Home | Feedback | Contact Us | Sign Out
 
Introduction of Sikhism >>ਸ੍ਰੀ ਗੁਰੂ ਗ੍ਰੰਥ ਸਾਹਿਬ : ਮੁੱਢਲੀ ਜਾਣਕਾਰੀ
ਵਿਸ਼ਾ ਵਿਸ਼ੇਸ਼ਗ :   ਡਾ. ਸਰਬਜਿੰਦਰ ਸਿੰਘ
ਪ੍ਰੋਫੈਸਰ ਤੇ ਮੁਖੀ
ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ
   
 

         ਵਿਸ਼ਵ ਦੇ ਧਰਮ ਗ੍ਰੰਥਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਦੁੱਤੀ ਅਤੇ ਮਹੱਤਵਪੂਰਨ ਸਥਾਨ ਹੈ। ਇਸ ਧਾਰਮਿਕ ਪਵਿੱਤਰ ਗ੍ਰੰਥ ਦਾ ਦਰਜਾ ਕੇਵਲ ਪੂਜਾ ਭਗਤੀ ਭਾਵ ਵਾਲਾ ਨਹੀਂ ਬਲਕਿ ਸਿੱਖ ਧਰਮ ਲਈ ਇਹ ਜ਼ਾਹਿਰਾ-ਜ਼ੁਹੂਰ ਗੁਰੂ ਹੈ। ਗੁਰੂ ਦੁਆਰਾ ਦਿਤੀ ਗਈ ਸਿਖਿਆ ਕੇਵਲ ਸਿੱਖ ਧਰਮ ਦੇ ਪੈਰੋਕਾਰਾਂ ਤਕ ਸੀਮਤ ਨਹੀਂ ਬਲਕਿ ਇਹ ਸੰਸਾਰ ਅਤੇ ਸਮੁੱਚੀ ਮਾਨਵਤਾ ਦੇ ਸਰਬ-ਸਾਂਝੇ ਹਿਤਾਂ ਅਤੇ ਕਲਿਆਣ ਨਾਲ ਸੰਬੰਧਿਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅਜਿਹਾ ਪ੍ਰਮਾਣਿਕ ਗ੍ਰੰਥ ਹੈ ਜਿਸ ਵਿਚ ਦਰਜ ਬਾਣੀ ਦੇ ਰਚੈਤਾ ਸਿੱਖ ਧਰਮ ਦੇ ਗੁਰੂ ਸਾਹਿਬਾਨ ਨੇ ਉਸ ਦਾ ਸੰਪਾਦਨ ਅਤੇ ਸੰਕਲਨ ਕੀਤਾ। ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਤੋਂ ਪਹਿਲਾਂ ਹੋਏ ਸਤਿਗੁਰਾਂ ਦੀ ਬਾਣੀ ਨੂੰ ਇਕੱਤਰ ਕਰਕੇ ਰਾਮਸਰ ਦੇ ਕਿਨਾਰੇ (ਅੰਮ੍ਰਿਤਸਰ) ਭਾਈ ਗੁਰਦਾਸ ਜੀ ਤੋਂ ਲਿਖਵਾਉਣਾ ਆਰੰਭਿਆ। ਆਪਣੀ ਰਚਨਾ ਅਤੇ ਸੰਤਾਂ-ਭਗਤਾਂ ਦੀ ਬਾਣੀ ਨੂੰ ਸ਼ਾਮਿਲ ਕਰਕੇ ਸੰਨ 1604 ਈਸਵੀ ਵਿਚ ਸਮਾਪਤ ਕੀਤਾ ਇਸ ਨੂੰ ਆਦਿ ਗ੍ਰੰਥ ਦਾ ਨਾਮ ਦਿਤਾ ਗਿਆ। ਉਪਰੰਤ ਸ੍ਰੀ ਗੁਰੂ ਗੋਬਿੰਦ ਸਿੰਘ ਨੇ 1708 ਈ. ਵਿਚ ਗੁਰੂ ਗ੍ਰੰਥ ਸਾਹਿਬ ਨੂੰ ਗੁਰ-ਗੱਦੀ ਪ੍ਰਦਾਨ ਕੀਤੀ। ਸਿੱਖ ਸਿਧਾਂਤ ਅਨੁਸਾਰ ਬਾਣੀ ਇਲਹਾਮ ਹੈ ਜੋ ਸ਼ਬਦ ਰੂਪ ਵਿਚ ਪ੍ਰਗਟ ਹੋਈ ਹੈ। ਗੁਰੂ ਸਾਹਿਬਾਨ ਅਨੁਸਾਰ ਇਹ 'ਪ੍ਰਭ ਦੀ ਬਾਣੀ', 'ਖਸਮ ਕੀ ਬਾਣੀ', 'ਧੁਰ ਕੀ ਬਾਣੀ', 'ਗੋਵਿੰਦ ਕੀ ਬਾਣੀ' ਹੈ।

 
     
 
- ਧੁਰ ਕੀ ਬਾਣੀ ਆਈ||
ਤਿਨਿ ਸਗਲੀ ਚਿੰਤ ਮਿਟਾਈ||
 
 

(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 628)

 
     
  - ਨਿਤ ਉਠਿ ਗਾਵਹੁ ਪ੍ਰਭ ਕੀ ਬਾਣੀ||
ਆਠ ਪਹਰ ਹਰਿ ਸਿਮਰਹੁ ਪ੍ਰਾਣੀ||
 
  (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1340)  
     
  - ਜਪਿ ਮਨ ਮੇਰੇ ਗੋਵਿੰਦ ਕੀ ਬਾਣੀ||
ਸਾਧੂ ਜਨ ਰਾਮੁ ਰਸਨ ਵਖਾਣੀ||
 
  (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 192)  
     
 

ਇਲਹਾਮ ਰੂਪ ਵਿਚ ਪ੍ਰਾਪਤ ਸ਼ਬਦ ਨੂੰ ਗੁਰੂ ਸਾਹਿਬ ਅਕਾਲ ਪੁਰਖ ਦੇ ਹੁਕਮ ਅਨੁਸਾਰ ਸਮੁੱਚੀ ਲੋਕਾਈ ਵਿਚ ਵਰਤਾ ਰਹੇ ਹਨ :

 
     
  ਜੈਸੀ ਮੈ ਆਵੈ ਖਸਮ ਕੀ ਬਾਣੀ
ਤੈਸੜਾ ਕਰੀ ਗਿਆਨੁ ਵੇ ਲਾਲੋ||
 
 

(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 722)

 
     
  ਹਉ ਆਪਹੁ ਬੋਲ ਨ ਜਾਣਦਾ
ਮੈ ਕਹਿਆ ਸਭੁ ਹੁਕਮਾਓ ਜੀਉ||
 
 

(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 763)

 
     
 

ਇਸ ਬਾਣੀ ਦੀ ਸਦੀਵਤਾ ਨੂੰ ਮੰਨਦਿਆਂ ਇਸ ਗ੍ਰੰਥ ਦੇ ਸੰਪਾਦਕ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ :

 
     
  ਸਤਿਗੁਰੂ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ
ਹਰਿ ਕਰਤਾ ਆਪਿ ਮੁਹਹੁ ਕਢਾਏ||
 
 

(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 308)

 
     
 

         ਗੁਰੂ ਸਾਹਿਬਾਨ ਰੱਬੀ ਜੋਤਿ ਦਾ ਸਾਕਾਰ ਰੂਪ ਸਨ ਅਤੇ ਸਦੀਵੀ ਸੱਚ (Eternal Reality) ਨਾਲ ਨਿਰੰਤਰ ਇਕਸੁਰ ਸਨ ਇਸ ਤੱਥ ਨੂੰ ਭਾਈ ਗੁਰਦਾਸ ''ਇਕਾ ਬਾਣੀ ਇਕ ਗੁਰ ਇਕੋ ਸ਼ਬਦ ਵਿਚਾਰ'' ਦੁਆਰਾ ਦ੍ਰਿੜ ਕਰਵਾਉਂਦੇ ਹਨ। ਇਸ ਤੋਂ ਬਿਨਾਂ ਗੁਰੂ ਸਾਹਿਬਾਨ ਨੇ ਆਪੋ- ਆਪਣੇ ਨਾਵਾਂ ਨਾਲ ਬਾਣੀ ਦੀ ਰਚਨਾ ਨਹੀਂ ਕੀਤੀ ਬਲਕਿ 'ਨਾਨਕ' ਜੋਤਿ ਦੇ ਵਾਰਸ ਹੋਣ ਦੇ ਨਾਤੇ ਨਾਨਕ ਨਾਮ ਅਧੀਨ ਹੀ ਬਾਣੀ ਦੀ ਰਚਨਾ ਕੀਤੀ ਜਿਸ ਤੋਂ ਸਪਸ਼ਟ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਸ ਗੁਰੂ ਸਾਹਿਬਾਨ ਦਾ ਆਤਮਿਕ ਸਰੂਪ ਸ਼ਬਦ ਗੁਰੂ ਹਨ।

         ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਗਲਾ ਮਹੱਤਵਪੂਰਨ ਪੱਖ ਇਹ ਹੈ ਕਿ 1430 ਪੰਨਿਆਂ ਦੇ ਵੱਡ-ਆਕਾਰੀ ਗ੍ਰੰਥ ਵਿਚ ਗੁਰੂ ਸਾਹਿਬਾਨ ਤੋਂ ਬਿਨਾਂ ਵੱਖ-ਵੱਖ ਧਰਮਾਂ, ਵੱਖ-ਵੱਖ ਜਾਤਾਂ, ਵੱਖ-ਵੱਖ ਇਲਾਕਿਆਂ ਅਤੇ ਵੱਖ-ਵੱਖ ਪਰੰਪਰਾਵਾਂ ਨਾਲ ਸੰਬੰਧਤ ਸੰਤਾਂ-ਭਗਤਾਂ ਦੀ ਬਾਣੀ ਨੂੰ ਬਿਨਾਂ ਕਿਸੇ ਭੇਦ-ਭਾਵ ਤੋਂ ਇਸ ਗ੍ਰੰਥ ਵਿਚ ਸੰਗ੍ਰਹਿਤ ਕੀਤਾ ਗਿਆ ਹੈ ਜਿਸ ਵਿਚ ਕੇਵਲ ਵਿਚਾਰਾਂ ਦੀ ਇਕਸਾਰਤਾ ਨੂੰ ਆਧਾਰ ਬਣਾਇਆ ਗਿਆ। ਸਾਰਿਆਂ ਲਈ ਇਕੋ ਸ਼ਬਦ ਬਾਣੀਕਾਰ ਹੈ। ਸਾਰਿਆਂ ਲਈ ਇਕੋ ਮਾਣ-ਸਨਮਾਣ ਅਤੇ ਰੁਤਬਾ ਹੈ। ਇਸ ਕਰਕੇ ਇਹ ਕੇਵਲ ਸਿੱਖ ਧਰਮ ਦਾ ਨਹੀਂ ਸਗੋਂ ਸਮੂਹ ਧਰਮਾਂ ਵਿਚ ਵਿਸ਼ੇਸ ਧਰਮ ਗ੍ਰੰਥ ਵਜੋਂ ਸਵੀਕਾਰਿਆ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਪਣਾ ਭਾਸ਼ਾ, ਸਾਹਿਤ ਅਤੇ ਸੰਗੀਤਕ ਮਹਤੱਵ ਹੈ। ਲਗਭਗ ਸਤ ਸਦੀਆਂ ਦੇ ਵਿਸ਼ਤਾਰ ਵਿਚ ਫੈਲੇ ਕਾਲ ਖੰਡ ਵਿਚ ਇਹ ਲੋਕ-ਮਨ, ਲੋਕ-ਵਿਸ਼ਵਾਸ ਅਤੇ ਲੋਕ-ਮਾਨਤਾਵਾਂ ਦੀ ਕਾਵਿਕ, ਭਾਸ਼ਿਕ ਅਤੇ ਸੰਗੀਤਕ ਪ੍ਰਸਤੁਤੀ ਹੈ। ਗੁਰਮੁਖੀ ਲਿਪੀ ਦਾ ਇਤਿਹਾਸ ਇਸ ਵਿਚ ਨਿਹਿਤ ਹੈ। ਸਾਹਿਤ ਦੇ ਸਨਾਤਨੀ ਕਾਵਿ-ਰੂਪਾਂ ਅਤੇ ਲੋਕ ਕਾਵਿ-ਰੂਪ ਨੂੰ ਬਾਣੀ ਪ੍ਰਸਤੁਤੀ ਲਈ ਜੁਗਤਾਂ ਵਜੋਂ ਲਿਆ ਗਿਆ ਹੈ। ਬਾਣੀ ਦੀ ਪੇਸ਼ਕਾਰੀ ਕੀਰਤਨ ਰੂਪ ਵਿਚ ਗਾਏ ਜਾਣ ਨਾਲ ਹੈ ਇਸ ਕਰਕੇ ਬਾਣੀ ਨੂੰ 31 ਰਾਗਾਂ ਅਤੇ 31 ਰਾਗ ਪ੍ਰਕਾਰਾਂ ਵਿਚ ਨਿਬਧ ਕੀਤਾ ਗਿਆ ਹੈ। ਜਿਸ ਨਾਲ ਉਤੱਰੀ ਅਤੇ ਦੱਖਣੀ ਭਾਰਤ ਦੀਆਂ ਸੰਗੀਤ ਪੱਧਤੀਆਂ ਦਾ ਸੁਮੇਲ ਇਸ ਵਿਚੋਂ ਪ੍ਰਾਪਤ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਭਾਸ਼ਾ, ਸਾਹਿਤ ਅਤੇ ਸੰਗੀਤ ਦਾ ਸਮ੍ਰਿਧ ਖਜਾਨਾ ਹੈ।

         ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦਰਸਨ ਵਿਹਾਰਕ ਰੂਪ ਵਿਚ ਮਨੁੱਖੀ ਜੀਵਨ-ਜਾਚ ਨਾਲ ਸੰਬੰਧਤ ਹੈ। ਸਿਧਾਂਤਕ ਪੱਧਰ 'ਤੇ ਇਹ ਇਕ ਪਰਮਾਤਮਾ/ਅਕਾਲਪੁਰਖ 'ਤੇ ਵਿਸ਼ਵਾਸ ਕਰਦਾ ਹੈ ਜੋ ਸਰਬ ਵਿਆਪਕ ਸਤਿਸਰੂਪ ਨਿਰਾਕਾਰ ਹੈ। ਪਰਮਾਤਮਾ ਨੂੰ ਪਾਉਣ ਲਈ ਹਊਮੈ ਦਾ ਨਿਵਾਰਣ ਕਰਕੇ ਉਸਦੀ ਰਜਾ ਅਤੇ ਹੁਕਮ ਵਿਚ ਰਹਿੰਦਿਆਂ ਨਾਮ ਸਿਮਰਨ ਕਰਦਿਆਂ ਨੈਤਿਕ ਕਦਰਾਂ-ਕੀਮਤਾਂ ਦਾ ਧਾਰਣੀ ਬਣਨਾ ਹੈ। ਇਸ ਲਈ ਬਾਣੀ ਦਾ ਸੰਦੇਸ਼/ਸਿਖਿਆ ਮਨੁੱਖ ਨੂੰ ਬਾਹਰੀ ਕਰਮਕਾਂਡ, ਰਸਮਾਂ-ਰਿਵਾਜ਼ਾਂ ਦੀ ਕੱਟੜਤਾ ਤੋਂ ਮੁਕਤ ਕਰਾਉਂਦਾ ਹੈ। ਮਨੁੱਖੀ ਜੀਵਨ ਦੇ ਜਨਮ ਤੋਂ ਲੈ ਕੇ ਮੌਤ ਤਕ ਦੇ ਸਫ਼ਰ ਵਿਚ ਬਾਣੀ ਰਹਿਬਰ ਅਤੇ ਸੰਚਾਲਕ ਵਜੋਂ ਕਾਰਜ ਕਰਦੀ ਹੈ ਜਿਥੇ ਨਿਰਾ ਉਪਦੇਸ਼ ਨਹੀਂ ਬਲਕਿ ਕਰਮ ਹੈ, ਵਿਹਾਰ ਹੈ, ਸਹਿਜ, ਸੰਤੁਲਿਤ ਜੀਵਨ ਜਿਉਣ ਦਾ ਮਾਰਗ ਹੈ। ਬਾਣੀ ਦਾ ਇਹ ਸੰਦੇਸ਼/ਸਿਖਿਆ ਕੇਵਲ ਸਿੱਖ ਧਰਮ ਜਾਂ ਇਸ ਦੇ ਪੈਰੋਕਾਰਾਂ ਤਕ ਸੀਮਿਤ ਨਹੀਂ ਬਲਕਿ ਇਹ ਸੰਸਾਰ ਅਤੇ ਸਮੁੱਚੀ ਮਾਨਵਤਾ ਦੇ ਸਰਬਸਾਂਝੇ ਹਿਤਾਂ, ਉਨਤੀ ਅਤੇ ਕਲਿਆਣ ਨਾਲ ਸੰਬੰਧਤ ਹੈ। ਜਿਥੇ ਸਮੂਹ ਮਾਨਵ ਜਾਤੀ ਨੂੰ 'ਏਕ ਪਿਤਾ ਏਕਸ ਕੇ ਹਮ ਬਾਰਿਕ' ਸਮਝਦਿਆਂ ਮਨੁੱਖੀ ਭਾਈਚਾਰੇ ਬਰਾਬਰੀ, ਆਤਮਿਕ ਅਤੇ ਸਦਾਚਾਰਕ ਰਾਹ 'ਤੇ ਤੁਰਨ ਦਾ ਸੁਨੇਹਾ ਹੈ। ਇਸ ਦੇ ਦਰਸਾਏ ਮਾਰਗ 'ਤੇ ਤੁਰਨ ਨਾਲ ਜਨਮ, ਜਾਤ, ਵਰਣ, ਰੰਗ, ਭੇਦ ਧਰਮ ਅਤੇ ਧਰਤੀ ਦੀਆਂ ਸੀਮਾਵਾਂ ਅਰਥਹੀਨ ਹੋ ਜਾਂਦੀਆਂ ਹਨ। ਇਸ ਪ੍ਰਕਾਰ ਸ੍ਰੀ ਗੁਰੂ ਸਾਹਿਬ ਇਕ ਧਾਰਮਿਕ ਆਗੂ ਸਦਾਚਾਰਕ, ਸਮਾਜਿਕ ਰਹਿਬਰ ਅਤੇ ਪਥ-ਪ੍ਰਦਸ਼ਕ ਹਨ। ਇਹਨਾਂ ਦੁਆਰਾ ਦਿਤੀ ਗਈ ਸਿਖਿਆ ਸਰਬਕਾਲੀ, ਸਰਬਸਾਂਝੀ ਅਤੇ ਸਰਬ-ਹਿਤਕਾਰੀ ਹੈ।

 
     
ਪ੍ਰਸਨ
     
 

1.        ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦਾ ਅਵਤਰਣ ਕਿਵੇਂ ਹੋ ਰਿਹਾ ਹੈ?
          1. ਗੁਰੂ ਦੁਆਰਾ            2. ਧੁਰ ਕੀ ਬਾਣੀ ਦੇ ਰੂਪ ਵਿਚ
          3. ਵੇਦਾਂ ਦੁਆਰਾ            4. ਸੰਤਾਂ ਦੁਆਰਾ

2.        ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਕਿਸ ਵਰਗ ਲਈ ਹੈ?
          1. ਸਿੱਖ       2. ਹਿੰਦੂ       3. ਮਨੁੱਖਤਾ       4. ਸਿੱਖ ਅਤੇ ਹਿੰਦੂ

3.        ਬਾਣੀ ਦੀ ਸੰਪਾਦਨਾ ਕਿਸ ਸਥਾਨ 'ਤੇ ਹੋਈ?
          1. ਤਰਨਤਾਰਨ       2. ਅੰਮ੍ਰਿਤਸਰ       3. ਗੋਇੰਦਵਾਲ       4. ਜਲੰਧਰ

4.        ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਲਿਖਾਰੀ ਕੌਣ ਸਨ?
          1. ਗੁਰੂ ਨਾਨਕ ਦੇਵ       2. ਭਾਈ ਗੁਰਦਾਸ
          3. ਗੁਰੂ ਅਰਜਨ ਦੇਵ        4. ਸਾਰੇ ਗੁਰੂ ਸਾਹਿਬਾਨ

5.        ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕਿਸ ਨੇ ਕੀਤਾ?
          1. ਪਹਿਲੇ ਗੁਰੂ       2. ਦੂਸਰੇ ਗੁਰੂ       3. ਤੀਸਰੇ ਗੁਰੂ       4. ਪੰਜਵੇਂ ਗੁਰੂ

6.        ਗ੍ਰੰਥ ਸਾਹਿਬ ਨੂੰ ਕਿਸ ਸੰਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਮਿਲਿਆ?
          1. 1604 ਈ.       2. 1610 ਈ.       3. 1700 ਈ.       4. 1708 ਈ.

7.        ਬਾਣੀ ਦੇ ਰਚੈਤਾ ਕੌਣ ਸਨ?
          1. ਗੁਰੂ ਸਾਹਿਬਾਨ, ਸੰਤ ਅਤੇ ਭਗਤ       2. ਗੁਰੂ
          3. ਸੰਤ       4. ਭਗਤ

8.        ਬਾਣੀ ਦੀ ਸੰਪਾਦਨਾ ਦਾ ਆਧਾਰ ਕੀ ਸੀ?
          1. ਧਰਮ       2. ਪਰੰਪਰਾ       3. ਵਿਚਾਰਧਾਰਾ       4. ਵਰਗ ਅਧਾਰਿਤ

9.        ਬਾਣੀ ਦੀ ਸੰਪਾਦਨਾ ਕਿਸ ਸੰਨ ਵਿਚ ਹੋਈ?
          1. 1604 ਈ       2. 1602 ਈ       3. 1708 ਈ       4. 1710 ਈ

10.      ਬਾਣੀ ਲਿਖਣ ਹਿਤ ਕਿਹੜੀ ਲਿਪੀ ਦੀ ਵਰਤੋਂ ਕੀਤੀ ਗਈ?
          1. ਦੇਵਨਾਗਰੀ       2. ਉਰਦੂ       3. ਗੁਰਮੁਖੀ       4. ਪੰਜਾਬੀ

11.      ਗੁਰੂ ਗ੍ਰੰਥ ਸਾਹਿਬ ਦੇ ਕਿੰਨੇ ਪੰਨੇ ਹਨ?
          1. 1400       2. 1410       3. 1420       4. 1430

12.      ਸ਼ਬਦ ਸੰਚਾਰ ਲਈ ਕਿਹੜੀ ਜੁਗਤ ਅਪਣਾਈ ਗਈ?
          1. ਕਵਿਤਾ ਤੇ ਸੰਗੀਤ                    2. ਕਵਿਤਾ ਤੇ ਲੋਕਧਾਰਾ
          3. ਕਵਿਤਾ, ਸੰਗੀਤ ਤੇ ਲੋਕਧਾਰਾ       4. ਕਵਿਤਾ ਤੇ ਭਾਸ਼ਾ

13.      ਬਾਣੀ ਦੀ ਪ੍ਰਸਤੁਤੀ ਕਿਸ ਰੂਪ ਵਿਚ ਹੋ ਰਹੀ ਹੈ?
          1. ਕਵਿਤਾ       2. ਕੀਰਤਨ       3. ਰਾਗ       4. ਸਾਰੇ ਹੀ

14.      ਬਾਣੀ ਦਾ ਸੰਦੇਸ਼ ਕੀ ਹੈ?
          1. ਇਕ ਪਰਮਾਤਮਾ ਵਿਚ ਵਿਸ਼ਵਾਸ       2. ਪਿਆਰ
          3. ਅਧਿਆਤਮਵਾਦ       4. ਵਿਸ਼ਵਾਸ

15.      ਪਰਮਾਤਮਾ ਤਕ ਪਹੁੰਚਣ ਲਈ ਕੀ ਛੱਡਣਾ ਜ਼ਰੂਰੀ ਹੈ?
          1. ਕ੍ਰੋਧ       2. ਲੋਭ       3. ਹਉਮੈ       4. ਸਮਾਜਿਕ ਜੀਵਨ

16.      ਬਾਣੀ ਦਾ ਸੰਦੇਸ਼ ਕਿਸ ਨੂੰ ਸੰਬੋਧਿਤ ਹੈ?
          1. ਸਿੱਖ       2. ਹਿੰਦੂ       3. ਸਮੂਹ ਲੋਕਾਈ       4. ਸੰਤ ਭਗਤ

17.      ਬਾਣੀ ਵਿਚ ਕਿਹੜੇ ਸਾਹਿਤ ਰੂਪਾਂ ਦਾ ਪ੍ਰਯੋਗ ਹੈ?
          1. ਸਨਾਤਨੀ ਕਾਵਿ ਰੂਪ       2. ਲੋਕਧਾਰਾਈ ਕਾਵਿ-ਰੂਪ
          3. ਵਿਸ਼ੇਸ ਕਾਵਿ-ਰੂਪ          4. ਸਨਾਤਨੀ ਤੇ ਲੋਕ ਧਾਰਾਈ ਕਾਵਿ-ਰੂਪ

18.      ਬਾਣੀ ਵਿਚ ਕਿੰਨੇ ਰਾਗਾਂ ਦਾ ਪ੍ਰਯੋਗ ਹੈ?
          1. 20       2. 30       3. 31       4. 60 

19.      ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਫ਼ਿਮਪ;ਲਾਸਫੀ ਕਿਸ ਨਾਲ ਸੰਬੰਧਤ ਹੈ?
          1. ਧਰਮ       2. ਅਧਿਆਤਮ       3. ਮਨੁੱਖੀ ਜੀਵਨ-ਜਾਚ       4. ਮਨੁੱਖਤਾ

20.      ਬਾਣੀ ਵਿਚ ਸਾਹਿਤਕ ਜੁਗਤਾਂ ਦਾ ਪ੍ਰਯੋਗ ਕਿਸ ਲਈ ਹੋ ਰਿਹਾ ਹੈ?
          1. ਬਾਣੀ ਸੰਦੇਸ਼ ਦੇ ਸੰਚਾਰ ਲਈ       2. ਕਵਿਤਾ ਦੇ ਸੁਹਜ ਲਈ
          3. ਪਹਿਲਾ ਤੇ ਦੂਸਰੇ ਦੋਵੇਂ ਹੀ          4. ਮਨੁੱਖਤਾ ਦੀ ਭਲਾਈ ਲਈ

21.      ਬਾਣੀ ਦਾ ਸੰਦੇਸ਼ ਮਨੁੱਖ ਨੂੰ ਕੀ ਛੱਡਣ ਦੀ ਪ੍ਰੇਰਣਾ ਦਿੰਦਾ ਹੈ?
          1. ਰਸਮ ਰਿਵਾਜ਼, ਕਰਮਕਾਂਡ       2. ਗ੍ਰਹਿਸਥ ਜੀਵਨ
          3. ਪੂਜਾ ਤੇ ਭਗਤੀ                     4. ਨੈਤਿਕ ਮੁੱਲ

22.      ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਸ ਮਾਰਗ 'ਤੇ ਚਲਣ ਦੀ ਪ੍ਰੇਰਣਾ ਦਿੰਦੀ ਹੈ?
          1. ਅਧਿਆਤਮਿਕ       2. ਸਮਾਜਿਕ       3. ਸਦਾਚਾਰਕ       4. ਸਾਰੇ ਹੀ

23.      ਮਨੁੱਖੀ ਜੀਵਨ ਵਿਚ ਬਾਣੀ ਦਾ ਕੀ ਯੋਗਦਾਨ ਹੈ?
          1. ਉਪਦੇਸ਼ਾਤਮਕ                     2. ਅਧਿਆਤਮਿਕ
          3. ਰਹਿਬਰ ਅਤੇ ਪਥਪ੍ਰਦਸ਼ਕ       4. ਮੁਕਤੀਦਾਤਾ

24.      ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਦੇਸ਼ ਦੀ ਕੀ ਮਹੱਤਤਾ ਹੈ?
          1. ਗਿਆਨ                             2. ਸੁਹਜ
          3. ਪਹਿਲਾ ਤੇ ਦੂਸਰਾ ਦੋਵੇਂ ਹੀ       4. ਮਨੁੱਖਤਾ ਦਾ ਕਲਿਆਣ

 
     
   
     
   
     
ਪੁਸਤਕ ਸੂਚੀ
     
 

1. ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਭਾਗ 1-4), ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, 2004

2. ਸ੍ਰੀ ਗੁਰੂ ਗ੍ਰੰਥ ਸਾਹਿਬ (ਅੰਗਰੇਜੀ ਅਤੇ ਪੰਜਾਬੀ ਅਨੁਵਾਦ) (ਭਾਗ 1-8), ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, 2006

 
     
Home | Feedback | Contact Us