Home | Feedback | Contact Us | Sign Out
 
Introduction of Sikhism >> ਸ੍ਰੀ ਗੁਰੂ ਗ੍ਰੰਥ ਸਾਹਿਬ : ਸੰਕਲਨ ਤੇ ਸੰਪਾਦਨ
ਵਿਸ਼ਾ ਵਿਸ਼ੇਸ਼ਗ :   ਡਾ. ਅੰਮ੍ਰਿਤਪਾਲ ਕੌਰ
ਪ੍ਰੋਫੈਸਰ
ਪੰਜਾਬੀ ਸਾਹਿਤ ਅਧਿਐਨ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ
   
 

         ਸ੍ਰੀ ਗੁਰੂ ਗ੍ਰੰਥ ਸਾਹਿਬ ਸੰਪਾਦਿਤ ਗ੍ਰੰਥ ਹੈ ਭਾਵ ਇਹ ਕਿ ਇਸ ਵਿਚ ਇਕ ਤੋਂ ਵਧੇਰੇ ਬਾਣੀਕਾਰਾਂ ਦੀ ਰਚਨਾ ਸ਼ਾਮਿਲ ਹੈ। ਸਿੱਖ ਧਰਮ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਤੋਂ ਪਹਿਲਾਂ ਸਤਿਗੁਰਾਂ ਦੀ ਬਾਣੀ ਨੂੰ ਇਕੱਤਰ ਕਰਕੇ ਸੰਨ 1604 ਈਸਵੀ ਵਿਚ ਆਪਣੀ ਰਚਨਾ ਅਤੇ ਭਗਤਾਂ ਦੀ ਬਾਣੀ ਨੂੰ ਸ਼ਾਮਿਲ ਕਰਦਿਆਂ ਇਸ ਦਾ ਸੰਪਾਦਨ ਕੀਤਾ। ਇਤਿਹਾਸਕ ਸ੍ਰੋਤ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦੇ ਹਵਾਲਿਆਂ ਤੋਂ ਪਤਾ ਲਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਕੋਈ ਖਾਲੀ ਪੰਨਿਆਂ ਦਾ ਵਿਸ਼ਾਲ ਸੰਗ੍ਰਹਿ ਨਹੀਂ ਸੀ ਜਿਸ ਵਿਚ ਸਮੇਂ-ਸਮੇਂ ਬਾਣੀ ਦਰਜ ਹੁੰਦੀ ਗਈ ਬਲਕਿ ਗੁਰੂ ਸਾਹਿਬਾਨ ਅਤੇ ਗੁਰੂ ਘਰ ਨਾਲ ਜੁੜੇ ਵਿਅਕਤੀਆਂ ਵਲੋਂ ਬਾਣੀ ਦਾ ਇਕੱਤਰੀਕਰਨ, ਵਿਅਕਤੀਗਤ ਅਤੇ ਸਾਂਝੇ ਯਤਨਾਂ ਵਜੋਂ ਹੋਂਦ ਵਿਚ ਆਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਕਲਨ ਅਤੇ ਸੰਪਾਦਨਾ ਦੇ ਕਾਰਜ ਨੂੰ ਤਿੰਨ ਪੱਧਰਾਂ ਤੋਂ ਵੇਖਿਆ ਜਾ ਸਕਦਾ ਹੈ। ਪਹਿਲਾ ਪੱਧਰ ਪਰੰਪਰਾ ਅਨੁਸਾਰ ਬਾਣੀ ਦੀ ਸੰਭਾਲ ਅਤੇ ਲੋੜ ਨਾਲ ਸੰਬੰਧਤ ਹੈ ਦੂਸਰਾ ਬਾਣੀ ਦੇ ਪ੍ਰਮਾਣਿਕ ਸਰੂਪ ਅਤੇ ਚੋਣ ਨਾਲ ਸੰਬੰਧਤ ਹੈ ਅਤੇ ਤੀਸਰਾ ਪੱਧਰ ਉਹਨਾਂ ਜੁਗਤਾਂ ਨਾਲ ਸੰਬੰਧਤ ਹੈ ਜਿਸਨੇ ਮਿਹਨਤ ਨਾਲ ਸੰਭਾਲੀ ਹੋਈ ਬਾਣੀ ਨੂੰ ਸ਼ੁਧ ਬਾਣੀ ਦੇ ਰੂਪ ਵਿਚ ਹਮੇਸ਼ਾ ਸੁਰੱਖਿਅਤ ਰੱਖਣਾ ਹੈ।

         ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦਾ ਸੰਕਲਨ ਕੋਈ ਸਾਧਾਰਣ ਕੰਮ ਨਹੀਂ ਸੀ ਬਲਕਿ ਇਹ ਇਕ ਵਿਸ਼ੇਸ਼ ਵਿਚਾਰਧਾਰਾ ਦਾ ਵਾਹਕ ਸੀ ਜੋ ਬਾਣੀ ਦੀ ਚੋਣ ਦਾ ਆਧਾਰ ਬਣਿਆ ਜਿਸ ਦਾ ਆਰੰਭ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੀ ਹੋ ਜਾਂਦਾ ਹੈ ਜਿਨ੍ਹਾਂ ਨੇ ਆਦਰਸ਼ ਮਨੁੱਖੀ ਸਮਾਜ ਦੀ ਸੰਕਲਪਨਾ ਹਿੱਤ ਇਲਾਹੀ ਬਾਣੀ ਦਾ ਗਾਇਨ ਕੀਤਾ। ਗੁਰੂ ਨਾਨਕ ਸਾਹਿਬ ਨੇ ਆਪਣੇ ਸਾਥੀ ਭਾਈ ਮਰਦਾਨੇ ਦੀ ਰਬਾਬ ਅਤੇ ਸੰਗੀਤ ਨਾਲ ਇਲਾਹੀ ਬਾਣੀ ਉਚਾਰੀ ਅਤੇ ਗਾਈ। ਇਸ ਮੁਲਕ ਦੀ ਹਰ ਦਿਸ਼ਾ ਵਿਚ ਪੈਦਲ ਜਾ ਕੇ ਦੁੱਖ ਅਤੇ ਅਸ਼ਾਂਤੀ ਵਿਚ ਤਪਦੇ ਲੋਕਾਂ ਦੇ ਜੀਵਨ ਵਿਚ ਖੇੜਾ ਲਿਆਉਣ ਦਾ ਯਤਨ ਕੀਤਾ ਇਹ ਆਰੰਭ ਸੀ ਬਾਣੀ ਦੀ ਹੋਂਦ ਦਾ, ਜਦੋਂ ਜ਼ਿੰਦਗੀ ਜਿਉਣ ਲਈ ਨਿਤਾਪ੍ਰਤਿ ਜੀਵਨ ਲਈ ਮਰਿਆਦਾ, ਚਿੰਤਨ ਅਤੇ ਫਲਸਫੇ ਦੁਆਰਾ ਸਰੀਰਕ, ਆਤਮਿਕ, ਸਮਾਜਿਕ ਅਤੇ ਧਾਰਮਿਕ ਸੇਧ ਗੁਰੂ ਸਾਹਿਬ ਨੇ ਲੋਕਾਂ ਦੀ ਭਾਸ਼ਾ ਵਿਚ ਦਿਤੀ ਜਿਸ ਨੂੰ ਅਗਲੇ ਗੁਰੂ ਸਾਹਿਬਾਨ ਨੇ 'ਨਾਨਕ' ਦੇ ਨਾਮ ਥੱਲੇ ਅਪਣਾਇਆ, ਦ੍ਰਿੜਾਇਆ ਅਤੇ ਅਗੇ ਤੋਰਿਆ। ਇਸ ਦੇ ਲਿਖਤ ਸਰੂਪ ਨੂੰ ਭਾਈ ਗੁਰਦਾਸ ਜੋ ਕਿ ਤੀਸਰੇ ਗੁਰੂ ਅਮਰਦਾਸ ਸਾਹਿਬ ਦੇ ਸਮੇਂ ਤੋਂ ਗੁਰੂ ਹਜ਼ੂਰੀ ਵਿਚ ਸਨ, ਨੇ ਮੁਕੰਮਲ ਕੀਤਾ ਅਤੇ ਸ੍ਰੀ ਗੁਰੂ ਅਰਜਨ ਦੇਵ ਦੁਆਰਾ ਸੰਪਾਦਨਾ ਦੇ ਰੂਪ ਵਿਚ ਪ੍ਰਤੱਖ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 36 ਬਾਣੀਕਾਰਾਂ ਦੀ ਬਾਣੀ ਦਰਜ ਹੈ ਜਿਸ ਵਿਚ 6 ਗੁਰੂ ਸਾਹਿਬਾਨ, 15 ਭਗਤ, 11 ਭੱਟ ਅਤੇ 4 ਗੁਰਸਿੱਖ ਹਨ। ਸਧਾਰਣ ਰੂਪ ਵਿਚ ਇਸ ਗ੍ਰੰਥ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ। ਪਹਿਲੇ ਭਾਗ ਵਿਚ ਪੰਨਾ 1 ਤੋਂ 13 ਤਕ ਨਿਤਨੇਮ ਦੀਆਂ ਬਾਣੀਆਂ ਦਰਜ ਹਨ ਜਿਨ੍ਹਾਂ ਵਿਚ ਜਪੁ, ਸੋਦਰੁ, ਰਹਿਰਾਸ ਅਤੇ ਸੋਹਿਲਾ ਨਾਮ ਦੀਆਂ ਬਾਣੀਆਂ ਹਨ ਜਿਨ੍ਹਾਂ ਨੂੰ ਸਿੱਖ ਮਰਿਆਦਾ ਅਨੁਸਾਰ ਵੱਖੋ-ਵੱਖਰੇ ਸਮੇਂ ਪੜ੍ਹਨ ਦਾ ਨੇਮ ਦਿੱਤਾ ਗਿਆ ਹੈ ਜਿਵੇਂ ਜਪੁ ਜੀ ਸਾਹਿਬ ਅੰਮ੍ਰਿਤ ਵੇਲੇ, ਰਹਿਰਾਸ ਸਾਹਿਬ ਸੰਧਿਆ ਸਮੇਂ ਅਤੇ ਕੀਰਤਨ ਸੋਹਿਲਾ ਰਾਤ ਸੌਣ ਸਮੇਂ ਪੜ੍ਹਨਾ ਚਾਹੀਦਾ ਹੈ।

         ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਡੇਰਾ ਭਾਗ ਜੋ ਪੰਨਾ 14 ਤੋਂ 1352 ਤਕ ਹੈ ਰਾਗਬੱਧ ਸੰਕਲਨ ਅਧੀਨ ਹੈ ਜਿਸਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ 30 ਰਾਗਾਂ ਵਿਚ ਵੰਡਿਆ ਹੈ। ਬਾਅਦ ਵਿਚ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੌਵੇਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਜੈਜਾਵੰਤੀ ਰਾਗ ਵਿਚ ਦਰਜ ਕਰਕੇ ਰਾਗਾਂ ਦੀ ਕੁਲ ਗਿਣਤੀ 31 ਕਰ ਦਿਤੀ। ਅਖੀਰਲਾ ਭਾਗ ਰਾਗ ਮੁਕਤ ਬਾਣੀ ਦਾ ਹੈ ਇਹ ਪੰਨਾ 1352 ਤੋਂ 1430 ਤਕ ਦਰਜ ਹੈ ਇਸ ਭਾਗ ਵਿਚ ਸਹਸਕ੍ਰਿਤੀ, ਗਾਥਾ, ਫੁਨਹੇ, ਸਲੋਕ ਸ਼ੇਖ਼ ਫ਼ਰੀਦ ਅਤੇ ਕਬੀਰ, ਸਵਯੇ, ਸਲੋਕ, ਵਾਰਾਂ ਤੇ ਵਧੀਕ, ਚਉਬੋਲੇ, ਸਲੋਕ ਮਹਲਾ ਨੌਵਾਂ, ਮੁੰਦਾਵਣੀ ਅਤੇ ਅਖੀਰ ਵਿਚ ਰਾਗਮਾਲਾ ਬਾਣੀ ਦਿਤੀ ਗਈਆਂ ਹੈ।''

         ਬਾਣੀ ਦੇ ਸੰਕਲਨ ਵਿਚ ਬਾਣੀ ਦੀ ਛੋਟੀ ਤੋਂ ਛੋਟੀ ਇਕਾਈ ਸ਼ਬਦ ਨੂੰ ਵੇਖੀਏ ਤਾਂ ਸ਼ਬਦ ਬਾਣੀ ਦੇ ਸਿਰਲੇਖ ਦਾ ਆਰੰਭ ਮੂਲ ਮੰਤ੍ਰ ਦੇ ਰੂਪ ਵਿਚ ਹੁੰਦਾ ਹੈ ਜਿਸਦੇ ਭਿੰਨ-ਭਿੰਨ ਰੂਪ ਹਨ। ਜਿਵੇਂ ਜਾਂ ਸਤਿਗੁਰੂ ਪ੍ਰਸਾਦੁ ਜਾਂ ਸਤਿਨਾਮ ਗੁਰ ਪ੍ਰਸਾਦਿ ਜਾਂ ਸਤਿਨਾਮ ਕਰਤਾ ਪੁਰਖੁ ਗੁਰਪ੍ਰਸਾਦਿ ਜਾਂ ਪੂਰਾ ਮੂਲ ਮੰਤ੍ਰ ਹੈ। ਉਸ ਤੋਂ ਬਾਅਦ ਰਾਗ ਦਾ ਅੰਕਣ ਹੈ ਜਿਸ ਵਿਚ 31 ਮੁਖ ਰਾਗ ਅਤੇ 31 ਰਾਗ ਪ੍ਰਕਾਰ ਹਨ। ਰਾਗ ਵਿਸ਼ੇਸ਼ ਵਿਚ ਬਾਣੀ ਅੰਕਿਤ ਕਰਨ ਸਮੇਂ ਪਹਿਲ ਗੁਰੂ ਸਾਹਿਬਾਨ ਨੂੰ ਦਿਤੀ ਗਈ ਹੈ ਜਿਸ ਨੂੰ 'ਮਹਲਾ' ਕ੍ਰਮ ਵਿਚ ਦਰਜ ਕੀਤਾ ਗਿਆ ਹੈ। ਉਦਾਹਰਣ ਵਜੋਂ ਮਹਲਾ 1 ਗੁਰੂ ਨਾਨਕ ਦੇਵ ਜੀ, ਮਹਲਾ 2 ਗੁਰੂ ਅੰਗਦ ਦੇਵ ਜੀ ਜਾਂ ਮਹਲਾ 9 ਗੁਰੂ ਤੇਗ ਬਹਾਦਰ ਜੀ ਵਲ ਸੰਕੇਤ ਕਰਦਾ ਹੈ। ਗੁਰੂ ਸਾਹਿਬਾਨ ਦੀ ਬਾਣੀ ਵਿਸ਼ੇਸ਼ /ਸੰਬੰਧਤ ਰਾਗ ਵਿਚ ਖਤਮ ਹੋਣ ਤੋਂ ਬਾਅਦ ਭਗਤਾਂ ਦੀ ਬਾਣੀ ਉਹਨਾਂ ਦੇ ਨਾਮ ਸਹਿਤ ਸਿਰਲੇਖ ਰੂਪ ਵਿਚ ਦਰਜ ਹੈ ਉਦਾਹਰਣ ਵਜੋਂ ''ਬਾਣੀ ਭਗਤ ਕਬੀਰ ਜੀ'' ਆਦਿ। ਇਸ ਤੋਂ ਅਗੇ ਕ੍ਰਮਵਾਰ ਕਾਵਿ-ਰੂਪ ਜਾਂ ਗਾਇਨ ਰੂਪ ਦਰਜ ਹਨ। ਕਾਵਿ-ਰੂਪਾਂ ਦੇ ਅੰਤਰਗਤ ਪਦੇ, ਦੁਪਦੇ, ਤਿਪਦੇ, ਚਉਪਦੇ ਪੰਜਪਦੇ ਆਦਿ ਆਉਂਦੇ ਹਨ। ਪਦਿਆਂ ਤੋਂ ਬਾਅਦ ਅਸਟਪਦੀਆਂ ਹਨ। ਫੇਰ ਲੰਮੇਰੀਆਂ ਰਚਨਾਵਾਂ ਜਾਂ ਵਾਰਾਂ ਨੂੰ ਕ੍ਰਮਵਾਰ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੰਬੰਧਤ ਬਾਣੀ ਰਚਨਾਵਾਂ ਵਿਚ ਸਲੋਕ ਅਤੇ ਪਉੜੀਆਂ ਕਾਵਿ ਰੂਪਾਂ ਨੂੰ ਵੀ ਲਿਆ ਗਿਆ ਹੈ।ਕਾਵਿ-ਰੂਪਾਂ ਨੂੰ ਦਰਜ ਕਰਨ ਸਮੇਂ ਵੀ ਗੁਰੂ ਸਾਹਿਬਾਨ ਅਤੇ ਭਗਤਾਂ ਦੇ ਕ੍ਰਮ ਨੂੰ ਧਿਆਨ ਵਿਚ ਰੱਖਿਆ ਗਿਆ ਹੈ। ਪਦ ਦੇ ਕਾਵਿ-ਰੂਪ ਨੂੰ ਅੰਕਾਂ ਨਾਲ ਅੰਕਿਤ ਕੀਤਾ ਗਿਆ ਹੈ। ਉਦਾਹਰਣ ਵਜੋਂ ਆਸਾ ਮਹਲਾ ਦਾ ਸ਼ਬਦ ਹੈ ''ਜਾ ਤਿਸ ਸਾਹਿਬ ਦਾ ਭਉ ਕੇਹਾ।'' ਇਸ ਅੰਕਣ ਵਿਚ ਪਹਿਲਾਂ ਸ਼ਬਦਾਂ ਦੇ ਪਦਿਆਂ ਦੀ ਗਿਣਤੀ, ਫਿਰ ਸ਼ਬਦਾਂ ਦੀ ਗਿਣਤੀ ਅਤੇ ਫਿਰ ਸੰਬੰਧਤ ਬਾਣੀਕਾਰ ਦੇ ਸ਼ਬਦ ਦੀ ਕੁਲ ਗਿਣਤੀ ਦਰਸਾਈ ਗਈ ਹੈ। ਸ਼ਬਦ ਦੇ ਅੰਤ ਵਿਚ ।। 4 ।। 7 ।। 46 ।। ਦਾ ਅੰਕਣ ਹੈ। ਪਹਿਲਾ ਅੰਕ ਉਸ ਸ਼ਬਦ ਦੇ ਪਦਿਆਂ ਦੀ ਗਿਣਤੀ ਦਸ ਰਿਹਾ ਹੈ ਕਿ ਭਾਵ 4 ਪਦੇ ਹਨ ਦੂਜਾ ਅੰਕ 7 ਹੁਣ ਤਕ ਦੇ ਸ਼ਬਦਾਂ ਦੀ ਗਿਣਤੀ ਦਸ ਰਿਹਾ ਹੈ ਅਤੇ ਤੀਸਰਾ 46 ਅੰਕ ਆਸਾ ਰਾਗ ਵਿਚ ਆਏ ਗੁਰੂ ਅਰਜਨ ਦੇਵ ਜੀ ਦੇ ਕੁਲ ਸ਼ਬਦਾਂ ਦੀ ਗਿਣਤੀ ਦਰਸਾ ਰਿਹਾ ਹੈ। ਸ਼ਬਦ ਦੇ ਪਦਿਆਂ ਵਿਚ 'ਰਹਾਉ' ਦੀ ਤੁਕ ਵੀ ਹੈ ਜਿਸ ਵਿਚ ਸ਼ਬਦ ਰਚਨਾ ਦਾ ਕੇਂਦਰੀ ਭਾਵ ਹੁੰਦਾ ਹੈ। ਸਾਹਿਤਕ ਅਤੇ ਸੰਗੀਤਕ ਦ੍ਰਿਸਟੀ ਤੋਂ ਰਹਾਉ ਦੀ ਮਹੱਤਤਾ ਵਿਸ਼ੇਸ਼ ਹੈ। ਸਾਹਿਤਕ ਦ੍ਰਿਸਟੀ ਤੋਂ 'ਰਹਾਉ' ਵਿਚ ਸੰਬੰਧਤ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ ਅਤੇ ਸੰਗੀਤਕ ਦ੍ਰਿਸਟੀ ਤੋਂ ਰਹਾਉ ਦੀ ਤੁਕ ਨੂੰ ਸਥਾਈ ਵਜੋਂ ਗਾਇਨ ਕੀਤਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਵਿਚ ਸੰਪਾਦਕੀ ਜੁਗਤਾਂ ਸੰਕੇਤਾਂ ਸਹਿਤ ਦਰਜ ਹਨ। ਜਿਵੇਂ 9 ਵਾਰਾਂ ਉਤੇ ਧੁਨਾਂ ਦੇ ਸੰਕੇਤ ਹਨ ਜਿਵੇਂ 'ਲਲਾਂ ਬਹਲੀਮਾ ਕੀ ਧੁਨਿ ਗਾਵਣੀ', 'ਪਹਰਿਆ ਕੈ ਘਰਿ ਗਾਵਣਾ' ਆਦਿ। ਜਿਥੇ ਇਹ ਬਾਣੀ ਗਾਇਨ ਦੇ ਸੰਕੇਤ ਹਨ ਉਥੇ ਪੜ੍ਹਨ ਵਿਧੀ ਸੰਬੰਧੀ ਵੀ ਸੰਕੇਤ ਪ੍ਰਾਪਤ ਹੁੰਦੇ ਹਨ ਜਿਵੇਂ ''ਏਹ ਸਲੋਕ ਆਦਿ ਅੰਤ ਪੜ੍ਹਨਾ ਆਦਿ ਇਸ ਪ੍ਰਕਾਰ 'ਘਰੁ' 'ਜਤਿ' ਆਦਿ ਦੇ ਸੰਕੇਤ ਵੀ ਜੋ ਸੰਗੀਤਕ ਦ੍ਰਿਸਟੀ ਤੋਂ ਮਹੱਤਵਪੂਰਨ ਹਨ। ਬਾਣੀ ਵਿਚ ਦਰਸਾਏ ਗਏ ਸੰਕੇਤ ਬਾਣੀ ਨੂੰ ਸਮਝਣ ਬੂਝਣ ਲਈ ਮਾਰਗ ਦਰਸਕ ਬਣਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਭ ਤੋਂ ਮਹੱਤਵਪੂਰਨ ਤੱਥ ਇਹ ਕਿ ਗੁਰੂ ਗ੍ਰੰਥ ਸਾਹਿਬ ਦਾ 'ਤਤਕਰਾ' ਹੈ ਜੋ ਕਿ ਸ਼ਪਸਟ ਰੂਪ ਵਿਚ ਦੱਸਦਾ ਹੈ ਕਿਸ ਰਾਗ ਵਿਚ ਕੋਈ ਵੀ ਬਾਣੀ ਰਚਨਾ ਕਿਸ ਗੁਰੂ ਸਾਹਿਬਾਨ ਦੀ ਹੈ ਅਤੇ ਕਿਸ ਪੰਨੇ 'ਤੇ ਹੈ। ਇਸ ਦੇ ਨਾਲ ਹੀ ਬਾਣੀਆਂ ਦੇ ਕ੍ਰਮਵਾਰ ਸਿਰਲੇਖ ਜਿਥੇ ਬਾਣੀਕਾਰ ਦੇ ਕਰਤਿਤਵ ਦਾ ਨਿਖੇੜਾ ਕਰਦੇ ਹਨ ਉਥੇ ਬਾਣੀਕਾਰਾਂ ਅਤੇ ਉਹਨਾਂ ਦੀਆਂ ਰਚਨਾਵਾਂ ਨਾਲ ਸਿਧੇ ਰੂਪ ਵਿਚ ਸਾਂਝ ਪੁਆਉਂਦੇ ਹਨ। ਇਸ ਪ੍ਰਕਾਰ ਸੰਪਾਦਨਾ ਦੀ ਦ੍ਰਿਸਟੀ ਤੋਂ ਬਾਣੀ ਦਾ ਸੰਪਾਦਨ ਸੰਪਾਦਕੀ ਸੂਝ, ਗੰਭੀਰਤਾ, ਸੰਜੀਦਗੀ ਦੀ ਅਤਿ ਉਤਮ ਮਿਸਾਲ ਹੈ।

 
     
ਪ੍ਰਸਨ
     
 

1. ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿਸ ਦੀ ਬਾਣੀ ਦਰਜ ਹੈ?
      1. ਗੁਰੂ ਸਾਹਿਬਾਨ       2. ਸੰਤ ਭਗਤ
      3. ਗੁਰੂ ਸਾਹਿਬਾਨ ਤੇ ਸੰਤ ਭਗਤਾਂ       4. ਭਗਤ

2. ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇਕੱਤਰੀਕਰਨ ਕਿਸਨੇ ਕੀਤਾ?
      1. ਗੁਰੂ ਨਾਨਕ ਦੇਵ ਜੀ       2. ਗੁਰੂ ਅਰਜਨ ਦੇਵ ਜੀ
      3. ਭਾਈ ਗੁਰਦਾਸ       4. ਸ੍ਰੀ ਗੁਰੂ ਗੋਬਿੰਦ ਸਿੰਘ ਜੀ

3. ਬਾਣੀ ਦੇ ਸੰਕਲਨ ਦਾ ਅਧਾਰ ਕੀ ਸੀ?
      1. ਲੋਕ ਵਿਸ਼ਵਾਸ਼       2. ਵਰਗ ਵੰਡ
      3. ਗੁਰੂ ਸਾਹਿਬਾਨ ਦੀ ਵਿਚਾਰਧਾਰਾ       4. ਵੱਖ-ਵੱਖ ਧਰਮ

4. ਗੁਰੂ ਨਾਨਕ ਦੇਵ ਦੁਆਰਾ ਬਾਣੀ ਦੀ ਪ੍ਰਸਤੁਤੀ ਕਿਵੇਂ ਹੋਈ?
      1. ਕਵਿਤਾ ਤੇ ਗਾਇਨ       2. ਕਵਿਤਾ ਰੂਪ
      3. ਗਾਇਨ ਰੂਪ       4. ਉਚਾਰ ਦੁਆਰਾ

5. ਗੁਰੂ ਨਾਨਕ ਦੇਵ ਜੀ ਦੇ ਸਾਥੀ ਦਾ ਕੀ ਨਾਮ ਸੀ?
      1. ਭਾਈ ਮਰਦਾਨਾ       2. ਗੁਰੂ ਅੰਗਦ
      3. ਭਾਈ ਗੁਰਦਾਸ       4. ਗੁਰੂ ਅਰਜਨ ਦੇਵ ਜੀ

6. ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਕੌਣ ਸਨ?
      1. ਗੁਰੂ ਅਰਜਨ       2. ਗੁਰੂ ਨਾਨਕ       3. ਭਾਈ ਗੁਰਦਾਸ       4. ਇਨ੍ਹਾਂ ਵਿਚੋਂ ਕੋਈ ਨਹੀਂ

7. ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕਿਸ ਨੇ ਕੀਤਾ?
      1. ਪਹਿਲੇ ਗੁਰੂ       2. ਦੂਸਰੇ ਗੁਰੂ
      3. ਪੰਜਵੇਂ ਗੁਰੂ       4. ਦਸਵੇਂ ਗੁਰੂ

8. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁਲ ਕਿੰਨੇ ਬਾਣੀਕਾਰਾਂ ਦੀ ਬਾਣੀ ਦਰਜ ਹੈ?
      1. 6       2. 12       3. 15       4. 36

9. ਬਾਣੀ ਦੇ ਉਚਾਰਨ ਹਿਤ ਕਿਹੜੇ ਸਾਜ਼ ਦਾ ਪ੍ਰਯੋਗ ਕੀਤਾ?
      1. ਰਬਾਬ       2. ਸਾਰੰਦਾ       3. ਹਰਮੋਨੀਅਮ       4. ਤਾਨਪੁਰਾ

10. ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1 ਤੋਂ 13 ਤਕ ਦੀਆਂ ਬਾਣੀਆਂ ਨੂੰ ਕਿਵੇਂ ਜਾਣਿਆ ਜਾਂਦਾ?
      1. ਨਿਤਨੇਮ ਦੀਆਂ ਬਾਣੀਆਂ       2. ਰਾਗ ਮੁਕਤ ਬਾਣੀਆਂ
      3. ਰਾਗ ਯੁਕਤ ਬਾਣੀਆਂ       4. ਇਨ੍ਹਾਂ ਵਿਚੋਂ ਕੋਈ ਨਹੀਂ

11. ਅੰਮ੍ਰਿਤ ਵੇਲੇ ਪੜ੍ਹਨ ਵਾਲੀ ਬਾਣੀ ਦਾ ਕੀ ਨਾਮ ਹੈ?
      1. ਜਪੁਜੀ ਸਾਹਿਬ       2. ਰਹਿਰਾਸ ਸਾਹਿਬ
      3. ਕੀਰਤਨ ਸੋਹਿਲਾ       4. ਮੂਲ ਮੰਤ੍ਰ

12. ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿੰਨੇ ਰਾਗਾਂ ਵਿਚ ਹੈ?
      1. 30       2. 31       3. 20       4. 25

13. ਸ੍ਰੀ ਗੁਰੂ ਤੇਗ ਬਹਾਦਰ ਜੀ ਬਾਣੀ ਕਿਸ ਰਾਗ ਵਿਚ ਹੈ?
      1. ਸਿਰੀ       2. ਆਸਾ       3. ਜੈਜਾਵੰਤੀ       4. ਮਾਝ

14. ਸ੍ਰੀ ਗੁਰੂ ਤੇਗ ਬਹਾਦਰ ਦੁਆਰਾ ਰਚਿਤ ਬਾਣੀ ਦਾ ਕੀ ਨਾਮ ਹੈ?
      1. ਵਾਰ       2. ਕਵਿਤਾ       3. ਸਲੋਕ       4. ਸਵੈਯੇ

15. ਬਾਣੀ ਦੀ ਛੋਟੀ ਤੋਂ ਛੋਟੀ ਇਕਾਈ ਨੂੰ ਕੀ ਕਿਹਾ ਜਾਂਦਾ ਹੈ?
      1. ਸਲੋਕ       2. ਦੋਹਰਾ       3. ਸੋਰਠ       4. ਸ਼ਬਦ

16. 'ਮਹਲਾ' ਸ਼ਬਦ ਕਿਸ ਵਲ ਸੰਕੇਤ ਹੈ?
      1. ਅੰਕਣ ਦਾ       2. ਸੰਬੰਧਤ ਗੁਰੂ ਦਾ       3. ਭਗਤ ਦਾ       4. ਇਨ੍ਹਾਂ ਵਿਚੋਂ ਕੋਈ ਨਹੀਂ

17. ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਕਿਸ ਅੰਕਣ ਨਾਲ ਦਰਸਾਇਆ ਗਿਆ?
      1. ਮਹਲਾ 1       2. ਮਹਲਾ 9       3. ਮਹਲਾ 5       4. ਮਹਲਾ 2

18. ਚਉਪਦੇ ਤੋਂ ਕੀ ਭਾਵ ਹੈ?
      1. ਦੋਪਦੇ       2. ਤਿੰਨ ਪਦੇ       3. ਚਾਰ ਪਦੇ       4. ਅਠ ਪਦੇ

19. ਬਾਣੀ ਦੀ ਸੰਕਲਨ ਦੀ ਤਰਤੀਬ ਕ੍ਰਮ ਵਿਚ ਪਦਿਆਂ ਤੋਂ ਬਾਅਦ ਕਿਹੜੀਆਂ ਬਾਣੀਆਂ ਦਰਜ਼ ਹਨ?
      1. ਅਸਟਪਦੀ       2. ਵਾਰਾਂ ਤੇ ਲੰਮੇਰੀਆਂ ਬਾਣੀਆਂ
      3. ਲੰਮੇਰੀਆਂ ਬਾਣੀਆਂ       4. ਵਾਰਾਂ

20. ਬਾਣੀ ਵਿਚ ਗੁਰੂਆਂ ਅਤੇ ਭਗਤਾਂ ਦਾ ਕ੍ਰਮ ਕਿਸ ਪ੍ਰਕਾਰ ਹੈ?
      1. ਪਹਿਲਾ ਗੁਰੂ ਤੇ ਫੇਰ ਭਗਤ       2. ਕੇਵਲ ਭਗਤ
      3. ਪਹਿਲਾਂ ਭਗਤ ਤੇ ਫੇਰ ਗੁਰੂ       4. ਕੋਈ ਕ੍ਰਮ ਨਹੀਂ

21. ਸ਼ਬਦ ਬਾਣੀ ਦੇ ਸਿਰਲੇਖ ਦਾ ਆਰੰਭ ਕਿਸ ਤੋਂ ਹੁੰਦਾ ਹੈ?
      1. ਪਦਿਆਂ ਤੋਂ       2. ਮੂਲ ਮੰਤ੍ਰ ਤੋਂ       3. ਕਾਵਿ-ਰੂਪ ਤੋਂ       4. ਰਹਾਉ

22. 'ਰਹਾਉ' ਸ਼ਬਦ ਦੀ ਵਿਸ਼ੇਸ਼ ਤਾ ਕੀ ਹੈ?
      1. ਸ਼ਬਦ ਦੇ ਕੇਂਦਰੀ ਭਾਵ ਵਜੋਂ       2. ਸ਼ਬਦ ਦੀ ਤੁਕ ਵਜੋਂ
      3. ਸ਼ਬਦ ਦੀ ਪਹਿਚਾਣ ਵਜੋਂ       4. ਸ਼ਬਦ ਸਾਰ ਵਜੋਂ

23. ਬਾਣੀ ਵਿਚ ਦਰਜ ਵਾਰਾਂ ਉਪਰ ਕੀ ਸੰਕੇਤ ਹੈ?
      1. ਵਾਰ ਦੇ ਮਹਲੇ ਦਾ       2. ਵਾਰ ਦੀ ਧੁਨ ਦਾ
      3. ਸਲੋਕ       4. ਕੇਵਲ ਸਲੋਕ

24. 'ਸ਼ਬਦ' ਦੀ ਸੰਰਚਨਾ ਕਿਸ ਦੁਆਰਾ ਹੁੰਦੀ ਹੈ?
      1. ਵੱਖ-ਵੱਖ ਪਦਿਆਂ       2. ਮਹਲਾ ਦੇ ਸੰਕੇਤ
      3. ਅੰਕਾਂ ਦੁਆਰਾ       4. ਜੁਗਤਾਂ

25. ਬਾਣੀ ਉਪਰ ਦਰਜ਼ ਸੰਕੇਤ ਤੇ ਸਿਰਲੇਖ ਦਾ ਉਦੇਸ ਕੀ ਹੈ?
      1. ਬਾਣੀ ਨੂੰ ਸਮਝਣ ਹਿਤ       2. ਬਾਣੀ ਦੀ ਸੰਪਾਦਨਾ ਹਿਤ
      3. ਬਾਣੀ ਦੇ ਸੰਚਾਰ ਹਿਤ       4. ਸਾਰੇ ਹੀ

 
     
   
     
   
     
ਪੁਸਤਕ ਸੂਚੀ
     
  1. ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਭਾਗ 1-4), ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, 2004
2. ਸ੍ਰੀ ਗੁਰੂ ਗ੍ਰੰਥ ਸਾਹਿਬ (ਅੰਗਰੇਜੀ ਅਤੇ ਪੰਜਾਬੀ ਅਨੁਵਾਦ) (ਭਾਗ 1-8), ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, 2006
 
     
Home | Feedback | Contact Us