Home | Feedback | Contact Us | Sign Out
 
Introduction of Sikhism >>ਦਸ ਗੁਰੂ ਸਾਹਿਬਾਨ ਨਾਲ ਸਬੰਧਿਤ ਮੁੱਖ ਗੁਰਦੁਆਰੇ  
 
ਵਿਸ਼ਾ ਵਿਸ਼ੇਸ਼ਗ :   ਡਾ. ਹਰਮਿੰਦਰ ਕੌਰ
ਤਕਨੀਕੀ ਸਹਾਇਕ
ਗੁਰਮਤਿ ਸੰਗੀਤ ਚੇਅਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ
 
     

           ਸਿੱਖ ਧਰਮ ਵਿਚ ਸਿੱਖ ਜੀਵਨ ਦੇ ਸਰਬਾਂਗੀ ਕਾਰ ਵਿਹਾਰ ਦਾ ਕੇਂਦਰੀ ਸਥਾਨ ਗੁਰਦੁਆਰਾ ਹੈ। ਬੁਨਿਆਦੀ ਤੌਰ 'ਤੇ ਗੁਰਦੁਆਰਾ ਜੀਵਨ ਜਾਂਚ ਲਈ ਸਿਧਾਂਤਕ ਤੇ ਵਿਹਾਰਕ ਰੂਪ ਵਿਚ ਸੋਝੀ ਪਰਾਪਤ ਕਰਨ ਦਾ ਸਥਾਨ ਹੈ। ਸਿੱਖ ਧਰਮ ਵਿਚ ਸਦੀਆਂ ਤੋਂ ਗੁਰਦੁਆਰਾ ਸੰਸਥਾ ਦਾ ਵਿਕਾਸ ਇਕ ਨਿਸ਼ਚਤ ਕਰਮ ਰਿਹਾ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਕਾਲ ਤੋਂ 'ਧਰਮਸਾਲ' ਦੇ ਰੂਪ ਤੋਂ ਵਿਕਸਤ ਹੋਇਆ। ਸਿੱਖ ਪਰੰਪਰਾ ਵਿਚ ਸਿੱਖ ਇਤਿਹਾਸ ਨਾਲ ਸਬੰਧਿਤ ਗੁਰਦੁਆਰਾ ਸਾਹਿਬਾਨ ਤੋਂ ਇਲਾਵਾ ਸਿੱਖ ਸੰਗਤ ਨੇ ਆਪੋ ਆਪਣੀ ਧਾਰਮਿਕ ਲੋੜ ਦੀ ਪੂਰਤੀ ਲਈ ਸਮੁੱਚੇ ਵਿਸ਼ਵ ਵਿਚ ਗੁਰਦੁਆਰਾ ਸਾਹਿਬਾਨ ਦੀ ਸਥਾਪਨਾ ਕੀਤੀ।

     
             ਸਿੱਖ ਗੁਰੂ ਸਾਹਿਬਾਨ ਨਾਲ ਸਬੰਧ ਰੱਖਣ ਵਾਲੇ ਗੁਰਦੁਆਰਾ ਸਾਹਿਬਾਨ ਸਿੱਖ ਧਰਮ ਤੇ ਇਤਿਹਾਸ ਲਈ ਵਿਸ਼ੇਸ਼ ਮਹੱਤਵ ਰਖਦੇ ਹਨ ਜਿਨ੍ਹਾਂ ਵਿਚੋਂ ਕੁਝ ਪ੍ਰਮੁੱਖ ਗੁਰਦੁਆਰਾ ਸਾਹਿਬਾਨ ਦੀ ਸੰਖੇਪ ਜਾਣਕਾਰੀ ਇਸ ਪ੍ਰਕਾਰ ਹੈ:  
 
 
 
 
 

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ

 
 
 
 

            ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪੰਜਾਬ, ਪਾਕਿਸਤਾਨ) ਵਿਖੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ। ਇਸ ਸਥਾਨ ਨੂੰ ਪਹਿਲਾਂ ਰਾਇ ਭੋਇ ਦੀ ਤਲਵੰਡੀ ਕਰਕੇ ਜਾਣਿਆ ਜਾਂਦਾ ਸੀ। ਇਸ ਪਾਵਨ ਧਰਤ ਉਤੇ ਗੁਰੂ ਸਾਹਿਬ ਦਾ ਬਚਪਨ ਬੀਤਿਆ।

 
 

 
 
 
 
 
 

ਗੁਰਦੁਆਰਾ ਸ੍ਰੀ ਬੇਰ ਸਾਹਿਬ

 
 
 
 

            ਗੁਰੁਦਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ (ਕਪੂਰਥਲਾ, ਪੰਜਾਬ) ਵਿਖੇ ਗੁਰੂ ਨਾਨਕ ਦੇਵ ਜੀ ਨੇ ਨਵਾਬ ਦੌਲਤ ਖਾਂ ਲੋਦੀ ਦੇ ਮੋਦੀਖਾਨੇ ਵਿਚ ਮੋਦੀ ਵਜੋਂ ਨੌਕਰੀ ਕੀਤੀ। ਇਸ ਧਰਤ ਉਤੇ ਵੇਈਂ ਨਦੀ ਹੈ ਜਿਸ ਵਿਚ ਗੁਰੂ ਜੀ ਇਸ਼ਨਾਨ ਕਰਦੇ ਸਨ। ਇਸ ਸਥਾਨ ਤੇ ਗੁਰੂ ਸਾਹਿਬ ਨੇ ਰੱਬੀ ਚਿੰਤਨ ਤੇ ਸਾਧਨਾ ਕੀਤੀ। ਉਪਰੰਤ ਜਗਤ ਉਧਾਰ ਲਈ ਉਦਾਸੀਆਂ ਦਾ ਆਰੰਭ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਮੂਲ ਮੰਤਰ ਦਾ ਉਚਾਰਣ ਕੀਤਾ ਅਤੇ ਲੋਕਾਈ ਨੂੰ ਸੋਧਣ ਲਈ ਉਦਾਸੀਆਂ ਆਰੰਭ ਕੀਤੀਆਂ।

 
 

 
 
 
 
 
 

ਗੁਰਦੁਆਰਾ ਸ੍ਰੀ ਪੰਜਾ ਸਾਹਿਬ

 
 
 
 

            ਹਸਨ ਅਬਦਾਲ (ਪੰਜਾਬ, ਪਾਕਿਸਤਾਨ) ਨੇੜੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਸੁਸ਼ੋਭਿਤ ਹੈ। ਇਹ ਸਥਾਨ ਰਾਵਲਪਿੰਡੀ ਤੋਂ 48 ਕਿਲੋਮੀਟਰ ਦੂਰੀ ਤੇ ਸਥਿਤ ਹੈ। ਇਥੇ ਗੁਰੂ ਜੀ ਨੇ ਵਲੀ ਕੰਧਾਰੀ ਦਾ ਹੰਕਾਰ ਤੋੜਿਆ। ਜਦੋਂ ਵਲੀ ਕੰਧਾਰੀ ਨੇ ਭਾਈ ਮਰਦਾਨਾ ਜੀ ਨੂੰ ਪਾਣੀ ਦੇਣ ਤੋਂ ਨਾਂਹ ਕਰ ਦਿਤੀ ਤਾਂ ਗੁਰੂ ਜੀ ਨੇ ਇਕ ਪੱਥਰ ਚੁਕਿਆ ਤਾਂ ਪਾਣੀ ਦਾ ਚਸ਼ਮਾ ਵਗ ਤੁਰਿਆ। ਵਲੀ ਕੰਧਾਰੀ ਨੇ ਕ੍ਰੋਧ ਵਿਚ ਆ ਕੇ ਪਹਾੜੀ ਉਪਰੋਂ ਪਹਾੜ ਦਾ ਵੱਡਾ ਟੁਕੜਾ ਗੁਰੂ ਜੀ ਵੱਲ ਰੋੜਿਆ। ਗੁਰੂ ਜੀ ਨੇ ਉਸ ਨੂੰ ਪੰਜਾ ਲਾ ਕੇ ਰੋਕ ਦਿਤਾ। ਜਿਸ ਕਾਰਨ ਇਹ ਸਥਾਨ ਪੰਜਾ ਸਾਹਿਬ ਅਖਵਾਇਆ।

 
 

 
 
 
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸ੍ਰੀ ਡੇਰਾ ਬਾਬਾ ਨਾਨਕ
 
 
 
 

            ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪੰਜਾਬ, ਪਾਕਿਸਤਾਨ) ਭਾਰਤ-ਪਾਕਿਸਤਾਨ ਸਰਹੱਦ ਤੇ ਰਾਵੀ ਨਦੀ ਦੇ ਕੰਢੇ ਸੁਸ਼ੋਭਿਤ ਹੈ। ਇਹ ਗੁਰਦੁਆਰਾ ਕੁਝ ਪ੍ਰੇਮੀ ਸਿੰਘਾਂ ਦੁਆਰਾ ਕਰਤਾਰਪੁਰ ਸਾਹਿਬ (ਜੋ ਕਿ ਗੁਰੂ ਨਾਨਕ ਦੇਵ ਜੀ ਦੁਆਰਾ ਵਸਾਇਆ ਗਿਆ ਸੀ), ਦਰਿਆ ਰਾਵੀ ਵਿਚ ਹੜ੍ਹ ਜਾਣ ਤੋਂ ਬਾਅਦ ਉਸਾਰਿਆ ਗਿਆ।

            ਬਾਬਾ ਸ੍ਰੀ ਚੰਦ ਅਤੇ ਸ੍ਰੀ ਲਖਮੀ ਦਾਸ ਜੀ ਦੁਆਰਾ ਜਿਲ੍ਹਾ ਗੁਰਦਾਸਪੁਰ ਵਿਚ ਉਸਾਰਿਆ ਗੁਰਦੁਆਰਾ ਸ੍ਰੀ ਡੇਰਾ ਬਾਬਾ ਨਾਨਕ ਵੀ ਗੁਰੂ ਨਾਨਕ ਦੇਵ ਜੀ ਦੇ ਅੰਤਲੇ ਸਮੇਂ ਦੀ ਯਾਦ ਵਿਚ ਸੁਸ਼ੋਭਿਤ ਹੈ।

 
 

 
 
 
 
 
 
ਗੁਰਦੁਆਰਾ ਸ੍ਰੀ ਖਡੂਰ ਸਾਹਿਬ
 
 
 
 

            ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਖਡੂਰ ਸਾਹਿਬ ਜਿਲ੍ਹਾ ਅੰਮ੍ਰਿਤਸਰ (ਪੰਜਾਬ) ਵਿਚ ਸਥਿਤ ਹੈ। ਇਹ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਨਿਵਾਸ ਸਥਾਨ ਹੈ ਅਤੇ ਉਨ੍ਹਾਂ ਦੇ ਗੁਰਤਾ ਜੀਵਨ ਦਾ ਪ੍ਰਮੁੱਖ ਕੇਂਦਰ ਰਿਹਾ ਹੈ।

 
 

 
 
 
 
 
 
ਗੁਰਦੁਆਰਾ ਸ੍ਰੀ ਤਪਿਆਣਾ ਸਾਹਿਬ
 
 
 
 

            ਗੁਰਦੁਆਰਾ ਸ੍ਰੀ ਤਪਿਆਣਾ ਸਾਹਿਬ, ਖਡੂਰ ਸਾਹਿਬ ਜਿਲ੍ਹਾ ਅੰਮ੍ਰਿਤਸਰ (ਪੰਜਾਬ) ਵਿਚ ਸੁਸ਼ੋਭਿਤ ਹੈ ਅਤੇ ਗੁਰੂ ਅੰਗਦ ਦੇਵ ਜੀ ਦਾ ਤਪ ਸਥਾਨ ਹੈ।

 
 

 
 
 
 
 
 
ਗੁਰਦੁਆਰਾ ਸ੍ਰੀ ਮੱਤੇ ਕੀ ਸਰਾਇ
 
 
 
 
ਗੁਰਦੁਆਰਾ ਸ੍ਰੀ ਮੱਤੇ ਕੀ ਸਰਾਇ ਜਿਲ੍ਹਾ ਮੁਕਤਸਰ (ਪੰਜਾਬ) ਵਿਚ ਸਥਿਤ ਹੈ ਜਿਥੇ ਗੁਰੂ ਅੰਗਦ ਦੇਵ ਜੀ ਦਾ ਜਨਮ ਹੋਇਆ।
 
 

 
 
 
 
 
 

ਗੁਰਦੁਆਰਾ ਸ੍ਰੀ ਗੋਇੰਦਵਾਲ ਸਾਹਿਬ

 
 
 
 

            ਗੁਰਦੁਆਰਾ ਸ੍ਰੀ ਗੋਇੰਦਵਾਲ ਸਾਹਿਬ ਜਿਲ੍ਹਾ ਤਰਨਤਾਰਨ ਸਾਹਿਬ (ਪੰਜਾਬ) ਗੁਰੂ ਅਮਰਦਾਸ ਜੀ ਦੁਆਰਾ ਵਰੋਸਾਈ ਨਗਰੀ ਹੈ। ਇਸ ਸਥਾਨ ਤੇ ਰਹਿ ਕੇ ਗੁਰੂ ਜੀ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਅਤੇ ਇਥੇ ਹੀ ਜੋਤੀ ਜੋਤ ਸਮਾਏ ਸਨ। ਇਸ ਸਥਾਨ ਤੇ ਪਾਵਨ ਬਉਲੀ ਸਾਹਿਬ ਵੀ ਹੈ।

 
 

 
 
 
 
 
 

ਗੁਰਦੁਆਰਾ ਸ੍ਰੀ ਸੰਨ੍ਹ ਸਾਹਿਬ

 
 
 
 

            ਗੁਰਦੁਆਰਾ ਸ੍ਰੀ ਸੰਨ੍ਹ ਸਾਹਿਬ, ਪਿੰਡ ਬਾਸਰਕੇ ਜਿਲ੍ਹਾ ਅੰਮ੍ਰਿਤਸਰ (ਪੰਜਾਬ) ਵਿਚ ਸੁਸ਼ੋਭਿਤ ਹੈ ਜਿਥੇ ਗੁਰੂ ਜੀ ਨੇ ਭਜਨ ਬੰਦਗੀ ਕੀਤੀ। ਸੰਗਤਾਂ ਨੇ ਬਾਬਾ ਬੁੱਢਾ ਜੀ ਦੀ ਅਗਵਾਈ ਵਿਚ ਕੰਧ ਵਿਚ ਸੰਨ੍ਹ ਲਾ ਕੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ। ਇਹ ਸਥਾਨ ਗੁਰੂ ਅਮਰਦਾਸ ਜੀ ਦਾ ਜਨਮ ਅਸਥਾਨ ਹੈ।

 
 

 
 
 
 
 
 

ਗੁਰਦੁਆਰਾ ਸ੍ਰੀ ਸੰਤੋਖਸਰ ਸਾਹਿਬ

 
 
 
 

ਗੁਰਦੁਆਰਾ ਸ੍ਰੀ ਸੰਤੋਖਸਰ ਸਾਹਿਬ ਜਿਲ੍ਹਾ ਅੰਮ੍ਰਿਤਸਰ (ਪੰਜਾਬ) ਵਿਚ ਸਥਿਤ ਹੈ। ਇਥੇ ਗੁਰੂ ਰਾਮਦਾਸ ਜੀ ਨੇ ਅੰਮ੍ਰਿਤ ਸਰੋਵਰ ਦੀ ਖੁਦਵਾਈ ਆਰੰਭ ਕਰਵਾਈ ਸੀ।

 
 

 
 
 
 
 
 

ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ

 
 
 
 

            ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਜਿਲ੍ਹਾ ਅੰਮ੍ਰਿਤਸਰ (ਪੰਜਾਬ) ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਨੇ ਸਰੋਵਰ ਦੇ ਵਿਚਕਾਰ ਬਣਵਾਇਆ ਅਤੇ ਇਸ ਦੀ ਨੀਂਹ ਸਾਈਂ ਮੀਆਂ ਮੀਰ ਤੋਂ ਰਖਵਾਈ, ਜਿਥੇ ਹਰ ਧਰਮ, ਜਾਤੀ, ਨਸਲ, ਦੇਸ਼ ਦਾ ਮਨੁੱਖ ਇਥੇ ਆ ਕੇ ਆਪਣੇ ਆਪ ਨੂੰ ਅਧਿਆਤਮਕ ਰੰਗ ਵਿਚ ਰੰਗ ਸਕਦਾ ਹੈ।

 
 

 
 
 
 
 
 

ਗੁਰਦੁਆਰਾ ਸ੍ਰੀ ਤਰਨਤਾਰਨ ਸਾਹਿਬ

 
 
 
 

            ਗੁਰਦੁਆਰਾ ਸ੍ਰੀ ਤਰਨਤਾਰਨ ਸਾਹਿਬ ਜਿਲ੍ਹਾ ਤਰਨਤਾਰਨ ਸਾਹਿਬ (ਪੰਜਾਬ), ਅੰਮ੍ਰਿਤਸਰ ਤੋਂ 13-14 ਮੀਲ ਦੱਖਣ ਵੱਲ ਸਥਿਤ ਹੈ। ਇਹ ਨਗਰ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਵਰੋਸਾਇਆ ਹੋਇਆ ਹੈ। ਇਸ ਸਥਾਨ ਤੇ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਦੀ ਇਮਾਰਤ ਅਤੇ ਵੱਡਾ ਸਰੋਵਰ ਉਸਰਿਆ ਹੋਇਆ ਹੈ।

 
 

 
     
 
 
 

ਗੁਰਦੁਆਰਾ ਸ੍ਰੀ ਰਾਮਸਰ ਸਾਹਿਬ

 
 
 
 

            ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਜਿਲ੍ਹਾ ਅੰਮ੍ਰਿਤਸਰ (ਪੰਜਾਬ) ਵਿਚ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤ ਸਰੋਵਰ ਬਣਵਾਇਆ। ਗੁਰੂ ਸਾਹਿਬ ਨੇ 'ਸੁਖਮਨੀ ਸਾਹਿਬ' ਬਾਣੀ ਦੀ ਰਚਨਾ ਵੀ ਇਸੇ ਸਰੋਵਰ ਦੇ ਕਿਨਾਰੇ ਕੀਤੀ। ਇਥੇ ਹੀ ਭਾਈ ਗੁਰਦਾਸ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਵਾਈ ਗਈ। ਇਥੇ ਸੁੰਦਰ ਗੁਰਦੁਆਰਾ ਸਾਹਿਬ ਦੀ ਇਮਾਰਤ ਸੁਸ਼ੋਭਿਤ ਹੈ।

 
 

 
 
 
 
 
 

ਗੁਰਦੁਆਰਾ ਸ੍ਰੀ ਡੇਰਾ ਸਾਹਿਬ

 
 
 
 

            ਗੁਰਦੁਆਰਾ ਸ੍ਰੀ ਡੇਰਾ ਸਾਹਿਬ ਲਾਹੌਰ, ਪਾਕਿਸਤਾਨ ਵਿਚ ਹੈ। ਇਥੇ ਗੁਰੂ ਅਰਜਨ ਦੇਵ ਜੀ ਦੀ ਦੇਹ ਨੂੰ ਉਸ ਸਮੇਂ ਦੀ ਸਰਕਾਰ ਦੁਆਰਾ ਰਾਵੀ ਦਰਿਆ ਵਿਚ ਸੁਟਿਆ ਗਿਆ ਅਤੇ ਗੁਰੂ ਜੀ ਜੋਤੀ ਜੋਤ ਸਮਾ ਗਏ।

 
 

 
 
 
 
 
 

ਸ੍ਰੀ ਅਕਾਲ ਤਖ਼ਤ ਸਾਹਿਬ

 
 
 
 

            ਮੀਰੀ ਪੀਰੀ ਦੇ ਮਾਲਿਕ ਗੁਰੂ ਹਰਗੋਬਿੰਦ ਸਾਹਿਬ ਨੇ ਜਿਲ੍ਹਾ ਅੰਮ੍ਰਿਤਸਰ (ਪੰਜਾਬ) ਵਿਚ ਹਰਿਮੰਦਰ ਸਾਹਿਬ ਦੀ ਡਿਉਡੀ ਦੇ ਸਾਹਮਣੇ ਤਖ਼ਤਨੁਮਾ ਇਮਾਰਤ ਦੀ ਉਸਾਰੀ ਕਰਵਾਈ ਜਿਸ ਦਾ ਨਾਮ ਅਕਾਲ ਬੁੰਗਾ ਰੱਖਿਆ ਗਿਆ। ਇਥੇ ਬੈਠ ਕੇ ਗੁਰੂ ਜੀ ਖੁਲ੍ਹੇ ਮੈਦਾਨ ਵਿਚ ਕੁਸ਼ਤੀਆਂ ਅਤੇ ਹੋਰ ਖੇਡਾਂ ਕਰਵਾਉਂਦੇ ਸਨ, ਨਾਲ ਹੀ ਸ਼ਸਤਰਾਂ ਦਾ ਅਭਿਆਸ ਕੀਤਾ ਜਾਂਦਾ ਸੀ। ਇਥੇ ਕਥਾ ਵਾਰਤਾ ਅਤੇ ਢਾਡੀ ਵਾਰਾਂ ਦਾ ਗਾਇਨ ਹੁੰਦਾ ਸੀ। ਇਸ ਅਸਥਾਨ ਤੇ ਗੁਰੂ ਸਾਹਿਬਾਨ, ਸਾਹਿਬਜਾਦਿਆਂ ਅਤੇ ਹੋਰ ਅਨੇਕ ਸ਼ਹੀਦਾਂ ਅਤੇ ਸਿੰਘਾਂ ਦੇ ਸ਼ਸਤਰ ਸੰਭਾਲੇ ਹੋਏ ਹਨ। ਸ੍ਰੀ ਹਰਿਮੰਦਰ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਲਈ ਇਥੋਂ ਹੀ ਕੋਠਾ ਸਾਹਿਬ ਵਿਚੋਂ ਸ਼ਬਦ ਗੁਰੂ ਜੀ ਦਾ ਪਾਵਨ ਸਰੂਪ ਪਾਲਕੀ ਵਿਚ ਸੁਸ਼ੋਭਿਤ ਕਰਕੇ ਸਤਿਨਾਮ ਦਾ ਜਾਪ ਕਰਦੇ ਹੋਏ ਲਿਜਾਇਆ ਜਾਂਦਾ ਹੈ ਅਤੇ ਸ਼ਾਮ ਨੂੰ ਦੀਵਾਨ ਸਮਾਪਤੀ (ਸੁਖਾਸਨ ਕਰਕੇ) ਤੋਂ ਬਾਅਦ ਪਾਲਕੀ ਵਿਚ ਤਖ਼ਤ ਦੇ ਅੰਦਰ ਕੋਠਾ ਸਾਹਿਬ ਵਿਖੇ ਪਹੁੰਚਾਇਆ ਜਾਂਦਾ ਹੈ। ਖਾਲਸਾ ਪੰਥ ਦਾ ਇਹ ਸਭ ਤੋਂ ਪਹਿਲਾ ਸ਼ਰੋਮਣੀ ਤਖ਼ਤ ਹੈ ਅਤੇ ਸਿੱਖ ਪੰਥ ਦੇ ਮਹਾਨ ਕਾਰਜਾਂ ਲਈ ਇਥੋਂ ਹੁਕਮਨਾਮੇ ਜਾਰੀ ਹੁੰਦੇ ਹਨ।

 
 

 
 
 
 
 
 

ਗੁਰਦੁਆਰਾ ਸ੍ਰੀ ਦਮਦਮਾ ਸਾਹਿਬ

 
 
 
 

            ਗੁਰੁਦਆਰਾ ਸ੍ਰੀ ਦਮਦਮਾ ਸਾਹਿਬ, ਸ੍ਰੀ ਹਰਗੋਬਿੰਦ ਪੁਰ ਜਿਲ੍ਹਾ ਗੁਰਦਾਸਪੁਰ (ਪੰਜਾਬ) ਵਿਚ ਸੁਸ਼ੋਭਿਤ ਹੈ। ਹਰਗੋਬਿੰਦਪੁਰ ਨਗਰ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਵਸਾਇਆ ਅਤੇ ਗੋਬਿੰਦਪੁਰ ਨਾਮ ਰੱਖਿਆ ਪਰ ਬਾਅਦ ਵਿਚ ਇਸ ਨੂੰ ਭਗਵਾਨ ਦਾਸ ਘੇਰੜ ਨੇ ਹਥਿਆ ਲਿਆ। ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਇਸ ਨੂੰ ਮੁੜ ਤੋਂ ਸੰਗਤਾਂ ਲਈ ਆਬਾਦ ਕੀਤਾ ਅਤੇ ਇਹ ਨਗਰ ਹਰਿਗੋਬਿੰਦਪੁਰ ਨਾਮ ਨਾਲ ਪ੍ਰਸਿਧ ਹੋਇਆ।

 
 

 
 
 
 
 
 

ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ

 
 
 
 

            ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ, ਕੀਰਤਪੁਰ ਸਾਹਿਬ, ਜਿਲ੍ਹਾ ਰੋਪੜ (ਪੰਜਾਬ) ਦੇ ਪਹਾੜੀ ਇਲਾਕੇ ਵਿੱਚ ਸਤਲੁਜ ਦੇ ਕੰਢੇ ਤੇ ਸਥਿਤ ਹੈ। ਇਹ ਸਥਾਨ ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਹਰਿਰਾਏ ਜੀ ਦੇ ਜੋਤੀ ਜੋਤ ਸਮਾਉਣ ਦਾ ਅਸਥਾਨ ਹੈ। ਸ੍ਰੀ ਗੁਰੂ ਹਰਿਕ੍ਰਿਸ਼ਨ ਦੀ ਦੇਹ ਸੰਸਕਾਰ ਤੋਂ ਬਾਅਦ ਫੁੱਲ ਵੀ ਦਿੱਲੀ ਤੋਂ ਇਥੇ ਹੀ ਲਿਆਂਦੇ ਗਏ ਸਨ।

 
 

 
 
 
 
 
 

ਗੁਰਦੁਆਰਾ ਸ੍ਰੀ ਸ਼ੀਸ਼ ਮਹਿਲ ਸਾਹਿਬ

 
 
 
 

            ਗੁਰਦੁਆਰਾ ਸ੍ਰੀ ਸ਼ੀਸ਼ ਮਹਿਲ ਸਾਹਿਬ, ਕੀਰਤਪੁਰ ਸਾਹਿਬ ਜਿਲ੍ਹਾ ਰੋਪੜ (ਪੰਜਾਬ) ਵਿਖੇ ਸਥਿਤ ਹੈ। ਇਹ ਅਸਥਾਨ ਗੁਰੂ ਹਰਿ ਰਾਇ ਸਾਹਿਬ ਅਤੇ ਗੁਰੂ ਹਰਿਕ੍ਰਿਸ਼ਨ ਜੀ ਦਾ ਜਨਮ ਅਸਥਾਨ ਹੈ। ਗੁਰੂ ਹਰਗੋਬਿੰਦ ਸਾਹਿਬ ਸੰਮਤ 1691 ਵਿਚ ਇਥੇ ਆਏ ਅਤੇ ਅੰਤਿਮ ਸਮੇਂ ਤੱਕ ਇਥੇ ਹੀ ਰਹੇ।

 
 

 
 
 
 
 
 

ਗੁਰਦੁਆਰਾ ਸ੍ਰੀ ਬੰਗਲਾ ਸਾਹਿਬ

 
 
 
 

            ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਵਿਖੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਤੋਂ ਢਾਈ ਮੀਲ ਦੀ ਦੂਰੀ ਤੇ ਸਥਿਤ ਹੈ। ਗੁਰੂ ਹਰਿਕ੍ਰਿਸ਼ਨ ਜੀ ਜਿਸ ਬੰਗਲੇ ਵਿਚ ਆ ਕੇ ਠਹਿਰੇ ਸਨ, ਉਥੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਸੁਸ਼ੋਭਿਤ ਹੈ।

 
 

 
 
 
 
 
 

ਗੁਰਦੁਆਰਾ ਸ੍ਰੀ ਬਾਲਾ ਸਾਹਿਬ

 
 
 
 

            ਗੁਰਦੁਆਰਾ ਸ੍ਰੀ ਬਾਲਾ ਸਾਹਿਬ, ਦਿੱਲੀ ਵਿਖੇ ਜਮਨਾ ਦੇ ਕੰਢੇ ਭੋਗਲ ਪਿੰਡ ਦੇ ਨੇੜੇ ਸਥਾਪਿਤ ਹੈ ਜਿਥੇ ਗੁਰੂ ਹਰਿਕ੍ਰਿਸ਼ਨ ਜੀ ਦਾ ਅੰਤਿਮ ਸਸਕਾਰ ਕੀਤਾ ਗਿਆ। ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਜੀ ਦਾ ਸਸਕਾਰ ਵੀ ਇਸ ਥਾਂ ਤੇ ਹੋਇਆ ਹੈ।

 
 

 
 
 
 
 
 

ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ

 
 
 
 

            ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਜਿਲ੍ਹਾ ਅੰਬਾਲਾ (ਹਰਿਆਣਾ) ਵਿਚ ਸੁਸ਼ੋਭਿਤ ਹੈ। ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਜਾਣ ਵੇਲੇ ਇਸ ਸਥਾਨ ਤੇ ਠਹਿਰੇ ਸਨ ਅਤੇ ਉਥੇ ਇਕ ਹੰਕਾਰੀ ਬ੍ਰਾਹਮਣ ਲਾਲ ਚੰਦ ਦਾ ਹੰਕਾਰ ਤੋੜਨ ਲਈ ਉਸ ਦੇ ਕਹਿਣ ਤੇ ਪਿੰਡ ਦੇ ਮਹਾਂਮੂਰਖ ਮਨੁੱਖ ਛੱਜੂ ਦੇ ਸਿਰ ਤੇ ਸੋਟੀ ਦਾ ਸਿਰਾ ਰੱਖ ਕੇ ਗੀਤਾ ਦੇ ਔਖੇ ਵਾਕਾਂ ਦੇ ਅਰਥ ਕਰਵਾਏ। ਉਪਰੰਤ ਲਾਲ ਚੰਦ ਗੁਰੂ ਦਾ ਸਿੱਖ ਬਣ ਗਿਆ।

 
 

 
 
 
 
 
 

ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ

 
 
 
 

ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਦਿੱਲੀ ਵਿਖੇ ਸਥਿਤ ਹੈ। ਗੁਰੂ ਤੇਗ ਬਹਾਦਰ ਜੀ ਨੇ ਇਸ ਅਸਥਾਨ ਤੇ ਦੇਸ਼ ਅਤੇ ਧਰਮ ਲਈ ਆਪਣਾ ਸੀਸ ਕੁਰਬਾਨ ਕੀਤਾ।

 
 

 
 
 
 
 
 

ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ

 
 
 
 

ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ, ਦਿੱਲੀ ਵਿਖੇ ਸਥਿਤ ਹੈ ਜਿਥੇ ਗੁਰੂ ਤੇਗ ਬਹਾਦਰ ਜੀ ਦੇ ਧੜ ਦਾ ਸਸਕਾਰ ਕੀਤਾ ਗਿਆ।

 
 

 
 
 
 
 
 

ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ

 
 
 
 

           ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਜਿਲ੍ਹਾ ਰੋਪੜ (ਪੰਜਾਬ) ਵਿਖੇ ਸਥਿਤ ਹੈ। ਇਥੇ ਭਾਈ ਜੈਤਾ ਜੀ ਵਲੋਂ ਦਿੱਲੀ ਤੋਂ ਲਿਆਂਦੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸਸਕਾਰ ਕੀਤਾ ਗਿਆ ਸੀ।

 
 

 
 
 
 
 
 

ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ

 
 
 
 

            ਪਟਿਆਲਾ (ਪੰਜਾਬ) ਵਿਖੇ ਗੁਰੂ ਤੇਗ ਬਹਾਦਰ ਜੀ ਨੇ ਚਰਨ ਪਾਏ ਅਤੇ ਕੁਝ ਦਿਨ ਇਥੇ ਟਿਕ ਕੇ ਸੰਗਤਾਂ ਦੇ ਦੁਖਾਂ ਦਾ ਨਿਵਾਰਨ ਕੀਤਾ। ਇਥੇ ਅੱਜਕਲ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਸੁਸ਼ੋਭਿਤ ਹੈ। ਇਥੋਂ ਥੋੜੀ ਹੀ ਦੂਰੀ ਤੇ ਗੁਰਦੁਆਰਾ ਸ੍ਰੀ ਬਹਾਦਰਗੜ੍ਹ ਸਾਹਿਬ ਹੈ ਜਿਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਸੈਫ ਖਾਨ ਦੀ ਅਪਾਰ ਸ਼ਰਧਾ ਦੇ ਕਾਰਨ ਕੁਝ ਦਿਨਾਂ ਦਾ ਸਮਾਂ ਗੁਜਾਰਿਆ।

 
 

 
 
 
 
 
 

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ

 
 
 
 

            ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜਿਲ੍ਹਾ ਪਟਨਾ (ਬਿਹਾਰ) ਵਿਖੇ ਸਥਿਤ ਹੈ ਜਿਥੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰ ਧਾਰਿਆ। ਇਸ ਸਥਾਨ 'ਤੇ ਗੁਰੂ ਗੋਬਿੰਦ ਸਿੰਘ ਦਾ ਬਚਪਨ ਬੀਤਿਆ। ਇਹ ਸਥਾਨ ਸਿੱਖ ਪੰਥ ਦੇ ਪੰਜ ਤਖ਼ਤਾਂ ਵਿਚ ਸ਼ਾਮਲ ਹੈ।

 
 

 
 
 
 
 
 

ਤਖ਼ਤ ਸ੍ਰੀ ਅਬਿਚਲ ਨਗਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ

 
 
 
 

            ਤਖ਼ਤ ਸ੍ਰੀ ਅਬਿਚਲ ਨਗਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਿਲ੍ਹਾ ਨਾਂਦੇੜ (ਮਹਾਂਰਾਸ਼ਟਰ) ਵਿਚ ਗੋਦਾਵਰੀ ਨਦੀ ਦੇ ਕਿਨਾਰੇ ਸਥਿਤ ਹੈ। ਇਹ ਗੁਰੂ ਗੋਬਿੰਦ ਸਿੰਘ ਜੀ ਦਾ ਪਵਿਤਰ ਧਾਮ ਹੈ ਜਿਥੇ ਗੁਰੂ ਜੀ ਜੋਤੀ ਜੋਤ ਸਮਾਏ। ਇਹ ਸਥਾਨ ਸਿੱਖ ਪੰਥ ਦੇ ਪੰਜ ਤਖ਼ਤਾਂ ਵਿਚ ਸ਼ਾਮਲ ਹੈ। ਇਸ ਸਥਾਨ ਤੇ ਦਸ਼ਮੇਸ਼ ਜੀ ਦੇ ਸ਼ਸਤਰ ਸੁਸ਼ੋਭਿਤ ਹਨ।

 
 

 
 
 
 
 
 

ਗੁਰਦੁਆਰਾ ਸ੍ਰੀ ਦਰਬਾਰ ਸਾਹਿਬ

 
 
 
 

            ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਮੁਕਤਸਰ ਸਾਹਿਬ, ਜਿਲ੍ਹਾ ਮੁਕਤਸਰ (ਪੰਜਾਬ) ਵਿਖੇ ਸੁਸ਼ੋਭਿਤ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਘੇਰੇ ਸਮੇਂ ਬੇਦਾਵਾ ਦੇ ਕੇ ਗਏ 40 ਸਿੰਘਾਂ ਨੇ ਮੁੜ ਮਾਤਾ ਭਾਗ ਕੌਰ ਜੀ ਦੀ ਅਗਵਾਈ ਵਿਚ ਇਸ ਅਸਥਾਨ ਤੇ ਵੈਰੀਆਂ ਦਾ ਮੁਕਾਬਲਾ ਕੀਤਾ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਭਾਈ ਮਹਾਂ ਸਿੰਘ ਦੀ ਬੇਨਤੀ ਤੇ ਦਸ਼ਮੇਸ਼ ਜੀ ਨੇ ਸਿੰਘਾਂ ਵਲੋਂ ਦਿਤਾ ਬੇਦਾਵਾ ਪਾੜ ਦਿੱਤਾ ਅਤੇ ਟੁੱਟੀ ਸਿੱਖੀ ਗੰਢੀ।

 
 

 
 
 
 
 
 

ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ

 
 
 
 

            ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਜਿਲ੍ਹਾ ਸਿਰਮੌਰ (ਉਤਰਾਂਚਲ) ਜਮੁਨਾ ਦੇ ਕੰਢੇ ਸਿੱਖ ਧਰਮ ਦੇ ਪ੍ਰਚਾਰ ਦਾ ਕੇਂਦਰ ਕਾਇਮ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਕਿਲਾ ਬਣਵਾਇਆ। ਭੰਗਾਣੀ ਦਾ ਜੰਗ ਗੁਰੂ ਸਾਹਿਬ ਨੇ ਇਥੇ ਹੀ ਰਹਿ ਕੇ ਕੀਤਾ ਅਤੇ ਪਹਾੜੀ ਰਾਜਿਆਂ ਦਾ ਹੰਕਾਰ ਤੋੜਿਆ ਸੀ।

 
 

 
 
 
 
 
 

ਗੁਰਦੁਆਰਾ ਸ੍ਰੀ ਪਾਤਸ਼ਾਹੀ ਦਸਵੀਂ

 
 
 
 

           ਗੁਰਦੁਆਰਾ ਸ੍ਰੀ ਪਾਤਸ਼ਾਹੀ ਦਸਵੀਂ, ਪਡਲ ਜਿਲ੍ਹਾ ਮੰਡੀ (ਹਿਮਾਚਲ ਪ੍ਰਦੇਸ਼) ਗੁਰੂ ਗੋਬਿੰਦ ਸਿੰਘ ਜੀ ਦਾ ਚਰਨ ਛੋਹ ਪ੍ਰਾਪਤ ਅਸਥਾਨ ਹੈ। ਇਥੇ ਗੁਰੂ ਜੀ ਦੀ ਰਬਾਬ ਪਈ ਹੈ ਜੋ ਭਾਈ ਮਰਦਾਨੇ ਵਾਲੀ ਫਿਰੰਦੀਆ ਰਬਾਬ ਨਾਲ ਮਿਲਦੀ ਹੈ।

 
 

 
 
 
 
 
 

ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ

 
 
 
 

            ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਜਿਲ੍ਹਾ ਰੋਪੜ (ਪੰਜਾਬ) ਵਿਖੇ ਸੁਸ਼ੋਭਿਤ ਹੈ। ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰ, ਕਮਜੋਰ ਅਤੇ ਮਜਲੂਮਾਂ ਨੂੰ ਸਿੰਘ ਸਜਾਇਆ ਅਤੇ ਉਹਨਾਂ ਵਿਚ ਨਵੀਂ ਰੂਹ ਫੂਕ ਦਿਤੀ। ਇਥੇ ਹੀ ਖਾਲਸੇ ਨੂੰ ਨਵਾਂ ਸਰੂਪ ਬਖਸ਼ਿਸ਼ ਕੀਤਾ। ਇਹ ਖਾਲਸੇ ਦਾ ਤੀਜਾ ਤਖ਼ਤ ਹੈ।

 
 

 
 
 
 
 
 

ਤਖ਼ਤ ਸ੍ਰੀ ਦਮਦਮਾ ਸਾਹਿਬ

 
 
 
 

            ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਜਿਲ੍ਹਾ ਬਠਿੰਡਾ (ਪੰਜਾਬ) ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਸਿੱਧ ਅਸਥਾਨ ਹੈ ਜਿਸ ਨੂੰ ਸਿੱਖਾਂ ਦੀ ਕਾਸ਼ੀ ਵੀ ਕਿਹਾ ਜਾਂਦਾ ਹੈ। ਇਥੇ ਹੀ ਗੁਰੂ ਸਾਹਿਬ ਨੇ ਨੌਵੇਂ ਗੁਰੂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਤਰਗਤ ਦਰਜ ਕਰਵਾਇਆ ਸੀ। ਵਰਤਮਾਨ ਸਮੇਂ ਇਹ ਖਾਲਸੇ ਦੇ ਪੰਜਵੇਂ ਤਖ਼ਤ ਵਜੋਂ ਵਿਦਮਾਨ ਹੈ।

 
 

 
 
 
 
 
 

ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ

 
 
 
 

            ਗੁਰਦੁਆਰਾ ਪਰਿਵਾਰ ਵਿਛੋੜਾ, ਪਾਤਸ਼ਾਹੀ ਦਸਵੀਂ, ਜਿਲ੍ਹਾ ਰੋਪੜ (ਪੰਜਾਬ) ਵਿਖੇ ਸੁਭਾਇਮਾਨ ਹੈ। ਇਹ ਅਸਥਾਨ ਸਰਸਾ ਨਦੀ ਤੋਂ 300 ਮੀਟਰ ਦੀ ਵਿੱਥ ਤੇ ਰੋਪੜ, ਅਨੰਦਪੁਰ ਸਾਹਿਬ ਸੜਕ ਤੇ ਸਥਿਤ ਹੈ। ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਛੱਡਣ ਤੋਂ ਬਾਅਦ ਜਦੋਂ ਸਰਸਾ ਨਦੀ ਦੇ ਕਿਨਾਰੇ ਪਹੁੰਚੇ ਤਾਂ ਸਰਸਾ ਨਦੀ ਚੜ੍ਹੀ ਹੋਈ ਸੀ। ਸਮੇਂ ਦੇ ਨਾਜੁਕ ਹਾਲਾਤਾਂ ਕਾਰਨ ਗੁਰੂ ਜੀ ਨੇ ਇਸ ਚੜੀ ਨਦੀ ਨੂੰ ਪਾਰ ਕੀਤਾ। ਇਸ ਸਥਿਤੀ ਵਿਚ ਗੁਰੂ ਜੀ ਦਾ ਪਰਿਵਾਰ ਸਿੰਘਾਂ ਸਮੇਤ ਅਲੱਗ-ਅੱਲਗ ਹੋ ਗਿਆ। ਪਰਿਵਾਰ ਵਿਛੋੜਾ ਦੇ ਸਥਾਨ ਤੇ ਪ੍ਰੇਮੀ ਗੁਰਸਿੱਖਾਂ ਨੇ ਯਾਦਗਾਰੀ ਗੁਰਦੁਆਰੇ ਦੀ ਸਥਾਪਨਾ ਕਰਵਾਈ।

 
 
 
 
 
ਪ੍ਰਸ਼ਨ
     
 

1. ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਕਿਹੜਾ ਹੈ?
        1. ਗੁਰਦੁਆਰਾ ਸ੍ਰੀ ਪੰਜਾ ਸਾਹਿਬ                    2. ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ
        3. ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ         4. ਗੁਰਦੁਆਰਾ ਸ੍ਰੀ ਗੋਇੰਦਵਾਲ ਸਾਹਿਬ

2. ਗੁਰੂ ਨਾਨਕ ਦੇਵ ਜੀ ਨੇ ਜਿਥੇ ਵਲੀ ਕੰਧਾਰੀ ਦਾ ਹੰਕਾਰ ਤੋੜਿਆ, ਉਥੇ ਕਿਹੜਾ ਗੁਰਦੁਆਰਾ ਸੁਸ਼ੋਭਿਤ ਹੈ?
        1. ਗੁਰਦੁਆਰਾ ਸ੍ਰੀ ਪੰਜਾ ਸਾਹਿਬ                    2. ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ
        3. ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ         4. ਗੁਰਦੁਆਰਾ ਸ੍ਰੀ ਗੋਇੰਦਵਾਲ ਸਾਹਿਬ

3. ਗੁਰਦੁਆਰਾ ਸ੍ਰੀ ਖਡੂਰ ਸਾਹਿਬ ਕਿਹੜੇ ਗੁਰੂ ਸਾਹਿਬ ਦੇ ਗੁਰਤਾ ਜੀਵਨ ਦਾ ਪ੍ਰਮੁੱਖ ਕੇਂਦਰ ਰਿਹਾ ਹੈ?
        1. ਗੁਰੂ ਨਾਨਕ ਦੇਵ ਜੀ         2. ਗੁਰੂ ਅੰਗਦ ਦੇਵ ਜੀ
        3. ਗੁਰੂ ਅਮਰਦਾਸ ਜੀ         4. ਗੁਰੂ ਰਾਮਦਾਸ ਜੀ

4. ਗੁਰੂ ਅੰਗਦ ਦੇਵ ਜੀ ਦਾ ਜਨਮ ਕਿਥੇ ਹੋਇਆ?
        1. ਗੁਰਦੁਆਰਾ ਸ੍ਰੀ ਦਮਦਮਾ ਸਾਹਿਬ               2. ਗੁਰਦੁਆਰਾ ਸ੍ਰੀ ਮੱਤੇ ਕੀ ਸਰਾਇ
        3. ਗੁਰੁਦਆਰਾ ਸ੍ਰੀ ਸ਼ੀਸ਼ ਮਹਿਲ ਸਾਹਿਬ         4. ਗੁਰਦੁਆਰਾ ਸ੍ਰੀ ਬੰਗਲਾ ਸਾਹਿਬ

5. ਕਿਸ ਸਥਾਨ ਤੇ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾਏ?
        1. ਗੁਰਦੁਆਰਾ ਸ੍ਰੀ ਪੰਜਾ ਸਾਹਿਬ                   2. ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ
        3. ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ         4. ਗੁਰਦੁਆਰਾ ਸ੍ਰੀ ਗੋਇੰਦਵਾਲ ਸਾਹਿਬ

6. ਗੁਰਦੁਆਰਾ ਸ੍ਰੀ ਸੰਤੋਖਸਰ ਸਾਹਿਬ ਕਿਹੜੇ ਜਿਲ੍ਹੇ ਵਿਚ ਸਥਿਤ ਹੈ?
        1. ਰੋਪੜ                2. ਤਰਨਤਾਰਨ ਸਾਹਿਬ
        3. ਅੰਮ੍ਰਿਤਸਰ         4. ਮੁਕਤਸਰ

7. ਕਿਹੜਾ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਨੇ ਸਰੋਵਰ ਦੇ ਵਿਚਕਾਰ ਬਣਵਾਇਆ?
        1. ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ       2. ਗੁਰਦੁਆਰਾ ਸ੍ਰੀ ਰਾਮਸਰ ਸਾਹਿਬ
        3. ਗੁਰਦੁਆਰਾ ਸ੍ਰੀ ਸੰਤੋਖਸਰ ਸਾਹਿਬ         4. ਗੁਰਦੁਆਰਾ ਸੀ ਡੇਰਾ ਸਾਹਿਬ

8. ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਦੀ ਰਚਨਾ ਕਿਥੇ ਕੀਤੀ?
        1. ਗੁਰਦੁਆਰਾ ਸ੍ਰੀ ਤਰਨਤਾਰਨ ਸਾਹਿਬ       2. ਗੁਰਦੁਆਰਾ ਸ੍ਰੀ ਗੋਇੰਦਵਾਲ ਸਾਹਿਬ
        3. ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ            4. ਗੁਰਦੁਆਰਾ ਸ੍ਰੀ ਰਾਮਸਰ ਸਾਹਿਬ

9. ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕਿਹੜੇ ਗੁਰੂ ਨੇ ਕੀਤੀ?
        1. ਗੁਰੂ ਅਰਜਨ ਦੇਵ ਜੀ                       2. ਗੁਰੂ ਰਾਮਦਾਸ ਜੀ
        3. ਗੁਰੂ ਹਰਗੋਬਿੰਦ ਸਾਹਿਬ ਜੀ             4. ਗੁਰੂ ਗੋਬਿੰਦ ਸਿੰਘ ਜੀ

10. ਗੁਰੂ ਹਰਿ ਰਾਇ ਸਾਹਿਬ ਅਤੇ ਗੁਰੂ ਹਰਿਕ੍ਰਿਸ਼ਨ ਜੀ ਦਾ ਜਨਮ ਸਥਾਨ ਕਿਹੜਾ ਹੈ?
        1. ਗੁਰਦੁਆਰਾ ਸ੍ਰੀ ਸ਼ੀਸ਼ ਮਹਿਲ ਸਾਹਿਬ       2. ਗੁਰਦੁਆਰਾ ਸ੍ਰੀ ਬਾਲਾ ਸਾਹਿਬ
        3. ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ          4. ਗੁਰਦੁਆਰਾ ਸ੍ਰੀ ਬੰਗਲਾ ਸਾਹਿਬ

11. ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਸ ਸਥਾਨ ਤੇ ਸ਼ਹੀਦ ਕੀਤਾ ਗਿਆ?
        1. ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ         2. ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ
        3. ਗੁਰਦੁਆਰਾ ਸ੍ਰੀ ਬੰਗਲਾ ਸਾਹਿਬ              4. ਗੁਰਦੁਆਰਾ ਸ੍ਰੀ ਦਮਦਮਾ ਸਾਹਿਬ

12. ਪਟਿਆਲਾ ਸ਼ਹਿਰ ਵਿਚ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਕਿਹੜਾ ਹੈ?
        1. ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ         2. ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ
        3. ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ                4. ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ

13. ਤਖ਼ਤ ਸ੍ਰੀ ਹਰਿਮੰਦਰ ਸਾਹਿਬ ਕਿਥੇ ਸਥਿਤ ਹੈ?
        1. ਮੁਕਤਸਰ                2. ਨਾਂਦੇੜ
        3. ਪਟਨਾ ਸਾਹਿਬ         4. ਤਰਨਤਾਰਨ ਸਾਹਿਬ

14. ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦਾ ਬਾਟਾ ਕਿਥੇ ਤਿਆਰ ਕੀਤਾ?
        1. ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ             2. ਗੁਰਦੁਆਰਾ ਸ੍ਰੀ ਲੋਹਗੜ੍ਹ ਸਾਹਿਬ
        3. ਗੁਰਦੁਆਰਾ ਸ੍ਰੀ ਅਨੰਦਗੜ੍ਹ ਸਾਹਿਬ         4. ਗੁਰਦੁਆਰਾ ਸ੍ਰੀ ਦਮਦਮਾ ਸਾਹਿਬ

15. ਕਿਹੜੀ ਨਦੀ ਤੇ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਅਤੇ ਸਿੰਘਾਂ ਨਾਲੋਂ ਅਲਗ ਹੋ ਗਏ ਸਨ?
        1. ਰਾਵੀ             2. ਵੇਈਂ
        3. ਸਤਲੁਜ         4. ਸਰਸਾ

 
     
   
     
   
     
ਪੁਸਤਕ ਸੂਚੀ
     
 

1. ਸਿੱਖ ਇਤਿਹਾਸ (ਭਾਗ 1,2), ਪ੍ਰੋ. ਕਰਤਾਰ ਸਿੰਘ ਐਮ.ਏ., ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, 2010
2. ਮਹਾਨ ਕੋਸ਼, ਭਾਈ ਕਾਨ੍ਹ ਸਿੰਘ ਨਾਭਾ, ਭਾਸ਼ਾ ਵਿਭਾਗ ਪੰਜਾਬ, 2006
3. ਗੁਰੂ ਗ੍ਰੰਥ ਵਿਸ਼ਵ ਕੋਸ਼, ਡਾ. ਰਤਨ ਸਿੰਘ ਜੱਗੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, 2002
4. ਸੁ ਥਾਨ ਸੁਹਾਵਾ, ਰੂਪ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, 2006

 
     
Home | Feedback | Contact Us