Home | Feedback | Contact Us | Sign Out
 
Learning of Gurmat Sangeet >> ਗੁਰਮਤਿ ਸੰਗੀਤ ਦੀ ਸਾਜ਼ ਪਰੰਪਰਾ
ਵਿਸ਼ਾ ਮਾਹਿਰ :  

ਡਾ. ਗੁਰਨਾਮ ਸਿੰਘ
ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ

      ਡਾ. ਕੰਵਲਜੀਤ ਸਿੰਘ
ਅਸਿਸਟੈਂਟ ਪ੍ਰੋਫੈਸਰ, ਗੁਰਮਤਿ ਸੰਗੀਤ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ
      ਸ. ਅਮਨਦੀਪ ਸਿੰਘ
ਅਸਿਸਟੈਂਟ ਪ੍ਰੋਫੈਸਰ, ਗੁਰਮਤਿ ਸੰਗੀਤ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ
     
 

        ਸਿੱਖ ਧਰਮ ਦੀ ਗੁਰਮਤਿ ਸੰਗੀਤ 1 ਪਰੰਪਰਾ ਵਿਚ ਸ਼ਬਦ ਕੀਰਤਨ 2 ਦੀ ਗਾਇਨ ਪਰੰਪਰਾ ਵਾਗੂ ਇਸਦੀ ਇਕ ਸਾਜ਼ ਪਰੰਪਰਾ ਵੀ ਵਿਕਸਿਤ ਹੈ। ਇਸ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਕੀਰਤਨ ਦੁਆਰਾ ਆਪਣਾ ਰੂਹਾਨੀ ਸੰਦੇਸ਼ ਭਾਈ ਮਰਦਾਨਾਂ ਦੇ ਰਬਾਬ ਸਾਜ਼ ਨਾਲ ਆਰੰਭਿਆ। ਸਮੂਹ ਉਤਰਧਿਕਾਰੀ ਗੁਰੂ ਸਾਹਿਬਾਂ ਦੀ ਸਰਪ੍ਰਸਤੀ ਅਧੀਨ ਵਿਭਿੰਨ ਸਾਜ਼ ਇਸ ਪਰੰਪਰਾ ਦਾ ਹਿੱਸਾ ਬਣਦੇ ਰਹੇ। ਰਬਾਬ 3 , ਸਾਰੰਦਾ 4 , ਤਾਊਸ 5 , ਦਿਲਰੁਬਾ 6 , ਇਸਰਾਜ 7 , ਤੰਬੂਰਾ 8 ਵਰਗੇ ਤੰਤੀ ਸਾਜ਼ ਅਤੇ ਮ੍ਰਿਦੰਗ 9 , ਪਖਾਵਜ 10 ਆਦਿ ਵਰਗੇ ਤਾਲ ਸਾਜ਼ ਤੋਂ ਇਲਾਵਾ ਵਰਤਮਾਨ ਸਮੇਂ ਹਾਰਮੋਨੀਅਮ 11 , ਤਬਲਾ 12 ਆਦਿ ਸਾਜ਼ਾਂ ਦਾ ਪ੍ਰਯੋਗ ਵੀ ਗੁਰਮਤਿ ਸੰਗੀਤ ਪਰੰਪਰਾ ਵਿਚ ਕੀਤਾ ਜਾ ਰਿਹਾ ਹੈ।

 
     
 

ਰਬਾਬ

 

        ਗੁਰਮਤਿ ਸੰਗੀਤ ਦੀ ਸ਼ਬਦ ਕੀਰਤਨ ਪਰੰਪਰਾ ਨਾਲ ਪ੍ਰਯੋਗ ਹੋਣ ਵਾਲੇ ਤੰਤੀ ਸਾਜ਼ਾਂ ਵਿਚੋਂ ਰਬਾਬ ਪ੍ਰਥਮ ਸਾਜ਼ ਹੈ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਇਲਾਹੀ ਸ਼ਬਦ ਕੀਰਤਨ ਨਾਲ ਰਬਾਬੀ ਭਾਈ ਮਰਦਾਨਾ ਨੇ ਸਰਬ ਪ੍ਰਥਮ ਇਸ ਸਾਜ਼ ਦਾ ਉਮਰ ਭਰ ਵਾਦਨ ਕੀਤਾ। ਇਸ ਸੰਬੰਧੀ ਭਾਈ ਗੁਰਦਾਸ ਨੇ ਆਪਣੀ ਬਾਣੀ ਵਿਚ ਅੰਕਿਤ ਕੀਤਾ:

 
ਇਕ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ .
 
        ਭਾਈ ਮਰਦਾਨਾ ਨੂੰ ਇਹ ਵਿਸ਼ੇਸ਼ ਕਿਸਮ ਦਾ ਰਬਾਬ ਭਾਈ ਫਿਰੰਦਾ ਨੇ ਭਰੋਆਣਾ (ਸੁਲਤਾਨਪੁਰ ਲੋਧੀ) ਦੇ ਸਥਾਨ ਤੇ ਪ੍ਰਦਾਨ ਕੀਤਾ। ਇਹੀ ਰਬਾਬ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਾਲ ਤਕ ਸਿੱਖ ਪਰੰਪਰਾ ਵਿਚ ਪ੍ਰਚਲਿਤ ਰਿਹਾ ਜਿਸਦੀ ਇਕ ਨਿਸ਼ਾਨੀ ਮੰਡੀ (ਹਿਮਾਚਲ) ਵਿਖੇ ਸੁਰੱਖਿਅਤ ਹੈ।

ਰਬਾਬ ਇਕ ਤੱਤ ਸ਼ੈਣੀ ਦਾ ਸਾਜ਼ ਹੈ ਜਿਸ ਨੂੰ ਵਜਾਉਣ ਦੇ ਲਈ ਆਮ ਤੌਰ ਤੇ ਲੱਕੜੀ ਜਾਂ ਹਾਥੀ ਦੰਦ ਦਾ ਤਿਕੋਣਾ ਟੁਕੜਾ ਪ੍ਰਯੋਗ ਕੀਤਾ ਜਾਂਦਾ ਹੈ, ਜਿਸ ਨੂੰ ਜਵਾ 13 ਜਾਂ ਜਰਬ ਕਹਿੰਦੇ ਹਨ। ਰਬਾਬ ਦੇ ਇਕ ਰੂਪ ਨੂੰ ਗਜ਼ 14 ਦੁਆਰਾ ਵੀ ਵਜਾਇਆ ਜਾਂਦਾ ਸੀ। ਪਰੰਤੂ ਕਸ਼ਮੀਰ ਅਤੇ ਅਫ਼ਗਾਨਿਸਤਾਨ ਵਾਲੇ ਰਬਾਬ ਜਵਾ ਨਾਲ ਵੱਜਣ ਵਾਲ/ ਹੀ ਸੀ ਅਤੇ ਉਹੀ ਉੱਤਰੀ ਭਾਰਤ ਵਿਚ 500 ਸਾਲਾਂ ਤੋਂ ਹੁਣ ਤੱਕ ਪ੍ਰਚੱਲਿਤ ਰਿਹਾ। ਗੁਰਇਤਿਹਾਸ, ਗੁਰਬਾਣੀ 15 ਅਤੇ ਗੁਰੂ ਸਾਹਿਬ ਦੇ ਚਿੱਤਰਾਂ ਤੋਂ ਪ੍ਰਾਪਤ ਹੋਣ ਵਾਲੇ ਰਬਾਬ ਦੇ ਸਰੂਪ ਵਿਚ ਪ੍ਰਚੱਲਿਤ ਰਬਾਬਾਂ ਨਾਲੋਂ ਭਿੰਨਤਾ ਪਾਈ ਜਾਂਦੀ ਹੈ।

ਪੁਰਾਤਨ ਰਬਾਬ ਨੂੰ ਧਰੁਪਦੀਆ ਰਬਾਬ ਵੀ ਕਿਹਾ ਜਾਂਦਾ ਹੈ. ਵਰਤਮਾਨ ਸਮੇਂ ਰਬਾਬ ਦੇ ਦੋਵੇਂ ਰੂਪ ਪ੍ਰਚਾਰ ਵਿਚ ਹਨ। ਭਾਈ ਮਰਦਾਨੇ ਵਾਲਾ ਮੂਲ ਫਿਰੰਦੀਆ ਰਬਾਬ ਅਤੇ ਤਰਬਾਂ ਵਾਲਾ ਇਸ ਦਾ ਆਧੁਨਿਕ ਰੂਪ ਗੁਰਮਤਿ ਸੰਗੀਤ ਪਰੰਪਰਾ ਦਾ ਹਿੱਸਾ ਹੈ।

ਪੰਜਾਬੀ ਯੂਨੀਵਰਸਿਟੀ ਵਿਚ ਗੁਰਮਤਿ ਸੰਗੀਤ ਚੇਅਰ ਦੇ ਵਿਸ਼ੇਸ਼ ਯਤਨ ਨਾਲ ਇਸ ਰਬਾਬ ਦਾ ਪੁਨਰ ਪ੍ਰਚਲਨ ਕੀਤਾ ਗਿਆ ਜਿਸਨੂੰ ਰਬਾਬ ਫਿਰੰਦੀਆ ਦਾ ਨਾਮ ਦਿਤਾ ਗਿਆ ਹੈ। ਇਹੀ ਰਬਾਬ ਹੁਣ ਗੁਰਮਤਿ ਸੰਗੀਤ ਵਿਚ ਪ੍ਰਚਲਤ ਹੈ। 
 
     
 
ਸਾਰੰਦਾ


        ਗੁਰਮਤਿ ਸੰਗੀਤ ਦੀ ਸ਼ਬਦ ਕੀਰਤਨ ਪਰੰਪਰਾ ਨਾਲ ਪ੍ਰਯੋਗ ਹੋਣ ਵਾਲੇ ਤੰਤੀ ਸਾਜ਼ਾਂ ਵਿਚੋਂ ਸਾਰੰਦਾ ਗਜ਼ ਨਾਲ ਵਜਣ ਵਾਲਾ ਇਕ ਵਿਸ਼ੇਸ਼ ਸਾਜ਼ ਹੈ। ਸਿੱਖ ਪਰੰਪਰਾ ਵਿਚ ਸਾਰੰਦਾ ਸਾਜ਼ ਦਾ ਪ੍ਰਚਲਨ ਗੁਰੂ ਅਮਰਦਾਸ ਜੀ ਦੇ ਕਾਲ ਤੋਂ ਮੰਨਿਆ ਜਾਂਦਾ ਹੈ ਜਿਸ ਦੇ ਪ੍ਰਚਾਰ ਵਿਚ ਪੰਚਮ ਪਾਤਸ਼ਾਹ ਦਾ ਵਿਸ਼ੇਸ਼ ਯੋਗਦਾਨ ਰਿਹਾ।

        ਗੁਰਮਤਿ ਸੰਗੀਤ ਦੀ ਸ਼ਬਦ ਕੀਰਤਨ ਪਰੰਪਰਾ ਲਈ ਸਾਰੰਦਾ ਇਕ ਢੁਕਵਾਂ ਤੰਤੀ ਸਾਜ਼ ਹੈ। ਇਸ ਸਾਜ਼ ਦਾ ਹਉਦਾ ਆਕਾਰ ਵਿਚ ਵੱਡਾ ਹੋਣ ਕਾਰਨ ਇਸ ਦੀ ਆਵਾਜ਼ ਗਹਿਰੀ ਅਤੇ ਨਾਦ ਭਾਰਾ ਹੁੰਦਾ ਹੈ। ਆਪਣੀ ਇਸ ਵਿਸ਼ੇਸ਼ ਪ੍ਰਕ੍ਰਿਤੀ ਕਰਕੇ ਇਹ ਸਾਜ਼ ਸ਼ਬਦ ਕੀਰਤਨ ਦੀਆਂ ਗਾਇਨ ਸ਼ੈਲੀਆਂ ਲਈ ਉਪਯੁਕਤ ਸਾਜ਼ ਹੈ।
 
     
 
ਤਾਊਸ


        ਗੁਰਮਤਿ ਸੰਗੀਤ ਦੀ ਸ਼ਬਦ ਕੀਰਤਨ ਪਰੰਪਰਾ ਨਾਲ ਪ੍ਰਯੋਗ ਹੋਣ ਵਾਲੇ ਤੰਤੀ ਸਾਜ਼ਾਂ ਵਿਚੋਂ ਤਾਊਸ ਇਕ ਵਿਸ਼ੇਸ਼ ਸਾਜ਼ ਹੈ। ਇਸ ਦੀ ਵਿਸ਼ੇਸ਼ ਆਕ੍ਰਿਤੀ ਸਹਿਜੇ ਹੀ ਸਾਡਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਲੈਂਦੀ ਹੈ ਕਿਉਂ ਜੋ ਇਸਦੀ ਸ਼ਕਲ ਮੋਰ ਵਰਗੀ ਹੈ।

        ਪਰਸ਼ੀਅਨ ਭਾਸ਼ਾ ਵਿਚ ਮੋਰ ਨੂੰ ਤਾਊਸ ਆਖਿਆ ਜਾਂਦਾ ਹੈ। ਇਸ ਕਰਕੇ ਇਸ ਸਾਜ਼ ਦਾ ਨਾਮ ਵੀ ਤਾਊਸ ਵਜੋਂ ਪ੍ਰਚਲਿਤ ਹੋਇਆ।ਹਿੰਦੁਸਤਾਨੀ ਸੰਗੀਤ ਵਿਚ ਪ੍ਰਚਲਿਤ ਮਯੂਰੀ ਵੀਣਾਸਾਜ਼ ਗੁਰਮਤਿ ਸੰਗੀਤ ਦੇ ਸਾਜ਼ ਤਾਊਸ ਨਾਲ ਮਿਲਦਾ ਜੁਲਦਾ ਹੈ।

        ਸਿੱਖ ਪਰੰਪਰਾ ਵਿਚ ਇਸ ਸਾਜ਼ ਦਾ ਆਰੰਭ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਕਾਲ ਤੋਂ ਮੰਨਿਆ ਜਾਂਦਾ ਹੈ। ਇਸ ਸਾਜ਼ ਨਾਲ ਸਬੰਧਿਤ ਇਤਿਹਾਸਕ ਸਥਾਨ ਡਰੋਲੀ (ਭਾਈ ਕੀ) (ਮੋਗਾ ਸ਼ਹਿਰ ਦੇ ਨੇੜੇ) ਹੈ।

        ਗੁਰਮਤਿ ਸੰਗੀਤ ਦੀ ਸ਼ਬਦ ਕੀਰਤਨ ਪਰੰਪਰਾ ਲਈ ਤਾਊਸ ਇਕ ਢੁਕਵਾਂ ਤੰਤੀ ਸਾਜ਼ ਹੈ। ਆਕਾਰ ਵਿਚ ਵੱਡਾ ਅਤੇ ਲੰਬਾ ਹੋਣ ਕਾਰਨ ਇਸ ਦੀ ਆਵਾਜ਼ ਬੁਲੰਦ, ਗਹਿਰੀ ਅਤੇ ਨਾਦ ਭਾਰਾ ਹੁੰਦਾ ਹੈ। ਆਪਣੀ ਇਸ ਵਿਸ਼ੇਸ਼ ਪ੍ਰਕ੍ਰਿਤੀ ਕਰਕੇ ਇਹ ਸਾਜ਼ ਧਰੁਪਦ 17 , ਧਮਾਰ ਅਤੇ ਗੰਭੀਰ ਕਿਸਮ ਦੀ ਸ਼ਬਦ ਗਾਇਕੀ ਲਈ ਵਿਸ਼ੇਸ਼ ਤੌਰ ਤੇ ਪ੍ਰਯੋਗ ਕੀਤਾ ਜਾਂਦਾ ਹੈ।

        ਗੁਰੂ ਕਾਲ ਦੇ ਕੀਰਤਨੀਆਂ ਤੋਂ ਇਲਾਵਾ ਗੁਰੂਸਰ ਮੇਹਰਾਜ ਜਿਲ੍ਹਾ ਫਿਰੋਜ਼ਪੁਰ ਦੇ ਮਹੰਤ ਗੱਜਾ ਸਿੰਘ ਅਤੇ ਪਟਿਆਲਾ ਦਰਬਾਰ ਦੇ ਭਾਈ ਕਾਹਨ ਸਿੰਘ ਰਾਗੀ ਕੁਸ਼ਲ ਤਾਊਸ ਵਾਦਕ ਸਨ। ਵਰਤਮਾਨ ਸਮੇਂ ਤਾਊਸ ਸਾਜ਼ ਦੀ ਸਿਖਲਾਈ ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਵਿਸ਼ੇਸ਼ ਰੂਪ ਵਿਚ ਦਿਤੀ ਜਾਂਦੀ ਹੈ।  
 
     
 
ਦਿਲਰੁਬਾ


 
        ਗੁਰਮਤਿ ਸੰਗੀਤ ਦੀ ਸ਼ਬਦ ਕੀਰਤਨ ਪਰੰਪਰਾ ਨਾਲ ਪ੍ਰਯੋਗ ਹੋਣ ਵਾਲੇ ਤੰਤੀ ਸਾਜ਼ਾਂ ਵਿਚੋਂ ਦਿਲਰੁਬਾ ਇਕ ਲੋਕਪ੍ਰਿਅ ਸਾਜ਼ ਹੈ। ਦਿਲਰੁਬਾ ਸਾਜ਼ ਦੀ ਦਿਲ ਛੋਹਣ ਵਾਲੀ ਆਵਾਜ਼ ਤੋਂ ਇਸ ਦੇ ਭਾਵ ਅਰਥ ਸਪਸ਼ਟ ਹਨ। ਇਸ ਸਾਜ਼ ਨੂੰ ਵੀ ਗਜ਼ ਦੀ ਸਹਾਇਤਾ ਨਾਲ ਵਜਾਇਆ ਜਾਂਦਾ ਹੈ। ਗੁਰਮਤਿ ਸੰਗੀਤ ਦੀ ਸ਼ਬਦ ਕੀਰਤਨ ਪਰੰਪਰਾ ਲਈ ਦਿਲਰੁਬਾ ਇਸ ਢੁਕਵਾਂ ਤੰਤੀ ਸਾਜ਼ ਹੈ। ਇਸ ਵਿਚਲੀ ਛੋਟੀ ਜਵਾਰੀ ਇਸ ਦੀ ਆਵਾਜ਼ ਨੂੰ ਗੂੰਜਿਤ ਕਰਨ ਵਿਚ ਖਾਸ ਭੂਮਿਕਾ ਨਿਭਾਉਂਦੀ ਹੈ। ਆਪਣੀ ਇਸ ਵਿਸ਼ੇਸ਼ ਪ੍ਰਕ੍ਰਿਤੀ ਕਰਕੇ ਇਹ ਸਾਜ਼ ਗਾਇਨ ਅੰਗ ਦੀਆਂ ਸ਼ੈਲੀਆਂ ਲਈ ਉਪਯੁਕਤ ਸਾਜ਼ ਹੈ।   
 
     
 
ਇਸਰਾਜ


         ਗੁਰਮਤਿ ਸੰਗੀਤ ਦੀ ਸ਼ਬਦ ਕੀਰਤਨ ਪਰੰਪਰਾ ਨਾਲ ਪ੍ਰਯੋਗ ਹੋਣ ਵਾਲੇ ਤੰਤੀ ਸਾਜ਼ਾਂ ਵਿਚੋਂ ਇਸਰਾਜ ਦਾ ਪ੍ਰਯੋਗ ਵੀ ਹੋ ਰਿਹਾ ਹੈ, ਜਿਸ ਨੂੰ ਗਜ਼ ਦੀ ਸਹਾਇਤਾ ਨਾਲ ਵਜਾਇਆ ਜਾਂਦਾ ਹੈ। ਇਸਰਾਜ ਦੀ ਬਣਤਰ ਤਾਊਸ ਤੇ ਦਿਲਰੁਬਾ ਨਾਲੋਂ ਭਿੰਨ ਹੈ। ਇਸਰਾਜ ਸਾਜ਼ ਵਿਚ ਛੋਟੀ ਜਵਾਰੀ ਨਹੀਂ ਹੁੰਦੀ ਜਿਸ ਕਰਕੇ ਇਸ ਦੀ ਆਵਾਜ਼ ਦਿਲਰੁਬਾ ਵਾਂਗੂ ਗੁੰਜਦਾਰ ਨਾ ਹੋ ਕੇ ਤਿਖੀ ਹੁੰਦੀ ਹੈ। ਆਕਾਰ ਵਿਚ ਛੋਟਾ ਹੋਣ ਦੇ ਕਾਰਜ ਇਸ ਦੀ ਆਵਾਜ਼ ਦਾ ਫੈਲਾਵ ਘੱਟ ਹੁੰਦਾ ਹੈ। ਅੱਜਕੱਲ ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਵਿਸ਼ਵ ਪੱਧਰ ਤੇ ਕਈ ਸੰਸਥਾਵਾਂ ਵਿਚ ਇਸਰਾਸ ਸਾਜ਼ ਦੀ ਸਿਖਲਾਈ ਦਿਤੀ ਜਾ ਰਹੀ ਹੈ।   
 
     
 
ਤੰਬੂਰਾ/ਤਾਨਪੁਰਾ


        ਗੁਰਮਤਿ ਸੰਗੀਤ ਦੀ ਸ਼ਬਦ ਕੀਰਤਨ ਪਰੰਪਰਾ ਨਾਲ ਪ੍ਰਯੋਗ ਹੋਣ ਵਾਲੇ ਤੰਤੀ ਸਾਜ਼ਾਂ ਵਿਚੋਂ ਤੰਬੂਰਾ ਇਕ ਵਿਸ਼ੇਸ਼ ਸਾਜ਼ ਹੈ। ਇਸ ਸਾਜ਼ ਨੂੰ ਤਾਨਪੁਰਾ ਵੀ ਆਖਿਆ ਜਾਂਦਾ ਹੈ ਜੋ ਭਾਰਤੀ ਸੰਗੀਤ ਪਰੰਪਰਾ ਵਿਚ ਸੁਰਾਤਮਕ ਆਧਾਰ ਇੰਡੀਅਨ ਮਿਊਜ਼ੀਕਲ ਡਰੋਨ ਵਜੋਂ ਜਾਣਿਆ ਜਾਂਦਾ ਹੈ। ਇਤਿਹਾਸਕ ਤੌਰ 'ਤੇ ਤਾਨਪੁਰਾ ਜਾਂ ਤੰਬੂਰਾ ਸਾਜ਼ ਨੂੰ ਪ੍ਰਾਚੀਨ ਕਾਲ ਦੇ ਤੰਬਰੂ ਰਿਸ਼ੀ ਨਾਲ ਜੋੜਿਆ ਜਾਂਦਾ ਹੈ। ਸਿੱਖ ਪਰੰਪਰਾ ਵਿਚ ਇਸ ਸਾਜ਼ ਦਾ ਪ੍ਰਚਲਨ ਗੁਰੂ ਗੋਬਿੰਦ ਸਿੰਘ ਜੀ ਦੇ ਕਾਲ ਵਿਚ ਵਿਸ਼ੇਸ਼ ਰੂਪ ਵਿਚ ਹੋਇਆ। ਸਮਕਾਲੀ ਗੁਰਮਤਿ ਸੰਗੀਤ ਦੀ ਪ੍ਰਮਾਣਿਕ ਰਾਗਾਤਮਕ ਸਿਖਲਾਈ ਪਰੰਪਰਾ ਵਿਚ ਇਸ ਸਾਜ਼ ਨੂੰ ਹੀ ਆਧਾਰ ਮੰਨਿਆ ਜਾਂਦਾ ਹੈ।

ਗੁਰਮਤਿ ਸੰਗੀਤ ਦੀ ਸ਼ਬਦ ਕੀਰਤਨ ਪਰੰਪਰਾ ਮੂਲ ਰੂਪ ਵਿਚ ਰਾਗ ਅਧਾਰਤ ਪਰੰਪਰਾ ਹੈ, ਇਸ ਲਈ ਤੰਬੂਰਾ ਇੱਕ ਢੁਕਵਾਂ ਤੰਤੀ ਸਾਜ਼ ਹੈ। ਇਸ ਸਾਜ਼ ਵਿਚੋਂ ਸੁਰ ਸੰਵਾਦ18 ਦੁਆਰਾ ਭਾਰਤੀ ਸੰਗੀਤ ਦੇ ਸਾਰੇ ਸੁਰਾਂ ਦਾ ਉਤਪਾਦਨ ਹੁੰਦਾ ਹੈ। ਇਸ ਲਈ ਸਾਰੇ ਰਾਗਾਂ ਦਾ ਗਾਇਨ ਇਸ ਨਾਲ ਹੋ ਸਕਦਾ ਹੈ। ਸੰਗੀਤ ਜਗਤ ਵਿਚ ਤੰਬੂਰਾ ਜਾਂ ਤਾਨਪੁਰਾ ਨੂੰ ਗਾਇਕੀ ਜਾਂ ਸੁਰਾਂ ਦਾ ਆਈਨਾ ਵੀ ਆਖਿਆ ਜਾਂਦਾ ਹੈ ਜਿਸ ਤੋਂ ਭਾਵ ਇਹੀ ਹੈ ਕਿ ਸਹੀ ਸੁਰਾਤਮਕ ਆਧਾਰ ਜਾਂ ਸਹੀ ਸੁਰਾਤਮਕ ਭਾਵ ਲਈ ਤੰਬੂਰਾ ਸਾਜ਼ ਦੀ ਪ੍ਰਕ੍ਰਿਤੀ ਵਿਸ਼ੇਸ਼ ਰੂਪ ਵਿਚ ਸਹਾਈ ਹੈ।   
 
     
 
ਹਾਰਮੋਨੀਅਮ


        19 ਵੀਂ ਸਦੀ ਵਿਚ ਹਾਰਮੋਨੀਅਮ ਸਾਜ਼ ਦਾ ਪਰਵੇਸ਼ ਹੋਇਆ ਹੈ। ਹਾਰਮੋਨੀਅਮ ਸਾਜ਼ ਮੁਖ ਰੂਪ ਵਿਚ ਪੱਛਮੀ ਹੈ ਪਰ ਇਸ ਸਾਜ਼ ਦੇ ਸਰਲ ਵਾਦਨ ਕਾਰਨ ਭਾਰਤੀ ਸੰਗੀਤ ਦੇ ਹਰ ਖੇਤਰ ਵਿਚ ਇਸ ਦਾ ਪਰਯੋਗ ਕਰ ਲਿਆ ਜਾਂਦਾ ਹੈ। ਇਸ ਸਾਜ਼ ਦਾ ਆਵਿਸ਼ਕਾਰ ਫਰਾਸ ਦੇ ਅਲੈਗਜ਼ੈਂਡਰ ਡੈਬੀਅਨ ਨੇ 1840 ਈ. ਵਿਚ ਕੀਤਾ ਸੀ। ਭਾਰਤ ਵਿਚ ਅੰਗਰੇਜ਼ੀ ਹਕੂਮਤ ਸਥਾਪਤ ਹੋਣ ਦੌਰਾਨ ਭਾਰਤ ਵਿਚ ਪੱਛਮੀ ਸੰਗੀਤ ਦੇ ਜਿਹਨਾਂ ਸਾਜ਼ਾਂ ਦਾ ਪਰਵੇਸ ਹੋਇਆ ਉਹਨਾਂ ਵਿਚ ਹਾਰਮੋਨੀਅਮ ਵੀ ਇਕ ਸੀ। ਗੁਰਮਤਿ ਸੰਗੀਤ ਵਿਚ ਤੰਤੀ ਸਾਜ਼ਾਂ ਦੇ ਵਾਦਨ ਦੀ ਪ੍ਰਥਾ ਆਰੰਭ ਤੋਂ ਹੀ ਚਲੀ ਆ ਰਹੀ ਹੈ ਪਰ ਹਾਰਮੋਨੀਅਮ ਦੀ ਵਾਦਨ ਸ਼ੈਲੀ ਦੀ ਸੁਲਭਤਾ ਹੋਣ ਕਾਰਨ ਇਸ ਸਾਜ਼ ਦਾ ਵਾਦਨ ਵੀ ਗੁਰਮਤਿ ਸੰਗੀਤ ਵਿਚ ਦੇਖਣ ਨੂੰ ਮਿਲਦਾ ਹੈ।   
 
     
 
ਤਬਲਾ


        ਤਬਲਾ ਗੁਰਮਤਿ ਸੰਗੀਤ ਅਤੇ ਭਾਰਤੀ ਸੰਗੀਤ ਦਾ ਤਾਲ ਸਾਜ਼ ਹੈ। ਇਸ ਸਾਜ਼ ਨੂੰ ਗਬਰਮਤਿ ਸੰਗਤੀ ਜਾਂ ਤਾਲ ਦੀ ਸੰਗਤ ਲਈ ਵਰਤਿਆਂ ਜਾਂਦਾ ਹੈ। ਇਸਦੀ ਬਣਤਰ ਪੱਛਮੀ ਸੰਗੀਤ ਦੇ ਸਾਜ਼ ਬੋਗੋ (ਨਰਅਪਰ) ਦੀ ਤਰ੍ਹਾ ਦੀ ਹੈ।

ਤਬਲਾ ਪ੍ਰਾਚੀਨ ਸਾਜ਼ ਪਖਾਵਜ ਦਾ ਵਿਕਸਿਤ ਰੂਪ ਹੈ। ਮ੍ਰਿਦੰਗ ਅਤੇ ਪਖਾਵਜ ਨੂੰ ਦੋ ਭਾਗਾਂ ਵਿਚ ਕੱਟ ਕੇ ਬਣਾਏ ਇਸ ਸਾਜ਼ ਨੂੰ ਚਮੜ੍ਹੇ ਨਾਲ ਮੜ੍ਹਿਆ ਗਿਆ। ਇਸ ਤਰ੍ਹਾਂ ਇਸ ਨਵੇਂ ਸਾਜ਼ ਦਾ ਨਾਂ ਜੋੜੀ/ਤਬਲਾ ਪੈ ਗਿਆ। ਤਬਲਾ ਅਰਬੀ ਭਾਸ਼ਾ ਦੇ ਸ਼ਬਦ 'ਤਬਲ' ਤੋਂ ਬਣਿਆ। ਜਿਸ ਤੋਂ ਭਾਵ ਹੈ 'ਡਰੱਮ' ਇਹ ਡਰੱਮ ਜਿਹੜੇ ਕਿ ਦੋਵਾਂ ਹੱਥਾਂ ਨਾਲ ਵਜਾਏ ਜਾਂਦੇ ਹਨ। ਵੱਡੇ ਆਕਾਰ ਵਾਲੇ ਡਰੱਮ ਜਾਂ ਢੋਲ ਨੂੰ ਡੱਗਾ ਕਿਹਾ ਜਾਂਦਾ ਹੈ ਜੋ ਕਿ ਭਾਰੀ ਆਵਾਜ਼ ਪੈਦਾ ਕਰਦਾ ਹੈ ਅਤੇ ਦੂਜਾ ਜਿਸ ਨੂੰ ਕਿ (ਮਦੀਨ) ਕਿਹਾ ਜਾਂਦਾ ਹੈ ਅਤੇ ਇਹ ਮਹੀਨ ਆਵਾਜ਼ ਪੈਦਾ ਕਰਦਾ ਹੈ।

ਤਬਲਾ ਉਂਗਲਾਂ ਅਤੇ ਹਥੇਲੀਆਂ ਨਾਲ ਵਜਾਇਆ ਜਾਂਦਾ ਹੈ। ਤਬਲੇ ਦਾ ਵੱਡਾ ਭਾਗ (ਡੱਗਾ) ਵਜਾਉਂਦੇ ਸਮੇਂ ਹੱਥ ਦੀ ਹਥੇਲੀ ਨਾਲ ਵਜਾ ਕੇ ਮਧੁਰ ਆਵਾਜ਼ ਪੈਦਾ ਕੀਤੀ ਜਾਂਦੀ ਹੈ। ਤਬਲੇ ਦੇ ਵਖੱ-ਵਖੱ ਬੋਲਾਂ ਨੂੰ ਵਜਾਉਂਣ ਲਈ ਇਸਦੇ ਦਸ ਵਰਣਾਂ ਦੀ ਜਾਣਕਾਰੀ ਹੋਣਾ ਅਤਿ ਜਰੂਰੀ ਹੈ।   
 
     
 
ਜੋੜੀ


       ਜੋੜੀ ਗੁਰਮਤਿ ਸੰਗੀਤ ਦਾ ਪਰੰਪਰਾਗਤ ਸਾਜ਼ ਹੈ। ਇਹ ਸਾਜ਼ ਸਿੱਖ ਗੁਰੂ ਕਾਲ ਤੋਂ ਸ਼ਬਦ ਕੀਰਤਨ ਦੀਆਂ ਪੇਸ਼ਕਾਰੀਆਂ ਵਿਚ ਪ੍ਰਯੋਗ ਹੁੰਦਾ ਆ ਰਿਹਾ ਹੈ। ਜੋੜੀ ਸਾਜ਼ ਪਖਾਵਜ ਤੋਂ ਬਣਿਆ ਹੈ ਅਤੇ ਇਹ ਮੱਧਕਾਲ ਤੋਂ ਪ੍ਰਚਾਰ ਵਿਚ ਹੈ। ਪਖਾਵਜ ਅਤੇ ਮ੍ਰਿਦੰਗ ਸਾਜ਼ ਨੂੰ ਦੋ ਭਾਗਾਂ ਵਿਚ ਕੱਟ ਕੇ ਬਣਾਏ ਇਸ ਸਾਜ਼ ਨੂੰ ਚਮੜੇ ਨਾਲ ਮੜ੍ਹਿਆ ਗਿਆ ਅਤੇ ਇਸਦਾ ਨਾਮ ਜੋੜੀ ਰੱਖਿਆ ਗਿਆ। ਇਹ ਸਾਜ਼ ਨੂੰ ਤਬਲੇ ਦਾ ਪੂਰਵ ਰੂਪ ਮੰਨਿਆ ਜਾਂਦਾ ਹੈ।

ਵਰਤਮਾਨ ਸਮੇਂ ਜੋੜੀ ਅਤੇ ਪਖਾਵਜ ਉੱਤੇ ਆਟੇ ਦੀ ਮੋਟੀ ਪਰਤ ਲਗਾ ਕੇ ਵਜਾਇਆ ਜਾਂਦਾ ਹੈ। ਇਸ ਤੋਂ ਇਲਾਵਾ ਤਬਲੇ ਉੱਤੇ ਆਟੇ ਦੀ ਥਾਂ ਤੇ ਪੱਕੀ ਕਾਲੀ ਸ਼ਿਆਹੀ ਲਗਾਈ ਜਾਂਦੀ ਹੈ। ਜੋੜੀ ਸਾਜ਼ ਦੋ ਭਾਗਾਂ ਵਿਚ ਵੰਡਿਆ ਹੁੰਦਾਂ ਹੈ ਕਿ ਦੋਵਾਂ ਹੱਥਾਂ ਨਾਲ ਵਜਾਈ ਜਾਂਦੀ ਹੈ। ਵੱਡਾ ਡਰੱਮ ਭਾਰੀ ਆਵਾਜ਼ ਪੈਦਾ ਕਰਦਾ ਹੈ ਅਤੇ ਛੋਟਾ ਡਰੱਮ ਬਾਰਿਕ ਆਵਾਜ਼ ਪੈਦਾ ਕਰਦਾ ਹੈ। ਜੋੜੀ ਵਜਾਉਂਣ ਲਈ ਵਿਭਿੰਨ ਬੋਲਾਂ ਅਤੇ ਵਰਣਾਂ ਦੀ ਤਿਆਰੀ ਲਾਜ਼ਮੀ ਹੈ।  
 
     
 
ਪਖਾਵਜ/ਮ੍ਰਿਦੰਗ


        ਗੁਰਮਤਿ ਸੰਗੀਤ ਪਰੰਪਰਾ ਦੇ ਅੰਤਰਗਤ ਕੀਤਰਨਕਾਰਾਂ ਵਲੋਂ ਪਖਾਵਜ/ਮਿਦੰਗ ਦਾ ਪ੍ਰਯੋਗ ਕੀਤਾ ਜਾਂਦਾ ਹੈ। 'ਮ੍ਰਿਦੰਗ' ਦਾ ਸ਼ਾਬਦਿਕ ਅਰਥ ਹੈ 'ਮਿੱਟੀ ਦਾ ਸਰੀਰ'। ਗੁਰੂ ਤੇਗ ਬਹਾਦਰ ਸਾਹਿਬ ਅਕਸਰ ਪਖਾਵਜ ਵਜਾਇਆ ਕਰਦੇ ਸਨ। ਉਹਨਾਂ ਨੇ ਆਪਣੀ ਨਿੱਜੀ ਮਿਦੰਗ ਭਾਈ ਗੁਰਬਖ਼ਸ਼ ਨੂੰ ਆਸ਼ੀਰਵਾਦ ਰੂਪ ਵਿਚ ਪ੍ਰਦਾਨ ਕੀਤੀ, ਜਿਹੜੀ ਕਿ ਅੱਜ ਗੁਰਦਆਰਾ ਮ੍ਰਿਦੰਗਾਵਲੀ ਸਾਹਿਬ ਵਿਖੇ ਸੁਸ਼ੋਵਿਤ ਹੈ।

ਇਹ ਸਾਜ਼ ਦੋਵਾਂ ਹੱਥਾਂ ਦੀ ਮਦਦ ਨਾਲ ਵਾਇਆ ਜਾਂਦਾ ਹੈ। ਇਹ ਲੱਕੜ ਦੇ ਖਾਲੀ ਖੋਲ ਤੋਂ ਬਣਿਆ ਹੁੰਦਾ ਹੈ। ਇਸਦੀ ਲੰਬਾਈ ਤਿੰਨ ਫੁੱਟ ਤੱਕ ਹੁੰਦੀ ਹੈ। ਪਖਾਵਜ ਨੂੰ ਚਮੜੇ ਦੇ ਬਣੇ ਪਰਦਿਆਂ ਨਾਲ ਢੱਕਿਆ ਹੁੰਦਾ ਹੈ ਤੇ ਚਮੜੇ ਦੀਆਂ ਹੀ ਬੱਧਰੀਆਂ ਨਾਲ ਕੱਸਿਆ ਜਾਦਾ ਹੈ। ਪਖਾਵਜ ਦੇ ਖੱਬੇ ਪਾਸੇ ਆਟੇ ਦੀ ਪਰਤ ਲਗਾ ਕੇ ਆਵਾਜ਼ ਨੂੰ ਭਾਰੀ ਕੀਤਾ ਜਾਂਦਾ ਹੈ। ਸੱਜੇ ਪਾਸੇ ਕਾਲੀ ਸ਼ਿਆਹੀ ਦੀ ਪਰਤ ਚੜਾਈ ਜਾਂਦੀ ਹੈ।

ਪਖਾਵਜ ਦੀ ਵਾਦਨ ਸ਼ੈਲੀ ਵੀ ਜੋੜੀ ਦੀ ਤਰ੍ਹਾਂ ਹੀ ਖੁੱਲੇ ਬੋਲਾਂ ਵਾਲੀ ਹੁੰਦੀ ਹੈ। ਵਰਤਮਾਨ ਸਮੇਂ ਗੁਰਮਤਿ ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਪੰਜਾਬ ਵਿਚ ਦੁਬਾਰਾ ਇਸ ਸਾਜ਼ ਦੀ ਸਾਂਭ-ਸੰਭਾਲ, ਸੁਰੱਖਿਆ ਅਤੇ ਪੁਨਰਸੁਰਜਿਤੀ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। m
 
     
ਤਕਨੀਕੀ ਸ਼ਬਦ
     
 
1. ਗੁਰਮਤਿ ਸੰਗੀਤ : ਸਿੱਖ ਗੁਰੂ ਸਾਹਿਬਾਨ ਦੁਆਰਾ ਮਰਿਆਦਤ ਸ਼ਬਦ ਕੀਰਤਨ ਪਰੰਪਰਾ ਜੋ ਗੁਰੂ ਗ੍ਰੰਥਸਾਹਿਬ ਦੇ ਸੰਗੀਤ ਸਿਧਾਂਤ ਦੀ ਅਨੁਸਾਰੀ ਹੈ।
2. ਸ਼ਬਦ ਕੀਰਤਨ : ਸਿੱਖ ਧਰਮ ਵਿੱਚ ਮਰਿਆਦਾ ਅਨੁਸਾਰ ਬਾਣੀ ਦੀਆਂ ਸ਼ਬਦ ਰਚਨਾਵਾਂ ਦਾ ਰਾਗਾਂ ਵਿੱਚ ਗਾਇਨ।
3. ਰਬਾਬ : ਭਾਈ ਮਰਦਾਨਾ ਦੁਆਰਾ ਪ੍ਰਯੋਗ ਕੀਤਾ ਗਿਆ ਗੁਰਮਤਿ ਸੰਗੀਤ ਦਾ
ਪ੍ਰਥਮ ਤੰਤੀ ਸਾਜ਼ ਜੋ ਕਿ ਜਵਾ, ਪੱਤਾ ਜਾਂ ਪਲੈਟਰਮ ਨਾਲ ਵਜਾਇਆ ਜਾਂਦਾ।
4. ਸਾਰੰਦਾ : ਵਿਤੱਤ ਸ਼੍ਰੇਣੀ ਦਾ ਇੱਕ ਸਾਜ਼
5. ਤਾਊਸ : ਸਿੱਖ ਸੰਗੀਤ ਵਿੱਚ ਗਜ਼ ਨਾਲ ਵਜਣ ਵਾਲਾ ਮੋਰ ਵਰਗੀ ਸ਼ਕਲ ਦਾ ਵਿਤਤ ਸ਼੍ਰੇਣੀ ਦਾ ਸਾਜ਼
6. ਦਿਲਰੁਬਾ : ਵਿਤਤ ਸ਼੍ਰੇਣੀ ਦਾ ਇੱਕ ਸਾਜ਼
7. ਇਸਰਾਜ : ਵਿਤਤ ਸ਼੍ਰੇਣੀ ਦਾ ਇੱਕ ਸਾਜ਼
8. ਤੰਬੂਰਾ : ਪ੍ਰਾਚੀਨ ਕਾਲ ਤੋਂ ਭਾਰਤੀ ਸ਼ਾਸਤਰੀ ਸੰਗੀਤ ਵਿੱਚ ਆਧਾਰ ਸੁਰ ਪ੍ਰਾਪਤ ਕਰਨ ਲਈ ਪ੍ਰਯੋਗ ਕੀਤੇ ਜਾਣ ਵਾਲਾ ਇੱਕ ਤਤ ਸਾਜ਼
9. ਮ੍ਰਿਦੰਗ : ਇੱਕ ਭਾਰਤੀ ਤਾਲ ਸਾਜ਼ (ਪਖਾਵਜ਼)
10. ਪਖਾਵਜ : ਭਾਰਤੀ ਸੰਗੀਤ ਦਾ ਇੱਕ ਅਵਨੱਧ ਸਾਜ਼
11. ਹਰਮੋਨੀਅਮ : ਸਮਵਿਭਾਜਿਤ ਸੁਰ ਸਪਤਕ ਉੱਤੇ ਆਧਾਰਤ ਇੱਕ ਸੁਸ਼ਿਰ ਸਾਜ਼
12. ਤਬਲਾ : ਅਵਨੱਧ ਸ਼ੈਣੀ ਦਾ ਇਕ ਤਾਲ ਸਾਜ਼।
13. ਜਵਾ : ਰਬਾਬ ਵਜਾਉਣ ਲਈ ਪ੍ਰਯੋਗ ਹੋਣ ਵਾਲਾ ਲੱਕੜ ਜਾਂ ਹਾਥੀ ਦੰਦ ਦਾ ਪਤਰਾ
14. ਗਜ਼ : ਵਿਤੱਤ ਸਾਜ਼ ਵਜਾਉਣ ਲਈ ਘੋੜੇ ਦੀ ਪੂੰਛ ਦੇ ਵਾਲਾਂ ਨਾਲ ਬਣਿਆ ਯੰਤ ।
15. ਗੁਰਬਾਣੀ : ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ਼ਬਦ ਰਚਨਾਵਾਂ
16. ਤਰਬ : ਤੰਤੀ ਸਾਜ਼ਾਂ ਵਿੱਚ ਸਵੈ ਉਤਪੰਨ ਪ੍ਰਤਿਧੁਨੀ ਜਾਂ ਗੂੰਜ ਪੈਦਾ ਕਰਨ ਲਈ ਲਗਾਈਆਂ ਗਈਆਂ ਬਾਰੀਕ ਤਾਰਾਂ
17. ਧਰੁਪਦ : ਹਿੰਦੁਸਤਾਨੀ ਸੰਗੀਤ ਦੀ ਇੱਕ ਸ਼ਾਸਤਰੀ ਗਾਇਨ ਸ਼ੈਲੀ
18. ਸੁਰ ਸੰਵਾਦ : ਸੁਰ ਵਿਸ਼ੇਸ਼ ਨਾਲ ਮਧੁਰ ਭਾਵ ਰੱਖਣ ਵਾਲਾ ਸਪਤਕ ਦਾ ਤੀਜਾ, ਚੌਥਾ ਜਾਂ ਪੰਜਵਾਂ ਸੁਰ
 
 

 

 
ਪ੍ਰਸ਼ਨ
     
 

1. ਰਬਾਬ ਕਿਸ ਸ਼ੈਣੀ ਦਾ ਸਾਜ਼ ਹੈ ।

      1. ਸੁਸ਼ਿਰ       2. ਘਣ       3. ਤਤ       4. ਅਵਨਧ

2. ਭਾਈ ਮਰਦਾਨਾ ਕੋਣ ਸੀ ।

      1. ਰਾਗੀ       2. ਕਵੀ       3. ਰਬਾਬੀ ਕੀਰਤਨੀਆ       4. ਤਬਲਾ ਵਾਦਕ

3. ਸਾਰੰਦਾ ਕਿਸ ਸ਼ੈਣੀ ਦਾ ਸਾਜ਼ ਹੈ ।

      1. ਵਿਤਤ       2. ਘਣ       3. ਸੁਸ਼ਿਰ       4. ਅਵਨਧ

4. ਤਾਉਸ ਕਿਸ ਸ਼ੈਣੀ ਦਾ ਸਾਜ਼ ਹੈ ।

      1. ਅਵਨਧ       2. ਘਣ       3. ਸੁਸ਼ਿਰ       4. ਵਿਤਤ

5. ਤਾਉਸ ਸਾਜ਼ ਦੀ ਬਣਤਰ ਕਿਸ ਪੰਛੀ ਨਾਲ ਮਿਲਦੀ ਹੈ ।

      1. ਚਿੱੜੀ       2. ਬਾਜ       3. ਮੋਰ       4. ਕੋਇਲ

6. ਦਿਲਰੁਬਾ ਸਾਜ਼ ਦਾ ਵਾਦਨ ਕਿਸ ਨਾਲ ਹੁੰਦਾ ਹੈ ।

      1. ਮਿਜ਼ਰਾਬ       2. ਜਵਾ       3. ਗਜ਼       4. ਇਹਨਾਂ ਵਿਚੋਂ ਕੋਈ ਨਹੀਂ

7. ਤਾਨਪੁਰਾ ਕਿਸ ਸ਼ੈਣੀ ਦਾ ਸਾਜ਼ ਹੈ ।

      1. ਅਵਨਧ       2. ਘਣ       3. ਸੁਸ਼ਿਰ       4. ਤਤ

8. ਕਿਸ ਸਮੇਂ ਦੌਰਾਨ ਜੋੜੀ ਸਾਜ਼ ਦਾ ਪ੍ਰਚਾਰ ਗੁਰਮਤਿ ਸੰਗੀਤ ਵਿਚ ਹੋਇਆ।

      1. ਪ੍ਰਾਚੀਨ ਸਮੇਂ       2. ਸਿੱਖ ਗੁਰੂ ਸਾਹਿਬਾਨ ਸਮੇਂ       3. ਆਧੁਨਿਕ ਸਮੇਂ       4. ਵੈਦਿਕ ਸਮੇਂ

9. ਮ੍ਰਿਦੰਗ/ਪਖਾਵਜ ਦਾ ਸੰਬੰਧ ਕਿਸ ਗੁਰੂ ਸਾਹਿਬਾਨ ਨਾਲ ਹੈ ।

      1. ਗੁਰੂ ਨਾਨਕ ਦੇਵ ਜੀ       2. ਗੁਰੂ ਅਮਰਦਾਸ ਦੇਵ ਜੀ

      3. ਗੁਰੂ ਗੌਬਿੰਦ ਸਿੰਘ ਜੀ       4. ਗੁਰੂ ਤੇਗ ਬਹਾਦਰ ਜੀ

10. ਮ੍ਰਿਦੰਗ/ਪਖਾਵਜ ਕਿਸ ਸ਼ੈਣੀ ਦਾ ਸਾਜ਼ ਹੈ ।

      1. ਅਵਨਧ       2. ਘਣ       3. ਸੁਸ਼ਿਰ       4. ਵਿਤਤ

 
     
   
     
   
     
ਸੰਦਰਭ ਗ੍ਰੰਥ ਸੂਚੀ
     
  1. The Oxford Encyclopaedia of the Music of India, Chief Editor : Late Pandit Nikhil Ghosh published by OXFORD Press.

2. ਕਾਨ੍ਹ ਸਿੰਘ ਨਾਭਾ (ਭਾਈ), ਗੁਰ ਸ਼ਬਦ ਰਤਨਾਕਰ ਮਹਾਨ ਕੋਸ਼, ਭਾਸ਼ਾ ਵਿਭਾਗ, ਪੰਜਾਬ, 2011

3. ਗੁਰਮਤਿ ਸੰਗੀਤ ਤਕਨੀਕੀ ਸ਼ਬਦਾਵਲੀ, ਗੁਰਨਾਮ ਸਿੰਘ (ਡਾ.) ਮੁੱਖ ਸੰਪਾ., ਪੰਜਾਬੀ ਯੂਨੀਵਰਸਿਟੀ ਪਟਿਆਲਾ, 2012.

4. ਗੁਰਮਤਿ ਸੰਗੀਤ ਪਰਬੰਧ ਤੇ ਪਾਸਾਰ, ਗੁਰਨਾਮ ਸਿੰਘ (ਡਾ.), ਪੰਜਾਬੀ ਯੂਨੀਵਰਸਿਟੀ, ਪਟਿਆਲਾ, 2000.

 
     
Home | Feedback | Contact Us