ਸਹਜਿ ਸਮਾਧਿ ਅਗਾਧਿ ਵਿਚਿ ਇਕ ਮਨਿ ਹੋਇ ਗੁਰ ਜਾਪੁ ਜਪੰਦੇ| (........)

ਸੰਝੈ ਸੋਦਰੁ ਗਾਵਣਾ ਮਨ ਮੇਲੀ ਕਰਿ ਮੇਲਿ ਮਿਲੰਦੇ।

ਰਾਤੀ ਕੀਰਤਿ ਸੋਹਿਲਾ ਕਰਿ ਆਰਤੀ ਪਰਸਾਦੁ ਵੰਡੰਦੇ।
 
  (ਵਾਰਾਂ ਭਾਈ ਗੁਰਦਾਸ ਵਾਰ 6, ਪਉੜੀ 3)  
     
 
ਭਾਈ ਗੁਰਦਾਸ ਦੇ ਉਪਰੋਕਤ ਸੰਕੇਤਾਂ ਤੋਂ ਉਸ ਵੇਲੇ ਦੀ ਮਰਿਆਦਾ ਸਪਸ਼ਟ ਰੂਪ ਵਿਚ ਸਾਡੇ ਸਾਹਮਣੇ ਹੈ ਕਿ ਉਸ ਵੇਲੇ ਦੀ ਮਰਿਆਦਾ ਅਨੁਸਾਰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਉਪਰੰਤ 'ਜਪੁ' ਦਾ ਪਾਠ ਕਰਨਾ, ਸੰਧਿਆ ਉਪਰੰਤ 'ਸੋਦਰ' ਅਤੇ ਰਾਤ ਨੂੰ ਸੌਣ ਵੇਲੇ 'ਸੋਹਿਲਾ' ਬਾਣੀ ਦਾ ਪਾਠ ਕਰਨਾ ਹਰ ਸਿੱਖ ਲਈ ਜ਼ਰੂਰੀ ਹੈ।
 
     
 
ਜਪੁ :
 
 
ਅੰਮ੍ਰਿਤ ਵੇਲੇ ਨਿਤਨੇਮ ਦੀਆਂ ਬਾਣੀਆਂ ਵਿਚ 'ਜਪੁ' ਬਾਣੀ ਨਿਤਨੇਮ ਦੀ ਸਭ ਤੋਂ ਪਹਿਲੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਇੱਕ ਤੋਂ ਅੱਠ ਤੱਕ ਅੰਕਿਤ ਹੈ। ਗੁਰੂ ਨਾਨਕ ਦੇਵ ਜੀ ਦੁਆਰਾ ਰਚੀ ਗਈ ਇਹ ਬਾਣੀ 38 ਪਉੜੀਆਂ ਦੇ ਰੂਪ ਵਿਚ ਉਚਾਰਣ ਕੀਤੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਹ ਬਾਣੀ ਰਚਨਾ ਸਭ ਤੋਂ ਪਹਿਲਾਂ ਆਉਂਦੀ ਹੈ। ਇਸ ਬਾਣੀ ਦੀ ਆਰੰਭਤਾ 'ਮੂਲ ਮੰਤਰ' ਨਾਲ ਹੁੰਦੀ ਹੈ। ਸਿੱਖ ਸੰਗਤ ਵਿਚ ਇਹ ਬਾਣੀ 'ਜਪੁ ਜੀ ਸਾਹਿਬ' ਦੇ ਨਾਮ ਨਾਲ ਸਤਿਕਾਰੀ ਜਾਂਦੀ ਹੈ।
 
 
 
 
ਜਾਪ :
 
 
ਅੰਮ੍ਰਿਤ ਵੇਲੇ ਨਿਤਨੇਮ ਦੀਆਂ ਬਾਣੀਆਂ ਵਿਚ 'ਜਪੁ' ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ 'ਜਾਪ' ਨਿਤਨੇਮ ਦੀ ਦੂਸਰੀ ਬਾਣੀ ਹੈ। ਇਹ ਬਾਣੀ 'ਦਸਮ ਗ੍ਰੰਥ' ਦੀਆਂ ਬਾਣੀ ਰਚਨਾਵਾਂ ਵਿਚ ਸਭ ਤੋਂ ਪਹਿਲਾਂ ਆਉਂਦੀ ਹੈ। ਇਸ ਬਾਣੀ ਦੀ ਰਚਨਾ ਕਾਵਿ ਸ਼ਾਸਤਰ ਦੇ ਵਿਭਿੰਨ ਛੰਦਾਂ ਵਿਚ ਹੋਈ ਹੈ। ਵੱਖ-ਵੱਖ ਛੰਦਾਂ ਵਿਚ ਰਚੀ ਇਸ ਬਾਣੀ ਰਚਨਾ ਨੂੰ ਇਕ ਖਾਸ ਲੈਅ ਵਿਚ ਬੰਨ ਕੇ ਅਕਾਲ ਪੁਰਖ ਦੇ ਸਰੂਪ ਅਤੇ ਗੁਣਾਂ ਨੂੰ ਪਰਿਭਾਸ਼ਿਤ ਕਰਦੇ ਵਿਭਿੰਨ ਵਿਸ਼ੇਸ਼ਣਾਂ ਦਾ ਪ੍ਰਯੋਗ ਕੀਤਾ ਗਿਆ ਹੈ। ਸਿੱਖ ਸੰਗਤ ਵਿਚ ਇਸ ਬਾਣੀ ਰਚਨਾ ਨੂੰ 'ਜਾਪ ਸਾਹਿਬ' ਦੇ ਨਾਮ ਨਾਲ ਸਤਿਕਾਰਿਆ ਜਾਂਦਾ ਹੈ।
 
 
 
 
ਦਸ ਸਵੈਯੇ :
 
 
ਅੰਮ੍ਰਿਤ ਵੇਲੇ ਦੇ ਨਿਤਨੇਮ ਵਿਚ ('ਸ੍ਰਾਵਗ ਸ਼ੁੱਧ' ਤੋਂ ਸ਼ੁਰੂ ਹੋਣ ਵਾਲੇ) ਸਵੈਯੇ ਦਾ ਪਾਠ ਕੀਤਾ ਜਾਂਦਾ ਹੈ। ਸਵੈਯੇ ਸਿਰਲੇਖ ਦੇ ਅੰਤਰਗਤ '10 ਸਵੈਯੇ' ਨਿਤਨੇਮ ਦੀਆਂ ਬਾਣੀਆਂ ਵਿਚ ਸ਼ਾਮਿਲ ਹਨ। ਗਿਣਤੀ ਵਿਚ 10 ਹੋਣ ਕਰਕੇ ਇਹਨਾਂ ਨੂੰ '10 ਸਵੈਯੇ', 'ਸੁਧਾ ਸਵੈਯੇ', 'ਤਵ ਪ੍ਰਸਾਦਿ ਸਵੈਯੇ' ਆਦਿ ਨਾਵਾਂ ਨਾਲ ਸਤਿਕਾਰਿਆ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਇਹ ਸਵੈਯੇ ਦਸਮ ਗ੍ਰੰਥ ਵਿਚ ਦਰਜ ਹਨ।
 
 
 
 
ਸੋ ਦਰੁ ਰਹਿਰਾਸ :
 
 
ਸੰਧਿਆ ਉਪਰੰਤ ਪਾਠ ਕੀਤੀ ਜਾਣ ਵਾਲੀ ਨਿਤਨੇਮ ਦੀ ਇਹ ਚੌਥੀ ਬਾਣੀ ਹੈ। ਇਸ ਬਾਣੀ ਦੇ ਕਈ ਸਰੂਪ (ਸਿੱਖ ਸੰਗਤ ਵਿਚ) ਪ੍ਰਚਲਿਤ ਸਨ ਜਿਸਦੇ ਅਨੇਕ ਪੱਖਾਂ 'ਤੇ ਸਾਲਾਂ ਬੱਧੀ ਵਿਚਾਰ ਹੋਈ। ਅੰਤ ਨੂੰ 1936 ਅਤੇ ਫਿਰ 1945 ਵਿਚ ਜਿਸ ਸਰੂਪ 'ਤੇ ਸੰਮਤੀ ਹੋਈ, ਨਿਤਨੇਮ ਦੀਆਂ ਬਾਣੀਆਂ ਵਿਚ 'ਸੋ ਦਰੁ' ਦਾ ਉਹੀ ਸਰੂਪ ਪ੍ਰਵਾਣਿਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛਪੇ ਨਿਤਨੇਮ ਦੇ ਗੁਟਕਿਆਂ ਅਤੇ ਪੋਥੀਆਂ ਵਿਚ ਵੀ ਅਕਾਲ ਤਖ਼ਤ ਦੁਆਰਾ ਪ੍ਰਵਾਣਿਤ 'ਸੋ ਦਰੁ' ਦੇ ਇਸੇ ਪ੍ਰਵਾਣਿਤ ਸਰੂਪ ਦਾ ਪਾਠ ਕਰਨ ਦੀ ਮਰਿਆਦਾ ਹੈ। ਸਿੱਖ ਸੰਗਤ ਵਿਚ 'ਸੋ ਦਰੁ' ਨੂੰ 'ਸੋ ਦਰੁ ਰਹਿਰਾਸ' ਨਾਮ ਨਾਲ ਸਤਿਕਾਰਿਆ ਜਾਂਦਾ ਹੈ।
 
 
 
 
ਇਸ ਵਿਚ ਇਹ ਬਾਣੀਆਂ ਸ਼ਾਮਿਲ ਹਨ : ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲਿਖੇ ਹੋਏ ਨੌ ਸ਼ਬਦ ('ਸੋ ਦਰੁ' ਤੋਂ ਲੈ ਕੇ 'ਸਰਣਿ ਪਰੇ ਕੀ ਰਾਖਹੁ ਸਰਮਾ' ਤਕ) (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 8-12) ਬੇਨਤੀ ਚੌਪਈ ਪਾਤਸ਼ਾਹੀ 10 ('ਹਮਰੀ ਕਰੋ ਹਾਥ ਦੈ ਰੱਛਾ' ਤੋਂ ਲੈ ਕੇ 'ਦੁਸ਼ਟ ਦੋਖ ਤੇ ਲੇਹੁ ਬਚਾਈ ਤੱਕ) ਸਵੈਯਾ 'ਪਾਇ ਗਹੇ ਜਬਤੇ ਤੁਮਰੇ' ਅਤੇ ਦੋਹਰਾ 'ਸਗਲ ਦੁਆਰ ਕਉ ਛਾਡਿ ਕੈ', ਅਨੰਦ ਸਾਹਿਬ ਦੀਆਂ ਪਹਿਲੀਆਂ ਪੰਜ ਪਉੜੀਆਂ ਅਤੇ ਅੰਤਲੀ ਪਉੜੀ, ਮੁੰਦਾਵਣੀ ਤੇ ਸਲੋਕ ਮਹਲਾ 5 'ਤੇਰਾ ਕੀਤਾ ਜਾਤੋ ਨਾਹੀ।' ਇਸ ਬਾਣੀ ਵਿਚ ਪਹਿਲੇ, ਚੌਥੇ, ਪੰਜਵੇਂ ਅਤੇ ਦਸਵੇਂ ਗੁਰੂ ਦੀ ਬਾਣੀ ਦਰਜ ਹੈ।
 
 
 
 

ਸੋਹਿਲਾ :

 
 

ਗੁਰਮਤਿ ਦੇ ਧਾਰਣੀ ਸਿੱਖਾਂ ਲਈ ਨਿਤਨੇਮ ਹਿਤ ਮਰਿਆਦਤ ਪੰਜ ਬਾਣੀਆਂ ਵਿਚੋਂ 'ਸੋਹਿਲਾ' ਨਿਤਨੇਮ ਦੀ ਪੰਜਵੀਂ ਬਾਣੀ ਹੈ। ਇਸ ਬਾਣੀ ਨੂੰ ਰਾਤ ਵੇਲੇ ਸੌਣ ਤੋਂ ਪਹਿਲਾਂ ਪੜ੍ਹਨ ਦੀ ਮਰਿਆਦਾ ਹੈ। ਇਸ ਬਾਣੀ ਵਿਚ ਕੁਲ ਪੰਜ ਸ਼ਬਦ ਹਨ। (ਸ੍ਰੀ ਗੁਰੂ ਗ੍ਰੰਥ ਸਾਹਿਬ 12-13) ਇਸ ਵਿਚ ਮਹਲਾ ਪਹਿਲੇ, ਚੌਥੇ ਅਤੇ ਪੰਜਵੇਂ ਗੁਰੂ ਦੀ ਬਾਣੀ ਸ਼ਾਮਿਲ ਹੈ। ਸਿੱਖ ਸੰਗਤ ਵਿਚ 'ਸੋਹਿਲਾ' ਬਾਣੀ ਨੂੰ 'ਕੀਰਤਨ ਸੋਹਿਲਾ' ਨਾਮ ਨਾਲ ਸਤਿਕਾਰਿਆ ਜਾਂਦਾ ਹੈ।

 
 
 
 
ਨੋਟ : ਅੰਮ੍ਰਿਤ ਵੇਲੇ ਅਤੇ ਸੋ ਦਰੁ ਵੇਲੇ ਦੇ ਨਿਤਨੇਮ ਉਪਰੰਤ ਅਰਦਾਸ ਕਰਨੀ ਜ਼ਰੂਰੀ ਹੈ।
 
     
     
ਪ੍ਰਸ਼ਨ
     
  1. ਸਿੱਖ ਧਰਮ ਵਿਚ ਨਿਤਨੇਮ ਦੀਆਂ ਕਿੰਨੀਆਂ ਬਾਣੀਆਂ ਪੜ੍ਹੀਆਂ ਜਾਂਦੀਆਂ ਹਨ?
1. ਦੋ                2. ਤਿੰਨ                3. ਚਾਰ                4. ਪੰਜ

2. ਨਿਤਨੇਮ ਦੀ ਕਿਹੜੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਭ ਤੋਂ ਪਹਿਲਾਂ ਦਰਜ ਕੀਤੀ ਗਈ ਹੈ?
1. ਸੋਦਰੁ                2. ਜਪੁ                3. ਜਾਪੁ                4. ਸਵੈਯੇ

3. 'ਜਪੁ' (ਜਪੁਜੀ ਸਾਹਿਬ) ਬਾਣੀ ਕਿਸ ਵੇਲੇ ਪੜ੍ਹੀ ਜਾਂਦੀ ਹੈ?
1. ਸ਼ਾਮ ਨੂੰ                2. ਅੰਮ੍ਰਿਤ ਵੇਲੇ                3. ਸਵੇਰ ਵੇਲੇ                4. ਦੁਪਹਿਰ ਵੇਲੇ

4. ਜਪੁ (ਜਪੁਜੀ ਸਾਹਿਬ) ਬਾਣੀ ਦੀਆਂ ਕਿੰਨੀਆਂ ਪਉੜੀਆਂ ਹਨ?
1. 38                2. 35                3. 40               4. 37

5. ਅੰਮ੍ਰਿਤ ਵੇਲੇ ਨਿਤਨੇਮ ਦੀ ਦੂਜੀ ਬਾਣੀ ਕਿਹੜੀ ਹੈ?
1. ਸੋਦਰੁ                2. ਜਪੁ                3.ਜਾਪੁ               4. ਸਵੈਯੇ


6. ਹੇਠ ਲਿਖਿਆਂ ਵਿਚੋਂ ਕਿਹੜੀ ਬਾਣੀ ਸੰਧਿਆ ਉਪਰੰਤ ਪੜ੍ਹੀ ਜਾਂਦੀ ਹੈ?
1. ਜਪੁ                2. ਜਾਪੁ                3. 10 ਸਵੈਯੇ                4. ਸੋਦਰੁ ਰਹਿਰਾਸ


7. ਅੰਮ੍ਰਿਤ ਵੇਲੇ ਦੇ ਨਿਤਨੇਮ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਕਿੰਨੀਆਂ ਬਾਣੀਆਂ ਹਨ?
1. ਦੋ                2. ਤਿੰਨ                3.ਚਾਰ                4. ਪੰਜ


8. ਨਿਤਨੇਮ ਦੀ ਕਿਸ ਬਾਣੀ ਵਿਚ ਪ੍ਰਭੂ ਲਈ ਸਭ ਤੋਂ ਵਧੇਰੇ ਨਾਮ ਅਤੇ ਵਿਸ਼ੇਸ਼ਣਾਂ ਦਾ ਪ੍ਰਯੋਗ ਕੀਤਾ ਗਿਆ ਹੈ?
1. ਸੋਦਰੁ                2. ਜਪੁ                3.ਜਾਪੁ                4. ਸਵੈਯੇ


9. ਸਵੈਯੇ ਕਿਹੜੇ ਗੁਰੂ ਦੀ ਬਾਣੀ ਹੈ?
1. ਸ੍ਰੀ ਗੁਰੂ ਨਾਨਕ ਦੇਵ ਜੀ                    2. ਸ੍ਰੀ ਗੁਰੂ ਅੰਗਦ ਦੇਵ ਜੀ
3. ਸ੍ਰੀ ਗੁਰੂ ਗੋਬਿੰਦ ਸਿੰਘ ਜੀ           4. ਸ੍ਰੀ ਗੁਰੂ ਤੇਗ ਬਹਾਦਰ ਜੀ

10. ਜਾਪੁ ਅਤੇ ਸਵੈਯੇ ਬਾਣੀ ਕਿਸ ਗ੍ਰੰਥ ਵਿਚ ਦਰਜ ਹੈ?
1. ਦਸਮ ਗ੍ਰੰਥ                                           2. ਸ੍ਰੀ ਗੁਰੂ ਗ੍ਰੰਥ ਸਾਹਿਬ
1. ਗੁਰ ਪ੍ਰਤਾਪ ਸੂਰਜ ਗ੍ਰੰਥ           4. ਸਰਬਲੋਹ ਗ੍ਰੰਥ

11. ਅੰਮ੍ਰਿਤ ਵੇਲੇ ਪੜ੍ਹੀ ਜਾਣ ਵਾਲੀ ਬਾਣੀ ਸਵੈਯੇ ਵਿਚ ਕਿੰਨੇ ਸਵੈਯੇ ਹਨ?
1. 5                2. 11                3.10                4. 12

12. “ਬੇਨਤੀ ਚੌਪਈ ਪਾਤਸ਼ਾਹੀ 10“ ਨਿਤਨੇਮ ਦੀ ਕਿਹੜੀ ਬਾਣੀ ਵਿਚ ਸ਼ਾਮਿਲ ਕਰਕੇ ਪੜ੍ਹੀ ਜਾਂਦੀ ਹੈ?
1. ਸੋ ਦਰੁ ਰਹਿਰਾਸ               2. ਜਾਪੁ                3.ਸਵੈਯੇ                4. ਜਪੁ

13. ਰਾਤ ਨੂੰ ਸੌਣ ਤੋਂ ਪਹਿਲਾਂ ਕਿਹੜੀ ਬਾਣੀ ਦਾ ਪਾਠ ਕੀਤਾ ਜਾਂਦਾ ਹੈ:
1. ਰਹਿਰਾਸ               2. ਜਾਪ                3. ਸਵੈਯੇ                4. ਸੋਹਿਲਾ

14. ਸੋਹਿਲਾ ਬਾਣੀ ਵਿਚ ਕਿੰਨੇ ਸ਼ਬਦ ਹਨ?
1. ਦੋ               2. ਤਿੰਨ                3.ਚਾਰ                4. ਪੰਜ

15. ਨਿਤਨੇਮ ਦੀ ਕਿਹੜੀ ਬਾਣੀ ਦਸਮ ਗ੍ਰੰਥ ਵਿਚ ਸਭ ਤੋਂ ਪਹਿਲਾਂ ਅੰਕਿਤ ਹੈ?
1. ਜਪੁ               2. ਜਾਪੁ                3. 10 ਸਵੈਯੇ                4. ਸੋਦਰੁ ਰਹਿਰਾਸ
 
     
   
     
   
     
ਪੁਸਤਕ ਸੂਚੀ
     
 

1. ਮਹਾਨ ਕੋਸ਼, ਭਾਈ ਕਾਨ੍ਹ ਸਿੰਘ ਨਾਭਾ, ਭਾਸ਼ਾ ਵਿਭਾਗ ਪੰਜਾਬ, 2006

2. ਗੁਰੂ ਗ੍ਰੰਥ ਵਿਸ਼ਵ ਕੋਸ਼, ਡਾ. ਰਤਨ ਸਿੰਘ ਜੱਗੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, 2002

3. ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਭਾਗ 1-4), ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, 2004

4. ਸ੍ਰੀ ਗੁਰੂ ਗ੍ਰੰਥ ਸਾਹਿਬ (ਅੰਗਰੇਜੀ ਅਤੇ ਪੰਜਾਬੀ ਅਨੁਵਾਦ) (ਭਾਗ 1-8), ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, 2006

 
     
Home | Feedback | Contact Us