Home | Feedback | Contact Us | Sign Out
 
Learning of Gurmat Sangeet >>ਗੁਰਮਤਿ ਸੰਗੀਤ ਦੀ ਜਾਣਕਾਰੀ

ਵਿਸ਼ਾ ਮਾਹਿਰ :   ਡਾ. ਗੁਰਨਾਮ ਸਿੰਘ,
ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ
     
 

         'ਗੁਰਮਤਿ ਸੰਗੀਤ' 1 ,ਸਿੱਖ ਧਰਮ ਦੀ ਪਾਵਨ ਸੰਗੀਤ ਪਰੰਪਰਾ ਹੈ ਜੋ ਗੁਰਮਤਿ ਅਤੇ 'ਸੰਗੀਤ' 2 ਦੋ ਸ਼ਬਦਾਂ ਦਾ ਸੁਮੇਲ ਹੈ। ਗੁਰਮਤਿ ਤੋਂ ਭਾਵ ਗੁਰੂ ਦੁਆਰਾ ਪ੍ਰਦਾਨ ਕੀਤੀ ਗਈ ਮਤ, ਸਿਧਾਂਤ ਜਾਂ ਉਪਦੇਸ਼ ਇਸ ਤਰ੍ਹਾਂ ਗੁਰਮਤਿ ਸੰਗੀਤ ਗੁਰੂ ਸਾਹਿਬਾਨ ਵੱਲੋਂ ਸਿਰਜੀ ਗਈ ਗੁਰ ਮਤਿ ਜਾਂ ਗੁਰ ਸਿਧਾਂਤ ਦੀ ਅਨੁਸਾਰੀ ਸੰਗੀਤ ਪਰੰਪਰਾ ਗੁਰਮਤਿ ਸੰਗੀਤ ਹੈ। ਇਸ ਪਰੰਪਰਾ ਦਾ ਵਿਕਾਸ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਮੂਹ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪੈਰੋਕਾਰਾਂ ਨੇ ਕੀਤਾ। ਗੁਰਮਤਿ ਸੰਗੀਤ ਵਿਚ 'ਸ਼ਬਦ ਕੀਰਤਨ' 3 ਦੀ ਪ੍ਰਸਤੁਤੀ ਕੀਤੀ ਜਾਂਦੀ ਹੈ।  ਸਿੱਖ ਧਰਮ ਵਿਚ ਸ਼ਬਦ ਕੀਰਤਨ ਦਾ ਇਕ ਵਿਸ਼ਾਲ ਵਿਸਤ੍ਰਿਤ ਸਰੂਪ ਹੈ ਜੋ ਸਦੀਆਂ ਤੋਂ ਗੁਰੂ ਸਾਹਿਬਾਨ ਦੁਆਰਾ ਵਿਕਸਿਤ ਹੋਇਆ ਅਤੇ ਗੁਰਮਤਿ ਸੰਗੀਤ ਵਿਚ ਇਸਦਾ ਬੁਨਿਆਦੀ ਮਹੱਤਵ ਅਤੇ ਪ੍ਰਮੁੱਖ ਸਥਾਨ ਹੈ । ਗੁਰਮਤਿ ਸੰਗੀਤ ਪਰੰਪਰਾ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬਦੀ ਬਾਣੀ ਵਿਚ ਦਰਸਾਏ ਗਏ ਸ਼ਬਦ ਕੀਰਤਨ ਸਬੰਧੀ ਸਿਧਾਂਤ ਅਨੁਸਾਰ ਮੌਲਿਕ ਸਰੂਪ ਗ੍ਰਹਿਣ ਕਰਦੀ ਹੈ।

         ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਸੰਗੀਤਕ ਹੈ ਜਿਸ ਨੂੰ ਵੱਖ-ਵੱਖ 31 ਰਾਗਾਂ ਅਧੀਨ ਵਰਗੀਕ੍ਰਿਤ ਕੀਤਾ ਗਿਆ ਹੈ। ਸ਼ਬਦ ਕੀਰਤਨ ਦੀ ਸੰਗੀਤਕ ਪੇਸ਼ਕਾਰੀ ਦਾ ਬੁਨਿਆਦੀ ਵਿਧਾਨ ਇਸੇ ਗ੍ਰੰਥ ਦੇ ਆਧਾਰ 'ਤੇ ਅਧਾਰਤ ਹੈ। ਬਾਣੀ ਵਿਚ 'ਰਾਗ' 4, ਗਾਇਨ ਰੂਪ, 'ਅੰਕ' 5, 'ਰਹਾਉ'ਚ 6, ਘਰੁ 7, 'ਜਤਿ' 8 , 'ਧੁਨੀ' 9 , 'ਸੁਧੰਗ' 10 ਆਦਿ ਦੇ ਸਿਰਲੇਖ ਤੇ ਸੰਕੇਤ ਵਿਸ਼ੇਸ਼ ਰੂਪ ਵਿਚ ਅੰਕਿਤ ਕੀਤੇ ਗਏ ਹਨ। ਇਹ ਵਿਸ਼ੇਸ਼ ਸਿਰਲੇਖ ਤੇ ਸੰਕੇਤ ਬਾਣੀ ਵਿਧਾਨ ਨੂੰ ਸਮਝਣ, ਬਾਣੀ ਨੂੰ ਸੰਗੀਤਬੱਧ ਕਰਨ ਅਤੇ ਬਾਣੀ ਦੀ ਸ਼ਬਦ ਕੀਰਤਨ ਰੂਪ ਵਿਚ ਪੇਸ਼ਕਾਰੀ ਲਈ ਬੁਨਿਆਦੀ ਰੂਪ ਵਿਚ ਕਾਰਜਸ਼ੀਲ ਰਹਿੰਦੇ ਹਨ।

         ਗੁਰਮਤਿ ਸੰਗੀਤ ਰਾਗ ਆਧਾਰਤ ਪਰੰਪਰਾ ਹੈ। ਸਿੱਖ ਰਹਿਤ ਮਰਿਆਦਾ ਅਨੁਸਾਰ 'ਗੁਰਬਾਣੀ' 11 ਦੇ ਰਾਗਾਂ ਵਿਚ ਉਚਾਰਨ ਨੂੰ ਕੀਰਤਨ ਕਿਹਾ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 31 ਮੁੱਖ ਰਾਗ ਅਤੇ 31 ਰਾਗ ਪ੍ਰਕਾਰਾਂ ਅਧੀਨ ਵੱਖ-ਵੱਖ ਬਾਣੀ ਰੂਪ ਅੰਕਿਤ ਹਨ। ਇਨ੍ਹਾਂ ਬਾਣੀ ਰੂਪਾਂ ਦਾ ਕੀਰਤਨ 'ਸ਼ਾਸਤਰੀ ਸੰਗੀਤ' 12 ਅਤੇ ਲੋਕ ਸੰਗੀਤ ਦੀਆਂ ਗਾਇਨ ਸ਼ੈਲੀਆਂ ਵਿਚ ਕੀਤਾ ਜਾਂਦਾ ਹੈ।

 
     
 

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਰਹਾਉ ਦਾ ਸੰਕੇਤ ਸ਼ਬਦ ਕੀਰਤਨ ਰਚਨਾ ਵਿਚ ਸਥਾਈ 13 ਜਾਂ ਟੇਕ ਦਾ ਸੂਚਕ ਹੈ। ਬਾਣੀ ਨਾਲ ਅੰਕਿਤ 1,2,3,4,5 ਆਦਿ ਅੰਕ ਸ਼ਬਦ ਕੀਰਤਨ ਹਿਤ ਰਚਨਾ ਦੇ ਅੰਤਰਿਆਂ ਦੀ ਵੰਡ ਦਰਸਾਉਂਦੇ ਹਨ। ਇਸੇ ਤਰ੍ਹਾਂ ਵੱਖ-ਵੱਖ ਧੁਨੀਆਂ ਅਤੇ ਹੋਰ ਸਿਰਲੇਖ ਤੇ ਸੰਕੇਤ ਸ਼ਬਦ ਕੀਰਤਨ ਰਚਨਾ ਨੂੰ ਸੰਗੀਤਬੱਧ ਕਰਨ ਲਈ ਦਿਸ਼ਾ ਨਿਰਦੇਸ਼ ਕਰਦੇ ਹਨ। ਇਸ ਤਰ੍ਹਾਂ ਗੁਰਮਤਿ ਸੰਗੀਤ ਵਿਚ ਸ਼ਬਦ ਦੇ ਕੀਰਤਨ ਦਾ ਵਿਧੀ ਵਿਧਾਨ ਅਤੇ ਖਾਸ ਕ੍ਰਮ ਹੈ। ਜਿਸ ਦੇ ਪ੍ਰਥਮ ਚਰਣ 'ਸ਼ਾਨ' 14 ਵਿਚ ਵੱਖ-ਵੱਖ 'ਤੰਤੀ ਸਾਜ਼' 15 ਤੇ 'ਤਾਲ ਸਾਜ਼' 16 ਦਾ ਰਾਗਾਤਮਕ ਵਾਦਨ ਕੀਤਾ ਜਾਂਦਾ ਹੈ। ਉਪਰੰਤ ਦੂਸਰੇ ਚਰਣ ਵਿਚ ਵਿਲੰਬਤ ਲੈਅ ਅਧੀਨ ਅਕਾਲ ਪੁਰਖ ਅਤੇ ਗੁਰੂ ਦੀ ਮਹਿਮਾ ਦਾ ਗਾਇਨ 'ਮੰਗਲਾਚਰਣ' 17  ਵਜੋਂ ਕੀਤਾ ਜਾਂਦਾ ਹੈ। ਤੀਸਰੇ ਚਰਣ ਵਿਚ ਨਿਰਧਾਰਤ ਰਾਗਾਂ ਅਤੇ ਸ਼ਬਦ ਰੀਤਾਂ 18 ਅਨੁਸਾਰ ਸ਼ਬਦ ਗਾਇਨ ਹੁੰਦਾ ਹੈ

         । ਚੌਥੇ ਚਰਣ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 'ਵਾਰਾਂ' 19 ਵਿਚੋਂ ਲੋਕ ਸੰਗੀਤਕ ਅੰਗ ਤੋਂ 'ਪਉੜੀ' 20 ਦਾ ਗਾਇਨ ਕੀਤਾ ਜਾਂਦਾ ਹੈ। ਗੁਰਮਤਿ ਸੰਗੀਤ ਦੀ ਇਸ ਸੰਪੂਰਣ ਕੀਰਤਨ ਪ੍ਰਸਤੁਤੀ ਨੂੰ 'ਸ਼ਬਦ ਕੀਰਤਨ ਚੌਕੀ' 21 ਜਾਂ ਕੀਰਤਨ ਚੌਕੀ ਆਖਿਆ ਜਾਂਦਾ ਹੈ। ਗੁਰਦੁਆਰਾ ਸਾਹਿਬਾਨ ਵਿਚ ਵੱਖ-ਵੱਖ ਸਮੇਂ ਅਤੇ ਵੱਖ-ਵੱਖ ਅਵਸਰਾਂ ਉਤੇ ਸ਼ਬਦ ਕੀਰਤਨ ਕਰਨ ਹਿਤ ਵੱਖ-ਵੱਖ ਕੀਰਤਨ ਚੌਕੀਆਂ ਵਿਕਸਤ ਹੋਈਆਂ ਹਨ। ਜਿਵੇਂ 'ਆਸਾ ਦੀ ਵਾਰ ਦੀ ਕੀਰਤਨ ਚੌਕੀ' 22 , 'ਸੋਦਰੁ ਦੀ ਕੀਰਤਨ ਚੌਕੀ' 23 ਬਸੰਤ ਦੀ ਕੀਰਤਨ ਚੌਕੀ, 'ਅਨੰਦ ਕਾਰਜ ਦੀ ਕੀਰਤਨ ਚੌਕੀ' 24 , 'ਅਕਾਲ ਚਲਾਣੇ ਦੀ ਕੀਰਤਨ ਚੌਕੀ' 25 ਆਦਿ।

ਸਿੱਖ ਧਰਮ ਦੀ ਉਤਪਤੀ ਅਤੇ ਵਿਕਾਸ ਦੇ ਨਾਲ-ਨਾਲ ਹੀ ਗੁਰਮਤਿ ਸੰਗੀਤ ਦਾ ਵਿਕਾਸ ਹੋਇਆ। ਪ੍ਰਥਮ ਗੁਰੂ ਨਾਨਕ ਦੇਵ ਜੀ ਦੇ ਸੰਗੀ 'ਰਬਾਬੀ ਕੀਰਤਨੀਏ' 26 ਭਾਈ ਮਰਦਾਨਾ ਜੀ ਤੋਂ ਲੈ ਕੇ ਅਨੇਕ ਰਾਗੀ ਰਬਾਬੀ ਕੀਰਤਨੀਏ ਨਿਰੰਤਰ ਇਸ ਪਰੰਪਰਾ ਦੇ ਵਿਕਾਸ ਵਿਚ ਯੋਗਦਾਨ ਪਾਉਂਦੇ ਆ ਰਹੇ ਹਨ। ਗੁਰਮਤਿ ਸੰਗੀਤ ਦੇ ਸ਼ਬਦ 'ਕੀਰਤਨਕਾਰ' 27 ਲਈ ਕੀਰਤਨੀਏ ਨੂੰ ਬਾਣੀ ਵਿਚ ਹਉਮੈ, ਲਾਲਚ, ਸੁਆਰਥ ਤੋਂ ਨਿਰਲੇਪ ਹੋ ਕੇ ਸ਼ਰਧਾ, ਸਮਰਪਣ ਅਤੇ ਸਹਿਜ ਨਾਲ ਕੀਰਤਨ ਕਰਨ ਦਾ ਉਪਦੇਸ਼ ਹੈ।

ਸ਼ਬਦ ਕੀਰਤਨ ਪਰੰਪਰਾ ਵਿਚ ਗੁਰੂ ਕਾਲ ਤੋਂ ਵੱਖ-ਵੱਖ ਤੰਤੀ ਸਾਜ਼ਾਂ ਤੇ ਤਾਲ ਸਾਜ਼ਾਂ ਦਾ ਪ੍ਰਯੋਗ ਕੀਤਾ ਜਾਂਦਾ ਰਿਹਾ ਹੈ। ਵਰਤਮਾਨ ਸਮੇਂ 'ਹਾਰਮੋਨੀਅਮ' 28 'ਤਬਲੇ' 29  ਦੀ ਜਿਆਦਾ ਵਰਤੋਂ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਗੁਰਮਤਿ ਸੰਗੀਤ ਦੇ ਮੌਲਿਕ ਸੰਗੀਤ 'ਸਾਜ਼ਾਂ' 30 (ਸਾਜ਼) ਨੂੰ ਪੁਨਰ ਸੁਰਜੀਤ ਵੀ ਕੀਤਾ ਜਾ ਰਿਹਾ ਹੈ।

         ਹੁਣ ਗੁਰਮਤਿ ਸੰਗੀਤ ਨੂੰ ਸੰਗੀਤ ਦੇ ਇਕ ਸੁਤੰਤਰ ਤੇ ਮੌਲਿਕ ਵਿਸ਼ੇ ਵਜੋਂ ਅਕਾਦਮਿਕ ਮਾਨਤਾ ਪ੍ਰਾਪਤ ਹੋ ਚੁੱਕੀ ਹੈ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਅਧਿਆਪਨ ਦੇ ਨਾਲ-ਨਾਲ ਇਸ ਵਿਸ਼ੇ ਵਿਚ ਪੀ-ਐਚ.ਡੀ. ਪੱਧਰ 'ਤੇ ਖੋਜ ਵੀ ਹੋ ਰਹੀ ਹੈ। ਗੁਰਮਤਿ ਸੰਗੀਤ ਸਬੰਧੀ ਅਨੇਕ ਆਡੀਓ, ਵੀਡੀਓ ਅਤੇ ਪੁਸਤਕ ਪ੍ਰਕਾਸ਼ਨਾਵਾਂ ਤੋਂ ਇਲਾਵਾ ਵੱਖ-ਵੱਖ ਵੈਬਸਾਈਟਸ ਦੁਆਰਾ ਇਹ ਵਿਸ਼ਾ ਵਿਸ਼ਵ ਵਿਆਪੀ ਸਮਰਥਾ ਰਖਦਾ ਹੋਇਆ ਇਕ ਸੁਤੰਤਰ ਤੇ ਮੌਲਿਕ ਸੰਗੀਤ ਪਰੰਪਰਾ ਵਜੋਂ ਵਰਤਮਾਨ ਸਮੇਂ ਗੁਰਮਤਿ ਸੰਗੀਤ ਇਕ ਪਛਾਣਯੋਗ ਸਥਾਨ ਗ੍ਰਹਿਣ ਕਰ ਰਿਹਾ ਹੈ। ਇਸ ਵਿਸ਼ੇ ਵਿਚ ਆਨ ਲਾਈਨ ਟੀਚਿੰਗ ਦੇ ਆਰੰਭ ਹੋਣ ਨਾਲ ਗੁਰਮਤਿ ਸੰਗੀਤ ਦੇ ਨਵੇਂ ਯੁੱਗ ਦਾ ਆਗਾਜ਼ ਹੋਇਆ ਹੈ।

 
     
ਤਕਨੀਕੀ ਸ਼ਬਦ
     
 
1. ਗੁਰਮਤਿ ਸੰਗੀਤ : ਸਿੱਖ ਗੁਰੂ ਸਾਹਿਬਾਨ ਦੁਆਰਾ ਮਰਿਆਦਤ ਸ਼ਬਦ ਕੀਰਤਨ ਪਰੰਪਰਾ ਜੋ ਗੁਰੂ ਗ੍ਰੰਥ ਸਾਹਿਬ ਦੇ ਸੰਗੀਤ ਸਿਧਾਂਤ ਦੀ ਅਨੁਸਾਰੀ ਹੈ।
2. ਸੰਗੀਤ : : 1. ਸੁਰ ਲੈਅ ਵਿੱਚ ਸੁਹਜਮਈ ਗਾਇਨ ਵਾਦਨ
2. ਭਾਰਤੀ ਪਰੰਪਰਾ ਵਿੱਚ ਗਾਇਨ, ਵਾਦਨ ਤੇ ਨ੍ਰਿਤ ਦੇ ਸਮੂਹ ਨੂੰ ਸੰਗੀਤ ਵਜੋਂ ਪ੍ਰਵਾਨਿਆ ਜਾਂਦਾ ਹੈ
3. ਸ਼ਬਦ ਕੀਰਤਨ : ਸਿੱਖ ਧਰਮ ਵਿੱਚ ਮਰਿਆਦਾ ਅਨੁਸਾਰ ਬਾਣੀ ਦੀਆਂ ਸ਼ਬਦ ਰਚਨਾਵਾਂ ਦਾ ਰਾਗਾਂ ਵਿੱਚ ਗਾਇਨ।
4. ਰਾਗ : ਸੁਰਾਂ ਦੇ ਵਰਣਾਂ ਨਾਲ ਸੁਸੱਜਿਤ ਜਨਚਿਤ ਰੰਜਕ ਧੁਨੀ
5. ਅੰਕ : ਸ਼ਬਦ ਕੀਰਤਨ ਰਚਨਾਵਾਂ ਵਿੱਚ ਪਦਿਆਂ ਦੀ ਗਿਣਤੀ ਦਾ ਸੂਚਕ ਜਿਵੇਂ 1, 2, 3 ਆਦਿ
6. ਰਹਾਉ : ਗੁਰੂ ਗ੍ਰੰਥ ਸਾਹਿਬ ਦੀਆਂ ਸ਼ਬਦ ਰਚਨਾਵਾਂ ਵਿੱਚ ਕੇਂਦਰੀ ਭਾਵ ਪ੍ਰਗਟਾਉਣ ਵਾਲੀਆਂ ਤੁਕਾਂ (ਬੰਦ) ਜੋ ਗਾਇਨ ਵਿੱਚ ਸਥਾਈ ਦਾ ਸੂਚਕ ਹੈ।
7. ਘਰੁ : ਗੁਰੂ ਗ੍ਰੰਥ ਸਾਹਿਬ ਵਿੱਚ ਸਿਰਲੇਖ ਰੂਪ ਵਿੱਚ ਦਰਜ ਇੱਕ ਸੰਕੇਤ ਜਿਨਾਂ ਦਾ ਅੰਕਣ 1 ਤੋਂ 17 ਗਿਣਤੀ ਰੂਪ ਵਿੱਚ ਕੀਤਾ ਗਿਆ ਹੈ।
8. ਜਤਿ : ਜੋੜੀ ਵਾਦਨ ਦੀ ਇੱਕ ਕਿਰਿਆ, ਜਿਸ ਵਿੱਚ ਸੱਜੇ ਹੱਥ ਰਾਹੀਂ ਖੁਲੇ ਬੋਲ ਅਤੇ ਖੱਬੇ ਹੱਥ ਨਾਲ ਬੰਦ ਬੋਲ ਵਜਾਏ ਜਾਂਦੇ ਹਨ।
9. ਧੁਨੀ : ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਵਾਰਾਂ ਦੀਆਂ ਧੁਨੀਆਂ।
10. ਸੁਧੰਗ : ਗੁਰੂ ਗ੍ਰੰਥ ਸਾਹਿਬ ਵਿੱਚ ਸ਼ੁੱਧ ਅੰਗ ਦੇ ਆਸਾਵਾਰੀ ਰਾਗ ਦਾ ਸੂਚਕ
11. ਗੁਰਬਾਣੀ : ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ਼ਬਦ ਰਚਨਾਵਾਂ
12. ਸ਼ਾਸਤਰੀ ਸੰਗੀਤ : ਸ਼ਾਸਤਰਾਂ ਉੱਤੇ ਅਧਾਰਿਤ ਸੰਗੀਤ।
13. ਸਥਾਈ : ਸੰਗੀਤ ਰਚਨਾ ਦਾ ਆਰੰਭਕ/ਪਹਿਲਾ ਭਾਗ
14. ਸ਼ਾਨ : ਗੁਰਮਤਿ ਸੰਗੀਤ ਦੀ ਕੀਰਤਨ ਚਉਕੀ ਦਾ ਪ੍ਰਥਮ ਸੰਗੀਤਕ ਚਰਨ
15. ਤੰਤੀ ਸਾਜ਼ : ਗੁਰਮਤਿ ਸੰਗੀਤ ਪਰੰਪਰਾ ਵਿੱਚ ਪ੍ਰਚੱਲਿਤ ਤਾਰ ਤੋਂ ਸੁਰ ਉਤਪੰਨ ਕਰਨ ਵਾਲੇ ਸਾਜ਼ਾਂ ਦਾ ਇੱਕ ਵਰਗ
16. ਤਾਲ ਸਾਜ਼ : ਲੈਅ ਅਤੇ ਤਾਲ ਦੇਣ ਲਈ ਪ੍ਰਯੋਗ ਹੋਣ ਵਾਲਾ ਸਾਜ਼
17. ਮੰਗਲਾਚਰਣ : ਗੁਰਮਤਿ ਸੰਗੀਤ ਦੀ ਕੀਰਤਨ ਚਉਕੀ ਪਰੰਪਰਾ ਦਾ ਦੂਜਾ ਚਰਣ, ਜਿਸ ਵਿੱਚ ਵਿਲੰਬਿਤ ਲੈਅ ਅਧੀਨ ਗਾਇਨ ਕੀਤਾ ਜਾਂਦਾ ਹੈ।
18. ਸ਼ਬਦ ਰੀਤ : ਇੱਕ ਨਿਵੇਕਲੀ ਅਤੇ ਪ੍ਰਚੱਲਤ ਪਰੰਪਰਾਗਤ ਸ਼ਬਦ ਕੀਰਤਨ ਰਚਨਾ।
19. ਵਾਰ : ਲੋਕ ਬਾਣੀ ਰੂਪ ਜੋ ਮੂਲ ਤੌਰ ਉਤੇ ਪਉੜੀ ਛੰਦ ਵਿੱਚ ਰਚੀ ਹੁੰਦੀ ਹੈ।
20. ਪਉੜੀ : ਲੋਕ ਅੰਗ ਦਾ ਇੱਕ ਕਾਵਿ ਰੂਪ
21. ੪ਬਦ ਕੀਰਤਨ ਚਉਕੀ : ਸਿੱਖ ਧਰਮ ਵਿੱਚ ੪ਬਦ ਕੀਰਤਨ ਦੀ ਇੱਕ ਸੰਪੂਰਨ ਪ੍ਰਸਤੁਤੀ।
22. ਆਸਾ ਦੀ ਵਾਰ ਦੀ ਕੀਰਤਨ ਚਉਕੀ : ਸਵੇਰ ਸਮੇਂ ਗਾਇਨ ਕੀਤੀ ਜਾਣ ਵਾਲੀ ਆਸਾ ਦੀ ਵਾਰ ਦੀ ਸੰਪੂਰਨ ਪ੍ਰਸਤੁਤੀ
23. ਸੋਦਰੁ ਦੀ ਚਉਕੀ : ਗੁਰਮਤਿ ਸੰਗੀਤ ਅਧੀਨ ਸੰਧਿਆ ਸਮੇਂ ਦੀ ਨਿਸ਼ਚਿਤ ਕੀਰਤਨ ਚਉਕੀ, ਜਿਸ ਦੇ ਅੰਤ ਵਿੱਚ ਸੋਦਰੁ ਬਾਣੀ ਦਾ ਗਾਇਨ ਕੀਤਾ ਜਾਂਦਾ ਹੈ।
24. ਅਨੰਦ ਕਾਰਜ ਦੀ ਚਉਕੀ : ਸਿੱਖ ਧਰਮ ਵਿੱਚ ਵਿਆਹ ਦੀ ਰਸਮ ਸਮੇਂ ਗਾਇਨ ਕੀਤੀ ਜਾਣ ਵਾਲੀ ਪਰੰਪਰਾਗਤ ਸ਼ਬਦ ਕੀਰਤਨ ਚਉਕੀ।
25. ਅਕਾਲ ਚਲਾਣੇ ਦੀ ਕੀਰਤਨ ਚਉਕੀ : ਸਿੱਖ ਧਰਮ ਵਿੱਚ ਅਕਾਲ ਚਲਾਣੇ ਦੀ ਵਿਸ਼ੇਸ਼ ਸ਼ਬਦ ਕੀਰਤਨ ਪ੍ਰਸਤੁਤੀ।
26. ਰਬਾਬੀ ਕੀਰਤਨੀਏ : ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਦੇ ਸੰਗੀ ਸੰਗੀਤਕਾਰ ਭਾਈ ਮਰਦਾਨਾ ਦੇ ਵੰ੪ਜ ਕੀਰਤਨਕਾਰ।
27. ਕੀਰਤਨਕਾਰ : ਕੀਰਤਨ ਕਰਨ ਵਾਲਾ।
28. ਹਰਮੋਨੀਅਮ : ਸਮਵਿਭਾਜਿਤ ਸੁਰ ਸਪਤਕ ਉੱਤੇ ਆਧਾਰਤ ਇੱਕ ਸੁਸ਼ਿਰ ਸਾਜ਼।
29. ਤਬਲਾ : ਅਵਨੱਧ ਸ਼ੈਣੀ ਦਾ ਇਕ ਤਾਲ ਸਾਜ਼।
30. ਸਾਜ਼ : ਸੰਗੀਤ ਉਤਪੰਨ ਕਰਨ ਵਾਲਾ ਯੰਤ੍ਰ।
 
     
ਪ੍ਰਸ਼ਨ
     
 

1. ਗੁਰਮਤਿ ਸੰਗੀਤ ਦਾ ਆਰੰਭ ਕਿਸ ਤੋਂ ਹੁੰਦਾ ਹੈ ।
      1. ਗੁਰੂ ਅਮਰਦਾਸ ਜ      2. ਗੁਰੂ ਨਾਨਕ ਦੇਵ ਜੀ
      3. ਗੁਰੂ ਰਾਮਦਾਸ ਜੀ       4. ਗੁਰੂ ਅਰਜਨ ਦੇਵ ਜੀ

2. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਮੁੱਖ ਰਾਗਾਂ ਦੀ ਗਿਣਤੀ ਕਿੰਨੀ ਹੈ ।
      1. 19       2. 62
      3. 31       4. 22

3. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਰਾਗ ਪ੍ਰਕਾਰਾਂ ਦੀ ਗਿਣਤੀ ਕਿੰਨੀ ਹੈ ।
      1. 62       2. 10
      3. 31       4. 22

4. ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਰਹਾਉ ਕਿਸ ਦਾ ਸੰਕੇਤ ਹੈ ।
      1. ਸੰਚਾਰੀ       2. ਆਭੋਗ
      3. ਅੰਤਰਾ       4. ਸਥਾਈ

5. ਇਹਨਾਂ ਵਿਚੋਂ ਕਿਸ ਦਾ ਪ੍ਰਯੋਗ ਗੁਰਮਤਿ ਸੰਗੀਤ ਵਿਚ ਹੁੰਦਾ ਹੈ ।
      1. ਲੋਕ ਗੀਤ       2. ਸ਼ਬਦ ਕੀਰਤਨ       3. ਗ਼ਜ਼ਲ       4. ਭਜਨ

6. ਗੁਰਮਤਿ ਸੰਗੀਤ ਵਿਚ ਕੀਰਤਨ ਚਉਕੀ ਪ੍ਰਸਤੁਤੀ ਦੇ ਕਿੰਨੇ ਚਰਣ ਹਨ ।
      1. 10       2. 4 ਜਜਜ 5       4. 2

7. ਗੁਰਮਤਿ ਸੰਗੀਤ ਵਿਚ ਕੀਰਤਨ ਚੌਕੀ ਪ੍ਰਸਤੁਤੀ ਦਾ ਚੌਥਾ ਚਰਣ ਕਿਹੜਾ ਹੈ ।
      1. ਸ਼ਾਨ       2. ਮੰਗਲਾਚਰਨ       3. ਪਉੜੀ       4. ਸ਼ਬਦ ਗਾਇਨ

8. ਭਾਈ ਮਰਦਾਨਾ ਅਖਵਾਉਂਦਾ ਹੈ।
      1. ਸੇਨੀਆ ਕੀਰਤਨੀਏ       2. ਰਬਾਬੀ ਕੀਰਤਨਕਾਰ       3. ਕੀਰਤਨਕਾਰ       4. ਉਸਤਾਦ ਕੀਰਤਨਕਾਰ

9. ਆਧੁਨਿਕ ਸਮੇਂ ਵਿਚ ਤੰਤੀ ਸਾਜ਼ਾਂ ਨੂੰ ਕਿਸ ਸਾਜ਼ ਨੇ ਢਾਹ ਲਗਾਈ ਹੈ ।
      1. ਜਲਤਰੰਗ       2. ਹਾਰਮੋਨੀਅਮ       3. ਬੰਸਰੀ       4. ਪਖਾਵਜ

10. ਜਤਿ ਤੋਂ ਕੀ ਭਾਵ ਹੈ ।
      1. ਸਿਤਾਰ ਵਾਦਨ       2. ਹਸਤ ਵਿਧੀ       3. ਗਾਇਨ       4. ਜੋੜੀ ਵਾਦਨ ਦੀ ਇਕ ਕ੍ਰਿਆ

 
     
   
     
   
     
ਸੰਦਰਭ ਗ੍ਰੰਥ ਸੂਚੀ
     
  1. ਸਿੱਖ ਰਹਿਤ ਮਰਿਆਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ

2. ਗੁਰਮਤਿ ਸੰਗੀਤ ਤਕਨੀਕੀ ਸ਼ਬਦਾਵਲੀ, ਗੁਰਨਾਮ ਸਿੰਘ (ਡਾ.) ਮੁੱਖ ਸੰਪਾ.,ਪੰਜਾਬੀ ਯੂਨੀਵਰਸਿਟੀ ਪਟਿਆਲਾ, 2012.

3. ਗੁਰਮਤਿ ਸੰਗੀਤ ਪਰਬੰਧ ਤੇ ਪਾਸਾਰ, ਗੁਰਨਾਮ ਸਿੰਘ (ਡਾ.), ਪੰਜਾਬੀ ਯੂਨੀਵਰਸਿਟੀ, ਪਟਿਆਲਾ, 2000.


 
Home | Feedback | Contact Us